ਕਰਨੈਲ ਸਿੰਘ ਸੋਮਲ
ਅਣਕਿਆਸੀਆਂ ਮੁਸ਼ਕਲ ਹਾਲਤਾਂ ਨੇ ਬੜਾ ਕੁਝ ਉਘਾੜ ਕੇ ਸਾਹਮਣੇ ਲੈ ਆਂਦਾ ਹੈ। ਸੋਝੀ ਦੇ ਕਪਾਟ ਵੀ ਖੁੱਲ੍ਹੇ। ਬੜੀ ਸ਼ਿੱਦਤ ਨਾਲ ਜਾਣਿਆ ਕਿ ਸਾਹ ਸੁਖਾਲੇ ਆਉਣ ਲਈ ਜੀਵਨ-ਧਾਰਾ ਦਾ ਸਹਿਜ ਵਗਣਾ ਕਿੰਨੀ ਜ਼ਰੂਰੀ ਹੈ। ਆਪਣੀ ਮਰਜ਼ੀ ਨਾਲ ਘਰ ਦੇ ਬੂਹੇ ਜਦੋਂ ਚਾਹੋ ਖੋਲ੍ਹੋ, ਜਦੋਂ ਜੀਅ ਕਰੇ ਢੋਅ ਲਵੋ। ਮਜਬੂਰੀ ਵਿਚ ਆਪਣੇ ਆਪ ਨੂੰ ਅੰਦਰ ਡੱਕੀ ਰੱਖਣਾ ਕਿੰਨਾ ਔਖਾ ਹੈ। ਬੀਤੇ ਵਿਚ ਲੋਕੀਂ ਨੇੜੇ ਵਹਿੰਦੇ ਦਰਿਆਵਾਂ ਦੇ ਨਿਰਮਲ ਪਾਣੀਆਂ ਵਿਚ ਡੁਬਕੀ ਲਾ ਕੇ ਜੀਵਨ-ਊਰਜਾ ਨਾਲ ਲਬਾ-ਲਬ ਭਰ ਜਾਂਦੇ ਸਨ। ਜੀਵਨ-ਨਦੀ ਵੀ ਇੰਜ ਹੀ ਹੈ। ਘਰੋਂ ਬਾਹਰ ਨਿਕਲੋ, ਕਿਸੇ ਨਾਲ ਬੋਲੋ, ਭਾਵੇਂ ਨਾ ਬੋਲੋ, ਪਰ ਗੋਡੀ ਕੀਤੇ ਖੇਤ ਵਾਂਗ ਰੋਮ ਰੋਮ ਖੁੱਲ੍ਹ ਜਾਂਦਾ ਹੈ। ਸਾਡੀਆਂ ਅਕਲਾਂ ਦੀ ਬੜੀ ਅਜਮਾਇਸ਼ ਹੋਈ। ਖਿੜੇ ਰਹਿਣ ਦੇ ਯਤਨ ਕੀਤੇ, ਰੁੱਝੇ ਰਹਿਣ ਦੀ ਜੁਗਤ ਵੀ ਪਰਤਿਆਈ। ਆਪਣੇ ਅੰਦਰ ਝਾਤਾਂ ਲਈ ਵਕਤ ਸੌਂਦਿਆਂ-ਜਾਗਦਿਆਂ ਬਥੇਰਾ ਮਿਲ ਜਾਂਦਾ, ਪਰ ਬਾਹਰਲੇ ਸੰਸਾਰ ਦੇ ਨਜ਼ਾਰਿਆਂ ਨੂੰ ਰੂਹ ਤੜਪਦੀ ਰਹੀ। ਮੌਸਮ ਵੀ ਤਪਸ਼ ਵਾਲਾ ਤੇ ਖ਼ਬਰਾਂ ਵੀ। ਖ਼ੌਫ਼ ਜਦਾ ਹੋਣ ਦੀ ਹਾਲਤ ਅਸਹਿ। ਤਦੇ ਘਰ ਦੀ ਬਾਹਰ ਵੱਲ ਖੁੱਲ੍ਹਦੀ ਖਿੜਕੀ ਨੂੰ ਲੋਈ ਪਾਟਣ ਤੋਂ ਪਹਿਲਾਂ ਹੀ ਖੋਲ੍ਹ ਦੇਈਦਾ। ਥੋੜ੍ਹਾ ਥੋੜ੍ਹਾ ਚਾਨਣ ਅੰਦਰ ਝਰਦਾ ਤੇ ਤਾਜ਼ਾ ਹਵਾ ਦੇ ਬੁੱਲੇ ਪ੍ਰਾਣ ਬਖ਼ਸ਼ਦੇ। ਅਸਮਾਨ ਦੀ ਜਿਹੜੀ ਕਾਤਰ ਨਜ਼ਰ ਆਉਂਦੀ, ਉਸ ’ਤੇ ਕੁਝ ਤਾਰੇ ਦਿੱਸ ਪੈਣ, ਪੰਛੀਆਂ ਦੀ ਚਹਿਕ ਕੰਨੀਂ ਪੈਂਦੀ ਤੇ ਉਦਾਸੀ ਧੁਲ ਜਾਂਦੀ।
ਇਨ੍ਹਾਂ ਦਿਨਾਂ ਵਿਚ ਤੇ ਪਹਿਲਾਂ ਨਾਲੋਂ ਵੱਡਾ ਅੰਤਰ ਮਹਿਸੂਸ ਹੁੰਦਾ। ਦਿਨ-ਰਾਤ ਦੇ ਉਹੋ ਚੌਵੀ ਘੰਟੇ, ਪਰ ਹੁਣ ਇਹ ਜ਼ਿਆਦਾ ਹੀ ਲੰਮੇ ਹੋਏ ਜਾਪਦੇ। ਆਮ ਜਿਹੀਆਂ ਕਈ ਗੱਲਾਂ ਹੁਣ ਖ਼ਾਸ ਲੱਗਦੀਆਂ ਹਨ। ਜਿਹੜੀਆਂ ਕਦੇ ਖ਼ਾਸ ਸਨ, ਉਹ ਬੜੀਆਂ ਆਮ ਲੱਗਣ ਲੱਗੀਆਂ ਹਨ। ਘਰ ਦੇ ਬਾਹਰ ਛੋਟੀ ਜਿਹੀ ਵਾੜੀ ਵਿਚ ਗੁਲਾਬ ਦੇ ਬੂਟੇ ਹਨ। ਸਰਦੀਆਂ ਮੁੱਕਦਿਆਂ ਇੰਨੇ ਸ਼ੋਖ਼ ਰੰਗ ਦੇ ਫੁੱਲ ਟਹਿਕ ਪੈਂਦੇ ਕਿ ਨਜ਼ਰ ਨਹੀਂ ਟਿਕਦੀ। ਪਹਿਲਾਂ ਵੀ ਆਪਣੀ ਰੁੱਤੇ ਖਿੜਦੇ ਸਨ। ਨੇੜੇ ਰਾਹ ਵਗਦਾ ਹੋਣ ਕਰਕੇ, ਕੋਈ ਲੰਘਣ ਵਾਲਾ ਇਸ ਖ਼ੂਬਸੂਰਤੀ ਨੂੰ ਵੇਖ ਆਪਣੀ ਬੇਕਾਬੂ ਲਾਲਸਾ ਦੇ ਵੱਸ ਬਾਂਹ ਲੰਮੀ ਕਰਕੇ ਫੁੱਲ ਨੂੰ ਤੋੜ ਲੈਂਦਾ। ਇਕ ਇਕ ਕਰਕੇ ਫੁੱਲ ਖਿੜੀ ਜਾਂਦੇ ਤੇ ਤੋੜਨ ਵਾਲੇ ਤੋੜ ਕੇ ਲਈ ਜਾਂਦੇ। ਮਨ ਤਰਸ ਜਾਂਦਾ ਬਈ ਜੇ ਕਿਸੇ ਫੁੱਲ ਨੂੰ ਪੂਰਾ ਖਿੜਨ ਦੇ ਦਿੱਤਾ ਜਾਵੇ, ਪਰ ਜਿੰਨਾ ਕੁ ਇਨ੍ਹਾਂ ਫੁੱਲਾਂ ਨੂੰ ਭਰਪੂਰ ਖਿੜਨ ਦੇਣ ਦੀ ਚਾਹ ਹੁੰਦੀ, ਤੋੜਨ ਵਾਲੇ ਦੀ ਇੱਛਾ ਵਧੇਰੇ ਬਲਵਾਨ ਹੁੰਦੀ। ਤਦ ਮੈਨੂੰ ਫੁੱਲਾਂ ਬਾਰੇ ਕਈ ਕਵਿਤਾਵਾਂ ਯਾਦ ਆਉਂਦੀਆਂ। ਉਨ੍ਹਾਂ ਵਿਚ ਫੁੱਲਾਂ ਦੀ ਤਰਫੋਂ ਨਾ ਤੋੜੇ ਜਾਣ ਲਈ ਲਿਲਕੜੀਆਂ ਦੇ ਭਾਵ ਵੀ ਹੁੰਦੇ।
ਇਸ ਵਾਰੀ ਉੱਥੋਂ ਲੰਘਣ ਵਾਲਿਆਂ ਵਿਚ ਅਜਬ ਤਬਦੀਲੀ ਵੇਖੀ। ਕੋਈ ਟਾਂਵਾਂ ਟਾਂਵਾਂ ਲੋੜੀਂਦੀ ਵਸਤ ਲੈਣ ਲਈ ਜੇ ਘਰੋਂ ਬਾਹਰ ਨਿਕਲਦਾ ਵੀ ਤਾਂ ਤਾਵਲਾ ਤਾਵਲਾ ਤੁਰਦਾ, ਜਿਵੇਂ ਕੋਈ ਪਿੱਛੇ ਲੱਗਿਆ ਹੋਵੇ। ਪਹਿਲਾਂ ਲਾਗੇ ਦੇ ਸਕੂਲ ਨੂੰ ਜਾਂਦੇੇ ਮੁੰਡੇ ਤੇ ਕੁੜੀਆਂ ਇੱਥੋਂ ਲੰਘਦੇ। ਫੁੱਲ ਖਿੜਿਆ ਵੇਖ ਕੇ ਉਨ੍ਹਾਂ ਵਿਚੋਂ ਕੋਈ ਕਾਹਲੀ ਕਾਹਲੀ ਤੋੜ ਕੇ ਦੌੜ ਜਾਂਦਾ। ਹੁਣ ਉਹ ਘਰਾਂ ਵਿਚ ਹੀ ਡੱਕੇ ਮਹਿਸੂਸ ਕਰਦੇ। ਵੱਡੇ ਵੀ ਕੋਈ ਪੂਜਾ ਲਈ, ਕੋਈ ਆਪਣੇ ਕਿਸੇ ਪਿਆਰ-ਪਾਤਰ ਨੂੰ ਭੇਟ ਕਰਨ ਲਈ ਇਹ ਫੁੱਲ ਤੋੜ ਲੈਂਦੇ ਸਨ,ਪਰ ਹੁਣ ਇਸ ਰਾਹੋਂ ਆਵਾਜਾਈ ਨਾਂਮਾਤਰ ਹੀ ਹੈ। ਕੋਈ ਏਧਰ ਨੂੰ ਲੰਘਦਾ ਵੀ ਤਾਂ ਉਹ ਆਪਣੇ ਖ਼ਿਆਲਾਂ ਵਿਚ ਖੋਇਆ ਏਧਰ-ਓਧਰ ਤੱਕਦਾ ਹੀ ਨਹੀਂ।
ਇੰਜ ਉਨ੍ਹਾਂ ਬੂਟਿਆਂ ਤੇ ਜਿੰਨੇ ਫੁੱਲ ਖਿੜਦੇ ਕੋਈ ਤੋੜਦਾ ਹੀ ਨਹੀਂ। ਅੰਤ ਉਹ ਫੁੱਲ ਪੱਤੀ ਪੱਤੀ ਕਰਕੇ ਕਿਰ ਜਾਂਦੇ। ਇਸ ‘ਹੱਟ ਮਹਿਕ ਦੀ’ ਨੂੰ ਕੋਈ ਨਿਹਾਰਨ ਨਹੀਂ ਸੀ ਆ ਰਿਹਾ। ਹੁਣ ਤਾਂ ਸੱਚੀਂ ਇਹ ਸੌਦਾ ਵੀ ਮਹਿੰਗਾ ਨਹੀਂ ਸੀ ਲੱਗ ਰਿਹਾ ਕਿ ਕੋਈ ਕਿਸੇ ਫੁੱਲ ਨੂੰ ਤੋੜ ਵੀ ਲੈ ਜਾਵੇ। ਪ੍ਰਸੰਸਕ ਬਿਨਾਂ ਸੁੰਦਰਤਾ ਦਾ ਕੀ ਮੁੱਲ। ਸੰਸਾਰ ਵਿਚ ਬਹੁਤ ਨਿਰਜਨ ਥਾਵਾਂ ਅਜੇ ਵੀ ਹੋਣਗੀਆਂ ਜਿੱਥੇ ਕੁਦਰਤ ਦੇ ਅਦਭੁਤ ਦ੍ਰਿਸ਼ ਪਲ ਪਲ ਬਦਲਦੇ ਹੋਣਗੇ। ਫੁੱਲ ਵੀ ਬੇਸ਼ੁਮਾਰ ਖਿੜਦੇ ਹੋਣਗੇ। ਉਨ੍ਹਾਂ ਦੀ ਖ਼ੂਬਸੂਰਤੀ ਤੇ ਆਭਾ ਵੀ ਅਨੂਪਮ ਹੋਵੇਗੀ। ਅਨੇਕ ਭਾਂਤ ਦੇ ਕੀਟ ਤੇ ਪਰਿੰਦੇ ਉਨ੍ਹਾਂ ਦੇ ਦੁਆਲੇ ਝੁਰਮਟ ਪਾਉਂਦੇ ਹੋਣਗੇ। ਇਨਸਾਨ ਦੀ ਅੱਖ ਜੇ ਗ਼ੈਰਹਾਜ਼ਰ ਹੋਵੇਗੀ ਤਾਂ ਮਾਨਵੀ ਭਾਸ਼ਾ ਵਿਚ ਉਸ ਸੁਹਜ ਦਾ ਰਸ ਕਿਵੇਂ ਬਿਆਨ ਹੋ ਸਕੇਗਾ।
ਰਾਹਾਂ ਦੀ ਰੌਣਕ ਉੱਤੇ ਉਂਜ ਕੌਣ ਨਹੀਂ ਰੀਝਦਾ। ਮਨੁੱਖੀ ਆਵਾਜ਼ਾਂ ਦਾ ਸੰਗੀਤ ਕੀਹਨੂੰ ਚੰਗਾ ਨਹੀਂ ਲੱਗਦਾ। ਕਿਸੇ ਬਾਲ ਦੀ ਚੰਚਲਤਾ, ਕਿਸੇ ਬਜ਼ੁਰਗ ਦੀ ਸਹਿਜ ਚਾਲ, ਕਿਸੇ ਗੱਭਰੂ, ਮੁਟਿਆਰ ਦਾ ਲਰਜ਼ ਕੇ ਤੁਰਨਾ, ਕਿਸੇ ਦਾ ਚਿੰਤਾ ਵਿਚ ਤੇ ਕਿਸੇ ਦਾ ਚਾਅ ਵਿਚ ਪਰਤੀਤ ਹੋਣਾ। ਕੋਈ ਰੁੱਸਦਾ ਨਜ਼ਰੀਂ ਪਵੇ, ਕੋਈ ਆਪਣੇ ਨੂੰ ਪਿਆ ਮਨਾਵੇ, ਕੋਈ ਧਾ ਕੇ ਗਲ਼ ਮਿਲੇ ਤੇ ਫਿਰ ਮਿਲਣ ਦਾ ਵਾਅਦਾ ਕਰਕੇ ਵਿੱਛੜ ਵੀ ਜਾਵੇ। ਜੀਵਨ ਦੀਆਂ ਅਨੇਕਾਂ-ਅਨੇਕ ਝਾਤਾਂ ਜੀਵਨ ਵਿਚ ਮਿਠਾਸ ਘੋਲਣ। ਕੰਮਾਂ-ਕਾਰਾਂ ਵਿਚ ਲੱਗੇ ਕਾਮਿਆਂ ਨੂੰ ਤੱਕਣਾ ਵੀ ਨਸ਼ਾ ਦੇਵੇ। ਅੰਦਰ ਬੈਠੇ ਇਕੱਲੇ ਸਹੂਲਤਾਂ ਮਾਣਦੇ ਹੋਏ ਵੀ ਕਾਸੇ ਜੋਗੇ ਨਹੀਂ। ਜੀਵਨ ਦੇ ਰੰਗ ਰਸਦੇ-ਵਸਦੇ ਸੰਸਾਰ ਨਾਲ ਹੀ ਮਾਣੇ ਜਾ ਸਕਣ। ਖਿੜਕੀ ਵਿਚੋਂ ਵੇਖਦਾ ਹਾਂ। ਮਾਂ ਰਿਕਸ਼ਾ ਰੇਹੜੀ ਉੱਤੇ ਫ਼ਲ-ਸਬਜ਼ੀ ਵੇਚਣ ਤੁਰੀ। ਉਸ ਨੂੰ ਰਿਕਸ਼ਾ-ਰੇਹੜੀ ਠੀਕ ਤਰ੍ਹਾਂ ਸਾਂਭਣੀ ਨਹੀਂ ਆਉਂਦੀ। ਉਸ ਦਾ ਨਿੱਕਾ ਮੁੰਡਾ ਤੇ ਕੁੜੀ ਪਿੱਛੋਂ ਧੱਕਣ। ਹੋਕਾ ਮਾਰਨ ਦੀ ਵੀ ਜਾਚ ਨਹੀਂ। ਸੰਤਾਲੀ ਦਾ ਸੰਤਾਪ ਚੇਤੇ ਆਇਆ। ਜਿਹੜਾ ਵੀ ਕੰਮ ਮਿਲਦਾ ਉਹੀ ਕਰਨਾ ਪੈਂਦਾ। ਕਿਸੇ ਅੱਗੇ ਹੱਥ ਨਹੀਂ ਅੱਡੇ। ਜੀਵਨ ਸਦਾ ਜੇਤੂ ਰਿਹਾ, ਹੁਣ ਵੀ ਰਹੇਗਾ। ਰੌਣਕਾਂ ਮੁੜ ਪਰਤਣਗੀਆਂ। ਨਾਲ ਨਵੇਂ ਮਨੁੱਖ ਦਾ ਉਦੈ ਵੀ ਤਾਂ ਹੋਵੇਗਾ। ਆਮੀਨ!
ਸੰਪਰਕ : 88476-47101