ਹਰਜੀਤ ਸਿੰਘ*
ਚਾਰ ਅਕਤੂਬਰ 1957 ਦਾ ਦਿਨ ਹਰ ਪੁਲਾੜ ਵਿਗਿਆਨ ਵਿੱਚ ਰੁਚੀ ਰੱਖਣ ਵਾਲੇ ਲਈ ਬਹੁਤ ਅਹਿਮ ਹੈ ਕਿਉਂਕਿ ਇਸੇ ਦਿਨ ਪਹਿਲਾ ਮਸਨੂਈ ਉਪਗ੍ਰਹਿ, ਸਪੂਤਨਿਕ 1 ਰੂਸ ਦੁਆਰਾ ਪੁਲਾੜ ਵਿੱਚ ਛੱਡਿਆ ਗਿਆ ਸੀ|
ਪੁਲਾੜ ਨਾਲ ਸਬੰਧਿਤ ਮਹੀਨਾ ਹੋਣ ਕਰਕੇ, ਮੈਂ ਸੋਚਿਆ ਕਿ ਅੱਜ ਤੁਹਾਨੂੰ ਰਾਕੇਟ ਦੀ ਕਹਾਣੀ ਸੁਣਾਈ ਜਾਵੇ| ਰਾਕੇਟ ਸ਼ਬਦ ਇਤਾਲਵੀ ਸ਼ਬਦ ‘rocchetto’ ਤੋਂ ਆਇਆ ਹੈ ਜਿਸ ਦਾ ਮਤਲਬ ਹੈ ਕੋਈ ਵੀ ਵਾਹਨ ਜੋ ਆਪਣੇ ਇੰਜਣ ਵਿੱਚ ਬਲਦੇ ਬਾਲਣ ਕਰਕੇ ਪੈਦਾ ਹੋਏ ਧੱਕੇ (thrust) ਨਾਲ ਚੱਲਦਾ ਹੈ| ਰਾਕੇਟ ਨਿਊਟਨ ਦੇ ਤੀਜੇ ਸਿਧਾਂਤ ’ਤੇ ਕੰਮ ਕਰਦਾ ਹੈ| ਬਾਲਣ ਨੂੰ ਜਲਾਉਣ ’ਤੇ ਪੈਦਾ ਹੋਈ ਉੱਚ ਤਾਪ ਤੇ ਦਬਾਅ ਵਾਲੀ ਗੈਸ ਰਾਕੇਟ ਦੀ ਨੋਜ਼ਲ (nozzle) ਵਿੱਚੋਂ ਤੇਜ਼ ਗਤੀ ’ਤੇ ਬਾਹਰ ਨਿਕਲਦੀ ਹੋਈ ਰਾਕੇਟ ਨੂੰ ਉਲਟ ਦਿਸ਼ਾ ਵਿੱਚ ਧੱਕਦੀ ਹੈ|
ਰਾਕੇਟ ਦੇ ਬਾਲਣ ਦੇ ਦੋ ਭਾਗ ਹੁੰਦੇ ਹਨ, ਜਲਣ ਵਾਲਾ ਭਾਗ ਤੇ ਆਕਸੀਜਨ ਦੇਣ ਵਾਲਾ ਭਾਗ| ਇਨ੍ਹਾਂ ਦੋਵਾਂ ਦੇ ਇਕੱਠੇ ਹੋਣ ’ਤੇ ਹੀ ਅੱਗ ਪੈਦਾ ਹੁੰਦੀ ਹੈ| ਰਾਕੇਟ ਦੇ ਬਾਲਣ ਨੂੰ ਅੱਗਿਓਂ ਚਾਰ ਸ਼੍ਰੇਣੀਆਂ ਠੋਸ, ਤਰਲ, ਅਤਿ ਨਿਮਨ ਤਾਪੀ (Cryogenic) ਅਤੇ ਅਰਧ ਨਿਮਨ ਤਾਪੀ (Semi-Cryogenic) ਵਿੱਚ ਵੰਡਿਆ ਜਾਂਦਾ ਹੈ|
ਠੋਸ ਬਾਲਣ ਵਾਲਾ ਰਾਕੇਟ ਸਭ ਤੋਂ ਸਰਲ ਬਣਤਰ ਦਾ ਹੁੰਦਾ ਹੈ ਜਦੋਂਕਿ ਤਰਲ ਰਾਕੇਟ ਦੀ ਬਣਤਰ ਕਾਫ਼ੀ ਗੁੰਝਲਦਾਰ ਹੁੰਦੀ ਹੈ, ਪਰ ਇਸ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਸ ਨੂੰ ਮਰਜ਼ੀ ਨਾਲ ਚਲਾਇਆ ਜਾਂ ਬੰਦ ਕੀਤਾ ਜਾ ਸਕਦਾ ਹੈ ਜਦੋਂਕਿ ਠੋਸ ਰਾਕੇਟ ਇੱਕ ਵਾਰ ਚਾਲੂ ਹੋਣ ’ਤੇ ਪੂਰਾ ਜਲ ਕੇ ਹੀ ਬੰਦ ਹੁੰਦਾ ਹੈ| ਅਤਿ ਨਿਮਨ ਤਾਪੀ ਅਤੇ ਅਰਧ ਨਿਮਨ ਤਾਪੀ ਇੰਜਣ ਮੂਲ ਰੂਪ ਵਿੱਚ ਤਰਲ ਇੰਜਣ ਹੀ ਹਨ, ਪਰ ਇਨ੍ਹਾਂ ਵਿੱਚ ਵਰਤੇ ਜਾਣ ਵਾਲੇ ਬਾਲਣ ਬਹੁਤ ਘੱਟ ਤਾਪਮਾਨ ’ਤੇ ਰੱਖਣੇ ਪੈਂਦੇ ਹਨ| ਆਕਸੀਜਨ 90K (-1830C) ’ਤੇ ਅਤੇ ਹਾਈਡਰੋਜਨ 20K (-2530C) ’ਤੇ ਤਰਲ ਬਣਦੀ ਹੈ| ਇਨ੍ਹਾਂ ਨੂੰ ਇਨ੍ਹਾਂ ਤਾਪਮਾਨਾਂ ’ਤੇ ਸੰਭਾਲ ਕੇ ਰੱਖਣਾ ਅਤੇ ਵਰਤਣਾ, ਇੰਜਣ ਦੀ ਕਾਰਜ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਗੁੰਝਲਦਾਰ ਬਣਾ ਦਿੰਦੇ ਹਨ, ਪਰ ਇਹ ਇੰਜਣ ਬਹੁਤ ਕੁਸ਼ਲ ਹੁੰਦੇ ਹਨ। ਇਸ ਲਈ ਅੱਜਕੱਲ੍ਹ ਹਰ ਜਗ੍ਹਾ ਵਰਤੇ ਜਾਂਦੇ ਹਨ|
ਕਿਸੇ ਵੀ ਰਾਕੇਟ ਵਿੱਚ ਕੁੱਲ ਭਾਰ ਦਾ 80-90% ਭਾਰ ਬਾਲਣ ਦਾ ਹੁੰਦਾ ਹੈ| ਉਡਾਣ ਦੌਰਾਨ ਜਿਵੇਂ ਜਿਵੇਂ ਇਹ ਬਾਲਣ ਖਤਮ ਹੁੰਦਾ ਜਾਂਦਾ ਹੈ, ਰਾਕੇਟ ਖਾਲੀ ਹੁੰਦਾ ਜਾਂਦਾ ਹੈ ਅਤੇ ਇਹ ਖਾਲੀ ਭਾਰ ਰਾਕੇਟ ਨੂੰ ਨਾਲ ਚੁੱਕਣਾ ਪੈਂਦਾ ਹੈ| ਇਸੇ ਲਈ ਹਰ ਰਾਕੇਟ ਪੜਾਵਾਂ ਵਿੱਚ ਬਣਾਇਆ ਜਾਂਦਾ ਹੈ| ਜਦੋਂ ਇੱਕ ਪੜਾਅ ਦਾ ਬਾਲਣ ਖਤਮ ਹੋ ਜਾਂਦਾ ਹੈ ਤਾਂ ਉਸ ਨੂੰ ਰਾਕੇਟ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ||
ਪੂਰਾ ਰਾਕੇਟ ਪੜਾਵਾਂ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਅੰਤ ਵਿੱਚ ਪੁਲਾੜਗਾਹ (spaceport) ’ਤੇ ਲਿਆ ਕੇ ਸਾਰੇ ਪੜਾਵਾਂ ਨੂੰ ਜੋੜ ਕੇ ਰਾਕੇਟ ਤਿਆਰ ਕੀਤਾ ਜਾਂਦਾ ਹੈ| ਰਾਕੇਟ ਨੂੰ ਜੋੜ ਕੇ ਅਤੇ ਸਾਰੇ ਪ੍ਰੀਖਣ ਕਰਨ ਤੋਂ ਬਾਅਦ ਏਥੋਂ ਪੁਲਾੜ ਵਿੱਚ ਦਾਗਿਆ ਜਾਂਦਾ ਹੈ|
ਰਾਕੇਟਰੀ ਦਾ ਇਤਿਹਾਸ: ਦੁਨੀਆ ਦੀ ਸਭ ਤੋਂ ਪਹਿਲੀ ਚੀਜ਼ ਜੋ ਰਾਕੇਟਰੀ ਦੇ ਸਿਧਾਂਤ ’ਤੇ ਚੱਲਦੀ ਸੀ, ਉਹ ਇੱਕ ਲੱਕੜ ਦਾ ਕਬੂਤਰ ਸੀ| 400 ਈਸਾ ਪੂਰਵ ਇਟਲੀ ਦੇ ਇੱਕ ਸ਼ਹਿਰ ਟਾਰੇਨਟਮ ਵਿੱਚ ਆਰਚੀਟਸ ਨਾਮ ਦੇ ਵਿਅਕਤੀ ਨੇ ਲੱਕੜ ਦੇ ਇੱਕ ਕਬੂਤਰ ਵਿੱਚ ਗਰਮ ਭਾਫ਼ ਭਰ ਕੇ ਉਸ ਨੂੰ ਤਾਰਾਂ ’ਤੇ ਲਟਕਾਇਆ| ਇਹ ਕਬੂਤਰ ਭਾਫ਼ ਦੇ ਰਿਸਾਅ ਨਾਲ ਅੱਗੇ ਵੱਲ ਵਧਦਾ ਸੀ| ਇਸ ਤੋਂ 300 ਸਾਲ ਬਾਅਦ ਅਲੈਗਜ਼ੈਂਡਰੀਆ ਦੇ ਹੀਰੋ ਨੇ ਇੱਕ ਯੰਤਰ ਬਣਾਇਆ ਜਿਸ ਨੂੰ ਹੀਰੋ ਦਾ ਇੰਜਣ (aeolipile) ਕਹਿੰਦੇ ਸਨ ਅਤੇ ਇਹ ਵੀ ਚੱਲਣ ਲਈ ਭਾਫ਼ ਦੀ ਵਰਤੋਂ ਕਰਦਾ ਸੀ| ਇਸ ਦੀ ਕਾਰਜਸ਼ੈਲੀ ਸਮਝਣ ਲਈ ਨਾਲ ਦਿੱਤੀ ਤਸਵੀਰ ਦੇਖ ਸਕਦੇ ਹੋ|
ਪਹਿਲੀ ਸਦੀ ਵਿੱਚ ਚੀਨੀ ਲੋਕਾਂ ਕੋਲ ਸਾਧਾਰਨ ਜਿਹਾ ਬਾਰੂਦ ਬਣਾਉਣ ਦਾ ਤਰੀਕਾ ਸੀ| ਓਹ ਪਟਾਕੇ ਚਲਾਉਣ ਲਈ ਇਸ ਬਾਰੂਦ ਨੂੰ ਬਾਂਸ ਦੇ ਖੋਲ ਵਿੱਚ ਭਰ ਕੇ ਅੱਗ ਵਿੱਚ ਸੁੱਟ ਦਿੰਦੇ ਸਨ| ਇਨ੍ਹਾਂ ’ਚੋਂ ਕੁਝ ਫਟ ਜਾਂਦੇ ਤੇ ਕੁਝ ਸ਼ਾਇਦ ਕਿਨਾਰੇ ਪੂਰੀ ਤਰ੍ਹਾਂ ਬੰਦ ਨਾ ਹੋਣ ਕਰਕੇ ਆਤਿਸ਼ਬਾਜ਼ੀ ਵਾਂਗ ਉੱਡ ਪੈਂਦੇ| ਇਹੋ ਅੱਗੇ ਜਾ ਕੇ ਤੀਰਾਂ ਨਾਲ ਬੰਨ੍ਹ ਕੇ ਉਡਾਏ ਜਾਣ ਲੱਗੇ ਅਤੇ ਰਾਕੇਟ ਦਾ ਜਨਮ ਹੋਇਆ|
ਅਸਲੀ ਰਾਕੇਟ ਦੀ ਵਰਤੋਂ ਦਾ ਸਭ ਤੋਂ ਪਹਿਲਾ ਤਸਦੀਕੀ ਸਮਾਂ 1232 ਈ. ਵਿੱਚ ਚੀਨੀਆਂ ਅਤੇ ਮੰਗੋਲਾਂ ਵਿੱਚ ਹੋਈ ਕਾਈ-ਕੈਂਗ ਦੀ ਲੜਾਈ ਦਾ ਹੈ| 16ਵੀ ਸਦੀ ਵਿੱਚ ਭਾਰਤ ਵਿੱਚ ਟੀਪੂ ਸੁਲਤਾਨ ਨੇ ਵੀ ਲੋਹੇ ਦੇ ਬਣੇ ਮੈਸੂਰੀ ਰਾਕਟਾਂ ਨੂੰ ਅੰਗਰੇਜ਼ਾਂ ਖਿਲਾਫ਼ ਲੜਾਈ ਦੌਰਾਨ ਵਰਤਿਆ| ਇਹ ਰਾਕੇਟ ਏਨੇ ਪ੍ਰਭਾਵਸ਼ਾਲੀ ਸਨ ਕਿ ਬ੍ਰਿਟਿਸ਼ ਕਰਨਲ ਵਿਲਿਅਮ ਕੋਨ੍ਗ੍ਰੇਵੇ ਨੇ ਆਪਣੀ ਫੌਜ ਲਈ ਰਾਕੇਟ ਬਣਾਉਣ ਦਾ ਫੈਸਲਾ ਲਿਆ|
ਆਧੁਨਿਕ ਰਾਕੇਟਰੀ ਦੀ ਸ਼ੁਰੂਆਤ: 1898 ਵਿੱਚ ਰੂਸੀ ਅਧਿਆਪਕ ਤੇ ਰਾਕੇਟਰੀ ਦੇ ਪਿਤਾਮਾ ਕੌਂਸਟੈਨਟੀਨ ਸਿਓਲਕੋਸਕੀ ਨੇ ਸਭ ਤੋਂ ਪਹਿਲਾਂ ਰਾਕੇਟ ਨੂੰ ਪੁਲਾੜ ਖੋਜ ਲਈ ਵਰਤਣ ਦਾ ਸੁਝਾਅ ਦਿੱਤਾ| ਉਸ ਨੇ ਰਾਕੇਟ ਦੀ ਗਤੀ ਅਤੇ ਬਾਲਣ ਦੇ ਬਾਹਰ ਨਿਕਲਣ ਦੇ ਵਹਾਅ/ਗਤੀ ਨੂੰ ਜੋੜਦੀ ਇੱਕ ਸਮੀਕਰਨ ਦਿੱਤੀ ਜਿਸ ਨੂੰ ਅੱਜ ਵੀ ਰਾਕੇਟ ਵਿਗਿਆਨ ਦੀ ਮੁੱਢਲੀ ਸਮੀਕਰਨ ਵਜੋਂ ਜਾਣਿਆ ਜਾਂਦਾ ਹੈ|
16 ਮਾਰਚ 1926 ਨੂੰ ਇੱਕ ਅਮਰੀਕੀ ਰੌਬਰਟ ਗੌਡਾਰਡ ਨੇ ਪਹਿਲਾ ਤਰਲ ਇੰਜਣ ਵਾਲਾ ਰਾਕੇਟ ਸਫਲਤਾ ਪੂਰਵਕ ਉਡਾਇਆ| ਇਸ ਦੀ ਉਡਾਣ ਸਿਰਫ 2.5 ਸਕਿੰਟ ਸੀ ਅਤੇ ਇਹ 12.5 ਮੀਟਰ ਉੱਚਾ ਗਿਆ| 1937 ਵਿੱਚ ਦੂਜੀ ਸੰਸਾਰ ਜੰਗ ਸਮੇਂ ਜਰਮਨੀ ਨੇ V-2 ਮਿਜ਼ਾਇਲ ਬਣਾਈ| ਰਾਕੇਟ ਤੇ ਮਿਜ਼ਾਈਲ ਵਿੱਚ ਤਕਨੀਕੀ ਤੌਰ ’ਤੇ ਕੋਈ ਬਹੁਤਾ ਫ਼ਰਕ ਨਹੀਂ ਹੁੰਦਾ| ਫ਼ਰਕ ਸਿਰਫ਼ ਅਸਵਾਰ ਦਾ ਹੈ, ਮਿਜ਼ਾਈਲ ਦੇ ਅਗਲੇ ਭਾਗ ਵਿੱਚ ਬੰਬ ਜਾਂ ਕੋਈ ਹੋਰ ਵਿਸਫੋਟਕ ਸਮੱਗਰੀ ਲੱਗੀ ਹੁੰਦੀ ਹੈ ਅਤੇ ਰਾਕੇਟ ਵਿੱਚ ਉਸੇ ਥਾਂ ’ਤੇ ਉਪਗ੍ਰਹਿ ਹੁੰਦਾ ਹੈ| V-2 ਰਾਕੇਟ ਬਣਾਉਣ ਵਾਲੀ ਟੀਮ ਦੇ ਮੁਖੀ ਵਰਨਰ ਵੌਨ ਬਰੋਨ ਅਤੇ ਟੀਮ ਦੇ ਬਾਕੀ ਮੈਂਬਰਾਂ ਨੂੰ ਅਮਰੀਕਾ ਫੜ ਕੇ ਆਪਣੇ ਦੇਸ਼ ਲੈ ਗਿਆ ਅਤੇ ਉੱਥੇ ਰਹਿ ਕੇ ਬਰੋਨ ਦੀ ਅਗਵਾਈ ਵਿੱਚ ਇਸ ਟੀਮ ਨੇ ਅਮਰੀਕੀ ਰਾਕੇਟ ਪ੍ਰੋਗਰਾਮ ਲਈ ਕੰਮ ਕੀਤਾ| V-2 ਰਾਕੇਟ ਵਿੱਚ ਸੋਧਾਂ ਕਰਕੇ ਵਾਯੂਮੰਡਲ ਦਾ ਅਧਿਐਨ ਕਰਨ ਵਾਲੇ ਰਾਕੇਟ (Sounding Rocket) ਬਣਾਉਣ ਦਾ ਕੰਮ ਸ਼ੁਰੂ ਹੋਇਆ|
ਰੂਸ ਨੇ ਵੀ ਚੱਲੀਆਂ/ਅਣ-ਚੱਲੀਆਂ V-2 ਮਿਜ਼ਾਈਲਾਂ ਇਕੱਠੀਆਂ ਕਰਕੇ ਉਨ੍ਹਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ| ਰੂਸ ਨੇ ਇਸ ਤੋਂ ਇੱਕ ਅੰਤਰ-ਮਹਾਂਦੀਪੀ ਬੈੱਲਿਸਟਿਕ ਮਿਜ਼ਾਇਲ R-7 ਬਣਾਈ, ਪਰ 1955 ਵਿੱਚ ਅਮਰੀਕਾ ਨੇ ਪੁਲਾੜ ਵਿੱਚ ਉਪਗ੍ਰਹਿ ਭੇਜਣ ਦਾ ਐਲਾਨ ਕਰ ਦਿੱਤਾ| ਰੂਸ ਨੇ R-7 ਮਿਜ਼ਾਇਲ ਵਿੱਚ ਥੋੜ੍ਹੇ ਬਦਲਾਅ ਕਰਕੇ ਇਸ ਨਾਲ 4 ਅਕਤੂਬਰ 1957 ਨੂੰ ਆਪਣਾ ਪਹਿਲਾ ਉਪਗ੍ਰਹਿ ਸਪੂਤਨਿਕ ਪੁਲਾੜ ਵਿੱਚ ਛੱਡਿਆ| ਇਸ ਰਾਕੇਟ ਦਾ ਨਾਮ ਵੀ ਸਪੂਤਨਿਕ ਸੀ| ਇਹ ਦੋ ਪੜਾਵਾਂ ਵਾਲਾ ਰਾਕੇਟ ਕੁੱਲ 267 ਟਨ ਭਾਰਾ ਸੀ| ਇਹ ਰਾਕੇਟ 500 ਕਿਲੋ ਤੱਕ ਦਾ ਭਾਰ ਐੱਲਈਓ (LEO-Lower Earth Orbit) ਵਿੱਚ ਲਿਜਾਣ ਦੇ ਸਮਰੱਥ ਸੀ| ਇੱਕ ਮਹੀਨੇ ਦੇ ਅੰਦਰ ਅੰਦਰ ਰੂਸ ਨੇ ਇੱਕ ਹੋਰ ਉਪਗ੍ਰਹਿ ਦਾਗਿਆ ਜਿਸ ਵਿੱਚ ਲਾਇਕਾ ਨਾਮ ਦੀ ਇੱਕ ਕੁੱਤੀ ਵੀ ਸੀ|
ਅਮਰੀਕਾ ਨੇ ਆਪਣੇ sounding rocket ਜੁਪੀਟਰ-ਸੀ (Jupiter-C) ਵਿੱਚ ਥੋੜ੍ਹੇ ਬਦਲਾਅ ਕਰਕੇ
ਪਹਿਲਾ ਅਮਰੀਕੀ ਰਾਕੇਟ ਜੂਨੋ-1 (Juno-1) 31 ਜਨਵਰੀ 1958 ਨੂੰ ਦਗਿਆ ਜਿਸ ਵਿੱਚ ਉਸ ਦਾ ਪਹਿਲਾ ਉਪਗ੍ਰਹਿ ਐਕਸਪਲੋਰਰ-1 (Explorer-1) ਸੀ| ਇਸ ਰਾਕੇਟ ਦਾ ਕੁੱਲ ਭਾਰ 29 ਟਨ ਸੀ ਅਤੇ ਇਸ ਦੀ LEO ਤੱਕ ਭਾਰ ਲੈ ਕੇ ਜਾਣ ਦੀ ਸਮਰੱਥਾ 11 ਕਿਲੋ ਸੀ| ਇਸ ਤੋਂ ਬਾਅਦ ਜੁਲਾਈ 1958 ਵਿੱਚ ਅਮਰੀਕਾ ਨੇ ਨਾਸਾ ਦੀ ਸਥਾਪਨਾ ਕੀਤੀ|
ਇਸ ਤੋਂ ਬਾਅਦ ਰੂਸੀ ਪੁਲਾੜ ਯਾਤਰੀ ਯੂਰੀ ਗਾਗਾਰਿਨ 12 ਅਪਰੈਲ 1961 ਨੂੰ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਇਨਸਾਨ ਬਣਿਆ| ਅਮਰੀਕਾ ਨੇ ਵੀ 2 ਸਾਲਾਂ ਬਾਅਦ 1963 ਵਿੱਚ ਜੌਹਨ ਗਲੈਨ ਨੂੰ ਪੁਲਾੜ ਵਿੱਚ ਭੇਜਿਆ|
ਪਹਿਲਾ ਉਪਗ੍ਰਹਿ ਅਤੇ ਪਹਿਲਾ ਇਨਸਾਨ ਪੁਲਾੜ ਵਿੱਚ ਭੇਜ ਕੇ ਰੂਸ ਇਸ ਸ਼ੀਤ ਯੁੱਧ ਵਿੱਚ ਬਹੁਤ ਅੱਗੇ ਸੀ| ਅੱਗੇ ਨਿਕਲਣ ਦੀ ਹੋੜ ਵਿੱਚ ਅਮਰੀਕਾ ਨੇ ਚੰਨ ’ਤੇ ਜਾਣ ਲਈ ਸੈਟਰਨ-5 (Saturn -V) ਰਾਕੇਟ ਬਣਾਇਆ। ਅੱਜ ਤੱਕ ਦਾ ਸਭ ਤੋਂ ਭਾਰਾ ਅਤੇ ਸਭ ਤੋਂ ਵੱਧ ਸਮਰੱਥਾ ਵਾਲਾ ਇਹ ਰਾਕੇਟ 2970 ਟਨ ਭਾਰਾ ਸੀ ਅਤੇ LEO ਤੱਕ 140 ਟਨ ਭਾਰ ਲਿਜਾ ਸਕਦਾ ਸੀ| ਇਸੇ ਰਾਕੇਟ ਵਿੱਚ ਬੈਠ ਕੇ ਅਪੋਲੋ 11 ਮਿਸ਼ਨ ਦੌਰਾਨ 3 ਪੁਲਾੜ ਯਾਤਰੀਆਂ ਨੇ 16 ਜੁਲਾਈ 1969 ਨੂੰ ਚੰਨ ਵੱਲ ਉਡਾਰੀ ਮਾਰੀ ਅਤੇ ਨੀਲ ਆਰਮਸਟਰੌਂਗ ਨੇ ਚੰਨ ’ਤੇ ਪਹਿਲਾ ਕਦਮ ਰੱਖ ਕੇ ਇਤਿਹਾਸ ਰਚ ਦਿੱਤਾ| ਭਾਰਤ ਨੇ ਵੀ ਆਪਣੀ ਪੁਲਾੜ ਸੰਸਥਾ ਇਸਰੋ ਦੀ ਸਥਾਪਨਾ ਏਸੇ ਵਰ੍ਹੇ 15 ਅਗਸਤ ਨੂੰ ਕੀਤੀ| ਇਸਰੋ ਇੱਕ ਛੋਟੇ ਚਰਚ ਤੋਂ ਸ਼ੁਰੂ ਹੋ ਕੇ ਚੰਨ ਤੋਂ ਹੁੰਦੀ ਹੋਈ ਮੰਗਲ ਤੱਕ ਪਹੁੰਚ ਚੁੱਕੀ ਹੈ|
ਰੂਸ ਨੇ ਆਪਣੇ ਪੁਲਾੜ ਯਾਤਰੀ ਚੰਨ ’ਤੇ ਭੇਜਣ ਲਈ N1 ਰਾਕੇਟ ਦਾ ਨਿਰਮਾਣ ਸ਼ੁਰੂ ਕੀਤਾ| ਇਹ ਰਾਕੇਟ ਸੈਟਰਨ-5 ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਸੀ, ਪਰ ਇਸ ਨੂੰ ਫੰਡਾਂ ਦੀ ਘਾਟ ਅਤੇ ਇਸ ਦੇ ਮੁੱਖ ਡਿਜ਼ਾਈਨਰ ਸਰਗੇਈ ਕੋਰੋਲੋਵ ਦੀ ਸ਼ੁਰੂਆਤੀ ਦਿਨਾਂ ਵਿੱਚ ਮੌਤ ਕਰਕੇ ਇਹ ਰਾਕੇਟ ਸਫਲ ਨਾ ਹੋ ਸਕਿਆ| ਇਸ ਰਾਕੇਟ ਨੇ 4 ਅਸਫਲ ਉਡਾਣਾਂ ਭਰੀਆਂ ਅਤੇ ਇਸ ਪ੍ਰਾਜੈਕਟ ਨੂੰ 1976 ਵਿੱਚ ਬੰਦ ਕਰ ਦਿੱਤਾ ਗਿਆ|
ਰਾਕੇਟ ਤਾਕਨੋਲਜੀ ਦੇ ਮਾਮਲੇ ਵਿੱਚ ਅਗਲਾ ਵੱਡਾ ਮੀਲ ਪੱਥਰ ਸਪੇਸ ਸ਼ਟਲ ਨੇ ਗੱਡਿਆ| ਇਸ ਦੀ ਪ੍ਰਮੁੱਖ ਗੱਲ ਇਸ ਦਾ ਵਾਰ ਵਾਰ ਇਸਤੇਮਾਲ ਹੋ ਸਕਣਾ ਸੀ| ਹੁਣ ਤੱਕ ਜੋ ਵੀ ਰਾਕੇਟ ਬਣੇ ਸਨ ਉਹ ਸਿਰਫ਼ ਇੱਕ ਵਾਰ ਵਰਤੇ ਜਾ ਸਕਦੇ (Expendable) ਸਨ ਜਿਸ ਕਰਕੇ ਰਾਕੇਟ ਉਡਾਉਣਾ ਬਹੁਤ ਮਹਿੰਗਾ ਪੈਂਦਾ ਸੀ| ਸ਼ਟਲ ਦਾ ਆਕਾਰ ਇੱਕ ਹਵਾਈ ਜਹਾਜ਼ ਵਰਗਾ ਸੀ| ਰਾਕੇਟ ਦੇ ਦਾਗਣ ਤੋਂ ਬਾਅਦ ਇੱਕ ਉਚਾਈ ’ਤੇ ਜਾ ਕੇ ਇਸ ਦੇ ਠੋਸ ਪੜਾਅ ਅਲੱਗ ਹੋ ਜਾਂਦੇ ਅਤੇ ਸਮੁੰਦਰ ਵਿੱਚ ਡਿੱਗ ਪੈਂਦੇ ਹਨ| ਇਨ੍ਹਾਂ ਨੂੰ ਬਾਹਰ ਕੱਢ ਕੇ ਜ਼ਰੂਰੀ ਮੁਰੰਮਤ ਤੋਂ ਬਾਅਦ ਦੁਬਾਰਾ ਵਰਤਿਆ ਜਾਂਦਾ ਸੀ| ਸਪੇਸ ਸ਼ਟਲ ਪੁਲਾੜ ਵਿੱਚ ਆਪਣਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਧਰਤੀ ’ਤੇ ਵਾਪਸ ਆ ਕੇ ਇੱਕ ਹਵਾਈ ਜਹਾਜ਼ ਵਾਂਗ ਲੈਂਡ ਕਰਦਾ ਸੀ| ਇਸ ਰਾਕੇਟ ਨੇ 1981 ਤੋਂ 2011 ਕੁੱਲ 135 ਉਡਾਣਾਂ ਭਰੀਆਂ| ਇਨ੍ਹਾਂ ਵਿੱਚੋਂ 2 ਉਡਾਣਾਂ ਅਸਫਲ ਰਹੀਆਂ ਜਿਨ੍ਹਾਂ ਵਿੱਚੋਂ ਇੱਕ ਕੋਲੰਬੀਆ ਵਿੱਚ ਕਲਪਨਾ ਚਾਵਲਾ ਵੀ ਸਵਾਰ ਸੀ| ਇਸ ਪ੍ਰਾਜੈਕਟ ਨੂੰ 2011 ਵਿੱਚ ਬੰਦ ਕਰ ਦਿੱਤਾ|
ਅਗਲੀ ਵੱਡੀ ਪੁਲਾਂਘ ਸਪੇਸ-ਐਕਸ ਨੇ ਆਪਣੇ ਰਾਕੇਟ ਫਾਲਕਨ-9 (Falcon-9) ਨਾਲ ਭਰੀ| ਸਪੇਸ-ਐਕਸ ਨੇ ਫਾਲਕਨ-9 ਦੇ ਠੋਸ ਪੜਾਵਾਂ ਨੂੰ ਸਮੁੰਦਰ ਵਿੱਚ ਸੁੱਟਣ ਦੀ ਥਾਂ ’ਤੇ ਨਿਯੰਤ੍ਰਿਤ ਤਰੀਕੇ ਨਾਲ ਹੌਲੀ ਹੌਲੀ ਜ਼ਮੀਨ ’ਤੇ ਉਤਾਰਿਆ| ਇਨ੍ਹਾਂ ਪੜਾਵਾਂ ਨੂੰ ਬਿਨਾਂ ਕਿਸੇ ਖਾਸ ਮੁਰੰਮਤ ਦੇ ਦੁਬਾਰਾ ਵਰਤਿਆ ਜਾ ਸਕਦਾ ਹੈ| ਇਸ ਕਰਕੇ ਰਾਕੇਟ ਦੀ ਇੱਕ ਉਡਾਣ ਦੀ ਕੀਮਤ 10 ਗੁਣਾ ਤੱਕ ਘੱਟ ਕੀਤੀ ਜਾ ਸਕਦੀ ਹੈ|
ਰਾਕੇਟ ਤਾਕਨਾਲੋਜੀ ਵਿੱਚ ਅੱਜਕੱਲ੍ਹ ਨਿੱਜੀ ਕੰਪਨੀਆਂ ਕਾਫ਼ੀ ਅੱਗੇ ਆ ਰਹੀਆਂ ਹਨ| ਸਪੇਸ-ਐਕਸ ਤੋਂ ਇਲਾਵਾ ਬਲੂ ਔਰਿਜਨ, ਵਰਜਿਨ ਗਲੈਕਟਿਕ, ਰਾਕੇਟ ਲੈਬ ਆਦਿ ਵੀ ਆਪੋ ਆਪਣੇ ਰਾਕੇਟ ਲੈ ਕੇ ਅੱਗੇ ਆ ਰਹੀਆਂ ਹਨ| ਇਨ੍ਹਾਂ ਦਾ ਮੁੱਖ ਧਿਆਨ ਪੁਲਾੜ ਸੈਰ ਸਪਾਟਾ ਅਤੇ ਅੰਤਰ-ਗ੍ਰਹਿ ਉਡਾਣਾਂ ਵਰਗੇ ਖੇਤਰਾਂ ਵਿੱਚ ਹੈ| ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਵਿੱਚ ਕਈ ਨਵੀਆਂ ਪੁਲਾਂਘਾਂ ਪੁੱਟਣ ਦੀ ਆਸ ਹੈ|
*ਵਿਗਿਆਨੀ -ਇਸਰੋ, ਤਿਰੂਵਨੰਤਪੁਰਮ
ਸੰਪਰਕ: 99957-65095
1898 ਵਿੱਚ ਰੂਸੀ ਅਧਿਆਪਕ ਤੇ ਰਾਕੇਟ ਵਿਗਿਆਨ ਦੇ ਪਿਤਾਮਾ ਕੌਂਸਟੈਨਟੀਨ ਸਿਓਲਕੋਸਕੀ ਨੇ ਸਭ ਤੋਂ ਪਹਿਲਾਂ ਰਾਕੇਟ ਨੂੰ ਪੁਲਾੜ ਖੋਜ ਲਈ ਵਰਤਣ ਦਾ ਸੁਝਾਅ ਦਿੱਤਾ| ਉਸ ਨੇ ਰਾਕੇਟ ਦੀ ਗਤੀ ਅਤੇ ਬਾਲਣ ਦੇ ਬਾਹਰ ਨਿਕਲਣ ਦੇ ਵਹਾਅ/ਗਤੀ ਨੂੰ ਜੋੜਦੀ ਇੱਕ ਸਮੀਕਰਨ ਦਿੱਤੀ ਜਿਸ ਨੂੰ ਅੱਜ ਵੀ ਰਾਕੇਟ ਵਿਗਿਆਨ ਦੀ ਮੁੱਢਲੀ ਸਮੀਕਰਨ ਵਜੋਂ ਜਾਣਿਆ ਜਾਂਦਾ ਹੈ|
16 ਮਾਰਚ 1926 ਨੂੰ ਇੱਕ ਅਮਰੀਕੀ ਰੌਬਰਟ ਗੌਡਾਰਡ ਨੇ ਪਹਿਲਾ ਤਰਲ ਇੰਜਣ ਵਾਲਾ ਰਾਕੇਟ ਸਫਲਤਾ ਪੂਰਵਕ ਉਡਾਇਆ| ਇਸ ਦੀ ਉਡਾਣ ਸਿਰਫ 2.5 ਸਕਿੰਟ ਸੀ ਅਤੇ ਇਹ 12.5 ਮੀਟਰ ਉੱਚਾ ਗਿਆ|
<!–
<!–
–>
<!–
<!–
–>