ਗੁਰਮੀਤ ਸਿੰਘ*
ਅਸੀਂ ਕਾਲੇ ਅਤੇ ਚਿੱਟੇ ਬੁਲਬੁਲ ਦੇ ਆਕਾਰ ਦੇ ਲੰਮੀ ਪੂਛ ਵਾਲੇ ਪੰਛੀ ਨੂੰ ਆਪਣੇ ਬਾਗ਼ ਬਗੀਚਿਆਂ ਵਿਚ ਅਕਸਰ ਦੇਖਦੇ ਹਾਂ। ਇਸ ਨੂੰ ਪੰਜਾਬੀ ਵਿਚ ਧਿਆਲ ਚਿੜੀ, ਅੰਗਰੇਜ਼ੀ ਵਿਚ ‘ਓਰੀਐਂਟਲ ਮੈਗਪਾਈ ਰੌਬਿਨ’ (Oriental Magpie Robin) ਅਤੇ ਹਿੰਦੀ ਵਿਚ ਦਹਿਯਰ ਕਾਲੀ ਸੂਈ ਚਿੜੀਆ ਕਹਿੰਦੇ ਹਨ। ਇਹ ਪੰਛੀ ਵਿਸ਼ੇਸ਼ ਤੌਰ ’ਤੇ ਆਪਣੀ ਆਵਾਜ਼ ਲਈ ਮਸ਼ਹੂਰ ਹਨ ਅਤੇ ਇਹ ਕਿਸੇ ਵੇਲੇ ਪਿੰਜਰੇ ਦੇ ਪਾਲਤੂ ਪੰਛੀਆਂ ਦੇ ਤੌਰ ’ਤੇ ਪ੍ਰਸਿੱਧ ਸਨ। ਇਸ ਪੰਛੀ ਨੂੰ ਬੰਗਲਾਦੇਸ਼ ਦਾ ਰਾਸ਼ਟਰੀ ਪੰਛੀ ਚੁਣਿਆ ਗਿਆ ਹੈ।
ਇਹ ਚਿੜੀ 20 ਸੈਂਟੀਮੀਟਰ ਲੰਬੀ ਹੁੰਦੀ ਹੈ, ਜਿਸ ਵਿਚ ਇਸ ਦਾ ਲੰਬਾ ਸਾਰਾ ਪੂੰਝਾ ਵੀ ਸ਼ਾਮਲ ਹੁੰਦਾ ਹੈ ਜੋ ਅਕਸਰ ਸਿੱਧਾ ਹੁੰਦਾ ਹੈ। ਇਸਦੇ ਨਰ ਦਾ ਉੱਪਰਲਾ ਹਿੱਸਾ ਚਮਕਦਾਰ ਨੀਲਾ-ਕਾਲਾ ਹੁੰਦਾ ਹੈ। ਇਸਦੇ ਖੰਭ ਇਕ ਲੰਬੇ ਚਿੱਟੇ ਪੈਚ ਨਾਲ ਚਿੱਟੇ ਭੂਰੇ ਹੁੰਦੇ ਹਨ, ਗਲਾ ਅਤੇ ਛਾਤੀ ਨੀਲੇ ਅਤੇ ਕਾਲੇ ਰੰਗ ਦੀ ਭਾਅ ਮਾਰਦੇ ਹਨ। ਇਸ ਦੇ ਬਾਕੀ ਹਿੱਸੇ ਚਿੱਟੇ ਹਨ ਅਤੇ ਪੂੰਝੇ ਦੇ ਖੰਭ ਲੰਬੇ ਹੁੰਦੇ ਹਨ। ਮਾਦਾ ਵਿਚ ਕਾਲੇ ਹਿੱਸੇ ਭੂਰੇ ਅਤੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਜ਼ਿਆਦਾਤਰ ਕਾਸ਼ਤ ਵਾਲੇ ਖੇਤਰਾਂ ਅਤੇ ਖੁੱਲ੍ਹੇ ਜੰਗਲਾਂ ਵਿਚ ਪਾਇਆ ਜਾਣ ਵਾਲਾ ਪੰਛੀ ਹੈ। ਧਿਆਲ ਚਿੜੀ ਮਨੁੱਖੀ ਆਵਾਸ ਦੇ ਆਲੇ ਦੁਆਲੇ ਅਕਸਰ ਚੱਕਰ ਮਾਰਦੀ ਰਹਿੰਦੀ ਹੈ ਅਤੇ ਇਨ੍ਹਾਂ ਨੂੰ ਇਕੱਲੇ ਜਾਂ ਜੋੜਿਆਂ ਵਿਚ ਵੇਖਿਆ ਜਾਂਦਾ ਹੈ।
ਇਹ ਆਮਤੌਰ ’ਤੇ ਜ਼ਮੀਨ ਤੋਂ ਵੱਡੇ ਪੱਧਰ ’ਤੇ ਖਾਣਾ ਛੋਟੀਆਂ ਉਡਾਰੀਆਂ ਲਾ ਕੇ ਖਾਂਦੇ ਹਨ ਅਤੇ ਆਮ ਤੌਰ ’ਤੇ ਮਨੁੱਖੀ ਬਸਤੀਆਂ ਤੋਂ ਨਹੀਂ ਡਰਦੇ। ਇਹ ਮੁੱਖ ਤੌਰ ’ਤੇ ਜ਼ਮੀਨ ’ਤੇ ਚੱਲਦੇ ਫਿਰਦੇ ਕੀੜਿਆਂ ਅਤੇ ਫੁੱਲਾਂ ਦੇ ਰਸ ਨੂੰ ਵੀ ਪੀਂਦੇ ਹਨ। ਇਹ ਧਰਤੀ ਦੇ ਕੀੜੇ, ਛੋਟੀਆਂ ਛੋਟੀਆਂ ਕਿਰਲੀਆਂ ਅਤੇ ਕੁਝ ਹਰੀਆਂ ਸਬਜ਼ੀਆਂ ਦਾ ਸੇਵਨ ਵੀ ਕਰਦੇ ਹਨ।
ਧਿਆਲ ਚਿੜੀ ਮੁੱਖ ਤੌਰ ’ਤੇ ਭਾਰਤ ਵਿਚ ਮਾਰਚ ਤੋਂ ਜੁਲਾਈ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਜਨਵਰੀ ਤੋਂ ਜੂਨ ਤਕ ਪ੍ਰਜਣਨ ਕਰਦੀ ਹੈ। ਨਰ ਪ੍ਰਜਣਨ ਵੇਲੇ ਰੁੱਖਾਂ ਜਾਂ ਹੋਰ ਟਾਹਣੀਆਂ ਦੇ ਸਿਖਰ ਤੋਂ ਉੱਚੀ ਆਵਾਜ਼ ਵਿਚ ਗਾਉਂਦੇ ਹਨ। ਨਰ ਪੰਛੀ ਪ੍ਰਦਰਸ਼ਨ ਦੌਰਾਨ ਖੰਭ ਫੜਫੜਾਉਂਦਾ ਹੈ, ਆਪਣੀ ਚੁੰਝ ਉੱਪਰ ਨੂੰ ਚੁੱਕਦਾ ਹੈ ਅਤੇ ਆਪਣੇ ਪੂੰਝੇ ਨੰ ਚੁੱਕ ਕੇ ਪੱਖਾ ਬਣਾਉਂਦਾ ਹੈ। ਇਹ ਪੰਛੀ ਰੁੱਖਾਂ ਦੀਆਂ ਖੋੜਾਂ, ਖੋਖਲੀਆਂ ਜਾਂ ਦੀਵਾਰਾਂ ਜਾਂ ਇਮਾਰਤਾਂ ਵਿਚ ਆਪਣੇ ਆਲ੍ਹਣੇ ਬਣਾਉਂਦੇ ਹਨ। ਆਂਡੇ ਦੇਣ ਤੋਂ ਇਕ ਹਫ਼ਤੇ ਪਹਿਲਾਂ ਮਾਦਾ ਆਲ੍ਹਣਾ ਬਣਾਉਣ ਵਿਚ ਰੁੱਝੀ ਰਹਿੰਦੀ ਹੈ। ਚਾਰ ਜਾਂ ਪੰਜ ਅੰਡੇ 24 ਘੰਟਿਆਂ ਦੇ ਅੰਤਰਾਲ ਵਿਚ ਦਿੱਤੇ ਜਾਂਦੇ ਹਨ। ਇਹ ਆਮਤੌਰ ’ਤੇ ਪੀਲੇ, ਨੀਲੇ ਅਤੇ ਹਰੇ ਰੰਗ ਦੇ ਹੁੰਦੇ ਹਨ। ਮਾਦਾ ਵੱਲੋਂ 15 ਦਿਨਾਂ ਤੋਂ ਬਾਅਦ ਆਂਡਿਆਂ ਵਿਚੋਂ ਬੱਚੇ ਕੱਢੇ ਜਾਂਦੇ ਹਨ। ਮਾਦਾ ਵੱਲੋਂ ਬੱਚਿਆਂ ਨੂੰ ਖੁਆਉਣ ’ਤੇ ਜ਼ਿਆਦਾ ਮਿਹਨਤ ਕੀਤੀ ਜਾਂਦੀ ਹੈ। ਨਰ ਆਲ੍ਹਣੇ ਦੀ ਰੱਖਿਆ ਲਈ ਵਧੇਰੇ ਸਮਾਂ ਬਤੀਤ ਕਰਦੇ ਹਨ।
ਧਿਆਲ ਚਿੜੀ ਕਿਸੇ ਵੇਲੇ ਲੋਕਾਂ ਵੱਲੋਂ ਸੁਰੀਲੀ ਆਵਾਜ਼ ਕਰਕੇ ਪਸੰਦ ਕੀਤੀ ਜਾਂਦੀ ਸੀ। ਲੋਕਾਂ ਵੱਲੋਂ ਇਨ੍ਹਾਂ ਨੂੰ ਪਿੰਜਰੇ ਵਿਚ ਰੱਖਣਾ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ। ਇਸ ਨੂੰ ਵੇਖਦੇ ਹੋਏ ਇਸ ਚਿੜੀ ਦੀ ਤਸਕਰੀ ਵਿਚ ਵਾਧਾ ਹੋਇਆ। ਅੱਜ ਦੇਸ਼ ਵਿਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ ਜਿਸ ਕਰਕੇ ਧਿਆਲ ਚਿੜੀਆਂ ਨੂੰ ਫੜਨਾ, ਪਿੰਜਰੇ ਵਿਚ ਰੱਖਣਾ ਇਕ ਅਪਰਾਧ ਹੈ। ਇਸ ਕਾਰਨ ਹੁਣ ਇਹ ਪੰਛੀ ਸੁਰੱਖਿਅਤ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ : 98884-56910