ਗੁਰਮੀਤ ਸਿੰਘ*
ਕਾਲਾ ਬਗਲਾ ਬਹੁਤ ਘੱਟ ਦਿਖਣ ਵਾਲਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਬਲੈਕ ਬਿਟਰਨ (Black Bittern) ਅਤੇ ਹਿੰਦੀ ਵਿੱਚ ਕਾਲਾ ਬਗਲਾ ਜਾਂ ਕਾਲਾ ਜੁਨ ਬਗਲਾ ਕਹਿੰਦੇ ਹਨ। ਕਾਲਾ ਬਗਲਾ ਭਾਰਤ, ਦੱਖਣ-ਪੂਰਬੀ ਏਸ਼ੀਆ, ਇੰਡੋਨੇਸ਼ੀਆ, ਫਿਲੀਪੀਨਜ਼, ਆਸਟਰੇਲੀਆ, ਨਿਊ ਗਿਨੀ ਤੋਂ ਸੋਲੋਮਨ ਟਾਪੂਆਂ ਵਿੱਚ ਮਿਲਦਾ ਹੈ। ਇਹ ਛੱਪੜੀ ਬਗਲੇ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ। ਇਸ ਦੀ ਗਰਦਨ ਲੰਮੀ ਅਤੇ ਪੀਲੇ ਰੰਗ ਦੀ ਹੁੰਦੀ ਹੈ। ਇਹ ਥੱਲੇ ਤੋਂ ਚਿੱਟਾ ਹੁੰਦਾ ਹੈ, ਇਸ ਦੇ ਭੂਰੀਆਂ ਧਾਰੀਆਂ ਹੁੰਦੀਆਂ ਹਨ। ਇਹ ਰਾਤ ਨੂੰ ਇਕਾਂਤ ਵਿੱਚ ਰਹਿਣਾ ਪਸੰਦ ਕਰਦਾ ਹੈ।
ਇਸ ਦਾ ਚਮਕਦਾਰ ਰੰਗ ਇਸ ਨੂੰ ਬਗਲਿਆਂ ਦੀਆਂ ਹੋਰ ਕਿਸਮਾਂ ਤੋਂ ਵੱਖਰੀ ਦਿੱਖ ਦਿੰਦਾ ਹੈ। ਇਸ ਨੂੰ ਦਿਨ ਵੇਲੇ ਸੰਘਣੇ ਸਰਕੰਡੇ ਦੀਆਂ ਝਾੜੀਆਂ ਵਿਚਕਾਰ, ਰੁੱਖਾਂ ਜਾਂ ਜ਼ਮੀਨ ’ਤੇ ਆਰਾਮ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਆਪਣੀ ਧੌਣ ਨੂੰ ਖਿੱਚ ਕੇ ਰੱਖਦਾ ਹੈ। ਨਰ ਮਾਦਾ ਦੋਵਾਂ ਦੇ ਪੇਟ ਚਿੱਟੇ ਹੁੰਦੇ ਹਨ। ਚੁੰਝ ਦਾ ਉੱਪਰਲਾ ਹਿੱਸਾ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਹੇਠਲਾ ਪਾਸਾ ਪੀਲਾ ਜੈਤੂਨ ਰੰਗਾ ਹੁੰਦਾ ਹੈ। ਇਸ ਦੇ ਗਲ ’ਤੇ ਵੀ ਧਾਰੀਆਂ ਹੁੰਦੀਆਂ ਹਨ, ਸਿਰ ਦੇ ਪਾਸਿਆਂ ’ਤੇ ਪੀਲੀਆਂ ਧਾਰੀਆਂ ਹੁੰਦੀਆਂ ਹਨ। ਮਾਦਾ, ਨਰ ਦੇ ਮੁਕਾਬਲੇ ਪੀਲੀ ਹੁੰਦੀ ਹੈ। ਇਸ ਦੀ ਲੰਬਾਈ 55 ਤੋਂ 65 ਸੈਂਟੀਮੀਟਰ ਹੁੰਦੀ ਹੈ।
ਕਾਲੇ ਬਗਲਿਆਂ ਦੀ ਮੁੱਖ ਤੌਰ ’ਤੇ ਖੁਰਾਕ ਡੱਡੂ, ਮੱਛੀਆਂ ਤੇ ਗੰਡੋਏ ਆਦਿ ਹੁੰਦੀ ਹੈ। ਉਹ ਮੁੱਖ ਤੌਰ ’ਤੇ ਰਾਤ ਨੂੰ ਭੋਜਨ ਕਰਦੇ ਹਨ। ਉਨ੍ਹਾਂ ਨੂੰ ਦਿਨ ਵੇਲੇ ਵੀ ਸ਼ਿਕਾਰ ਕਰਦੇ ਦੇਖਿਆ ਜਾ ਸਕਦਾ ਹੈ, ਜਿੱਥੇ ਉਹ ਘੱਟ ਪਾਣੀ ਵਿੱਚ ਛੋਟੀਆਂ ਮੱਛੀਆਂ, ਡੱਡੂਆਂ ਆਦਿ ਦਾ ਸ਼ਿਕਾਰ ਕਰਦੇ ਹਨ। ਉਹ ਮੱਛੀਆਂ ਫੜਨ ਲਈ ਗੋਤਾਖੋਰੀ ਵੀ ਕਰ ਲੈਂਦੇ ਹਨ। ਇਹ ਅਕਸਰ ਮੱਛੀਆਂ ਨੂੰ ਫੜਨ ਲਈ ਆਪਣੀ ਤਿੱਖੀ ਚੁੰਝ ਨੂੰ ਛੁਰੇ ਦੀ ਤਰ੍ਹਾਂ ਮੱਛੀ ਵਿੱਚ ਖੋਭ ਦਿੰਦੇ ਹਨ। ਇਹ ਆਮ ਤੌਰ ’ਤੇ ਸੰਘਣੇ ਘਾਹ ਜਾਂ ਸਰਕੰਡੇ ਵਿੱਚ ਉੱਡਦਾ ਦੇਖਿਆ ਜਾ ਸਕਦਾ ਹੈ।
ਇਹ ਪੰਛੀ ਇਕੱਲਾ ਰਹਿਣਾ ਪਸੰਦ ਕਰਦਾ ਹੈ, ਪਰ ਪ੍ਰਜਣਨ ਵੇਲੇ ਜੋੜੇ ਬਣਾਉਂਦਾ ਹੈ। ਇਹ ਆਲ੍ਹਣਾ ਵੀ ਇਕੱਲੇ ਹੀ ਬਣਾਉਂਦਾ ਹੈ। ਇਨ੍ਹਾਂ ਦੇ ਆਲ੍ਹਣੇ ਡੰਡਿਆਂ ਅਤੇ ਕਾਨੇ ਦੇ ਬਣੇ ਹੁੰਦੇ ਹਨ ਜੋ ਪਾਣੀ ਦੇ ਉੱਪਰ ਡਿੱਗੀ ਟਾਹਣੀ ’ਤੇ ਬਣਾਏ ਜਾਂਦੇ ਹਨ। ਇਨ੍ਹਾਂ ਦਾ ਪ੍ਰਜਣਨ ਦਸੰਬਰ ਤੋਂ ਮਾਰਚ ਦੇ ਮਹੀਨਿਆਂ ਵਿੱਚ ਸਰਕੰਡੇ ਆਦਿ ਦੇ ਨੇੜੇ ਹੁੰਦਾ ਹੈ। ਮਾਦਾ ਤਿੰਨ ਤੋਂ ਪੰਜ ਆਂਡੇ ਦਿੰਦੀ ਹੈ। ਚੂਚਿਆਂ ਦੀ ਨਰ ਤੇ ਮਾਦਾ ਦੋਵਾਂ ਵੱਲੋਂ ਦੇਖਭਾਲ ਕੀਤੀ ਜਾਂਦੀ ਹੈ। ਚੂਚੇ 3 ਹਫ਼ਤਿਆਂ ਦੇ ਅੰਦਰ ਉੱਡਣਯੋਗ ਹੋ ਜਾਂਦੇ ਹਨ ਅਤੇ 21 ਦਿਨਾਂ ਦੇ ਅੰਦਰ ਆਲ੍ਹਣਾ ਛੱਡ ਦਿੰਦੇ ਹਨ। ਆਈ.ਯੂ.ਸੀ.ਐੱਨ. ਅਨੁਸਾਰ ਇਸ ਦੀ ਸਥਿਤੀ ਘੱਟੋ-ਘੱਟ ਚਿੰਤਾ ਵਾਲੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910