ਹਰਜੀਤ ਸਿੰਘ*
ਗਰਮੀਆਂ ਦੀ ਇੱਕ ਰਾਤ ਵਿੱਚ ਸਾਫ਼ ਅਸਮਾਨ ਹੇਠਾਂ ਪਏ ਹੋਏ ਤੁਸੀਂ ਉੱਪਰ ਵੱਲ ਦੇਖਦੇ ਹੋਏ ਸੋਚਦੇ ਹੋ ”ਕਾਸ਼ ਮੈਂ ਇਨ੍ਹਾਂ ਤਾਰਿਆਂ ਨੂੰ ਨੇੜੇ ਤੋਂ ਦੇਖ ਸਕਦਾ।” ਜਾਂ ਤੁਸੀਂ ਖਗੋਲ-ਵਿਗਿਆਨ ਦੇ ਸ਼ੌਕੀਨ ਹੋ ਅਤੇ ਖਗੋਲੀ ਅਜੂਬਿਆਂ ਨੂੰ ਹੋਰ ਸਾਫ਼ ਦੇਖਣਾ ਚਾਹੁੰਦੇ ਹੋ। ਦੋਵਾਂ ਮਾਮਲਿਆਂ ਵਿੱਚ ਤੁਹਾਡੀ ਲੋੜ ਇੱਕੋ ਹੈ ‘ਦੂਰਬੀਨ’। ਇੱਕ ਸਵਾਲ ਜੋ ਮੈਨੂੰ ਸਭ ਤੋਂ ਵੱਧ ਪੁੱਛਿਆ ਜਾਂਦਾ ਹੈ ਉਹ ਹੈ ”ਮੈਨੂੰ ਕਿਹੜੀ ਦੂਰਬੀਨ ਖਰੀਦਣੀ ਚਾਹੀਦੀ ਹੈ?” ਸੱਚੋ-ਸੱਚ ਕਹਾਂ ਤਾਂ ਇਹ ਬਹੁਤ ਔਖਾ ਸਵਾਲ ਹੈ| ਇਹ ਕਿਸੇ ਤੋਂ ਕਾਰ ਖਰੀਦਣ ਲਈ ਸਲਾਹ ਮੰਗਣ ਵਾਂਗ ਹੈ| ਹਾਲਾਂਕਿ ਕਾਰ ਬਾਰੇ ਫੈਸਲਾ ਕਰਨਾ ਇੱਕ ਆਸਾਨ ਕੰਮ ਹੈ ਕਿਉਂਕਿ ਕਾਰਾਂ ਬਾਰੇ ਜਾਣਕਾਰੀ ਆਮ ਮਿਲ ਜਾਂਦੀ ਹੈ ਅਤੇ ਸਾਡੇ ਆਂਢ-ਗੁਆਂਢ ਵਿੱਚ ਕਾਰਾਂ ਬਾਰੇ ਚੰਗੀ ਜਾਣਕਾਰੀ ਵਾਲੇ ਲੋਕ ਹੁੰਦੇ ਹਨ। ਪਰ ਜਦੋਂ ਦੂਰਬੀਨ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਆਮ ਤੌਰ ‘ਤੇ ‘ਕਿੱਥੋਂ ਸ਼ੁਰੂ ਕਰੀਏ?’ ਬਾਰੇ ਵੀ ਪਤਾ ਨਹੀਂ ਹੁੰਦਾ| ਇਸ ਲਈ ਇੱਥੇ ਆਪਾਂ ਦੂਰਬੀਨ ਬਾਰੇ ਕੁਝ ਬੁਨਿਆਦੀ ਗੱਲਾਂ ਕਰਾਂਗੇ।
ਦੂਰਬੀਨ ਦੀ ਕਾਢ ਦਾ ਸਿਹਰਾ ਵਿਆਪਕ ਤੌਰ ‘ਤੇ ਗੇਲੀਲੀਓ ਨੂੰ ਦਿੱਤਾ ਜਾਂਦਾ ਹੈ, ਪਰ ਇਹ ਸੱਚ ਨਹੀਂ ਹੈ। ਦੂਰਬੀਨ ਦੀ ਕਾਢ ਅਸਲ ਵਿੱਚ 1608 ਵਿੱਚ ਜਰਮਨੀ ਦੇ ਹਾਂਸ ਲਿਪਰਸ਼ੇ (Hans Lippershey) ਨੇ ਕੱਢੀ| ਉਹ ਐਨਕਾਂ ਬਣਾਉਣ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ਨੇ ਦੇਖਿਆ ਕਿ ਇੱਕ ਸਹੀ ਦੂਰੀ ‘ਤੇ ਦੋ ਲੈਂਸਾਂ ਦਾ ਸੁਮੇਲ ਚੀਜ਼ਾਂ ਨੂੰ ਵੱਡਾ ਕਰਕੇ ਦਿਖਾਉਂਦਾ ਹੈ ਅਤੇ ਇਸ ਤਰ੍ਹਾਂ ਦੂਰਬੀਨ ਦੀ ਖੋਜ ਹੋਈ। ਗੇਲੀਲੀਓ ਨੇ ਇਸ ਨੂੰ ਪਹਿਲੀ ਵਾਰ ਅਸਮਾਨ ਵੱਲ ਸਾਧਿਆ ਅਤੇ ਪੁਲਾੜੀ ਵਸਤਾਂ ਦਾ ਅਧਿਐਨ ਕੀਤਾ। ਆਪਣੇ ਦੂਰਬੀਨ ਨਾਲ ਗੇਲੀਲੀਓ ਨੇ ਬ੍ਰਹਿਸਪਤੀ ਦੇ ਚੰਦ ਲੱਭੇ ਅਤੇ ਧਰਤੀ ਨੂੰ ਬ੍ਰਹਿਮੰਡ ਦਾ ਕੇਂਦਰ ਮੰਨਣ ਵਾਲੇ ਸਿਧਾਂਤ ਦਾ ਖੰਡਨ ਕੀਤਾ| ਬਾਅਦ ਵਿੱਚ ਨਿਊਟਨ ਨੇ ਦੂਰਬੀਨ ਵਿੱਚ ਕੁਝ ਵੱਡੀਆਂ ਤਬਦੀਲੀਆਂ ਕਰਕੇ ਇਸ ਨੂੰ ਹੋਰ ਕਾਰਗਰ ਬਣਾਇਆ।
ਦੂਰਬੀਨ ਖਰੀਦਣ ਲਈ ਸਭ ਤੋਂ ਪਹਿਲਾ ਸਵਾਲ ਜੋ ਤੁਸੀਂ ਆਪਣੇ ਆਪ ਤੋਂ ਪੁੱਛਣਾ ਹੈ ਉਹ ਹੈ ‘ਮੇਰਾ ਬਜਟ ਕੀ ਹੈ?’ ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਦੇਣਾ ਦੂਰਬੀਨ ਖਰੀਦਣ ਵਿੱਚ ਮਦਦ ਮੰਗਣ ਵਾਲੇ ਬਹੁਤੇ ਲੋਕਾਂ ਨੂੰ ਦੇਣਾ ਔਖਾ ਲੱਗਦਾ ਹੈ| ਦੂਰਬੀਨਾਂ ਦਾ ਮੁੱਲ ਬਹੁਤ ਘੱਟ ਤੋਂ ਬਹੁਤ ਜ਼ਿਆਦਾ ਹੋ ਸਕਦਾ ਹੈ| ਤੁਸੀਂ 1500 ਰੁਪਏ ਵਿੱਚ ਵੀ ਦੂਰਬੀਨ ਬਣਾ ਸਕਦੇ ਹੋ ਅਤੇ 1.5 ਲੱਖ ਰੁਪਏ ਵਿੱਚ ਵੀ। ਦੂਰਬੀਨਾਂ ਵੱਖ-ਵੱਖ ਪੱਧਰ ਅਤੇ ਲੋੜ ਵਾਲੇ ਲੋਕਾਂ ਲਈ ਬਣਾਈਆਂ ਜਾਂਦੀਆਂ ਹਨ। ਇਸ ਲਈ, ਪਹਿਲਾਂ ਆਪਣਾ ਬਜਟ ਤੈਅ ਕਰੋ।
ਦੂਜੀ ਗੱਲ ਹੈ ”ਮੈਂ ਇਸ ਨੂੰ ਕਿੱਥੇ ਵਰਤਾਂਗਾ?” ਜੇਕਰ ਤੁਸੀਂ ਪ੍ਰਕਾਸ਼ ਪ੍ਰਦੂਸ਼ਣ ਰਹਿਤ ਅਸਮਾਨ ਵਾਲੀ ਜਗ੍ਹਾ ‘ਤੇ ਰਹਿੰਦੇ ਹੋ, ਜਿਵੇਂ ਕਿ ਇੱਕ ਪਿੰਡ, ਤਾਂ ਤੁਸੀਂ ਇਸ ਨੂੰ ਘਰ ਦੀ ਛੱਤ ਜਾਂ ਵਿਹੜੇ ਵਿੱਚ ਵਰਤ ਸਕਦੇ ਹੋ| ਮਤਲਬ ਕਿ ਦੂਰਬੀਨ ਦਾ ਆਕਾਰ ਅਤੇ ਭਾਰ ਤੁਹਾਡੇ ਲਈ ਕੋਈ ਸਮੱਸਿਆ ਨਹੀਂ| ਪਰ ਜੇ ਤੁਸੀਂ ਇੱਕ ਵੱਡੇ ਸ਼ਹਿਰ ਵਿੱਚ ਰਹਿੰਦੇ ਹੋ ਜਿੱਥੇ ਰਾਤ ਨੂੰ ਬਹੁਤ ਰੌਸ਼ਨੀ ਰਹਿੰਦੀ ਹੈ, ਤਾਂ ਆਸਮਾਨੀ ਵਸਤਾਂ ਤੁਹਾਨੂੰ ਸਾਫ਼ ਨਹੀਂ ਦਿਸਣਗੀਆਂ, ਖਾਸ ਕਰਕੇ ਦੁਮੇਲ ਦੇ ਨੇੜੇ ਦੀਆਂ ਚੀਜ਼ਾਂ| ਤੁਹਾਨੂੰ ਦੂਰਬੀਨ ਵਰਤਣ ਲਈ ਸ਼ਹਿਰ ਤੋਂ ਕਿਤੇ ਦੂਰ ਜਾਣਾ ਪਵੇਗਾ| ਮਤਲਬ ਕਿ ਤੁਹਾਨੂੰ ਇੱਕ ਹਲਕੀ ਅਤੇ ਛੋਟੀ ਦੂਰਬੀਨ ਦੀ ਜ਼ਰੂਰਤ ਹੋਏਗੀ ਜੋ ਤੁਹਾਡੀ ਕਾਰ ਵਿੱਚ ਫਿੱਟ ਆ ਸਕੇ|
ਹੁਣ ਜਦੋਂ ਤੁਹਾਨੂੰ ਬੁਨਿਆਦੀ ਸਵਾਲਾਂ ਦੇ ਜਵਾਬ ਮਿਲ ਗਏ ਹਨ ਤਾਂ ਆਓ ਇੱਕ ਦ੍ਰਿਸ਼ ਨਾਲ ਸ਼ੁਰੂਆਤ ਕਰੀਏ। ਤੁਸੀਂ ਦੂਰਬੀਨ ਖਰੀਦਣ ਲਈ ਦੁਕਾਨ ‘ਤੇ ਜਾਂਦੇ ਹੋ। ਤੁਸੀਂ ਦੁਕਾਨਦਾਰ ਨੂੰ ਪੁੱਛਦੇ ਹੋ, ”ਕਿਹੜੀ ਦੂਰਬੀਨ ਵਧੀਆ ਹੈ?” ਉਹ ਜਵਾਬ ਦਿੰਦਾ ਹੈ ”ਇਹ, ਇਸ ਦਾ ਜ਼ੂਮ 80X ਹੈ।” ਮੇਰੀ ਸਲਾਹ; ਦੁਕਾਨ ਤੋਂ ਤੁਰੰਤ ਬਾਹਰ ਆ ਜਾਓ! ਦੁਕਾਨਦਾਰ ਜਾਂ ਤਾਂ ਦੂਰਬੀਨਾਂ ਬਾਰੇ ਕੁਝ ਨਹੀਂ ਜਾਣਦਾ ਜਾਂ ਤੁਹਾਨੂੰ ਬੇਵਕੂਫ਼ ਬਣਾ ਰਿਹਾ ਹੈ| ਕਿਉਂ? ਅਸੀਂ ਬਾਅਦ ਵਿੱਚ ਦੇਖਾਂਗੇ, ਆਓ ਪਹਿਲਾਂ ਜਾਣਦੇ ਹਾਂ ਦੂਰਬੀਨਾਂ ਦੀਆਂ ਕਿਸਮਾਂ ਬਾਰੇ।
ਦੂਰਬੀਨਾਂ ਦੀਆਂ ਮੂਲ ਰੂਪ ਵਿੱਚ ਤਿੰਨ ਕਿਸਮਾਂ ਹਨ। ਸਭ ਤੋਂ ਪਹਿਲੀ ਕਿਸਮ ਰਿਫ੍ਰੈਕਟਰ (Refractor) ਦੂਰਬੀਨ ਹੈ। ਇਸ ਦੂਰਬੀਨ ਦੀ ਖੋਜ ਲਿਪਰਸ਼ੇ ਨੇ ਕੀਤੀ ਅਤੇ ਗੇਲੀਲੀਓ ਨੇ ਵੀ ਇਹੋ ਵਰਤੀ। ਲੰਬੀ ਅਤੇ ਪਤਲੀ ਪਾਈਪ ਵਰਗੀ ਦਿਖਣ ਵਾਲੀ ਇਸ ਦੂਰਬੀਨ ਵਿੱਚ ਪਾਈਪ ਦੇ ਅੱਗੇ ਮੁੱਖ ਲੈਂਸ ਅਤੇ ਪਿਛਲੇ ਸਿਰੇ ‘ਤੇ ਇੱਕ ਛੋਟਾ ਆਈਪੀਸ (eyepiece) ਲੈਂਸ ਲੱਗਿਆ ਹੁੰਦਾ ਹੈ| ਇਹ ਇੱਕ ਸਾਧਾਰਨ ਅਤੇ ਬੁਨਿਆਦੀ ਬਣਤਰ ਹੈ ਅਤੇ ਆਮ ਤੌਰ ‘ਤੇ ਸਸਤੀ ਹੁੰਦੀ ਹੈ| ਅਸਮਾਨ ਦੀਆਂ ਚਮਕਦਾਰ ਵਸਤੂਆਂ, ਚੰਦਰਮਾ ਅਤੇ ਗ੍ਰਹਿਆਂ ਆਦਿ ਨੂੰ ਵੇਖਣ ਲਈ ਇਹ ਦੂਰਬੀਨ ਕਾਫ਼ੀ ਹੈ| ਇਸ ਦੇ ਮੁੱਖ ਲੈਂਸ ਦਾ ਆਕਾਰ ਆਮ ਤੌਰ ‘ਤੇ 6 ਇੰਚ ਤੱਕ ਸੀਮਤ ਹੁੰਦਾ ਹੈ। ਜ਼ਿਆਦਾ ਜ਼ੂਮ ਕਰਨ ‘ਤੇ ਰੰਗ ਵਿਗਾੜ (chromatic aberration) ਨਾਮਕ ਇੱਕ ਵਰਤਾਰੇ ਕਰਕੇ ਆਉਣ ਵਾਲੀ ਸਫ਼ੈਦ ਰੋਸ਼ਨੀ ਸੱਤ ਰੰਗਾਂ ਵਿੱਚ ਖਿੰਡ ਜਾਂਦੀ ਹੈ ਅਤੇ ਸਾਨੂੰ ਪੁਲਾੜੀ ਵਸਤ ਸਾਫ਼ ਨਹੀਂ ਦਿਖਦੀ|
ਦੂਜੀ ਕਿਸਮ ਨੂੰ ਰਿਫਲੈਕਟਰ (reflector) ਦੂਰਬੀਨ ਕਿਹਾ ਜਾਂਦਾ ਹੈ। ਇਸ ਕਿਸਮ ਦੀ ਖੋਜ ਨਿਊਟਨ ਦੁਆਰਾ ਰੰਗ ਵਿਗਾੜ ਤੋਂ ਬਚਣ ਲਈ ਕੀਤੀ ਗਈ ਸੀ। ਇਸ ਲਈ ਇਸ ਨੂੰ ਨਿਊਟੋਨੀਅਨ ਦੂਰਬੀਨ ਵੀ ਕਿਹਾ ਜਾਂਦਾ ਹੈ। ਇਹ ਦੂਰਬੀਨ ਖਗੋਲ ਵਿਗਿਆਨ ਦੇ ਸ਼ੌਕੀਨਾਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੈ। ਇਸ ਵਿੱਚ ਇੱਕ ਟਿਊਬ ਦੇ ਅੰਦਰ ਪਿਛਲੇ ਪਾਸੇ ਇੱਕ ਅਵਤਲ (concave) ਮੁੱਖ ਸ਼ੀਸ਼ਾ ਲੱਗਿਆ ਹੁੰਦਾ ਹੈ। ਮੁੱਖ ਸ਼ੀਸ਼ੇ ਦੁਆਰਾ ਪਰਾਵਰਤਿਤ ਰੋਸ਼ਨੀ ਨੂੰ ਟਿਊਬ ਦੇ ਮੱਧ ਵਿੱਚ 45 ਡਿਗਰੀ ਦੇ ਕੋਣ ‘ਤੇ ਰੱਖੇ ਇੱਕ ਪੱਧਰੇ ਸ਼ੀਸ਼ੇ ਦੁਆਰਾ ਦੁਬਾਰਾ ਪਰਾਵਰਤਿਤ ਕਰਕੇ ਅੱਗੇ ਆਈਪੀਸ ਵੱਲ ਭੇਜਿਆ ਜਾਂਦਾ ਹੈ, ਜੋ ਟਿਊਬ ਦੇ ਇੱਕ ਪਾਸੇ ਲੱਗਿਆ ਹੁੰਦਾ ਹੈ| ਹਾਲਾਂਕਿ ਇਹ ਦੂਰਬੀਨ ਰੰਗ ਵਿਗਾੜ ਤੋਂ ਮੁਕਤ ਹੈ, ਪਰ ਇਸ ਦੀ ਤਸਵੀਰ ਰਿਫ੍ਰੈਕਟਰ ਦੂਰਬੀਨ ਜਿੰਨੀ ਤਿੱਖੀ ਨਹੀਂ ਹੁੰਦੀ।
ਤੀਸਰੀ ਅਤੇ ਆਖਰੀ ਕਿਸਮ ਨੂੰ ਕੈਟਾਡਾਈਔਪਟ੍ਰਿਕ (catadioptric) ਦੂਰਬੀਨ ਕਿਹਾ ਜਾਂਦਾ ਹੈ। ਇਹ ਉਪਰੋਕਤ ਦੋ ਕਿਸਮਾਂ ਦਾ ਮਿਸ਼ਰਣ ਹੈ। ਰੋਸ਼ਨੀ ਪਹਿਲਾਂ ਇੱਕ ਸੁਧਾਰਕ ਪਲੇਟ (corrector plate) ਵਿੱਚੋਂ ਲੰਘਦੀ ਹੈ ਜੋ ਅਸਲ ਵਿੱਚ ਇੱਕ ਲੈਂਸ ਹੁੰਦਾ ਹੈ ਅਤੇ ਫਿਰ ਇੱਕ ਮੁੱਖ ਸ਼ੀਸ਼ੇ ਨਾਲ ਟਕਰਾਉਂਦੀ ਹੈ ਜੋ ਇਸ ਨੂੰ ਪੱਧਰੇ ਸ਼ੀਸ਼ੇ ਦੁਆਰਾ ਆਈਪੀਸ ਉੱਤੇ ਫੋਕਸ ਕਰਦਾ ਹੈ। ਇਹ ਬਣਤਰ ਕਈ ਵਿਗਾੜ ਦੂਰ ਕਰਨ ਵਿੱਚ ਮਦਦ ਕਰਦੀ ਹੈ ਅਤੇ ਇੱਕ ਬਿਹਤਰ ਤਸਵੀਰ ਦਿੰਦੀ ਹੈ।
ਦੂਰਬੀਨ ਵਿੱਚ ਅਗਲੀ ਜ਼ਰੂਰੀ ਚੀਜ਼ ਮਾਊਂਟ (mount) ਹੈ। ਮਾਊਂਟ ਦੀ ਵਰਤੋਂ ਤੁਹਾਡੀ ਦੂਰਬੀਨ ਨੂੰ ਟਿਕਾਉਣ ਲਈ ਅਤੇ ਇਸ ਨੂੰ ਸਾਧਣ ਲਈ ਕੀਤੀ ਜਾਂਦੀ ਹੈ। ਬਾਜ਼ਾਰ ਵਿੱਚ ਮੁੱਖ ਤੌਰ ‘ਤੇ ਦੋ ਤਰ੍ਹਾਂ ਦੀਆਂ ਮਾਊਂਟ ਮਿਲਦੀਆਂ ਹਨ। ਪਹਿਲੀ ਨੂੰ ਭੂ-ਮੱਧੀ ਮਾਊਂਟ (equatorial mount) ਕਿਹਾ ਜਾਂਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਧਰਤੀ ਆਪਣੇ ਧੁਰੇ ਦੇ ਦੁਆਲੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ| ਇਸ ਲਈ ਰਾਤ ਨੂੰ ਤਾਰੇ ਪੂਰਬ ਤੋਂ ਪੱਛਮ ਵੱਲ ਚੱਲਦੇ ਹਨ, ਬਿਲਕੁਲ ਸੂਰਜ ਵਾਂਗ। ਜੇਕਰ ਤੁਸੀਂ ਆਪਣੀ ਦੂਰਬੀਨ ਕਿਸੇ ਤਾਰੇ ‘ਤੇ ਟਿਕਾਉਂਦੇ ਹੋ ਅਤੇ ਇਸ ਨੂੰ ਸਥਿਰ ਰੱਖਦੇ ਹੋ, ਤਾਂ ਬਹੁਤ ਜਲਦੀ ਤਾਰਾ ਦੂਰਬੀਨ ਦੀ ਨਜ਼ਰ ਤੋਂ ਬਾਹਰ ਹੋ ਜਾਵੇਗਾ। ਇਸ ਸਥਿਤੀ ਵਿੱਚ ਭੂ-ਮੱਧੀ ਮਾਊਂਟ ਕੰਮ ਆਉਂਦੀ ਹੈ। ਇੱਕ ਵਾਰ ਜਦੋਂ ਤੁਸੀਂ ਮਾਊਂਟ ਦੇ ਧੁਰੇ ਨੂੰ ਧਰਤੀ ਦੇ ਧੁਰੇ ਦੇ ਸਮਾਂਤਰ ਕਰ ਲੈਂਦੇ ਹੋ, ਤਾਂ ਤੁਹਾਨੂੰ ਕਿਸੇ ਵਸਤੂ ‘ਤੇ ਲਗਾਤਾਰ ਨਜ਼ਰ ਰੱਖਣ ਲਈ ਦੂਰਬੀਨ ਨੂੰ ਇੱਕ ਨਿਸ਼ਚਿਤ ਦਰ ‘ਤੇ ਸਿਰਫ਼ ਇੱਕ ਦਿਸ਼ਾ ਵਿੱਚ ਘੁਮਾਉਣ ਦੀ ਲੋੜ ਪਏਗੀ। ਦੂਰਬੀਨ ਪਹਿਲੀ ਵਾਰ ਵਰਤਣ ਵਾਲੇ ਲਈ ਇਸ ਮਾਊਂਟ ਨੂੰ ਸਮਝਣ ਲਈ ਥੋੜ੍ਹਾ ਸਮਾਂ ਲੱਗਦਾ ਹੈ|
ਦੂਜੀ ਕਿਸਮ ਦੀ ਮਾਊਂਟ ਨੂੰ ਅਜ਼ੀਮਥ ਮਾਊਂਟ ਜਾਂ ਅਲਟ-ਅਜ਼ੀਮਥ ਮਾਊਂਟ ਕਿਹਾ ਜਾਂਦਾ ਹੈ। ਇਸ ਨਾਲ ਤੁਸੀਂ ਦੂਰਬੀਨ ਨੂੰ ਮਸ਼ੀਨ ਗਨ ਵਾਂਗ ਉੱਪਰ-ਥੱਲੇ ਜਾਂ ਖੱਬੇ-ਸੱਜੇ ਘੁੰਮਾ ਸਕਦੇ ਹੋ। ਸ਼ੁਰੂਆਤ ਕਰਨ ਵਾਲਿਆਂ ਲਈ ਇਸ ਨੂੰ ਵਰਤਣਾ ਬਹੁਤ ਆਸਾਨ ਹੈ। ਹਾਲਾਂਕਿ ਇਸ ਮਾਊਂਟ ਨਾਲ ਤਾਰਿਆਂ ‘ਤੇ ਲਗਾਤਾਰ ਨਜ਼ਰ ਰੱਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਤੁਹਾਨੂੰ ਇਸ ਨੂੰ ਇੱਕੋ ਸਮੇਂ ਦੋ ਦਿਸ਼ਾਵਾਂ ਵਿੱਚ ਹਿਲਾਉਣਾ ਪਏਗਾ ਅਤੇ ਉਹ ਵੀ ਅਸਮਾਨ ਦਰਾਂ ‘ਤੇ। ਇਹ ਮਾਊਂਟ ਆਮ ਤੌਰ ‘ਤੇ ਸ਼ੁਰੂਆਤੀ ਪੱਧਰ ਦੀਆਂ ਦੂਰਬੀਨਾਂ ਵਿੱਚ ਮਿਲਦੀ ਹੈ| ਇਸ ਤੋਂ ਇਲਾਵਾ ਦੂਰਬੀਨਾਂ ਨੂੰ ਕੰਟਰੋਲ ਕਰਨ ਲਈ ਕੰਪਿਊਟਰਾਈਜ਼ਡ ਮਾਊਂਟ ਵੀ ਮਿਲਦੀਆਂ ਹਨ। ਅਜਿਹੀਆਂ ਦੂਰਬੀਨਾਂ ਥੋੜ੍ਹੀਆਂ ਮਹਿੰਗੀਆਂ ਹੁੰਦੀਆਂ ਹਨ, ਪਰ ਇਸ ਨਾਲ ਖਗੋਲੀ ਵਸਤੂਆਂ ਨੂੰ ਲੱਭਣਾ ਅਤੇ ਟਰੈਕ ਕਰਨਾ ਬਹੁਤ ਆਸਾਨ ਹੋ ਜਾਂਦਾ ਹੈ।
ਹੁਣ ਆਈਏ ਮੁੱਖ ਸਵਾਲ ‘ਤੇ, ਕਿਹੜੀ ਦੂਰਬੀਨ ਖਰੀਦਣੀ ਚਾਹੀਦੀ ਹੈ? ਜੇ ਤੁਸੀਂ ਖਗੋਲ-ਵਿਗਿਆਨ ਵਿੱਚ ਨਵੇਂ ਹੋ ਜਾਂ ਆਪਣੇ ਬੱਚੇ ਲਈ ਖਰੀਦ ਰਹੇ ਹੋ, ਤਾਂ ਮੈਂ ਸੁਝਾਅ ਦੇਵਾਂਗਾ ਕਿ ਉੱਚ ਪੱਧਰੀ ਦੂਰਬੀਨ ‘ਤੇ ਪੈਸਾ ਖਰਚ ਨਾ ਕਰੋ। 50-70mm ਅਪਰਚਰ (Aperture) ਦੀ ਰਿਫ੍ਰੈਕਟਰ ਕਿਸਮ ਦੀ ਦੂਰਬੀਨ ਨਾਲ ਸ਼ੁਰੂਆਤ ਕਰੋ ਜੋ 5000 ਰੁਪਏ ਦੇ ਅੰਦਰ ਖਰੀਦੀ ਜਾ ਸਕਦੀ ਹੈ। ਤੁਸੀਂ ਇਨ੍ਹਾਂ ਨਾਲ ਚੰਦਰਮਾ, ਸ਼ਨੀ ਦੇ ਛੱਲੇ ਆਦਿ ਨੂੰ ਆਸਾਨੀ ਨਾਲ ਦੇਖ ਸਕਦੇ ਹੋ। ਮੁੱਢਲੇ ਪੱਧਰ ਦੀ ਦੂਰਬੀਨ ਬਣਾਉਣ ਵਾਲੀ ਕਿੱਟ 1500 ਰੁਪਏ ਵਿੱਚ ਮਿਲ ਜਾਂਦੀ ਹੈ। ਕੁਝ ਪੀਵੀਸੀ ਪਾਈਪਾਂ ਵਰਤ ਕੇ ਤੁਸੀਂ ਇਸ ਕਿੱਟ ਨਾਲ ਘਰ ਵਿੱਚ ਇੱਕ ਰਿਫ੍ਰੈਕਟਰ ਦੂਰਬੀਨ ਬਣਾ ਸਕਦੇ ਹੋ।
ਜੇ ਤੁਸੀਂ ਖਗੋਲ-ਵਿਗਿਆਨ ਬਾਰੇ ਗੰਭੀਰ ਹੋ, ਤਾਂ ਤੁਹਾਨੂੰ ਘੱਟੋ-ਘੱਟ 140mm ਅਪਰਚਰ ਦੀ ਰਿਫਲੈਕਟਰ ਕਿਸਮ ਦੀ ਦੂਰਬੀਨ ਲੈਣੀ ਚਾਹੀਦੀ ਹੈ। ਅਜਿਹੀ ਦੂਰਬੀਨ ਨਾਲ ਤੁਸੀਂ ਮੱਧਮ ਅਸਮਾਨੀ ਵਸਤੂਆਂ, ਨੇਬੂਲਾ ਆਦਿ ਦੇਖ ਸਕਦੇ ਹੋ। ਤੁਸੀਂ ਇਹ ਦੂਰਬੀਨ 15 ਕੁ ਹਜ਼ਾਰ ਰੁਪਏ ਵਿੱਚ ਖਰੀਦ ਸਕਦੇ ਹੋ। ਜੇਕਰ ਤੁਹਾਡੇ ਕੋਲ ਖਰਚ ਕਰਨ ਲਈ ਪੈਸੇ ਹਨ, ਤਾਂ ਕੰਪਿਊਟਰਾਈਜ਼ਡ ਮਾਊਂਟ ਲਓ ਜਿਸ ਦੀ ਕੀਮਤ 25 ਕੁ ਹਜ਼ਾਰ ਤੋਂ ਉੱਪਰ ਹੋਵੇਗੀ।
ਸੱਚ! ਜ਼ੂਮ ਤਾਂ ਰਹਿ ਹੀ ਗਿਆ| ਇਹ ਰਹਿ ਇਸ ਲਈ ਗਿਆ ਕਿਉਂਕਿ ਇਹ ਦੂਰਬੀਨ ਖਰੀਦਣ ਲਈ ਮਹੱਤਵਪੂਰਨ ਨਹੀਂ ਹੈ ਅਤੇ ਨਾ ਹੀ ਇਹ ਪੱਕਾ ਹੁੰਦਾ ਹੈ। ਤੁਸੀਂ ਸਿਰਫ਼ ਮੁੱਖ ਲੈਂਸ ਜਾਂ ਸ਼ੀਸ਼ੇ ਦਾ ਅਪਰਚਰ ਦੇਖਣਾ ਹੈ। ਅਪਰਚਰ ਦਾ ਅਰਥ ਹੈ ਲੈਂਸ/ਸ਼ੀਸ਼ੇ ਦਾ ਆਕਾਰ। ਅਪਰਚਰ ਜਿੰਨਾ ਜ਼ਿਆਦਾ ਹੋਵੇਗਾ, ਦੂਰਬੀਨ ਦੁਆਰਾ ਇਕੱਠੀ ਕੀਤੀ ਜਾਣ ਵਾਲੀ ਰੋਸ਼ਨੀ ਓਨੀ ਵੱਧ ਹੋਵੇਗੀ ਅਤੇ ਤਸਵੀਰ ਚਮਕਦਾਰ ਬਣੇਗੀ। ਜ਼ੂਮ, ਮੁੱਖ ਲੈਂਸ ਅਤੇ ਆਈਪੀਸ ਦੀ ਫੋਕਲ ਲੰਬਾਈ ਦੇ ਅਨੁਪਾਤ ‘ਤੇ ਨਿਰਭਰ ਕਰਦਾ ਹੈ| ਤੁਸੀਂ ਛੋਟੀ ਫੋਕਲ ਲੰਬਾਈ ਦੇ ਆਈਪੀਸ ਨਾਲ ਮਨਚਾਹਿਆ ਜ਼ੂਮ ਪ੍ਰਾਪਤ ਕਰ ਸਕਦੇ ਹੋ। ਇਹ ਆਈਪੀਸ ਬਹੁਤ ਆਸਾਨੀ ਨਾਲ ਬਦਲੇ ਜਾ ਸਕਦੇ ਹੁੰਦੇ ਹਨ ਅਤੇ ਆਮ ਤੌਰ ‘ਤੇ ਇੱਕ ਦੂਰਬੀਨ ਨਾਲ ਕਈ ਆਈਪੀਸ ਮਿਲਦੇ ਹਨ| ਪਰ ਜੇਕਰ ਤੁਸੀਂ ਛੋਟੇ ਅਪਰਚਰ ਵਾਲੀ ਦੂਰਬੀਨ ਖਰੀਦ ਲੈਂਦੇ ਹੋ ਤਾਂ ਲੈਂਸ ਦੁਆਰਾ ਇਕੱਠੀ ਕੀਤੀ ਗਈ ਰੋਸ਼ਨੀ ਘੱਟ ਹੋਵੇਗੀ ਅਤੇ ਉੱਚ ਜ਼ੂਮ ‘ਤੇ ਤਸਵੀਰ ਇੰਨੀ ਮੱਧਮ ਹੋ ਜਾਵੇਗੀ ਕਿ ਤੁਸੀਂ ਇਸ ਨੂੰ ਦੇਖ ਨਹੀਂ ਸਕੋਗੇ। ਇਸੇ ਲਈ ਅਸੀਂ ਦੁਕਾਨਦਾਰ ਦੀ ਦੁਕਾਨ ਤੋਂ ਬਾਹਰ ਆ ਗਏ ਸੀ|
ਸੋ ਅੰਤ ਵਿੱਚ ਤੁਹਾਡੇ ਸਵਾਲ ਦਾ ਸੰਖੇਪ ਜਵਾਬ ਹੈ ‘ਸਭ ਤੋਂ ਵਧੀਆ ਦੂਰਬੀਨ ਦਾ ਸਭ ਤੋਂ ਵੱਡੀ ਜਾਂ ਸਭ ਤੋਂ ਮਹਿੰਗੀ ਹੋਣੀ ਜ਼ਰੂਰੀ ਨਹੀਂ ਹੈ। ਸਭ ਤੋਂ ਵਧੀਆ ਦੂਰਬੀਨ ਉਹ ਹੈ ਜੋ ਅਕਸਰ ਵਰਤੀ ਜਾਂਦੀ ਹੈ ਅਤੇ ਤੁਸੀਂ ਉਸ ਨੂੰ ਵਰਤ ਕੇ ਖੁਸ਼ ਹੋ|”
*ਵਿਗਿਆਨੀ ਇਸਰੋ, ਤਿਰੂਵਨੰਤਪੁਰਮ
ਸੰਪਰਕ: 99957-65095