ਹੈਦਰਾਬਾਦ: ਤੇਲਗੂ ਫ਼ਿਲਮ ‘ਭੀਮਲਾ ਨਾਇਕ’ ਅਗਾਮੀ 25 ਫਰਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਅਦਾਕਾਰ ਪਵਨ ਕਲਿਆਣ ਤੇ ਰਾਣਾ ਡੱਗੂਬਾਤੀ ਦੀ ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਹ ਐਲਾਨ ਅੱਜ ਨਿਰਮਾਤਾਵਾਂ ਨੇ ਕੀਤਾ ਹੈ। ਰਿਪੋਰਟਾਂ ਅਨੁਸਾਰ ‘ਭੀਮਲਾ ਨਾਇਕ’ ਦੇ ਨਿਰਮਾਤਾਵਾਂ ਵੱਲੋਂ ਭਲਕੇ 21 ਫਰਵਰੀ ਨੂੰ ਹੈਦਰਾਬਾਦ ਦੇ ਯੂਸਫ਼ਗੁੜਾ ਪੁਲੀਸ ਮੈਦਾਨ ਵਿੱਚ ਫ਼ਿਲਮ ਦਾ ਪ੍ਰੀ-ਰਿਲੀਜ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾਵੇਗਾ। ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਤਿਲੰਗਾਨਾ ਦੇ ਮੰਤਰੀ ਤੇ ਟੀਆਰਐੱਸ ਆਗੂ ਕੇ.ਟੀ. ਰਾਮਾ ਰਾਓ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਪਵਨ ਕਲਿਆਣ ਤੇ ਰਾਣਾ ਡੱਗੂਬਾਤੀ ਦੀ ਫਿਲਮ ਕਰੀਬ 141 ਮਿੰਟ ਲੰਮੀ ਹੈ। ਸਿਤਾਰਾ ਐਂਟਰਟੇਨਮੈਂਟਸ ਦੇ ਬੈਨਰ ਹੇਠ ਬਣਨ ਵਾਲੀ ਇਸ ਫ਼ਿਲਮ ਵਿਚ ਨਿੱਤਿਆ ਮੈਨਨ ਅਤੇ ਸੰਯੁਕਤ ਮੈਨਨ ਅਦਾਕਾਰਾਂ ਵਜੋਂ ਨਜ਼ਰ ਆਉਣਗੀਆਂ। ਇਹ ਫ਼ਿਲਮ ਸਾਲ 2020 ਵਿੱਚ ਆਈ ਮਲਿਆਲਮ ਫ਼ਿਲਮ ‘ਅਯੱਪਨਮ ਕੋਸ਼ੀਅਮ’ ਦਾ ਰੀਮੇਕ ਹੈ। -ਆਈਏਐੱਨਐੱਸ