ਲਾਸ ਏਂਜਲਸ: ਅੰਗਰੇਜ਼ੀ ਭਾਸ਼ਾ ਵਿੱਚ ਬਣੀ ਵੈੱਬ ਸੀਰੀਜ਼ ‘ਸਟਰੇਂਜਰ ਥਿੰਗਜ਼-4’ ਦੇ ਪਹਿਲੇ ਭਾਗ ਨੇ ਨੈੱਟਫਲਿਕਸ ’ਤੇ ਪਹਿਲੇ ਹਫ਼ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੈੱਬ ਸੀਰੀਜ਼ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ‘ਬ੍ਰਿਜਰਟਨ -2’ ਦੇ ਨਾਂ ਸੀ। ਡਫਰ ਬ੍ਰਦਰਜ਼ ਵੱਲੋਂ ਤਿਆਰ ਕੀਤੀ ਗਈ ਇਹ ਜਾਸੂਸੀ ਸੀਰੀਜ਼ ਤਿੰਨ ਸਾਲਾਂ ਦੇ ਵਕਫੇ ਮਗਰੋਂ ਰਿਲੀਜ਼ ਕੀਤੀ ਗਈ ਹੈ, ਜਿਸ ਦੇ ਸੱਤ ਐਪੀਸੋਡ ਤਿਆਰ ਕੀਤੇ ਗਏ ਹਨ। ਇਸ ਸੀਰੀਜ਼ ਦਾ ਦੂਸਰਾ ਭਾਗ ਵੀ ਪਹਿਲੀ ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ, ਜਿਸ ਵਿੱਚ ਦੋ ਐਪੀਸੋਡ ਹੋਣਗੇ। ਨੈੱਟਫਲਿਕਸ ਵੱਲੋੋਂ 27 ਮਈ ਨੂੰ ਰਿਲੀਜ਼ ਕੀਤੀ ਗਈ ਟੌਪ 10 ਰੈਂਕਿੰਗ ਅਨੁਸਾਰ 23 ਤੋਂ 30 ਮਈ ਵਿਚਕਾਰ ਡਫਰ ਭਰਾਰਾਂ ਦੀ ਇਸ ਸੀਰੀਜ਼ ਨੂੰ 287 ਲੱਖ ਘੰਟੇ ਵੇਖਿਆ ਗਿਆ, ਜੋ ਇਸ ਪਲੈਟਫਾਰਮ ’ਤੇ ਵੇਖੀਆਂ ਗਈਆਂ ਹੋਰਨਾਂ ਸੀਰੀਜ਼ ਨਾਲੋਂ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਇਸ ਸੀਰੀਜ਼ ਦੇ ਚਾਰੇ ਸੀਜ਼ਨ ਨੈੱਟਫਲਿਕਸ ਦੀਆਂ ਸਿਖਰਲੀਆਂ ਪੰਜ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਸੀਰੀਜ਼ ਵਿੱਚ ਸ਼ੁਮਾਰ ਹੋ ਗਏ ਹਨ। ਇਸੇ ਵੈੱਬ ਸੀਰੀਜ਼ ਦਾ ਪਹਿਲਾ ਸੀਜ਼ਨ ਵੀ 23 ਤੋਂ 30 ਮਈ ਦੌਰਾਨ 28 ਲੱਖ ਘੰਟੇ ਵੇਖਿਆ ਗਿਆ, ਜਿਸ ਨਾਲ ਇਹ ਸੀਜ਼ਨ ਇਸ ਸੂਚੀ ਵਿੱਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ