ਅਜੀਤ ਸਿੰਘ ਚੰਦਨ
ਜ਼ਿੰਦਗੀ ਦਾ ਚਿਹਰਾ ਮੁਸਕਰਾਉਂਦਾ ਰੱਖਣ ਲਈ, ਇਨਸਾਨ ਨੂੰ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ। ਜਿਹੜਾ ਇਨਸਾਨ ਇਹ ਕੁਰਬਾਨੀਆਂ ਖੁਸ਼ੀ ਨਾਲ ਦਿੰਦਾ ਹੈ, ਉਹ ਸਦਾ ਮੁਸਕਰਾਉਂਦੀ ਜ਼ਿੰਦਗੀ ਦੇ ਨਾਲ-ਨਾਲ ਰਹਿੰਦਾ ਹੈ, ਵਰਨਾ ਜੇ ਤੁਸੀਂ ਜ਼ਿੰਦਗੀ ਨੂੰ ਸੰਵਾਰਨ ਲਈ ਕੋਈ ਕੁਰਬਾਨੀਆਂ ਨਹੀਂ ਦੇ ਸਕਦੇ ਤਾਂ ਜ਼ਿੰਦਗੀ ਤੁਹਾਡੇ ਨਾਲ ਰੁੱਸ ਜਾਵੇਗੀ। ਰੁੱਸੀ ਹੋਈ ਜ਼ਿੰਦਗੀ ਨੂੰ ਮਨਾਉਣ ਲਈ ਕਈ ਇਨਸਾਨ ਦਰ-ਦਰ ਭਟਕਦੇ ਹਨ: ਪਰ ਜ਼ਿੰਦਗੀ ਮੰਨਦੀ ਨਹੀਂ। ਕਦੇ ਵੀ ਜ਼ਿੰਦਗੀ ਨੂੰ ਆਪਣੇ ਨਾਲ ਰੁੱਸਣ ਦਾ ਮੌਕਾ ਨਾ ਦੇਵੋ। ਕਈ ਵਾਰੀ ਜ਼ਿੰਦਗੀ ਵਿੱਚ ਕੀਤੀ ਕੋਈ ਛੋਟੀ ਜਿਹੀ ਗ਼ਲਤੀ ਦਾ ਸਾਨੂੰ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਜਿਹੜਾ ਇਨਸਾਨ ਆਪ ਖ਼ੁਸ਼ ਨਹੀਂ ਹੈ। ਉਸ ਨੂੰ ਹੋਰ ਕੋਈ ਖ਼ੁਸ਼ ਕਰਨ ਲਈ ਨਹੀਂ ਆਵੇਗਾ ਕਿਉਂਕਿ ਜਿਸ ਘਰ ਨੂੰ ਤੁਸੀਂ ਇੱਕ-ਇੱਕ ਇੱਟ ਨਾਲ ਉਸਾਰਿਆ ਹੈ। ਇਸ ਘਰ ਨੂੰ ਹੱਸਦਾ ਮੁਸਕਰਾਉਂਦਾ ਰੱਖਣ ਲਈ ਤੁਹਾਨੂੰ ਉਮਰ ਭਰ ਮਿਹਨਤ ਕਰਨੀ ਪੈਂਦੀ ਹੈ।
ਜਿਹੜੇ ਮੁਸਕਰਾਉਂਦੀ ਜ਼ਿੰਦਗੀ ਦੀ ਕੀਮਤ ਜਾਣਦੇ ਹਨ, ਉਹ ਹਰ ਪਲ ਜ਼ਿੰਦਗੀ ਨੂੰ ਖੁਸ਼ ਰੱਖਣ ਤੇ ਇਸ ਨੂੰ ਹੋਰ ਖੂਬਸੂਰਤ ਬਣਾਉਣ ਲਈ ਵਕਤ ਗੁਜ਼ਾਰਦੇ ਹਨ। ਆਪਣੇ ਕੰਮਾਂ ਤੋਂ ਅਵੇਸਲੇ ਰਹਿ ਕੇ ਕਦੇ ਕਿਸੇ ਨੇ ਤਰੱਕੀ ਨਹੀਂ ਕੀਤੀ, ਬਲਕਿ ਜੋ ਇਨਸਾਨ ਇੱਕ ਪਲ ਦੀ ਕੀਮਤ ਜਾਣਦਾ ਹੈ। ਉਹ ਹਰ ਪਲ, ਕਿਸੇ ਨਾ ਕਿਸੇ ਕੰਮ ਵਿੱਚ ਰੁੱਝਿਆ ਵਿਖਾਈ ਦੇਵੇਗਾ। ਉਂਜ ਵੀ ਰੁਝੇਵੇਂ ਵਿੱਚ ਪਿਆ ਇਨਸਾਨ ਖੁਸ਼ ਰਹਿੰਦਾ ਹੈ। ਜ਼ਿੰਦਗੀ ਦੇ ਛੋਟੇ-ਛੋਟੇ ਕੰਮ ਕਰਦੇ ਵੀ ਇੱਕ ਦਿਨ ਇਨਸਾਨ ਆਪਣੀ ਜ਼ਿੰਦਗੀ ਦੀ ਕੋਈ ਵੱਡੀ ਕਾਮਨਾ ਪੂਰੀ ਕਰ ਲੈਂਦਾ ਹੈ।
ਤੁਸੀਂ ਜਾਣਦੇ ਹੋ ਕਿ ਇੱਕ-ਇੱਕ ਪਲ, ਨਾਲ ਹੀ ਜ਼ਿੰਦਗੀ ਉਸਰਦੀ ਹੈ। ਜੇ ਅਸੀਂ ਵਿਹਲੀਆਂ ਗੱਲਾਂ ਵਿੱਚ ਸਮਾਂ ਬਰਬਾਦ ਕਰਾਂਗੇ ਤਾਂ ਇਹ ਸਮਾਂ ਇੱਕ ਦਿਨ ਸਾਨੂੰ ਬਰਬਾਦ ਕਰ ਦੇਵੇਗਾ। ਕਈ ਇਨਸਾਨ ਘਰ ਦੀਆਂ ਖੁਸ਼ੀਆਂ ਨੂੰ ਬਰਕਰਾਰ ਰੱਖਣ ਲਈ ਬਾਹਰ ਲੋਕਾਂ ਤੋਂ ਰਾਇ ਪੁੱਛਦੇ ਹਨ। ਬਾਹਰਲੇ ਲੋਕ ਦੀ ਰਾਇ ਤੁਹਾਨੂੰ ਸਿੱਧੇ ਰਸਤੇ ’ਤੇ ਨਹੀਂ ਪਾ ਸਕਦੀ।
ਹਨੇਰੇ ਵਿੱਚ ਭਟਕੇ ਇਨਸਾਨ ਨੂੰ ਉਸ ਦੇ ਅੰਦਰ ਬਲਦਾ ਦਿਲ ਦਾ ਦੀਵਾ ਹੀ ਸਹੀ ਰਸਤਾ ਵਿਖਾ ਸਕਦਾ ਹੈ। ਆਪਣੀ ਅੰਦਰਲੀ, ਖ਼ਲਬਲੀ ਤੇ ਤੁੂਫਾਨ ਨੂੰ ਤੁਸੀਂ ਆਪ ਹੀ ਸ਼ਾਂਤ ਕਰ ਸਕਦੇ ਹੋ। ਆਪਣੀਆਂ ਸਮੱਸਿਆਵਾਂ ਦੇ ਹੱਲ ਵੀ ਤੁਹਾਨੂੰ ਆਪ ਹੀ ਲੱਭਣੇ ਪੈਣਗੇ। ਲੋਕ ਤੁਹਾਡੀ ਮਦਦ ਨਹੀਂ ਕਰ ਸਕਦੇ। ਕਈ ਵਾਰ ਤਾਂ ਬਾਹਰਲੇ ਲੋਕ, ਤੁਹਾਨੂੰ ਕਿਸੇ ਹੋਰ ਵੱਡੀ ਭਟਕਣ ਵਿੱਚ ਪਾ ਦਿੰਦੇ ਹਨ।
ਕਈ ਇਨਸਾਨ ਆਪਣੀਆਂ ਸਮੱਸਿਆਵਾਂ ਦਾ ਹੱਲ ਜੋਤਸ਼ੀਆਂ ਕੋਲ ਭਾਲਦੇ ਹਨ। ਇਹ ਰੁਝਾਨ ਠੀਕ ਨਹੀਂ ਹੈ। ਜੋਤਸ਼ੀ ਤੁਹਾਨੂੰ ਗੁੰਮਰਾਹ ਕਰਕੇ ਪੈਸੇ ਵਸੂਲਦੇ ਹਨ। ਘਰ ਦੇ ਬੁਝੇ ਦੀਵੇ ਨੂੰ ਤੁਸੀਂ ਆਪ ਹੀ ਜਗਾਉਣਾ ਹੈ। ਆਪਣੇ ਘਰ ਦੀਆਂ ਖੁਸ਼ੀਆਂ ਵੀ ਤੁਸੀਂ ਆਪ ਹੀ ਪੈਦਾ ਕਰਨੀਆਂ ਹਨ। ਘਰ ਦੇ ਹਰ ਜੀਅ ਨੂੰ ਮੁਸਕਰਾ ਕੇ ਮਿਲੋ। ਹਰ ਇੱਕ ਦੀ ਗੱਲ ਧਿਆਨ ਨਾਲ ਸੁਣੋ। ਕੋਈ ਮੁਸ਼ਕਲ ਹੋਵੇ ਤਾਂ ਇਸ ਨੂੰ ਮਿਲ ਕੇ ਹੱਲ ਕਰ ਲਵੋ।
ਜਦੋਂ ਘਰ ਵਿੱਚ ਬੱਚੇ ਰੁੱਸ ਬੈਠੇ ਹੋਣ ਤਾਂ ਉਨ੍ਹਾਂ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਕਰੋ। ਇਸ ਤਰ੍ਹਾਂ ਪਿਆਰ ਨਾਲ ਬੱਚੇ ਝੱਟ ਮੰਨ ਜਾਂਦੇ ਹਨ। ਦੁਨੀਆ ਵਿੱਚ ਪਿਆਰ ਤੋਂ ਵੱਡੀ ਕੋਈ ਸ਼ਕਤੀ ਨਹੀਂ। ਪਿਆਰ ਤਾਂ ਗੁੰਮ ਹੋਏ ਇਨਸਾਨ ਨੂੰ ਵੀ ਨੱਚਣ ਲਾ ਦਿੰਦਾ ਹੈ। ਇਸ ਪਿਆਰ ਦੀ ਘਾਟ ਕਾਰਨ ਹੀ ਘਰ ਉੱਜੜਦੇ ਹਨ।
ਜਿਸ ਘਰ ਵਿੱਚ ਫੁੱਲ ਖਿੜੇ ਹੋਏ ਹੋਣ; ਉਹ ਫੁੱਲ ਵੀ ਘਰ ਦੀ ਖੁਸ਼ਹਾਲੀ ਦੀ ਗਵਾਹੀ ਭਰਦੇ ਹਨ। ਜੇ ਘਰ ਦਾ ਮਾਲਕ ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰਦਾ ਹੈ ਤਾਂ ਉਸ ਦੇ ਚਿਹਰੇ ’ਤੇ ਖੁਸ਼ੀ ਰਹਿੰਦੀ ਹੈ। ਇੱਕ ਖੁਸ਼ੀ ਭਰਿਆ ਚਿਹਰਾ, ਦੂਜੇ ਉਦਾਸ ਚਿਹਰੇ ਨੂੰ ਖੁਸ਼ੀ ਨਾਲ ਨਿਵਾਜ ਸਕਦਾ ਹੈ। ਖੁਸ਼ੀਆਂ ਘਰ ਵਿੱਚ ਤਦ ਹੀ ਆਉਂਦੀਆਂ ਹਨ, ਜਦ ਘਰ ਦੇ ਸਾਰੇ ਜੀਆਂ ਦੀ ਤਾਲ ਮਿਲੀ ਹੋਵੇ ਤੇ ਹਰ ਜੀਅ ਦੂਜੇ ਦੀ ਮਦਦ ਕਰਨ ਲਈ ਤਿਆਰ ਰਹੇ।
ਜਿਵੇਂ ਇੱਕ ਮਾਲੀ, ਉੱਜੜੇ ਬਾਗ ਨੂੰ ਠੀਕ ਕਰਕੇ ਉੱਥੇ ਰੁੱਖ ਬੀਜਦਾ ਹੈ ਤੇ ਫੁੱਲ ਉਗਾਉਂਦਾ ਹੈ। ਤੁਸੀਂ ਵੀ ਆਪਣੇ ਵੀਰਾਨ ਘਰ ਨੂੰ ਇੰਜ ਹੀ ਠੀਕ ਕਰ ਸਕਦੇ ਹੋ। ਖੁਸ਼ੀ ਕਿਤੋਂ ਬਾਹਰੋਂ ਨਹੀਂ ਆਉਂਦੀ, ਸਗੋਂ ਇਹ ਤਾਂ ਸਾਡੀਆਂ ਆਪਣੀਆਂ ਹੀ ਕੋਸ਼ਿਸ਼ਾਂ ਤੇ ਕੁਰਬਾਨੀਆਂ ਦਾ ਸਿੱਟਾ ਹੁੰਦੀ ਹੈ। ਉੱਜੜੇ ਘਰ ਫਿਰ ਤੋਂ ਵੱਸ ਜਾਂਦੇ ਹਨ।
ਸਿਆਣਿਆਂ ਨੇ ਕਿਹਾ ਹੈ ਕਿ ਜੇ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਆਪਣੀ ਸੋਚ ਬਦਲ ਲਵੋ। ਇਸ ਤਰ੍ਹਾਂ ਤੁਸੀਂ ਨਵੀਂ ਸੋਚ ਨਾਲ, ਸਹਿਜੇ ਹੀ ਸਫਲ ਹੋ ਸਕਦੇ ਹੋ। ਗ਼ਲਤ ਰਾਹਾਂ ’ਤੇ ਚੱਲ ਕੇ ਇਨਸਾਨ ਕਦੀ ਮੰਜ਼ਿਲ ’ਤੇ ਨਹੀਂ ਪਹੁੰਚਿਆ ਤੇ ਨਾ ਹੀ ਉਹ ਇੱਕ ਸਫਲ ਇਨਸਾਨ ਬਣ ਸਕਦਾ ਹੈ। ਆਪਣੇ ਆਪ ਨੂੰ ਬਦਲੋ, ਤਬਦੀਲੀ ਅਤਿ ਜ਼ਰੂਰੀ ਹੈ।
ਲੋਕ ਕਿਤਾਬਾਂ ਕਿਉਂ ਪੜ੍ਹਦੇ ਹਨ? ਇਸ ਦਾ ਕਾਰਨ ਵੀ ਇਹੀ ਹੈ ਕਿ ਉਹ ਨਵੀਆਂ ਪੁਸਤਕਾਂ ਪੜ੍ਹ ਕੇ ਉਨ੍ਹਾਂ ਵਿਚਲੇ ਚੰਗੇ ਵਿਚਾਰ ਗ੍ਰਹਿਣ ਕਰ ਲੈਣ ਤੇ ਚੰਗੇ ਇਨਸਾਨ ਬਣ ਜਾਣ। ਹਿੰਡੀ ਤੇ ਜ਼ਿੱਦੀ ਇਨਸਾਨ, ਆਪਣੀ ਜ਼ਿੱਦ ਕਾਰਨ ਹੀ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਚੰਗੀਆਂ ਕਿਤਾਬਾਂ ਵਿੱਚ ਭਰੇ ਵਿਚਾਰ ਇਨਸਾਨ ਨੂੰ ਝੰਜੋੜ ਕੇ ਜਗਾਉਂਦੇ ਹਨ। ਇੱਕ ਬੁਝ ਚੁੱਕੇ ਇਨਸਾਨ ਵਿੱਚ ਵੀ ਇਹ ਕਿਤਾਬਾਂ ਅੱਗ ਬਾਲਣ ਦਾ ਕੰਮ ਕਰਦੀਆਂ ਹਨ। ਲਾਇਬ੍ਰੇਰੀ ਵਿੱਚ ਵੀ ਇਨਸਾਨ ਚੰਗੇ ਵਿਚਾਰਾਂ ਦੀ ਭਾਲ ਕਰਨ ਲਈ ਹੀ ਨਿਕਲਦਾ ਹੈ। ਜਦੋਂ ਕੋਈ ਚੰਗੀ ਕਿਤਾਬ ਮਿਲ ਜਾਵੇ ਤਾਂ ਇੱਕ ਵਿਦਵਾਨ ਤੇ ਪੜ੍ਹਾਕੂ ਖੁਸ਼ੀ ਵਿੱਚ ਝੂਮ ਉੱਠਦੇ ਹਨ। ਨਵੇਂ ਵਿਚਾਰਾਂ ਨਾਲ ਆਪਣੇ ਆਪ ਨੂੰ ਲੈਸ ਕਰਕੇ ਉਹ ਇੱਕ ਤੰਦਰੁਸਤ ਤੇ ਵਧੀਆ ਇਨਸਾਨ ਬਣ ਜਾਂਦਾ ਹੈ।
ਕੁਦਰਤ ਵਿੱਚ ਹਰ ਚੀਜ਼ ਸ਼ਾਂਤ-ਚਿੱਤ ਹੈ। ਦਰਿਆ ਵਗਦੇ ਹਨ; ਪੰਛੀ ਉੱਡ ਕੇ ਖੁਸ਼ੀਆਂ ਵਿੱਚ ਚਹਿਕਦੇ ਹਨ ਤੇ ਨਦੀਆਂ ਸਾਂਝੀ ਤੋਰ ਤੁਰਦੀਆਂ ਗਾ ਰਹੀਆਂ ਹਨ। ਸਾਰਾ ਕੁਦਰਤ ਦਾ ਪਸਾਰਾ ਇੱਕ ਮਸਤੀ ਵਿੱਚ ਝੂਮ ਰਿਹਾ ਹੈ। ਤੁਸੀਂ ਵੀ ਖੁਸ਼ੀ ਹਾਸਲ ਕਰਨ ਲਈ ਕੁਦਰਤ ਦੇ ਪਸਾਰੇ ਨਾਲ ਇੱਕ-ਮਿਕ ਹੋ ਜਾਵੋ। ਤੁਹਾਨੂੰ ਖੁਸ਼ੀ ਦੀ ਘਾਟ ਨਹੀਂ ਰਹੇਗੀ।