ਕੋਲਕਾਤਾ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਫਿਲਮ ‘ਛਕੜਾ ਐਕਸਪ੍ਰੈੱਸ’ ਦੀ ਕੋਲਕਾਤਾ ’ਚ ਸ਼ੂਟਿੰਗ ਮੁਕੰਮਲ ਕਰ ਲਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਸਾਂਝੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਫਿਲਮ ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਪ੍ਰੋਸਿਤ ਰੌਏ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਗੋਸਵਾਮੀ ਵੱਲੋਂ ਹਰ ਔਕੜ ਨੂੰ ਪਾਰ ਕਰਦਿਆਂ ਅੱਗੇ ਵਧਣ ਦੀ ਕਹਾਣੀ ਬਿਆਨੀ ਗਈ ਹੈ। ਇਸ ਫਿਲਮ ਦੀ ਸ਼ੂਟਿੰਗ ਅਨੁਸ਼ਕਾ ਵੱਲੋਂ ਜੂਨ ਮਹੀਨੇ ਵਿੱਚ ਆਰੰਭੀ ਗਈ ਸੀ। ਇਸ ਤੋਂ ਪਹਿਲਾਂ ਪ੍ਰੋਸਿਤ ਰੌਏ ਨਾਲ ਭੂਤੀਆ ਫਿਲਮ ‘ਪਰੀ’ ਵਿੱਚ ਕੰਮ ਕਰ ਚੁੱਕੀ ਹੈ। ਇਸ ਫਿਲਮ ਦਾ ਨਿਰਮਾਣ ਕਰਨੇਸ਼ ਸ਼ਰਮਾ ਦੀ ਕੰਪਨੀ ਕਲੀਨ ਸਲੇਟ ਫਿਲਮਜ਼ ਦੇ ਬੈਨਰ ਹੇਠ ਹੋ ਰਿਹਾ ਹੈ। ਇਹ ਫਿਲਮ ਨੈੱਟਫਲਿਕਸ ’ਤੇ ਰਿਲੀਜ਼ ਕੀਤੀ ਜਾਵੇਗੀ। ਅਨੁਸ਼ਕਾ ਸ਼ਰਮਾ ਆਖਰੀ ਵਾਰ 2018 ’ਚ ਆਈ ਸ਼ਾਹਰੁਖ ਖਾਨ ਦੀ ਫਿਲਮ ‘ਜ਼ੀਰੋ’ ਵਿੱਚ ਦਿਖਾਈ ਦਿੱਤੀ ਸੀ। ਅਨੁਸ਼ਕਾ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਕੋਲਕਾਤਾ ਸ਼ਹਿਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। -ਪੀਟੀਆਈ