ਗੁਰਮੀਤ ਸਿੰਘ
ਸੇਰ੍ਹੜੀ ਜਿਸ ਨੂੰ ਅਸੀਂ ਆਮ ਤੌਰ ’ਤੇ ਸੱਤ ਭੈਣਾਂ ਕਹਿੰਦੇ ਹਾਂ, ਇਕ ਆਮ ਪੰਛੀ ਹੈ। ਇਸ ਨੂੰ ਹਿੰਦੀ ਵਿਚ ਛੋਟਾ ਗੇਂਗਾ ਤੇ ਸਾਤ ਭਾਈ ਅਤੇ ਅੰਗਰੇਜ਼ੀ ਵਿਚ ਕਾਮਨ ਬੈਬਲਰ (Common Babbler) ਕਹਿੰਦੇ ਹਨ। ਇਹ ਆਕਾਰ ਵਿਚ ਬੁਲਬਲ ਜਿੱਡਾ ਹੁੰਦਾ ਹੈ। ਸੱਤ ਭੈਣਾਂ ਇਕੱਠੇ ਹੋ ਕੇ ਟੋਲੀਆਂ ਵਿਚ ਰੌਲਾ ਪਾਉਂਦੀਆਂ, ਕੰਡੇਦਾਰ ਝਾੜੀਆਂ, ਖੁੱਲ੍ਹੇ ਮੈਦਾਨਾਂ, ਛੋਟੇ ਦਰਖੱਤਾਂ, ਬਾਗ਼ਾਂ, ਸੁੱਕੇ ਖੇਤਾਂ ਅਤੇ ਕਈ ਘਰਾਂ ਆਦਿ ਕੋਲ ਘੁੰਮਦੀਆਂ ਆਮ ਨਜ਼ਰ ਆ ਜਾਂਦੀਆਂ ਹਨ। ਇਨ੍ਹਾਂ ਦਾ ਪੂੰਝਾ ਥੋੜ੍ਹਾ ਜਿਹਾ ਲੰਮੇਰਾ ਹੁੰਦਾ ਹੈ। ਇਹ ਆਮ ਤੌਰ ’ਤੇ ਛੇ ਤੋਂ ਦਸ ਦੀਆਂ ਛੋਟੀਆਂ ਟੋਲੀਆਂ ਵਿਚ ਮਿਲਦੀਆਂ ਹਨ ਅਤੇ ਅਕਸਰ ਜ਼ਮੀਨ ’ਤੇ ਘੁੰਮਦੀਆਂ ਰਹਿੰਦੀਆਂ ਹਨ। ਇਹ ਪੰਛੀ ਮਾੜਾ ਉਡਾਰੂ ਹੋਣ ਕਰਕੇ ਜ਼ਮੀਨ ’ਤੇ ਨਿੱਕੀਆਂ-ਨਿੱਕੀਆਂ ਟਪੂਸੀਆਂ ਮਾਰਦਾ ਰਹਿੰਦਾ ਹੈ। ਜ਼ਮੀਨ ’ਤੇ ਫੁਦਕਦੇ ਹੋਏ ਇਹ ਅਕਸਰ ਆਪਣੇ ਪੂੰਝੇ ਨੂੰ ਉੱਪਰ ਹੇਠਾਂ ਕਰਦਾ ਰਹਿੰਦਾ ਹੈ। ਇਸ ਦੇ ਮਿੱਟੀ-ਰੰਗੇ ਉੱਪਰਲੇ ਖੰਭਾਂ ਵਿਚ ਗੂੜ੍ਹੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਇਨ੍ਹਾਂ ਦੀਆਂ ਅੱਖਾਂ ਭੂਰੀਆਂ ਹੁੰਦੀਆਂ ਹਨ। ਇਨ੍ਹਾਂ ਦੀ ਚੁੰਝ ਤੇ ਪਹੁੰਚੇ ਗੁਲਾਬੀ ਰੰਗੇ ਅਤੇ ਫਿੱਕੇ ਬਦਾਮੀ ਰੰਗ ਦੇ ਹੁੰਦੇ ਹਨ। ਇਨ੍ਹਾਂ ਦੀ ਲੰਬਾਈ ਲਗਭਗ 23 ਸੈਂਟੀਮੀਟਰ ਅਤੇ ਭਾਰ 38 ਗ੍ਰਾਮ ਦੇ ਲਗਭਗ ਹੁੰਦਾ ਹੈ।
ਇਨ੍ਹਾਂ ਦੀ ਆਵਾਜ਼ ਛੋਟੀਆਂ-ਛੋਟੀਆਂ ਮਨੋਹਰ ਸੀਟੀਆਂ ਦੀ ਲੜੀ ਹੁੰਦੀ ਹੈ। ਕਈ ਵਾਰੀ ਇਹ ‘ਪੀਉ-ਯੂ-ਯੂ’, ‘ਪੀਉ-ਯੂ-ਯੂ’ ਦੀਆਂ, ਪਰ ਜੇਕਰ ਇਹ ਖਿਝੇ ਹੋਏ ਹੋਣ ਅਤੇ ਸੱਪ ਜਾਂ ਬਿੱਲੀ ਨਜ਼ਰ ਆ ਜਾਵੇ ਤਾਂ ਇਹ ਪੰਛੀ ਵਿਚ-ਵਿਚ ‘ਰੀਂ- ਰੀਂ-ਰੀਂ- ਰੀਂ’ ਦੀਆਂ ਸੰਗੀਤਮਈ ਸੀਟੀਆਂ ਮਾਰਨ ਲੱਗ ਪੈਂਦੇ ਹਨ ਅਤੇ ਘਬਰਾਹਟ ਨਾਲ ਖੰਭਾਂ ਅਤੇ ਪੂੰਝੇ ਨੂੰ ਸਮੇਟ ਕੇ ਟਪੂਸੀਆਂ ਮਾਰਦੇ ਹਨ।
ਇਨ੍ਹਾਂ ਦੀ ਖੁਰਾਕ ਵਿਚ ਮੱਕੜੀਆਂ, ਕੀੜੇ, ਗੋਲ੍ਹਾਂ, ਬੀਜ, ਦਾਣੇ ਤੇ ਫੁੱਲਾਂ ਦਾ ਰਸ ਸ਼ਾਮਲ ਹੁੰਦਾ ਹੈ। ਭਾਰਤ ਵਿਚ ਇਨ੍ਹਾਂ ਦਾ ਆਲ੍ਹਣੇ ਬਣਾਉਣ ਦਾ ਮੌਸਮ ਗਰਮੀਆਂ ਵਿਚ (ਮਈ ਤੋਂ ਜੁਲਾਈ) ਹੁੰਦਾ ਹੈ। ਮਾਦਾ ਸੇਰ੍ਹੜੀ ਆਪਣਾ ਆਲ੍ਹਣਾ ਨੀਂਵੀ ਕੰਡਿਆਲੀ ਝਾੜੀ ਉੱਤੇ ਬਣਾਉਂਦੀ ਹੈ, ਜੋ ਕਿ ਸੁੱਕੇ ਘਾਹ, ਜੜਾਂ ਆਦਿ ਦਾ ਠੂਠਾ ਜਿਹਾ ਹੁੰਦਾ ਹੈ। ਇਨ੍ਹਾਂ ਦੇ ਨਰ ਤੇ ਮਾਦਾ ਵੇਖਣ ਨੂੰ ਇਕੋ ਜਿਹੇ ਲੱਗਦੇ ਹਨ। ਇਨ੍ਹਾਂ ਦੀ ਪ੍ਰਜਣਨ ਦੀ ਪ੍ਰਕਿਰਿਆ ਮਾਰਚ ਤੋਂ ਅਕਤੂਬਰ ਤਕ ਚੱਲਦੀ ਹੈ। ਮਾਦਾ ਤਿੰਨ ਜਾਂ ਚਾਰ ਆਂਡੇ ਦਿੰਦੀ ਹੈ ਜੋ ਚਮਕਦਾਰ ਫ਼ਿਰੋਜ਼ੀ ਭਾਹ ਮਾਰਦੇ ਨੀਲੇ ਰੰਗ ਦੇ ਹੁੰਦੇ ਹਨ। ਆਂਡਿਆਂ ਵਿਚੋਂ ਬੱਚੇ 13 ਤੋਂ 15 ਦਿਨਾਂ ਬਾਅਦ ਨਿਕਲਦੇ ਹਨ। ਬੱਚੇ ਲਗਭਗ ਇਕ ਹਫ਼ਤੇ ਤੋਂ ਬਾਅਦ ਉੱਡਣ ਦੇ ਯੋਗ ਹੋ ਜਾਂਦੇ ਹਨ ਅਤੇ ਵੱਡੇ ਪੰਛੀਆਂ ਨਾਲ ਰਾਤ ਵੇਲੇ ਜੁੜ ਕੇ ਸਮੂਹ ਦੇ ਨਾਲ ਸੌਂਦੇ ਹਨ।
ਸੇਰ੍ਹੜੀ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ IV ਵਿਚ ਰੱਖ ਕੇ ਮੁਕੰਮਲ ਸੁਰੱਖਿਆ ਦਿੱਤੀ ਗਈ ਹੈ। ਆਈ.ਯੂ.ਸੀ.ਐੱਨ. ਨੇ ਵੀ ਇਸ ਪੰਛੀ ਨੂੰ ਕਿਸੇ ਖ਼ਤਰੇ ਵਿਚ ਨਹੀਂ ਦੱਸਿਆ, ਪਰ ਫਿਰ ਵੀ ਕਈ ਥਾਂਵਾਂ ’ਤੇ ਇਨ੍ਹਾਂ ਦੀ ਗਿਣਤੀ ਘਟਦੀ ਜਾਂ ਵਧਦੀ ਰਹਿੰਦੀ ਹੈ। ਕੀੜੇਮਾਰ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਇਨ੍ਹਾਂ ਪੰਛੀਆਂ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਪੰਛੀਆਂ ਦੀ ਸੁਰੱਖਿਆ ਲਈ ਸਾਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਬਾਰੇ ਜਾਣੂ ਕਰਵਾ ਸਕੀਏ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910