ਗੁਰਮੀਤ ਸਿੰਘ*
ਦਰਿਆਈ ਸੇਰੜ੍ਹੀ ਜਿਸ ਨੂੰ ਅੰਗਰੇਜ਼ੀ ਵਿੱਚ ਰੁਫਸ-ਵੈਂਟਡ ਪ੍ਰੀਨੀਆ ਜਾਂ ਲੌਂਗ ਟੇਲਡ ਗਰਾਸ ਵਾਰਬਲਰ (The Rufous-vented Prinia or Long-tailed Grass Warbler) ਕਹਿੰਦੇ ਹਨ। ਇਹ ਪੰਛੀ ਸਿਰਫ਼ ਪਾਕਿਸਤਾਨ, ਨੇਪਾਲ ਅਤੇ ਭਾਰਤ ਵਿੱਚ ਪੰਜਾਬ ਦੇ ਹਰੀਕੇ, ਫਿਰੋਜ਼ਪੁਰ, ਫ਼ਰੀਦਕੋਟ, ਜਲੰਧਰ ਅਤੇ ਰੋਪੜ ਨਾਲ ਲੱਗਦੇ ਮੈਦਾਨੀ ਖੇਤਰਾਂ ਵਿੱਚ ਮਿਲਦਾ ਹੈ। ਇਹ ਸ਼ਰਮੀਲਾ ਪੰਛੀ ਹੈ ਜੋ ਸੰਘਣੀ ਬਨਸਪਤੀ ਨੂੰ ਤਰਜੀਹ ਦਿੰਦਾ ਹੈ। ਇਹ ਵੱਡੀਆਂ ਨਦੀਆਂ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਜਾਂ ਦਲਦਲਾਂ ਦੇ ਨੇੜੇ-ਤੇੜੇ ਕਈ ਕਿਸਮਾਂ ਦੇ ਲੰਬੇ ਘਾਹ ਦੇ ਮੈਦਾਨਾਂ ਜਿਵੇਂ ਕਿ ਸਰਕੰਡੇ ਅਤੇ ਨੜੇ ਦੇ ਮੈਦਾਨਾਂ ਵਿੱਚ ਵਾਸ ਕਰਦੇ ਹਨ।
ਪੰਜਾਬ ਵਿੱਚ ਇੰਗਲੈਂਡ ਤੋਂ ਆਏ ਹਿਊਜ਼ ਵਿਸਲਰ ਨੇ ਭਾਰਤੀ ਪੁਲੀਸ ਸੇਵਾ ਵਿੱਚ ਆਉਣ ਤੋਂ ਬਾਅਦ 1919 ਵਿੱਚ ਫਿਲੌਰ ਵਿੱਚ ਤਾਇਨਾਤੀ ਤੋਂ ਬਾਅਦ ਪੰਜਾਬ ਵਿੱਚ ਪੰਛੀਆਂ ਬਾਰੇ ਬਹੁਤ ਰੁਚੀ ਲਈ। ਉਨ੍ਹਾਂ ਨੇ ਸਤਲੁਜ ਦਰਿਆ ’ਤੇ ਪੁਲ ਦੇ ਨੇੜੇ ਦਰਿਆਈ ਸੇਰੜ੍ਹੀ ਦੇ ਆਲ੍ਹਣੇ ਨੂੰ ਪੰਜਾਬ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਲੰਬੇ ਘਾਹ ਦੇ ਜੰਗਲ ਵਿੱਚ ਵੇਖਿਆ। ਉਨ੍ਹਾਂ ਵੱਲੋਂ ਲੁਧਿਆਣਾ ਦੇ ਪਿੰਡ ਲਾਡੋਵਾਲ ਵਿਖੇ ਸਤਲੁਜ ਦਰਿਆ ’ਤੇ ਪੁਲ ਦੇ ਨੇੜੇ ਵੀ ਇਸ ਦਾ ਵਰਣਨ ਕੀਤਾ ਗਿਆ ਹੈ। ਪੰਜਾਬ ਵਿੱਚ 1995 ਵਿੱਚ ਸਵੀਡਨ ਦੇ ਪੰਛੀ ਪ੍ਰੇਮੀ ਪਰਅੰਡੇਲੈਂਡ ਨੇ ਦਰਿਆਈ ਸੇਰੜ੍ਹੀ ਦੇ ਹਰੀਕੇ ਵਿਖੇ ਸਰਕੰਡੇ ਵਿੱਚ ਮਿਲਣ ਬਾਰੇ ਦੱਸਿਆ ਸੀ ਅਤੇ ਇਸ ਬਾਰੇ ਇੰਗਲੈਂਡ ਦੀ ਓਰੀਐਂਟਲ ਕਲੱਬ ਨੇ ਆਪਣੀ ਮੈਗਜ਼ੀਨ ਵਿੱਚ ਵੀ ਪ੍ਰਕਾਸ਼ਿਤ ਕੀਤਾ ਸੀ।
ਦਰਿਆਈ ਸੇਰੜ੍ਹੀ ਔਸਤਨ 17 ਸੈਂਟੀਮੀਟਰ ਲੰਬੀ ਹੁੰਦੀ ਹੈ। ਇਸ ਦੇ ਇੱਕ ਗੂੜ੍ਹੀ ਰੇਖਾ ਮੱਥੇ ਤੋਂ ਸ਼ੁਰੂ ਹੁੰਦੀ ਹੈ ਅਤੇ ਪਿੱਠ ’ਤੇ ਆ ਕੇ ਫਿੱਕੀ ਪੈ ਜਾਂਦੀ ਹੈ। ਇਸ ਦਾ ਹੇਠਲਾ ਹਿੱਸਾ ਚਿੱਟੇ ਰੰਗ ਦਾ ਹੁੰਦਾ ਹੈ ਅਤੇ ਪਾਸਿਆਂ ਤੋਂ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਖੰਭਾਂ ਦੀਆਂ ਲਾਈਨਾਂ ਥੋੜ੍ਹੇ ਜਿਹੇ ਕਾਲੇ ਰੰਗ ਦੀਆਂ ਮਟਮੈਲੀਆਂ ਜਿਹੀਆਂ ਹੁੰਦੀਆਂ ਹਨ। ਇਸ ਸੇਰੜ੍ਹੀ ਪ੍ਰਜਾਤੀ ਦੇ ਖੰਭ ਛੋਟੇ ਹੁੰਦੇ ਹਨ, ਪਰ ਲੰਬੀ ਪੂਛ ਹੁੰਦੀ ਹੈ। ਇਨ੍ਹਾਂ ਦੇ ਉੱਡਦੇ ਸਮੇਂ ਖੰਭ ਸਲੇਟੀ-ਭੂਰੇ ਦਿਖਾਈ ਦਿੰਦੇ ਹਨ, ਇਨ੍ਹਾਂ ਦੀ ਪੂੰਛ 8.7 ਤੋਂ 11.5 ਸੈਂਟੀਮੀਟਰ ਲੰਬੀ ਅਤੇ ਮਜ਼ਬੂਤ ਹੁੰਦੀ ਹੈ। ਅੱਖਾਂ ਭੂਰੀਆਂ ਹੁੰਦੀਆਂ ਹਨ, ਲੱਤਾਂ ਮਾਸ ਰੰਗੀਆਂ ਜਾਂ ਫਿੱਕੀਆਂ ਭੂਰੀਆਂ ਹੁੰਦੀਆਂ ਹਨ।
ਇਹ ਮੁੱਖ ਤੌਰ ’ਤੇ ਅਜਿਹੀਆਂ ਥਾਵਾਂ ’ਤੇ ਰਹਿਣ ਵਾਲਾ ਪੰਛੀ ਹੈ, ਜਿੱਥੇ ਲੰਬੀ ਘਾਹ ਜਾਂ ਝਾੜੀਆਂ ਹੋਣ ਜਿਨ੍ਹਾਂ ਵਿੱਚ ਇਹ ਆਸਾਨੀ ਨਾਲ ਦਿਖਾਈ ਨਹੀਂ ਦਿੰਦੇ। ਗੈਰ-ਪ੍ਰਜਣਨ ਵੇਲੇ ਪੰਛੀ ਛੋਟੇ ਝੁੰਡ ਬਣਾ ਕੇ ਰਹਿੰਦੇ ਹਨ। ਇਹ ਪੰਛੀ ਘਾਹ ਵਿੱਚ ਘੱਟ ਬੈਠਣਾ ਪਸੰਦ ਕਰਦਾ ਹੈ। ਆਪਣੇ ਰਸਤੇ ਵਿੱਚ ਛਾਲਾਂ ਮਾਰਦਾ ਹੈ ਅਤੇ ਜੋੜਿਆਂ ਵਿੱਚ ਕੀੜੇ ਖਾਂਦਾ ਹੈ। ਇਹ ਆਮ ਤੌਰ ’ਤੇ ਆਪਣੀ ਪੂਛ ਨੂੰ ਥੋੜ੍ਹਾ ਜਿਹਾ ਅਕੜਾ ਕੇ ਰੱਖਦਾ ਹੈ। ਪ੍ਰਜਣਨ ਦੇ ਮੌਸਮ ਵਿੱਚ ਇਸ ਨੂੰ ਲੱਭਣਾ ਸਭ ਤੋਂ ਆਸਾਨ ਹੁੰਦਾ ਹੈ, ਕਿਉਂਕਿ ਇਸ ਨੂੰ ਸਵੇਰ ਅਤੇ ਸ਼ਾਮ ਨੂੰ ਗਾਉਂਦਾ ਸੁਣਿਆ ਜਾ ਸਕਦਾ ਹੈ।
ਦਰਿਆਈ ਸੇਰੜ੍ਹੀ ਦਾ ਆਲ੍ਹਣਾ ਬਣਾਉਣ ਦਾ ਸਮਾਂ ਫਰਵਰੀ ਤੋਂ ਜੁਲਾਈ ਤੱਕ ਹੁੰਦਾ ਹੈ। ਇਹ ਸਰਕੰਡੇ ਜਾਂ ਨੜੇ ਨਾਲ ਕੱਪ ਦੀ ਤਰ੍ਹਾਂ ਆਲ੍ਹਣਾ ਬਣਾਉਂਦਾ ਹੈ। ਮਾਦਾ ਆਲ੍ਹਣੇ ਵਿੱਚ ਦੋ ਤੋਂ ਤਿੰਨ ਆਂਡੇ ਦਿੰਦੀ ਹੈ। ਨਰ ਮਾਦਾ ਦੋਵੇਂ ਮਿਲ ਕੇ ਚੂਚਿਆਂ ਦੀ ਦੇਖਭਾਲ ਕਰਦੇ ਹਨ।
ਦਰਿਆਈ ਸੇਰੜ੍ਹੀ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਘਟਦੀ ਜਾ ਰਹੀ ਹੈ। ਮਨੁੱਖ ਵੱਲੋਂ ਸਰਕੰਡੇ ਨੂੰ ਵੱਢਿਆ ਜਾ ਰਿਹਾ ਹੈ ਜੋ ਕਿ ਇਨ੍ਹਾਂ ਦਾ ਮਨਭਾਉਂਦਾ ਨਿਵਾਸ ਸਥਾਨ ਹੈ। ਪਿੰਡਾਂ ਵਿੱਚ ਛੱਪੜਾਂ ਤੇ ਢਾਬਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਸਾਨੂੰ ਇਨ੍ਹਾਂ ਨੂੰ ਬਚਾਉਣ ਲਈ ਜਾਗਰੂਕ ਹੋਣਾ ਚਾਹੀਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910