ਮੁੰਬਈ: ਰਿਐਲਿਟੀ ਸ਼ੋਅ ‘ਰੋਡੀਜ਼’ ਦੇ ਨਵੇਂ ਸੀਜ਼ਨ ਦਾ ਪ੍ਰੋਮੋ ਸ਼ਨਿਚਰਵਾਰ ਨੂੰ ਰਿਲੀਜ਼ ਕੀਤਾ ਗਿਆ। ਇਸ ਪ੍ਰੋਮੋ ਵਿੱਚ ਸ਼ੋਅ ਦੇ ਨਵੇਂ ਆ ਰਹੇ ਸੀਜ਼ਨ ਲਈ ਚੈਨਲ ਦਾ ਇੱਕ ਅਧਿਕਾਰੀ ਸੋਨੂ ਸੂਦ ਨੂੰ ਸ਼ੋਅ ਦੀ ਮੇਜ਼ਬਾਨੀ ਕਰਨ ਲਈ ਆਖ ਰਿਹਾ ਹੈ। ਸੋਨੂੰ ਸੂਦ ਦੌੜ ਲਾ ਰਿਹਾ ਹੈ ਤੇ ਇਹ ਅਧਿਕਾਰੀ ਉਸ ਨਾਲ ਗੱਲ ਕਰਨ ਲਈ ਉਸ ਦੇ ਨਾਲ ਦੌੜਨਾ ਸ਼ੁਰੂ ਕਰ ਦਿੰਦਾ ਹੈ। ਦੋਵੇਂ ਜਣੇ ਸਰ੍ਹੋਂ ਦੇ ਇੱਕ ਖੇਤ ਕੋਲੋਂ ਲੰਘਦੇ ਹੋਏ ਪਿੰਡ ਦੀ ਇੱਕ ਨਿੱਕੀ ਜਿਹੀ ਦੁਕਾਨ ਕੋਲ ਪਹੁੰਚਦੇ ਹਨ। ਸੋਨੂ ਦੱਸਦਾ ਹੈ ਕਿ ਉਹ ਪਹਿਲਾਂ ਹੀ ਸ਼ੋਅ ਦੀ ਮੇਜ਼ਬਾਨੀ ਕਰਨ ਲਈ ਹਾਂ ਕਰ ਚੁੱਕਾ ਹੈ। ਇਸ ਨਵੇਂ ਸੀਜ਼ਨ ਵਿੱਚ ਨਵੇਂ ਤੇ ਹੋਰ ਖਤਰਨਾਕ ਕਾਰਨਾਮੇ ਸ਼ਾਮਲ ਕੀਤੇ ਗਏ ਹਨ। ਸ਼ੋਅ ਨਵੀਂ ਥਾਂ ’ਤੇ ਨਵੇਂ ਮਾਹੌਲ ਵਿੱਚ ਅਤੇ ਨਵੇਂ ਮੇਜ਼ਬਾਨ ਨਾਲ ਪੇਸ਼ ਕੀਤਾ ਜਾਵੇਗਾ। ਇਸ ਵਾਰ ਇਸ ਸ਼ੋਅ ਦਾ ਸਿਰਲੇਖ ‘ਐੱਮਟੀਵੀ ਰੋਡੀਜ਼: ਜਰਨੀ ਇਨ ਸਾਊਥ ਅਫਰੀਕਾ’ ਰੱਖਿਆ ਗਿਆ ਹੈ। ਸੋਨੂ ਸੂਦ ਸ਼ੋਅ ਦੇ ਉਮੀਦਵਾਰਾਂ ਨੂੰ ਹਦਾਇਤਾਂ ਤੇ ਉਨ੍ਹਾਂ ਨੂੰ ਹਰ ਨਵੇਂ ਪੜਾਅ ਦੀ ਜਾਣਕਾਰੀ ਦਿੰਦਾ ਨਜ਼ਰ ਆਵੇਗਾ। ਇਹ ਸ਼ੋਅ ਪੀਪਿਪ ਮੀਡੀਆ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵੱਲੋਂ ਇਸ ਵਾਰ ਨਵੇਂ ਕਾਰਨਾਮਿਆਂ ਨਾਲ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਜਾਵੇਗੀ। ਸ਼ੋਅ ਦੇ ਨਵੇਂ ਸੀਜ਼ਨ ਵਿੱਚ ਭਾਗ ਲੈਣ ਵਾਲੇ ਅੰਤਿਮ ਉਮੀਦਵਾਰਾਂ ਦੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ। -ਆਈਏਐੱਨਐੱਸ