ਹੀਰਾ ਸਿੰਘ ਭੂਪਾਲ
ਸ਼ਾਇਦ ਹੱਥ ਮਿਲਾਉਣ ਦਾ ਵਿਸ਼ਾ ਮੌਜੂਦਾ ਹਾਲਾਤ ਦੇ ਅਨੁਕੂਲ ਨਾ ਹੋਵੇ, ਪਰ ਇਹ ਸਾਡੇ ਸੁਭਾਅ, ਵਰਤਾਰੇ ਅਤੇ ਰੋਜ਼ਾਨਾ ਦੀ ਜ਼ਿੰਦਗੀ ਦਾ ਸਦੀਆਂ ਪੁਰਾਣਾ ਅਨਿੱਖੜਵਾਂ ਅੰਗ ਹੈ। ਕਹਿ ਸਕਦੇ ਹਾਂ ਕਿ ਇਹ ਸਾਡੀ ਆਦਤ ਬਣ ਗਈ ਹੈ। ਆਦਤ ਛੱਡਣੀ ਇੰਨੀ ਸੌਖੀ ਨਹੀਂ, ਪਰ ਕੁਝ ਸਮੇਂ ਲਈ ਕਰੋਨਾ ਵਾਇਰਸ ਕਾਰਨ ਇਸ ਤੋਂ ਪਾਸਾ ਵੱਟਿਆ ਜਾ ਸਕਦਾ ਹੈ। ਇਸ ਨੂੰ ਸਥਾਈ ਤੌਰ ’ਤੇ ਛੱਡਣਾ ਨਾ ਮੁਮਕਿਨ ਹੈ। ਸੋ ਮਨੁੱਖ ਦੇ ਬੌਧਿਕ ਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਬਹੁਤ ਸਾਰੀਆਂ ਪ੍ਰਥਾਵਾਂ, ਕਲਾਵਾਂ, ਰੀਤੀ-ਰਿਵਾਜ ਤੇ ਆਦਤਾਂ ਦੀ ਉਪਜ ਹੋਈ, ਜਿਹੜੀ ਲੋਕਾਂ ਨੂੰ ਆਪਸ ਵਿਚ ਜੋੜਨ, ਖੁਸ਼ ਰੱਖਣ ਤੇ ਮਨ-ਪਰਚਾਵੇ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਰਹੀਆਂ ਸਨ ਤੇ ਬਹੁਤ ਸਾਰੀਆਂ ਨਿਭਾਅ ਵੀ ਰਹੀਆਂ ਹਨ। ਵਕਤ ਦੀ ਚਾਲ ਨਾਲ ਕੁਝ ਕੁ ਅਲੋਪ ਹੋ ਗਈਆਂ, ਪਰ ਬਹੁਤ ਸਾਰੀਆਂ ਇੰਨ੍ਹ ਬਿਨ੍ਹ ਉਸੇ ਤਰ੍ਹਾਂ ਹੀ ਸਦੀਆਂ ਤੋਂ ਅੱਗੇ ਵਧ ਰਹੀਆਂ ਹਨ। ਜਿਨ੍ਹਾਂ ਵਿਚੋਂ ਹੱਥ ਮਿਲਾਉਣਾ ਇਕ ਮਹੱਤਵਪੂਰਨ ਰੀਤ ਹੈ।
ਇਸ ਨੂੰ ਤਕਰੀਬਨ ਦੂਜੀ ਸਦੀ ’ਚ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਹੱਥ ਮਿਲਾਉਣ ਤੋਂ ਭਾਵ ਹੈ ਕਿ ਜਦੋਂ ਦੋ ਵਿਅਕਤੀ ਆਪਸ ’ਚ ਮਿਲਦੇ ਹਨ ਤਾਂ ਉਹ ਇਕ ਦੂਜੇ ਵੱਲ ਹੱਥ ਵਧਾਉਂਦੇ ਅਤੇ ਘੁੱਟ ਕੇ ਮਿਲਾਉਂਦੇ ਹਨ ਜਿਸ ਨਾਲ ਉਹ ਆਪਣੀ ਦੋਸਤੀ ਤੇ ਜ਼ਰੂਰਤ ਪੈਣ ਵੇਲੇ ਮਦਦ ਦੇਣ ਦਾ ਭਰੋਸਾ ਦਿੰਦੇ ਹਨ। ਇਹ ਅਦਭੁੱਤ ਕਲਾ ਹੈ। ਅਕਸਰ ਹੀ ਦੇਖਿਆ ਤੇ ਮਹਿਸੂਸ ਕੀਤਾ ਜਾਂਦਾ ਹੈ ਕਿ ਹਰ ਵਿਅਕਤੀ ਦੇ ਹੱਥ ਮਿਲਾਉਣ ਦਾ ਆਪਣਾ ਹੀ ਅੰਦਾਜ਼ ਹੁੰਦਾ ਹੈ ਅਤੇ ਦੁਨੀਆਂ ਦੇ ਵਧੇਰੇ ਦੇਸ਼ਾਂ ਵਿਚ ਸੱਜਾ ਹੱਥ ਹੀ ਮਿਲਾਇਆ ਜਾਂਦਾ ਹੈ।
ਸਮਝਦਾਰ ਆਦਮੀ ਸਾਹਮਣੇ ਵਾਲੇ ਨਾਲ ਹੱਥ ਮਿਲਾਉਣ ਸਮੇਂ ਉਸ ਬਾਰੇ ਬਹੁਤ ਕੁਝ ਜਾਣ ਜਾਂਦੇ ਹਨ। ਕਈ ਵਾਰ ਕਿਸੇ ਸ਼ਖ਼ਸ ਨੂੰ ਪਹਿਲੀ ਹੀ ਵਾਰ ਮਿਲਣ ’ਤੇ ਵਾਰ-ਵਾਰ ਮਿਲਣ ਨੂੰ ਜੀਅ ਕਰਦਾ ਹੈ। ਉਨ੍ਹਾਂ ਦੇ ਹੱਥ ਮਿਲਾਉਣ ਦਾ ਲਹਿਜਾ ਵੀ ਵੱਖਰਾ ਹੁੰਦਾ ਹੈ। ਉਹ ਹਮੇਸ਼ਾਂ ਖਿੜੇ ਮੱਥੇ ਹੱਸ ਕੇ ਦੋਵਾਂ ਹੱਥਾਂ ਨਾਲ ਸਾਹਮਣੇ ਵਾਲੇ ਵਿਅਕਤੀ ਨਾਲ ਘੁੱਟ ਕੇ ਹੱਥ ਮਿਲਾਉਂਦੇ ਹਨ। ਕਈ ਵਿਅਕਤੀ ਘੁੱਟ ਕੇ ਹੱਥ ਮਿਲਾਉਣਾ ਚੰਗਾ ਨਹੀਂ ਸਮਝਦੇ, ਪਰ ਇਹ ਇਸ ਗੱਲ ਦਾ ਸਬੂਤ ਹੈ ਕਿ ਉਹ ਵਿਅਕਤੀ ਤੁਹਾਡੇ ਨਾਲ ਲੰਬੇ ਸਮੇਂ ਲਈ ਪਿਆਰ ਭਰੀ ਦੋਸਤੀ ਕਰਨੀ ਚਾਹੁੰਦਾ ਹੈ। ਜੇਕਰ ਉਹ ਹੱਸ ਕੇ ਇਹ ਕਰੇ ਤਾਂ ਚਾਰ ਚੰਦ ਲੱਗ ਜਾਂਦੇ ਹਨ। ਇਹ ਵੀ ਦੇਖਣ ’ਚ ਆਉਂਦਾ ਹੈ ਕਿ ਇਕ ਹੀ ਵਿਅਕਤੀ ਵੱਖ-ਵੱਖ ਲੋਕਾਂ ਨਾਲ ਵੱਖ-ਵੱਖ ਢੰਗ ਨਾਲ ਹੱਥ ਮਿਲਾਉਂਦਾ ਹੈ ਤਾਂ ਸਮਝ ਲਵੋ ਕਿ ਉਸ ਵਿਚ ਚਾਪਲੂਸੀ, ਆਦਮੀ ਨੂੰ ਛੋਟਾ ਵੱਡਾ ਸਮਝਣ ਜਾਂ ਬਹੁਤ ਜ਼ਿਆਦਾ ਸਤਿਕਾਰ ਦੇਣ ਦੇ ਗੁਣ ਹੁੰਦੇ ਹਨ। ਉਹ ਹਮੇਸ਼ਾਂ ਆਪਣੇ ਤੋਂ ਵੱਡੇ ਅਹੁਦੇ ਜਾਂ ਚੰਗੀ ਪੈਂਠ ਰੱਖਣ ਵਾਲੇ ਆਦਮੀ ਨਾਲ ਦੋਵਾਂ ਹੱਥਾਂ ਨਾਲ ਹੱਥ ਮਿਲਾਉਂਦਾ ਹੈ ਤੇ ਆਪਣੇ ਤੋਂ ਛੋਟੇ ਜਾਂ ਕਮਜ਼ੋਰ ਵਿਅਕਤੀ ਨਾਲ ਮਸਾਂ ਦੋ ਕੁ ਉਂਗਲਾਂ ਕੱਢ ਕੇ ਖਾਨਾਪੂਰਤੀ ਹੀ ਕਰਦਾ ਹੈ। ਸਾਡੇ ਹੱਥ ਮਿਲਾਉਣ ਦਾ ਤਰੀਕਾ ਸਭ ਲਈ ਇਕ ਹੀ ਹੋਣਾ ਚਾਹੀਦਾ ਹੈ ਜਿਸ ਨਾਲ ਸਾਡੇ ਵਿਚ ਹਰ ਲਈ ਸਨੇਹ ਤੇ ਸਤਿਕਾਰ ਬਣਿਆ ਰਹਿੰਦਾ ਹੈ।
ਜੇਕਰ ਗੱਲ ਕਰੀਏ ਇਸ ਦੇ ਇਤਿਹਾਸ ਦੀ ਤਾਂ ਲਿਖਤੀ ਰੂਪ ’ਚ ਅਜਿਹਾ ਬਹੁਤਾ ਕੁਝ ਨਹੀਂ ਹੈ। ਕਹਿਣ ਤੋਂ ਭਾਵ ਕਿ ਇਹ ਲਿਖਤੀ ਇਤਿਹਾਸ ਤੋਂ ਪਹਿਲਾਂ ਦੀ ਪ੍ਰਥਾ ਹੈ, ਪਰ ਕੁਝ ਸਾਹਿਤਕਾਰਾਂ ਜਿਵੇਂ ਕਿ ਹਰਬਰਟ ਸਪੈਂਸਰ ਦੀ ਕਿਤਾਬ ‘ਪ੍ਰਿੰਸੀਪਲ ਆਫ ਸੋਸ਼ਿਓਲੋਜੀ’ ਅਨੁਸਾਰ ਹੱਥ ਮਿਲਾਉਣਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਦੋ ਅਰਬੀ ਮਾਰੂਥਲ ਵਿਚ ਮਿਲੇ ਅਤੇ ਇਕ ਦੂਜੇ ਦੇ ਹੱਥਾਂ ਨੂੰ ਚੁੰਮ ਕੇ ਆਓ ਭਗਤ ਕੀਤੀ। ਦਰਅਸਲ, ਪੁਰਾਣੇ ਸਮਿਆਂ ’ਚ ਧਾਰਮਿਕ ਅਤੇ ਨਿੱਜੀ ਤੌਰ ’ਤੇ ਮਨੁੱਖਾਂ ਦਾ ਆਪਸ ’ਚ ਹੱਥ ਚੁੰਮਣਾ ਠੀਕ ਨਹੀਂ ਸਮਝਿਆ ਜਾਂਦਾ ਸੀ। ਅਖੀਰ ਵਿਚ ਸਿਰਫ਼ ਹੱਥ ਮਿਲਾਉਣ ਦਾ ਹੀ ਫ਼ੈਸਲਾ ਕੀਤਾ ਗਿਆ। ਇਸ ਤਰ੍ਹਾਂ ਹੱਥ ਮਿਲਾਉਣ ਦੀ ਰਵਾਇਤ ਦੀ ਸ਼ੁਰੂਆਤ ਹੋ ਗਈ। ਹੋਰ ਲੇਖਕਾਂ ਮੁਤਾਬਿਕ ਇਹ ਰੀਤ ਮੂਲ ਤੌਰ ’ਤੇ ਪੁਰਾਤਨ ਯੂਰੋਪ ਵਿਚ ਸ਼ੁਰੂ ਹੋਈ ਸੀ। ਉੱਥੇ ਦੇ ਰਾਜੇ ਇਕ ਦੂਜੇ ਵੱਲ ਹੱਥ ਅੱਗੇ ਵਧਾ ਕੇ ਤੇ ਘੁੱਟ ਕੇ ਮਿਲਾਉਂਦਿਆਂ ਇਸ ਗੱਲ ਨੂੰ ਗੁਪਤ ਰੱਖਣ ਦਾ ਸੰਕੇਤ ਦਿੰਦੇ ਸਨ ਕਿ ਉਹ ਇਕ ਦੂਜੇ ਨੂੰ ਆਪਣੇ ਹਥਿਆਰਾਂ ਨਾਲ ਕੋਈ ਨੁਕਸਾਨ ਨਹੀਂ ਪਹੁੰਚਾਉਣਗੇ। ਕਿਹਾ ਜਾ ਸਕਦਾ ਹੈ ਕਿ ਹੱਥ ਮਿਲਾਉਣ ਦੀ ਰੀਤ ਚਲਾਉਣ ਦਾ ਇਹ ਜ਼ਿਆਦਾ ਠੋਸ ਸਬੂਤ ਹੈ ਕਿਉਂਕਿ ਇੱਥੇ ਮਿੱਤਰਤਾ ਤੇ ਬਰਾਬਰਤਾ ਹੋਣ ਦਾ ਸੰਕੇਤ ਮਿਲਦਾ ਹੈ। ਜਿਸ ਦਾ ਮਤਲਬ ਅੱਜ ਵੀ ਇੰਨ੍ਹ-ਬਿੰਨ੍ਹ ਇਹੀ ਨਿਕਲਦਾ ਹੈ।
ਆਧੁਨਿਕਤਾ ਤੇ ਤਕਨਾਲੋਜੀ ਦੇ ਇਸ ਯੁੱਗ ਦੌਰਾਨ ਹਰ ਚੀਜ਼ ਜੋ ਮਨੁੱਖ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੀ ਹੈ, ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਇਸੇ ਤਰ੍ਹਾਂ ਪੁਰਾਣੇ ਸਮਿਆਂ ’ਚ ਮਰਦ ਹੀ ਸਿਰਫ਼ ਹੱਥ ਮਿਲਾਉਂਦੇ ਸਨ, ਪਰ ਹੁਣ ਕੁਝ ਸ਼ਹਿਰੀ ਕੁੜੀਆਂ-ਮੁੰਡੇ ਆਪਸ ਵਿਚ ਹੱਥ ਮਿਲਾਉਣ ਨੂੰ ਤਰਜੀਹ ਦਿੰਦੇ ਹਨ, ਜੋ ਬਰਾਬਰਤਾ ਤੇ ਸਮਾਨਤਾ ਲਿਆਉਣ ਲਈ ਠੀਕ ਵੀ ਹੈ। ਜਿਸ ਦਾ ਮਨੋਵਿਗਿਆਨਕ ਤੌਰ ’ਤੇ ਪ੍ਰਭਾਵ ਸਕਾਰਾਤਮਕ ਹੋਵੇਗਾ। ਅੱਜਕੱਲ੍ਹ ਨੌਜਵਾਨ ਪੀੜ੍ਹੀ ਨੇ ਹੱਥ ਮਿਲਾਉਣ ਤਹਿਤ ਕੁਹਣੀਆਂ ਜੋੜਨਾ ਜਾਂ ਫਿਰ ਪੰਜੇ (ਹਾਈ ਫਾਈਵ) ਉੱਪਰ ਚੁੱਕ ਕੇ ਇਕ ਦੂਜੇ ਨੂੰ ਮਾਰਨੇ ਆਦਿ ਨੂੰ ਵੀ ਜਨਮ ਦਿੱਤਾ ਹੈ।
ਹੱਥ ਮਿਲਾਉਣ ਦਾ ਸਭ ਤੋਂ ਅਹਿਮ ਭਾਵ ਹੈ ਕਿ ਆਪਣੇ ਆਪ ਨੂੰ ਤੇ ਸਾਹਮਣੇ ਵਾਲੇ ’ਚ ਸਮਾਨਤਾ ਸਮਝ ਕੇ ਮਿੱਤਰਤਾ ਕਰਨੀ। ਇਸੇ ਕਰਕੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ’ਤੇ ਸਰਕਾਰੀ ਜਾਂ ਗ਼ੈਰ ਸਰਕਾਰੀ ਸਮਝੌਤੇ ਹੋਣ ਤੋਂ ਬਾਅਦ ਸਮਝੌਤਾ ਕਰਨ ਵਾਲੀਆਂ ਧਿਰਾਂ ਦੇ ਵਿਅਕਤੀ ਆਪਸ ’ਚ ਹੱਥ ਮਿਲਾਉਂਦੇ ਹਨ। ਜੇਤੂ ਟੀਮ ਦੇ ਖਿਡਾਰੀ ਵੀ ਖੇਡ ਉਪਰੰਤ ਹਾਰਨ ਵਾਲੀ ਟੀਮ ਦੇ ਖਿਡਾਰੀਆਂ ਨਾਲ ਹੱਥ ਮਿਲਾਉਂਦੇ ਹਨ ਤਾਂ ਕਿ ਦੋਵਾਂ ਟੀਮਾਂ ਦੇ ਖਿਡਾਰੀਆਂ ’ਚ ਸਭ ਕੁਝ ਭੁੱਲ ਕੇ ਮਿੱਤਰਤਾ ਦੀ ਭਾਵਨਾ ਕਾਇਮ ਰਹੇ। ਕਿਸੇ ਵੀ ਕਿਸਮ ਦੀ ਜਿੱਤ ਤੋਂ ਬਾਅਦ ਜਾਂ ਹੋਰ ਖ਼ੁਸ਼ੀ ’ਚ ਵਧਾਈਆਂ ਦਿੰਦੇ ਹੋਏ ਵੀ ਲੋਕ ਅਕਸਰ ਹੱਥ ਮਿਲਾਉਂਦੇ ਹਨ।
ਦੋ ਧਿਰਾਂ ’ਚ ਵੱਡੀ ਤੋਂ ਵੱਡੀ ਲੜਾਈ ਦਾ ਅੰਤ ਛੋਟੀਆਂ-ਵੱਡੀਆਂ ਅਦਾਲਤਾਂ ਦੇ ਫ਼ੈਸਲਿਆਂ ਤੋਂ ਬਾਅਦ ਵੀ ਆਖਿਰਕਾਰ ਹੱਥ ਮਿਲਾ ਕੇ ਹੀ ਹੁੰਦਾ ਹੈ। ਹੱਥ ਮਿਲਾਉਣਾ ਵਿਦਿਆਰਥੀ ਜੀਵਨ ’ਚ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਵਿਦਿਆਰਥੀ ਜੀਵਨ ’ਚ ਚੜ੍ਹੀ ਜਵਾਨੀ ਦਾ ਜੋਸ਼ ਬਹੁਤ ਹੁੰਦਾ ਹੈ ਤੇ ਮਾੜੇ ਚੰਗੇ ਦਾ ਘੱਟ ਹੀ ਪਤਾ ਹੁੰਦਾ ਹੈ। ਹਮ ਉਮਰ ’ਚ ਕਾਲਜਾਂ ਯੂਨੀਵਰਸਿਟੀਆਂ ’ਚ ਆਪਸ ਵਿਚ ਅਕਸਰ ਹੀ ਛੋਟੀ ਵੱਡੀ ਗੱਲ ’ਤੇ ਝਗੜਾ ਹੋ ਜਾਂਦਾ ਹੈ ਤੇ ਦੋਵੇ ਧਿਰਾਂ ਅੰਤ ’ਚ ਸਿਰਫ਼ ਹੱਥ ਮਿਲਾ ਕੇ ਫਿਰ ਤੋਂ ਇਕ ਹੋ ਜਾਂਦੇ ਹਨ। ਜੇਕਰ ਧਿਆਨਪੂਰਕ ਦੇਖਿਆ ਜਾਵੇ ਤਾਂ ਇਹ ਬਹੁਤ ਸ਼ਕਤੀਸ਼ਾਲੀ ਤੇ ਅਹਿਮ ਰੀਤ ਪ੍ਰਤੀਤ ਹੁੰਦੀ ਹੈ।
ਸਮਾਜਿਕ ਤੇ ਵਿਗਿਆਨਕ ਤੌਰ ’ਤੇ ਹੱਥ ਮਿਲਾਉਣ ਦੇ ਕੁਝ ਕਾਇਦੇ ਹਨ ਜਿਨ੍ਹਾਂ ਨੂੰ ਸੰਜੀਦਾ ਰੂਪ ਵਿਚ ਨਿਭਾਉਣਾ ਚਾਹੀਦਾ ਹੈ। ਪਹਿਲਾਂ ਨਿਯਮ ਇਹ ਹੈ ਕਿ ਹਮੇਸ਼ਾਂ ਖਿੜੇ ਮੱਥੇ ਅਤੇ ਅੱਖਾਂ ਵਿਚ ਅੱਖਾਂ ਪਾ ਕੇ ਸਾਹਮਣੇ ਵਾਲੇ ਦਾ ਸੁਆਗਤ ਕਰੋ। ਦੂਜਾ ਨਿਯਮ, ਉਸਦੇ ਹੱਥ ਕੱਢਣ ’ਤੇ ਧਿਆਨ ਰੱਖੋ ਇੰਜ ਨਾ ਹੋਵੇ ਕਿ ਤੁਹਾਡੇ ਤੇ ਉਸਦੇ ਹੱਥ ਕੱਢਣ ਦੇ ਸਮੇਂ ਕਰਕੇ ਸਹੀ ਮੇਲ ਨਾ ਹੋ ਪਾਵੇ, ਇਸ ਤਰ੍ਹਾਂ ਕਰਨ ਨਾਲ ਵਧੀਆ ਪ੍ਰਭਾਵ ਨਹੀਂ ਪੈਂਦਾ। ਤੀਜਾ ਨਿਯਮ, ਇਹ ਹੈ ਕਿ ਜਦੋਂ ਹੱਥ ਮਿਲਾਓ ਤਾਂ ਅੱਖਾਂ ’ਚ ਅੱਖਾਂ ਜ਼ਰੂਰ ਪਾਓ ਤੇ ਮੁਸਕਰਾਓ। ਚੌਥਾ ਨਿਯਮ ਹੈ ਕਿ ਹੱਥ ਹਮੇਸ਼ਾਂ ਮਜ਼ਬੂਤੀ ਨਾਲ ਮਿਲਾਓ ਤੇ ਦੋ ਵਾਰੀ ਹਿਲਾ ਕੇ ਫਿਰ ਛੱਡੋ। ਇਹ ਸਭ ਕਰਨ ਨਾਲ ਤੁਹਾਡਾ ਵਿਅਕਤੀਗਤ ਤੌਰ ’ਤੇ ਪ੍ਰਭਾਵ ਵੀ ਵਧੇਗਾ। ਇਹ ਬਹੁਤ ਪ੍ਰਭਾਵਸ਼ਾਲੀ ਹੈ। ਜੇਕਰ ਵਿਸ਼ਵ ਪੱਧਰ ’ਤੇ ਹੱਥ ਮਿਲਾਉਣ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਅਮਰੀਕਾ ਦੇ ਨਿਊ ਜਰਸੀ ਦੇ ਮੇਅਰ ਮਿਸਟਰ ਜੋਸਫ ਲਾਜਰਾਓ ਨੇ ਇਕ ਦਿਨ ਵਿਚ ਗਿਆਰਾਂ ਹਜ਼ਾਰ ਵਾਰ ਹੱਥ ਮਿਲਾ ਕੇ ਰਿਕਾਰਡ ਕਾਇਮ ਕੀਤਾ ਹੋਇਆ ਹੈ। ਸੋ ਮੁੱਕਦੀ ਗੱਲ ਇਹ ਕਿ ਇਨ੍ਹਾਂ ਨਿਯਮਾਂ ਨੂੰ ਜ਼ਰੂਰ ਅਜ਼ਮਾ ਕੇ ਦੇਖੋ ਤੇ ਜ਼ਰੂਰ ਕੋਈ ਨਾ ਕੋਈ ਅੰਤਰ ਮਹਿਸੂਸ ਕਰੋਗੇ। ਆਪਣੇ ਹੱਥ ਮਿਲਾਉਣ ਦੀ ਕਲਾ ਦਾ ਅੰਦਾਜ਼ ਬਦਲ ਕੇ ਆਪਣੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਰਸਾ ਸਕਦੇ ਹੋ।
ਸੰਪਰਕ: 95016-01144