ਦਰਸ਼ਨ ਸਿੰਘ ਆਸ਼ਟ (ਡਾ.)
ਇੱਕ ਸਤਰੰਗੀ ਤਿਤਲੀ ਸੀ। ਉਸ ਦਾ ਨਾਂ ਤਿੱਲੀ ਸੀ। ਹੁਣ ਉਹ ਉੱਡਣ ਜੋਗੀ ਹੋ ਗਈ ਸੀ। ਉਹ ਕਦੇ ਐਸ ਫੁੱਲ ’ਤੇ ਤੇ ਕਦੇ ਔਸ ਫੁੱਲ ’ਤੇ ਮੰਡਰਾਉਂਦੀ। ਸਹੇਲੀਆਂ ਨਾਲ ਮਿਲ ਕੇ ਗੀਤ ਗਾਉਂਦੀ। ਭੁੱਖ ਲੱਗਦੀ ਤਾਂ ਫੁੱਲਾਂ ਦਾ ਰਸ ਚੂਸ ਕੇ ਘਰ ਪਰਤ ਆਉਂਦੀ। ਤਿੱਲੀ ਦੇ ਸਤਰੰਗੇ ਖੰਭ ਬੜੇ ਪਿਆਰੇ ਸਨ। ਜਿਹੜਾ ਵੀ ਵੇਖਦਾ, ਵੇਖਦਾ ਹੀ ਰਹਿ ਜਾਂਦਾ।
ਇੱਕ ਦਿਨ ਤਿੱਲੀ ਉੱਡਦੀ-ਉੱਡਦੀ ਕੁਝ ਦੂਰ ਨਿਕਲ ਗਈ। ਉਸ ਨੂੰ ਘਰ ਪਰਤਣ ਵਿੱਚ ਦੇਰ ਹੋ ਗਈ। ਉਸ ਦੀ ਅੰਮੀ ਨੂੰ ਚਿੰਤਾ ਹੋਣ ਲੱਗੀ, ‘ਡੁੱਬੜੀ ਕਿੱਧਰ ਚਲੀ ਗਈ? ਐਨੀ ਦੇਰ ? ਹੁਣ ਤੱਕ ਤਾਂ ਉਸ ਨੂੰ ਪਰਤ ਆਉਣਾ ਚਾਹੀਦਾ ਸੀ।’
ਹੋਰ ਸਮਾਂ ਲੰਘ ਗਿਆ, ਪਰ ਉਹ ਨਾ ਆਈ। ਅੰਮੀ ਉਹਦੀ ਭਾਲ ਵਿੱਚ ਘਰੋਂ ਨਿਕਲੀ। ਅਜੇ ਉਹ ਥੋੜ੍ਹੀ ਹੀ ਦੂਰ ਗਈ ਸੀ ਕਿ ਸਾਹਮਣਿਉਂ ਉਹ ਤੇਜ਼ੀ ਨਾਲ ਘਰ ਪਰਤਦੀ ਵਿਖਾਈ ਦਿੱਤੀ। ਉਸ ਦੇ ਸਾਹ ਨਾਲ ਸਾਹ ਨਹੀਂ ਸੀ ਰਲ ਰਿਹਾ।
ਘਾਬਰੀ ਹੋਈ ਅੰਮੀ ਨੇ ਉਸ ਨੂੰ ਪੁੱਛਿਆ,‘‘ਤੂੰ ਏਨੀ ਦੇਰ ਕਿਉਂ ਕਰ ਦਿੱਤੀ? ਕਿੱਥੇ ਚਲੀ ਗਈ ਸੈਂ?’’
ਤਿੱਲੀ ਨੂੰ ਸਾਹ ਚੜ੍ਹਿਆ ਹੋਇਆ ਸੀ। ਬੋਲੀ, ‘‘ਦੱਸਦੀ ਹਾਂ ਅੰਮੀ, ਪਹਿਲਾਂ ਅੰਦਰ ਤਾਂ ਚਲੋ।’’
ਅੰਮੀ ਨੇ ਉਸ ਨੂੰ ਪਾਣੀ ਦਿੱਤਾ। ਪਾਣੀ ਪੀ ਕੇ ਉਸ ਨੇ ਸੁੱਖ ਦਾ ਸਾਹ ਲਿਆ। ਫਿਰ ਬੋਲੀ,‘‘ਅੰਮੀ, ਮੈਂ ਅੱਜ ਨਿੱਕੂ-ਪਾਰਕ ਤੋਂ ਉੱਡਦੀ ਉੱਡਦੀ ਜੰਬੋ ਪਾਰਕ ਵੱਲ ਨਿਕਲ ਗਈ ਸਾਂ। ਇੱਕ ਥਾਂ ’ਤੇ ਕੁਝ ਬੂਟੇ ਲਿਫ਼ੇ ਪਏ ਸਨ। ਉਨ੍ਹਾਂ ਨੂੰ ਵੱਡੇ ਵੱਡੇ ਫੁੱਲ ਲੱਗੇ ਹੋਏ ਸਨ। ਮੈਂ ਉਨ੍ਹਾਂ ਵਿੱਚੋਂ ਰਸ ਚੂਸਣ ਲੱਗੀ। ਚਾਣਚੱਕ ਇੱਕ ਮੱਕੜਾ ਮੇਰੇ ਵੱਲ ਅਹੁਲਿਆ। ਬੜਾ ਵੱਡਾ, ਭਿਆਨਕ ਜਿਹੀ ਸ਼ਕਲ ਵਾਲਾ। ਉੱਥੇ ਕਈ ਹੋਰ ਵੀ ਵੱਡੀਆਂ ਮੱਕੜੀਆਂ ਤੇ ਮੱਕੜੇ ਸਨ।’’
ਅੰਮੀ ਨੇ ਕਾਹਲੀ ਨਾਲ ਪੁੱਛਿਆ,‘‘ਫੇਰ?’’
ਤਿੱਲੀ ਬੋਲੀ, ‘‘ਫੇਰ ਅੰਮੀ ਮੈਂ ਉਹਦੇ ਤੋਂ ਡਰ ਕੇ ਨਿੱਕੇ ਜਿਹੇ ਬੂਟੇ ਦੀ ਟਾਹਣੀ ’ਤੇ ਜਾ ਬੈਠੀ।’’
‘‘ਫੇਰ?’’
‘‘ਫੇਰ ਮੱਕੜਾ ਮੈਨੂੰ ਆਖਣ ਲੱਗਾ, ‘‘ਤਿਤਲੀਏ, ਤੂੰ ਮੇਰੇ ਕੋਲੋਂ ਬਚ ਗਈ ਏਂ। ਜੇ ਤੂੰ ਮੇਰੀਆਂ ਅੱਠ ਟੰਗਾਂ ਦੀ ਜਕੜ ਵਿੱਚ ਆ ਜਾਂਦੀ ਤਾਂ ਮੈਂ ਤੈਨੂੰ ਹੁਣ ਤੱਕ ਕਦੋਂ ਦਾ ਖਾ ਚੁੱਕਾ ਹੁੰਦਾ। ਮੈਂ ਸੁਣਿਆ ਏ ਤਿਤਲੀ ਖਾਣ ਵਿੱਚ ਬੜੀ ਸੁਆਦੀ ਹੁੰਦੀ ਏ।’’
‘‘ਮੈਂ ਉਹਦੇ ਕੋਲੋਂ ਬੜੀ ਮੁਸ਼ਕਲ ਨਾਲ ਬਚ ਕੇ ਘਰ ਆਈ ਹਾਂ।’’
ਅੰਮੀ ਨੇ ਉਹਦੀ ਪੂਰੀ ਵਿੱਥਿਆ ਸੁਣੀ ਤਾਂ ਕਹਿਣ ਲੱਗੀ, ‘‘ਤਿੱਲੀ, ਤੂੰ ਹੁਣ ਵੱਡੀ ਹੋ ਰਹੀ ਏਂ। ਜਿਉਣਾ ਸਿੱਖ, ਜਿਉਣਾ…।’’
ਤਿੱਲੀ ਬੋਲੀ, ‘‘ਅੰਮੀ, ਮੈਂ ਤਾਂ ਜਿਉਣਾ ਚਾਹੁੰਦੀ ਹਾਂ, ਹੋਰ ਕਿਵੇਂ ਜਿਉਣਾ ਸਿੱਖਾਂ? ਉਹ ਮੱਕੜਾ ਤਾਂ ਮੈਨੂੰ ਖਾ ਜਾਣਾ ਚਾਹੁੰਦਾ ਸੀ। ਇਸ ਵਿੱਚ ਮੇਰਾ ਕੀ ਕਸੂਰ ਏ?’’
ਅੰਮੀ ਤਿੱਲੀ ਨੂੰ ਸਮਝਾਉਂਦੀ ਰਹੀ। ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਘਟਨਾ ਵਾਪਰੀ। ਤਿੱਲੀ ਇੱਕ ਵੱਟ ’ਤੇ ਬੂਟੇ ਦੀ ਟਾਹਣੀ ’ਤੇ ਬੈਠੀ ਧੁੱਪ ਦਾ ਆਨੰਦ ਮਾਣ ਰਹੀ ਸੀ।
‘‘ਬਚ ਨੀਂ ਤਿਤਲੀਏ, ਬਚ ਮਕੌੜੇ ਬਦਮਾਸ਼ ਤੋਂ…।’’ ਚਾਣਚੱਕ ਨੇੜੇ ਦੇ ਛੱਪੜ ਦੇ ਕਿਨਾਰੇ ’ਤੇ ਬੈਠੀ ਇੱਕ ਡੱਡੀ ਦੀ ਉੱਚੀ ਆਵਾਜ਼ ਨੇ ਤਿੱਲੀ ਨੂੰ ਸਾਵਧਾਨ ਕਰ ਦਿੱਤਾ। ਤਿੱਲੀ ਨੇ ਇਕਦਮ ਪਿਛਾਂਹ ਵੱਲ ਤੱਕਿਆ ਤਾਂ ਇੱਕ ਵੱਡਾ ਸਾਰਾ ਮਕੌੜਾ ਸੀ। ਉਸ ਮਕੌੜੇ ਨੇ ਤਿੱਲੀ ’ਤੇ ਚਾਣਚੱਕ ਹਮਲਾ ਕਰ ਦਿੱਤਾ ਅਤੇ ਤਿਤਲੀ ਦਾ ਥੋੜ੍ਹਾ ਜਿਹਾ ਖੰਭ ਟੁੱਟ ਕੇ ਉਹਦੇ ਮੂੰਹ ਵਿੱਚ ਆ ਗਿਆ।
ਤਿੱਲੀ ਨੇ ਆਪਣਾ ਬਚਾਅ ਕੀਤਾ ਤੇ ਉੱਡ ਕੇ ਇੱਕ ਬੂਟੇ ਦੀ ਟਾਹਣੀ ’ਤੇ ਜਾ ਬੈਠੀ। ਮਕੌੜੇ ਦੇ ਹੱਸਣ ਦੀ ਆਵਾਜ਼ ਆਈ। ਉਹ ਤਿੱਲੀ ਵੱਲ ਤੱਕਦਾ ਹੋਇਆ ਆਖ ਰਿਹਾ ਸੀ, ‘‘ਤਿਤਲੀਏ, ਤੇਰੇ ਚੰਗੇ ਕਰਮ। ਤੂੰ ਮੇਰੇ ਕੋਲੋਂ ਬਚ ਗਈ ਏਂ। ਜੇ ਤੈਨੂੰ ਔਹ ਭੈੜੀ ਬੂਥੀ ਵਾਲੀ ਡੱਡੀ ਸਾਵਧਾਨ ਨਾ ਕਰਦੀ ਤਾਂ ਮੈਂ ਤੈਨੂੰ ਕਾਬੂ ਕਰਕੇ ਤੇਰੇ ਖੰਭ ਨੋਚ ਲੈਣੇ ਸਨ।’’
ਘਾਬਰੀ ਹੋਈ ਤਿੱਲੀ ਨੇ ਪੁੱਛਿਆ, ‘‘ਤੂੰ ਮੇਰੇ ਖੰਭ ਕਿਉਂ ਨੋਚ ਲੈਣੇ ਸਨ? ਮੈਂ ਤੇਰਾ ਕੀ ਵਿਗਾੜਿਆ ਏ?’’
ਮਕੌੜਾ ਬੋਲਿਆ, ‘‘ਮੈਨੂੰ ਤੇਰੇ ਖੰਭ ਬਹੁਤ ਸੋਹਣੇ ਲੱਗਦੇ ਨੇ। ਸਾਰੇ ਤੇਰੀ ਸੁੰਦਰਤਾ ਵੱਲ ਤੱਕਦੇ ਰਹਿ ਜਾਂਦੇ ਨੇ। ਜੇ ਤੂੰ ਮੇਰੇ ਕਾਬੂ ਆ ਜਾਂਦੀ ਤਾਂ ਮੈਂ ਤੇਰੇ ਖੰਭ ਪੁੱਟ ਕੇ ਆਪਣੇ ਸਰੀਰ ’ਤੇ ਚਿਪਕਾਉਣੇ ਸਨ। ਫਿਰ ਤੇਰੇ ਖੰਭਾਂ ਨਾਲ ਮੈਂ ਖੁੱਲ੍ਹੇ ਆਸਮਾਨ ਵਿੱਚ ਉੱਡਣਾ ਸੀ। ਸਾਰੇ ਮੇਰੀ ਸੁੰਦਰਤਾ ’ਤੇ ਅਸ਼-ਅਸ਼ ਕਰ ਉੱਠਦੇੇ। ਫੇਰ ਮੈਂ ਕੀੜੇ ਮਕੌੜੇ ਦੀ ਥਾਂ ’ਤੇ ‘ਸਤਰੰਗਾ ਰਾਜਾ’ ਅਖਵਾਉਂਦਾ, ਪਰ ਤੂੰ ਬਚ ਕੇ ਨਿਕਲ ਗਈ। ਕੋਈ ਗੱਲ ਨਹੀਂ, ਫੇਰ ਸਹੀ…।’’
ਤਿੱਲੀ ਉੱਥੋਂ ਉੱਡੀ ਤੇ ਹਵਾ ਨੂੰ ਗੰਢਾਂ ਦਿੰਦੀ ਘਰ ਅੱਪੜੀ। ਅੰਮੀ ਨੇ ਵੇਖਿਆ, ਤਿੱਲੀ ਦਾ ਹੇਠਲਾ ਸਾਹ ਹੇਠਾਂ ਤੇ ਉਤਲਾ ਸਾਹ ਉੱਤੇ ਸੀ। ਸਹਿਮੀ ਹੋਈ ਤਿੱਲੀ ਨੇ ਅੰਮੀ ਨੂੰ ਸਾਰੀ ਘਟਨਾ ਸੁਣਾਈ।
ਅੰਮੀ ਬੋਲੀ, ‘‘ਧੀਏ, ਜਿਉਣਾ ਸਿੱਖ ਜਿਉਣਾ…।’’
ਅੰਮੀ ਨੇ ਅਜੇ ਏਨਾ ਹੀ ਕਿਹਾ ਸੀ ਕਿ ਤਿੱਲੀ ਦਾ ਪਾਰਾ ਸੱਤਵੇਂ ਆਸਮਾਨ ’ਤੇ ਜਾ ਚੜ੍ਹਿਆ। ‘‘ਅੰਮੀ, ਮੈਨੂੰ ਕੀ ਜਿਉਣਾ ਸਿੱਖ, ਜਿਉਣਾ ਸਿੱਖ ਕਰਦੇ ਰਹਿੰਦੇ ਹੋ। ਹੋਰ ਕੋਈ ਗੱਲ ਨਹੀਂ ਆਉਂਦੀ ਤੁਹਾਨੂੰ?’’
ਉਹ ਫੇਰ ਬੋਲੀ, ‘‘ਮੇਰਾ ਕੀ ਕਸੂਰ ਏ ਜੇ ਮੈਨੂੰ ਕੁਦਰਤ ਨੇ ਸੁੰਦਰ ਬਣਾਇਆ ਏ। ਹਰ ਕੋਈ ਮੈਨੂੰ ਖਾਣ ਨੂੰ ਫਿਰਦਾ ਏ। ਮੈਨੂੰ ਸਮਝ ਨਹੀਂ ਆਉਂਦੀ, ਮੈਂ ਕੀ ਕਰਾਂ ? ਅੱਜ ਤੋਂ ਬਾਅਦ ਮੈਂ ਘਰੋਂ ਨਿਕਲਣਾ ਈ ਬੰਦ ਕਰ ਦਿੰਦੀ ਹਾਂ।’’
ਤਿੱਲੀ ਅੰਮੀ ਨਾਲ ਵੀ ਗੁੱਸੇ ਹੋ ਗਈ। ਉਹ ਕਈ ਦਿਨ ਘਰੋਂ ਬਾਹਰ ਨਾ ਨਿਕਲੀ। ਉਹਦਾ ਖੁੱਲ੍ਹੇ ਆਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਬੜਾ ਦਿਲ ਕਰਦਾ, ਪਰ ਉਹ ਘਰੋਂ ਬਾਹਰ ਨਾ ਨਿਕਲੀ। ਉਹ ਮਨ ਹੀ ਮਨ ਕੁਝ ਨਾ ਕੁਝ ਸੋਚਦੀ ਰਹਿੰਦੀ।
ਕੁਝ ਦਿਨਾਂ ਬਾਅਦ ਤਿੱਲੀ ਦੀ ਅੰਮੀ ਕੁਝ ਢਿੱਲੀ ਹੋ ਗਈ।
‘‘ਹਾਏ, ਜੇ ਮੇਰੀ ਅੰਮੀ ਨੂੰ ਕੁਝ ਹੋ ਗਿਆ ਤਾਂ…?’’ ਤਿੱਲੀ ਨੇ ਸੋਚਿਆ। ਫਿਰ ਉਹ ਅੰਮੀ ਨੂੰ ਕਹਿਣ ਲੱਗੀ, ‘‘ਅੰਮੀ, ਮੈਂ ਹੁਣੇ ਡਾਕਟਰ ਕੋਲ ਜਾ ਕੇ ਆਈ।’’
ਤਿੱਲੀ ਨੇ ਉਡਾਣ ਭਰੀ। ਉਹ ਡਾਕਟਰ ਦੇ ਕਲੀਨਿਕ ’ਤੇ ਪੁੱਜੀ, ਪਰ ਡਾਕਟਰ ਅਜੇ ਨਹੀਂ ਸੀ ਆਇਆ। ਉਹ ਦੁਪਹਿਰ ਖਿੜੀ ਦੇ ਫੁੱਲ ’ਤੇ ਬਹਿ ਕੇ ਇੰਤਜ਼ਾਰ ਕਰਨ ਲੱਗੀ। ਚਾਣਚੱਕ ਉਹਨੇ ਵੇਖਿਆ, ਸਾਹਮਣਿਓਂ ਉਹੀ ਮੱਕੜਾ ਤੇ ਮਕੌੜਾ ਉਹਨੂੰ ਸ਼ਿਸ਼ਤ ਲਗਾ ਕੇ ਤੱਕ ਰਹੇ ਸਨ। ਇਸ ਵਾਰੀ ਤਿੱਲੀ ਬਿਲਕੁਲ ਨਾ ਘਾਬਰੀ। ਉਸ ਨੇ ਵੇਖਿਆ, ਨੇੜੇ ਹੀ ਕਿੱਕਰ ਦੀਆਂ ਦੋ ਜੁੜੀਆਂ ਹੋਈਆਂ ਸੂਲਾਂ ਪਈਆਂ ਸਨ।
ਏਨੇ ਨੂੰ ਮੱਕੜਾ ਤੇ ਮਕੌੜਾ ਤੇਜ਼ੀ ਨਾਲ ਉਹਦੇ ਕੋਲ ਆ ਗਏ। ਤਿੱਲੀ ਨੇ ਫੁਰਤੀ ਨਾਲ ਦੋਵੇਂ ਜੁੜੀਆਂ ਸੂਲਾਂ ਆਪਣੇ ਮੂੰਹ ਵਿੱਚ ਫੜ ਲਈਆਂ। ਇਸ ਤੋਂ ਪਹਿਲਾਂ ਕਿ ਦੋਵੇਂ ਤਿਤਲੀ ਉੱਪਰ ਝਪਟਦੇ, ਤਿੱਲੀ ਨੇ ਹਿੰਮਤ ਨਾਲ ਮੂੰਹ ਵਿੱਚ ਫੜੀਆਂ ਸੂਲਾਂ ਦੇ ਤਿੱਖੇ ਸਿਰਿਆਂ ਨਾਲ ਉਨ੍ਹਾਂ ਦੇ ਮੂੰਹ ਵਿੰਨ੍ਹ ਦਿੱਤੇ। ਮੱਕੜੇ ਦੇ ਢਿੱਡ ਵਿੱਚ ਵੀ ਤਿੱਖੀ ਸੂਲ ਖੁਭ ਗਈ। ਉਹਦੀ ਚੀਕ ਨਿਕਲ ਗਈ। ਉਨ੍ਹਾਂ ਵਿੱਚੋਂ ਇੱਕ ਮੂੰਹ ਦੀ ਖਾ ਕੇ ਦੌੜ ਚੁੱਕਾ ਸੀ ਤੇ ਦੂਜਾ ਅੱਖ ਵਿੱਚ ਵੱਜੀ ਸੂਲ ਦੇ ਦਰਦ ਨਾਲ ਕੁਰਲਾਉਂਦਾ ਹੋਇਆ ਜ਼ਖ਼ਮੀ ਸੱਪ ਵਾਂਗ ਦੂਹਰਾ ਤੀਹਰਾ ਹੋ ਰਿਹਾ ਸੀ। ਤਿੱਲੀ ਆਪ ਵੀ ਕਾਫ਼ੀ ਜ਼ਖ਼ਮੀ ਹੋ ਗਈ ਸੀ।
‘‘ਸ਼ਾਬਾਸ਼! ਮੇਰੀ ਧੀ ਨੂੰ ਹੁਣ ਜਿਉਣਾ ਆ ਗਿਆ ਏ।’’ ਤਿੱਲੀ ਤਿਤਲੀ ਨੂੰ ਇਹ ਆਵਾਜ਼ ਜਾਣੀ ਪਛਾਣੀ ਲੱਗੀ।
ਉਸ ਨੇ ਵੇਖਿਆ, ਪਿੱਛੇ ਨੇੜੇ ਦੇ ਇੱਕ ਰੁੱਖ ਦੀ ਟਾਹਣੀ ’ਤੇ ਉਸ ਦੀ ਅੰਮੀ ਜੋਸ਼ ਵਿੱਚ ਬੈਠੀ ਹੋਈ ਸੀ। ਮਾਂ ਧੀ ਦੇ ਚਿਹਰੇ ’ਤੇ ਅਨੋਖੀ ਮੁਸਕਾਨ ਸੀ।
ਸੰਪਰਕ: 98144-23703