ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਭਾਰਤੀ ਫ਼ਿਲਮ ਸਨਅਤ ਵਿਚ ਡੀ. ਐੱਨ. ਮਧੋਕ ਦਾ ਨਾਮ ਹਮੇਸ਼ਾਂ ਅਮਰ ਰਹੇਗਾ। ਉਹ ਕੇਵਲ ਨਗ਼ਮਾਨਿਗਾਰ ਹੀ ਨਹੀਂ ਸਨ ਬਲਕਿ ਫ਼ਿਲਮ ਤਾਰੀਖ਼ ਦੇ ਉਮਦਾ ਹਿਦਾਇਤਕਾਰ, ਕਹਾਣੀਨਵੀਸ, ਮੁਕਾਲਮਾਨਿਗਾਰ ਤੇ ਫ਼ਿਲਮਸਾਜ਼ ਵੀ ਸਨ। ਐਨੇ ਵਸਫ਼ਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਨਗ਼ਮਾਨਿਗਾਰੀ ’ਚ ਮਜ਼ੀਦ ਸ਼ੋਹਰਤ ਪਾਈ। ਪੰਡਤ ਦੀਨਾ ਨਾਥ ਮਧੋਕ ਉਰਫ਼ ਡੀ. ਐੱਨ. ਮਧੋਕ ਦੀ ਪੈਦਾਇਸ਼ 11 ਅਕਤੂਬਰ 1902 ਨੂੰ ਗੁੱਜਰਾਂਵਾਲਾ ਦੇ ਪੰਜਾਬੀ ਪੰਡਤ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਡਾਕ ਵਿਭਾਗ ਵਿਚ ਪੋਸਟ ਮਾਸਟਰ ਸਨ। ਲਾਹੌਰ ਤੋਂ ਬੀ. ਏ. ਕਰਨ ਤੋਂ ਬਾਅਦ ਮਧੋਕ ਨੇ ਰੇਲਵੇ ਵਿਭਾਗ ਵਿਚ ਬਤੌਰ ਕਲਰਕ ਮੁਲਾਜ਼ਮਤ ਕੀਤੀ। ਕਹਾਣੀ ਤੇ ਗੀਤ ਲਿਖਣ ਦੇ ਪੈਦਾਇਸ਼ੀ ਸ਼ੌਕ ਨੇ ਉਨ੍ਹਾਂ ਨੂੰ ਰੇਲਵੇ ਦੀ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ। 1930 ਵਿਚ ਮਧੋਕ ਪੈਰਾਮਾਊਂਟ ਫ਼ਿਲਮ ਕੰਪਨੀ ਵਿਚ ਸ਼ਾਮਲ ਹੋ ਗਏ।
ਜਦੋਂ ਆਰ. ਐੱਲ. ਸ਼ੋਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਮਲਾ ਮੂਵੀਟੋਨ, ਲਾਹੌਰ ਦੀ ਆਰ. ਏ. ਪੀ. ਕਪੂਰ ਦੇ ਸਾਂਝੇ ਯਤਨ ਨਾਲ ਧਾਰਮਿਕ ਹਿੰਦੀ ਫ਼ਿਲਮ ‘ਰਾਧੇ ਸ਼ਿਆਮ’ ਉਰਫ਼ ‘ਜ਼ੁਲਮ-ਏ-ਕੰਸ’ (1932) ਬਣਾਈ ਤਾਂ ਡੀ. ਐੱਨ. ਮਧੋਕ ਨੂੰ ਨਗ਼ਮਾਨਿਗਾਰੀ ਦਾ ਮੌਕਾ ਦਿੱਤਾ। ਮਧੋਕ ਨੇ ਫ਼ਿਲਮ ਵਿਚ ਨਵਾਬ ਖ਼ਾਨ (ਹਾਰਮੋਨੀਅਮ), ਬੰਨੇ ਖ਼ਾਂ (ਸਾਰੰਗੀ), ਐੱਮ. ਡੀ. ਖੁਰਸ਼ੀਦ (ਸਾਰੰਗੀ), ਜਤੀ ਬਖ਼ਸ਼ (ਤਬਲਾ) ਦੇ ਮੁਰੱਤਬਿ ਸੰਗੀਤ ਵਿਚ ਫ਼ਿਲਮ ਦੇ ਕੁੱਲ 29 ਗੀਤ ਤੇ ਮੁਕਾਲਮੇ ਲਿਖੇ। ਫ਼ਿਲਮ ਵਿਚ ਮਧੋਕ ਨੇ ‘ਵਾਸੂਦੇਵ’ ਦਾ ਕਿਰਦਾਰ ਵੀ ਨਿਭਾਇਆ। ਇਹ ਲਾਹੌਰ ਪੰਜਾਬ ਦੀ ਪਹਿਲੀ ਬੋਲਦੀ ਹਿੰਦੀ ਫ਼ਿਲਮ ਸੀ ਜੋ 2 ਸਤੰਬਰ 1932 ਨੂੰ ਅਲਫਿੰਸਟਨ ਥੀਏਟਰ ਵਿਚ ਰਿਲੀਜ਼ ਹੋਈ। ਡੀ. ਐੱਨ. ਮਧੋਕ ਦੀ ਹਿਦਾਇਤਕਾਰੀ (ਸਹਾਇਕ ਐੱਮ. ਆਰ. ਕਪੂਰ, ਬੀ. ਐੱਸ. ਕੇਮਰ) ਵਿਚ ਬਣੀ ਦੂਜੀ ਹਿੰਦੀ ਫ਼ਿਲਮ ਸੰਸਾਰ ਮੂਵੀਟੋਨ, ਬੰਬਈ ਦੀ ‘ਖ਼ੂਬਸੂਰਤ ਬਲਾ’ ਉਰਫ਼ ‘ਸ਼ੇਰਨੀ ਕੀ ਗ਼ਰਜ਼’ (1933) ਸੀ। ਫ਼ਿਲਮ ਦੀ ਕਹਾਣੀ, ਮੁਕਾਲਮੇ ਤੇ 10 ਗੀਤ ਵੀ ਮਧੋਕ ਨੇ ਲਿਖੇ। ਅਮਰ ਮੂਵੀਟੋਨ, ਬੰਬਈ ਦੀ ਜੇ. ਕੇ. ਨੰਦਾ ਨਿਰਦੇਸ਼ਿਤ ਫ਼ਿਲਮ ‘ਇੰਤਕਾਮ’ (1933) ਦੇ ਮੁਕਾਲਮਾਨਿਗਾਰ ਮਧੋਕ ਸਨ। ਕੈਲਾਸ਼ ਸਾਊਂਡ ਪਿਕਚਰਜ਼, ਬੰਬਈ ਦੀ ਫ਼ਿਲਮ ‘ਦੀਵਾਨੀ’ (1934) ਦੀ ਕਹਾਣੀ, ਮੁਕਾਲਮੇ ਤੇ ਹਿਦਾਇਤਕਾਰੀ ਦੇ ਫ਼ਰਜ਼ ਡੀ. ਐੱਨ. ਮਧੋਕ ਨੇ ਨਿਭਾਏ। ਪੈਰਾਮਾਊਂਟ ਮੂਵੀਟੋਨ, ਬੰਬਈ ਦੀ ਸਟੰਟ ਫ਼ਿਲਮ ‘ਬਗਦਾਦ ਕਾ ਚੋਰ’ ਉਰਫ਼ ‘ਥੀਫ ਆਫ ਬਗਦਾਦ’ (1934) ਦੇ ਹਿਦਾਇਤਕਾਰ ਤੇ ਮੁਕਾਲਮਾਨਿਗਾਰ ਮਧੋਕ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਹਿਦਾਇਤਕਾਰੀ ਵਿਚ ‘ਵਤਨ ਪ੍ਰਸਤ’ (1934), ‘ਮਸਤ ਫ਼ਕੀਰ’, ‘ਜਵਾਲਾਮੁਖੀ’, ‘ਦਿਲ ਕਾ ਡਾਕੂ’ (1936), ‘ਸ਼ਮਾ ਪਰਵਾਨਾ’ (1937), ‘ਸਨੇਹ ਲਗਨ’ (1938) ਨੁਮਾਇਸ਼ ਹੋਈਆਂ। ਫ਼ਿਲਮ ‘ਅਲਾਊਦੀਨ ਐਂਡ ਦਾ ਵੰਡਰਫੁੱਲ ਲੈਂਪ’ (1938) ਦੇ ਗੀਤ ਤੇ ਮੁਕਾਲਮੇ, ‘ਦਿਲ ਫ਼ਰੋਸ਼’ (1937) ਦੀ ਕਹਾਣੀ, ਫ਼ਿਲਮ ‘ਲਹਿਰੀ ਲੁਟੇਰਾ’ (1937) ਦੇ ਗੀਤ ਤੇ ਮੁਕਾਲਮੇ, ਫ਼ਿਲਮ ‘ਸ਼ਰਾਫ਼ੀ ਲੂਟ’ (1937) ਦੀ ਕਹਾਣੀ, ਗੀਤ ਤੇ ਹਿਦਾਇਤਕਾਰੀ ਕੀਤੀ।
1940ਵਿਆਂ ਦੇ ਦਹਾਕੇ ਵਿਚ ਡੀ. ਐੱਨ. ਮਧੋਕ ਨੇ ਬਹੁਤ ਸਾਰੀਆਂ ਫ਼ਿਲਮਾਂ ਦੇ ਮੁਕਾਲਮੇ ਤੇ ਗੀਤ ਲਿਖੇ। ਫ਼ਿਲਮ ਕਾਰਪੋਰੇਸ਼ਨ ਆਫ ਇੰਡੀਆ, ਕਲਕੱਤਾ ਦੀ ਰਾਮ ਦਰਿਆਨੀ ਨਿਰਦੇਸ਼ਿਤ ਫ਼ਿਲਮ ‘ਹਿੰਦੋਸਤਾਨ ਹਮਾਰਾ ਹੈ’ (1940) ਦੇ ਮੁਕਾਲਮਾਨਿਗਾਰ। ਜਮੁਨਾ ਪ੍ਰੋਡਕਸ਼ਨਜ਼, ਬੰਬਈ ਐੱਮ. ਸਾਦਿਕ ਨਿਰਦੇਸ਼ਿਤ ਫ਼ਿਲਮ ‘ਰਤਨ’ (1944) ਦੀ ਕਹਾਣੀ, ਮੁਕਾਲਮੇ ਤੇ 10 ਗੀਤ ਮਧੋਕ ਨੇ ਲਿਖੇ। ਸਵਰਨ ਲਤਾ ਤੇ ਕਰਨ ਦੀਵਾਨ ’ਤੇ ਫ਼ਿਲਮਾਏ ‘ਰੁਮਝੁਮ ਬਰਸੇ ਬਾਦਰਵਾ’, ‘ਅੱਖੀਆਂ ਮਿਲਾ ਕੇ ਜੀਆ ਭਰਮਾ ਕੇ’, ‘ਪਰਦੇਸੀ ਬਾਲਮ ਆ ਬਾਦਲ ਆਏ’, ‘ਆਈ ਦੀਵਾਲੀ’ (ਜ਼ੌਹਰਾ ਬਾਈ), ‘ਸਾਵਨ ਕੇ ਬਾਦਲੋ’ (ਜ਼ੌਹਰਾ, ਕਰਨ ਦੀਵਾਨ), ‘ਅੰਗੜਾਈ ਤੇਰੀ ਹੈ ਬਹਾਨਾ’ (ਮੰਜੂ), ‘ਜਬ ਤੁਮ ਹੀ ਚਲੇ ਪਰਦੇਸ’ (ਕਰਨ ਦੀਵਾਨ) ‘ਓ ਜਾਨੇ ਵਾਲੇ ਬਾਲਮਵਾ’ (ਅਮੀਰਬਾਈ, ਸ਼ਾਮ ਕੁਮਾਰ) ਆਦਿ ਗੀਤਾਂ ਨੇ ਹੱਦ ਦਰਜਾ ਮਕਬੂਲੀਅਤ ਹਾਸਲ ਕੀਤੀ। ਇਹ ਗੋਲਡਨ ਜੁਬਲੀ ਫ਼ਿਲਮ ਇੰਪੀਰੀਅਲ ਥੀਏਟਰ, ਬੰਬਈ ਵਿਖੇ 11 ਜਨਵਰੀ 1946 ਨੂੰ ਪਰਦਾਪੇਸ਼ ਹੋਈ। ਪ੍ਰਧਾਨ ਪਿਕਚਰਜ਼, ਲਾਹੌਰ ਦੀ ਹੀਰੇਨ ਬੋਸ ਨਿਰਦੇਸ਼ਿਤ ਫ਼ਿਲਮ ‘ਦਾਸੀ’ (1944) ਦੇ 11 ’ਚੋਂ 9 ਗੀਤ ਅਤੇ ਮੁਕਾਲਮੇ ਡੀ. ਐੱਨ. ਮਧੋਕ ਨੇ ਤਹਿਰੀਰ ਕੀਤੇ। ਗੀਤ ‘ਧਾਨ ਕੇ ਖੇਤ ਮੇਂ ਨਾ’, ‘ਹੋ ਰਸੀਆ ਹੋ’, ‘ਸੁਬਹਾ ਹੂਈ ਔਰ ਪੰਛੀ ਜਾਗੇ’ (ਜ਼ੀਨਤ ਬੇਗ਼ਮ), ‘ਖ਼ਾਮੋਸ਼ ਨਿਗਾਹੇਂ ਯੇ ਸੁਨਾਤੀ ਹੈ ਕਹਾਨੀ’ (ਐੱਸ. ਡੀ. ਬਾਤਿਸ਼) ਆਦਿ ਖ਼ੂਬ ਚੱਲੇ।
ਜਦੋਂ ਸੇਠ ਚੰਦੂ ਲਾਲ ਸ਼ਾਹ ਨੇ ਆਪਣੇ ਫ਼ਿਲਮਸਾਜ਼ ਅਦਾਰੇ ਸ੍ਰੀ ਰਣਜੀਤ ਮੂਵੀਟੋਨ ਕੰਪਨੀ, ਬੰਬੇ ਦੇ ਬੈਨਰ ਹੇਠ ਪਹਿਲੀ ਪੰਜਾਬੀ ਫ਼ਿਲਮ ‘ਮਿਰਜ਼ਾ ਸਾਹਿਬਾਂ’ (1939) ਬਣਾਈ ਤਾਂ ਡੀ. ਐੱਨ. ਮਧੋਕ ਨੂੰ ਫ਼ਿਲਮ ਦੇ ਹਿਦਾਇਤਕਾਰ ਵਜੋਂ ਪੇਸ਼ ਕੀਤਾ। ਇਹ ਫ਼ਿਲਮ ਮਧੋਕ ਦੀ ਹਿਦਾਇਤਕਾਰੀ ਤੇ ਨਗ਼ਮਾਨਿਗਾਰੀ ਵਿਚ ਬਣੀ ਪਹਿਲੀ ਪੰਜਾਬੀ ਫ਼ਿਲਮ ਸੀ, ਜਿਸ ਦੀ ਮੌਸੀਕੀ ਮਨੋਹਰ ਕਪੂਰ ਨੇ ਮੁਰੱਤਬਿ ਕੀਤੀ। ਫ਼ਿਲਮ ਵਿਚ ਮਧੋਕ ਨੇ 12 ਗੀਤ ਲਿਖੇ ‘ਮੱਥੇ ਲੇਖ ਲਿਖੇਂਦਿਆ ਕੋਈ ਲਿਖ ਇਸ਼ਕੇ ਦੀ ਗੱਲ’, ‘ਮੇਰਾ ਰੱਬ ਵੇ ਦਿਲਾਂ ਤੋਂ ਨੇੜੇ’, ‘ਸਈਓ ਨੀਂ ਮੈਂਡਾ ਢੋਲ ਬਿਗਾਨੇ ਦੇਸ਼’, ‘ਦੂਰੋਂ ਆਇਆ ਢੋਲਾ ਓ ਬੜਬੋਲਾ’, ‘ਜਦੋਂ ਹੋਸ਼ ਨਈ ਸੀ ਅਸਾਂ ਹੋਸ਼ ਗਵਾ ਲੈ’ (ਮਿਸ ਕਲਿਆਣੀ), ‘ਨੀਂ ਤੂੰ ਨਿੱਕੀ ਜਿਹੀ ਗੁੱਡੀ ਏਂ ਤੂੰ ਮੇਰਾ ਪਟੋਲਾ’, ‘ਨੈਣ ਸਤਾਵਣ ਵਾਲੇ ਹੀਰੀਏ ਜੀਣ ਨਾ ਦੇਂਦੇ’ (ਜ਼ਹੂਰ ਰਾਜ਼ਾ, ਇਲਾ ਦੇਵੀ), ‘ਉੱਚੀਆਂ ਤੇ ਲੰਮੀਆਂ ਟਾਹਲੀਆਂ ਨੀਂ ਓਏ’, ‘ਮੇਰੀ ਡੋਰ ਵੀ ਬੰਨ੍ਹ ਲੈ ਨਾਲ ਅੜਿਆ’ (ਇਲ ਦੇਵੀ, ਜ਼ਹੂਰ ਰਾਜਾ, ਸੁਰੇਸ਼), ‘ਯਾਰ ਨਾ ਆਇਆ’ (ਮਨੋਹਰ ਕਪੂਰ) ਆਦਿ ਬੜੇ ਮਕਬੂਲ ਹੋਏ। ਫ਼ਿਲਮ ਵਿਚ ‘ਮਿਰਜ਼ੇ’ ਦਾ ਪਾਰਟ ਜ਼ਹੂਰ ਰਾਜ਼ਾ ਅਤੇ ‘ਸਾਹਿਬਾਂ’ ਦਾ ਕਿਰਦਾਰ ਇਲਾ ਦੇਵੀ ਨਿਭਾ ਰਹੀ ਸੀ। ਇਹ ਫ਼ਿਲਮ 12 ਮਈ 1939 ਨੂੰ ਪ੍ਰਭਾਤ ਟਾਕੀਜ਼ ਤੇ ਨਾਵਲਟੀ ਸਿਨਮਾ, ਲਾਹੌਰ ਅਤੇ 7 ਜੁਲਾਈ 1939 ਨੂੰ ਜੁਬਲੀ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਡੀ. ਐੱਨ. ਮਧੋਕ ਦੀ ਦੂਜੀ ਪੰਜਾਬੀ ਫ਼ਿਲਮ ਜਗਤ ਪਿਕਚਰਜ਼, ਕਲਕੱਤਾ ਦੀ ਫਣੀ ਮਜੂਮਦਾਰ ਨਿਰਦੇਸ਼ਿਤ ‘ਚੰਬੇ ਦੀ ਕਲੀ’ (1941) ਸੀ। ਫ਼ਿਲਮ ਦੀ ਕਹਾਣੀ ਅਤੇ ਕੁਝ ਗੀਤ ਮਧੋਕ ਨੇ ਲਿਖੇ ਤੇ ਬਾਕੀ ਗੀਤ ਵਲੀ ਸਾਹਿਬ ਨੇ ਤਹਿਰੀਰ ਕੀਤੇ ਜਦੋਂ ਕਿ ਸੰਗੀਤਕ ਤਰਜ਼ਾਂ ਜੀ. ਏ. ਚਿਸ਼ਤੀ ਨੇ ਤਾਮੀਰ ਕੀਤੀਆਂ। ਇਹ ਫ਼ਿਲਮ 16 ਮਈ 1941 ਨੂੰ ਪ੍ਰਭਾਤ ਟਾਕੀਜ਼, ਲਾਹੌਰ ’ਚ ਰਿਲੀਜ਼ ਹੋਈ।
ਨਿਸ਼ਾਤ ਪ੍ਰੋਡਕਸ਼ਨਜ਼, ਬੰਬੇ ਦੀ ਏ. ਆਰ. ਕਾਰਦਾਰ ਦੀ ਫ਼ਿਲਮਸਾਜ਼ੀ ਤੇ ਜੇ. ਕੇ. ਨੰਦਾ ਦੀ ਹਿਦਾਇਤਕਾਰੀ ਵਿਚ ਬਣੀ ਪਹਿਲੀ ਪੰਜਾਬੀ ਫ਼ਿਲਮ ‘ਕੁੜਮਾਈ’ (1941) ਵਿਚ ਡੀ. ਐੱਨ. ਮਧੋਕ ਨੇ ਫ਼ਿਲਮ ਦੀ ਕਹਾਣੀ, ਮੁਕਾਲਮੇ ਤਹਿਰੀਰ ਕਰਨ ਦੇ ਨਾਲ 12 ਖ਼ੂਬਸੂਰਤ ਗੀਤ ਵੀ ਲਿਖੇ ‘ਬੰਨ੍ਹਾ ਖੂਹ ਦਾ ਅੜਿਆ’, ‘ਮਾਹੀ ਵੇ ਰਾਤਾਂ ਚਾਨਣੀਆ’, ‘ਮੁਰਲੀ ਸੁਣਾ ਜਾ ਵੇ’, ‘ਹਰਦਮ ਨੌਕਰ ਤੇਰੀ ਆਂ’ (ਰਾਜਕੁਮਾਰੀ), ‘ਦਿਲ ਇੰਜ-ਇੰਜ ਕਰਦਾ’ (ਜੀ. ਐੱਮ. ਦੁੱਰਾਨੀ), ‘ਜੇ ਮੈਂ ਜਾਣਦਾ ਨਾ ਲਾਂਦਾ’ (ਅਲਾਊਦੀਨ), ‘ਗੋਟੇ ਦਾ ਹਾਰ ਵੇ ਮੈਂ ਗਲ ਵਿਚ ਪਾਨੀ ਆਂ’ (ਇਕਬਾਲ ਬੇਗ਼ਮ, ਦੁੱਰਾਨੀ, ਰਾਜਕੁਮਾਰੀ) ਆਦਿ ਬੜੇ ਮਕਬੂਲ ਹੋਏ। ਇਹ ਫ਼ਿਲਮ 29 ਅਗਸਤ 1941 ਨੂੰ ਰੀਜੈਂਟ ਸਿਨਮਾ, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਹੋਈ। ਮਾਹੇਸ਼ਵਰੀ ਪਿਕਚਰਜ਼਼, ਬੰਬੇ ਦੀ ਪਦਮ ਮਾਹੇਸ਼ਵਰੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਸਤਲੁਜ ਦੇ ਕੰਢੇ’ (1964) ’ਚ ਇਕ ਗੀਤ ਲਿਖਿਆ ‘ਨਾ ਦਿਸੇ ਤੂੰ ਨਾ ਦਿਸੇ ਤੇਰਾ ਪਰਛਾਵਾਂ’ (ਮੁਹੰਮਦ ਰਫ਼ੀ), ਜਿਸਦਾ ਸੰਗੀਤ ਹੰਸਰਾਜ ਬਹਿਲ ਨੇ ਤਿਆਰ ਕੀਤਾ। ਇਸ ਫ਼ਿਲਮ ਨੂੰ ਬਿਹਤਰੀਨ ਕਹਾਣੀ ਦਾ ਨੈਸ਼ਨਲ ਐਵਾਰਡ ਮਿਲਿਆ।
ਡੀ. ਐੱਨ. ਮਧੋਕ ਨੇ ਆਪਣੇ ਜ਼ਾਤੀ ਫ਼ਿਲਮਸਾਜ਼ ਅਦਾਰੇ ਮਾਨਸਰੋਵਰ ਪਿਕਚਰਜ਼, ਬੰਬਈ ਦੀ ਸਥਾਪਨਾ ਕੀਤੀ। ਇਸ ਬੈਨਰ ਹੇਠ ਉਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿਚ ਫ਼ਿਲਮ ‘ਨਾਓ’ (1948) ਬਣਾਈ। ਫ਼ਿਲਮ ਦੀ ਕਹਾਣੀ ਤੇ 10 ਗੀਤ ਵੀ ਮਧੋਕ ਨੇ ਲਿਖੇ, ਜਿਸ ਦਾ ਸੰਗੀਤ ਗਿਆਨ ਦੱਤ ਨੇ ਤਿਆਰ ਕੀਤਾ। ਆਪਣੇ ਬੈਨਰ ਦੀ ਹੀ ਦੂਜੀ ਰਾਮ ਕਮਲਾਨੀ ਨਿਰਦੇਸ਼ਿਤ ਫ਼ਿਲਮ ‘ਖ਼ਾਮੋਸ਼ ਸਿਪਾਹੀ’ (1950) ਦਾ ਮੰਜ਼ਰਨਾਮਾ, ਮੁਕਾਲਮੇ, ਗੀਤ ਤੋਂ ਇਲਾਵਾ ਫ਼ਿਲਮ ਦੇ ਨਿਗਰਾਨਕਾਰ ਵੀ ਖ਼ੁਦ ਮਧੋਕ ਸਨ। ਦੀਨਾ ਨਾਥ ਮਧੋਕ ਦੀ ਆਖ਼ਰੀ ਹਿੰਦੀ ਫ਼ਿਲਮ ਮਿਨਰਵਾ, ਬੰਬਈ ਦੀ ਸੋਹਰਾਬ ਮੋਦੀ ਨਿਰਦੇਸ਼ਿਤ ‘ਸਮਾ ਬੜਾ ਬਲਵਾਨ’ (1969) ਸੀ। ਫ਼ਿਲਮ ’ਚ ਉਨ੍ਹਾਂ ਨੇ ਊਸ਼ਾ ਖੰਨਾ ਦੇ ਸੰਗੀਤ ’ਚ 8 ਗੀਤ ਲਿਖੇ ਸਨ।
9 ਜੁਲਾਈ 1982 ਨੂੰ ਦਿਲ ਦੀ ਬਿਮਾਰੀ ਦੇ ਚੱਲਦਿਆਂ 80 ਸਾਲਾਂ ਦੀ ਉਮਰ ਵਿਚ ਪੰਡਤ ਦੀਨਾ ਨਾਥ ਮਧੋਕ ਦਾ ਹੈਦਰਾਬਾਦ ਵਿਖੇ ਦੇਹਾਂਤ ਹੋ ਗਿਆ।
ਸੰਪਰਕ: 97805-095450