ਡਾ. ਆਸਾ ਸਿੰਘ ਘੁੰਮਣ
ਪੰਜਾਬ ਦੇ ਦੇਸੀ ਮਹੀਨਿਆਂ ਵਿਚ ਸਾਵਣ ਦਾ ਮਹੀਨਾ ਵੱਖਰੀ ਤਬੀਅਤ ਦਾ ਮਹੀਨਾ ਹੁੰਦਾ ਹੈ। ਇਸ ਨਾਲ ਪੰਜਾਬੀਆਂ ਦੇ ਬਹੁ-ਅਨਭਵੀ ਚਾਅ-ਮਲਾਰ ਜੁੜੇ ਹੋਏ ਹਨ। ਜੇਠ-ਹਾੜ੍ਹ ਦੀਆਂ ਤਪਦੀਆਂ ਲੂਆਂ ਅਤੇ ਭਖਦੇ ਤੰਦੂਰ ਵਰਗੇ ਤਪਸ਼ੀ ਦਿਨਾਂ ਤੋਂ ਬਾਅਦ ਜਦੋਂ ਬੱਦਲਾਂ ਦੀਆਂ ਠੰਢੀਆਂ ਮਿੱਠੀਆਂ ਫੁਹਾਰਾਂ ਧਰਤੀ ਤਕ ਪਹੁੰਚਦੀਆਂ ਹਨ ਤਾਂ ਇਕ ਅਲੌਕਿਕ ਸੁਖਾਵਾਂ ਵਾਤਾਵਰਣ ਸਿਰਜਿਆ ਜਾਂਦਾ ਹੈ। ਵਰਖਾ ਦੀਆਂ ਇਹ ਰਹਿਮਤਾਂ ਜਿਸਮਾਂ ਨੂੰ ਤਾਂ ਧੁਰ ਅੰਦਰ ਤਕ ਤ੍ਰਿਪਤੀ ਬਖ਼ਸ਼ਦੀਆਂ ਹੀ ਹਨ, ਇਹ ਉਪਜੀਵਕਾ ਦੇ ਸਾਧਨਾਂ ’ਚ ਵੀ ਵੱਡਾ ਰੋਲ ਅਦਾ ਕਰਦੀਆਂ ਹਨ। ਪੰਜਾਬ ਦੀ ਸੰਭਾਵਨਾਵਾਂ ਭਰਪੂਰ, ਜਰਖੇਜ਼ ਧਰਤੀ ਇੰਜ ਮੌਲਦੀ ਹੈ ਜਿਵੇਂ ਨਵ-ਵਿਆਹੀ ਨਵੇਂ ਵਸਤਰਾਂ ਵਿਚ, ਗਹਿਣਿਆਂ-ਲੱਦੀ, ਮਹਿਕਦੀ-ਚਹਿਕਦੀ-ਟਹਿਕਦੀ, ਪੱਬ ਭੁੰਜੇ ਨਹੀਂ ਲਾਉਂਦੀ। ਜਿਵੇਂ ਸਿਰਜਣਾ-ਪ੍ਰਕਿਰਿਆ ਵਿਚ ਸੁਆਣੀ ਦਾ ਮੱਥਾ ਨੂਰੋ-ਨੂਰ ਹੁੰਦਾ ਹੈ। ਧਰਤੀ ਹੀ ਨਹੀਂ, ਆਸਮਾਨ ਵੀ ਪੁਰ-ਜਲੌਅ ਹੁੰਦਾ ਹੈ। ਉਹ ਅਕਾਸ਼ ਜਿੱਥੇ ਪੰਜਾਬੀਆਂ ਦਾ ਰੱਬ ਵੱਸਦੈ, ਸਵੇਰ ਤੋਂ ਸ਼ਾਮ ਤਕ ਕਈ ਰੰਗ-ਰੂਪ ਬਦਲਦੈ ਅਤੇ ਦ੍ਰਿਸ਼ਟ-ਇੰਦਰੀਆਂ ਨੂੰ ਤ੍ਰਿਪਤ ਕਰਦੈ। ਕਾਲੇ-ਸਿਆਹ ਬੱਦਲਾਂ ਵਿਚ ਚਮਕਦੀਆਂ ਚਾਂਦੀ-ਰੰਗੀ ਬਿਜਲੀ ਦੀਆਂ ਤਾਰਾਂ ਕਿਆ ਇਲਾਹੀ ਨਜ਼ਾਰਾ ਬੰਨ੍ਹਦੀਆਂ ਹਨ। ਚਮਕਣ ਦੇ ਤਲਿਸਮੀ ਝਲਕਾਰਿਆਂ ਦੇ ਨਾਲ ਜਦੋਂ ਗੜ-ਗੜ ਕਰਦੀ ਗਰਜਾਹਟ ਰਲਦੀ ਹੈ ਤਾਂ ਮਨ-ਮਸਤਕ ਵਿਸਮਾਦੀ ਹੋ ਉੱਠਦੈ। ਅੰਬਰ ਤੋਂ ਵਰ੍ਹਦੀਆਂ ਕਣੀਆਂ ਜਦੋਂ ਧਰਤੀ ’ਤੇ ਡਿੱਗਦੀਆਂ ਹਨ, ਡਿੱਗਣ ਵਾਲੀ ਵਸਤੂ ਦੇ ਅਨੁਸਾਰ ਕਈ ਕਿਸਮ ਦੀਆਂ ਸੰਗੀਤਕ ਲੈਆਂ ਪੈਦਾ ਕਰਦੀਆਂ ਹਨ। ਸਹਿਜ-ਭਾ ਡਿੱਗਦੀਆਂ ਫੁਹਾਰਾਂ ਦੀ ਲੈਅ ਹੋਰ ਹੁੰਦੀ ਹੈ ਅਤੇ ਤਾਬੜ-ਤੋੜ ਮੂਸਲਾਧਾਰ ਬਾਰਸ਼ ਦੀ ਹੋਰ। ਕਣੀਆਂ ਦਾ ਆਪਣਾ ਰਾਗ ਹੁੰਦਾ ਹੈ, ਪ੍ਰਣਾਲਿਆਂ ਦਾ ਆਪਣਾ। ਖਾਣ-ਪੀਣ, ਸੁੰਘਣ, ਦੇਖਣ ਅਤੇ ਮਹਿਸੂਸ ਕਰਨ ਦੀਆਂ ਸਭੋ ਇੰਦਰੀਆਂ ਤ੍ਰਿਪਤ ਹੋ ਜਾਂਦੀਆਂ ਹਨ।
ਇਸ ਸਮੇਂ ਦੌਰਾਨ ਜਿੱਥੇ ਕੁਦਰਤ ਆਪਣੇ ਰਹੱਸਮਈ ਸੰਸਾਰ ਵਿਚੋਂ ਕਈ ਨੇਹਮਤਾਂ ਪ੍ਰਦਾਨ ਕਰਦੀ ਹੈ, ਉੱਥੇ ਪੰਜਾਬੀ ਵੀ ਕੁਦਰਤ ਸੰਗ ਹੇਲ-ਮੇਲ ਹੋਣ ਵਿਚ ਪਿੱਛੇ ਨਹੀਂ ਰਹਿੰਦੇ, ਖਾਸ ਤੌਰ ’ਤੇ ਪੰਜਾਬਣਾਂ। ਪੰਜਾਬਣਾਂ ਨੇ ਸਾਉਣ ਮਹੀਨੇ ਵਿਚ ਰਲ ਬੈਠਣ ਅਤੇ ਖੁਸ਼ੀਆਂ ਮਨਾਉਣ ਲਈ ਰਿਸ਼ਤੇਦਾਰੀਆਂ ਦੇ ਮੋਹ-ਮੱਤੇ ਮੌਕੇ ਸੰਜੋਅ ਰੱਖੇ ਹਨ। ਅੱਜ ਦੇ ਕਾਰੋਬਰੀ-ਕੇਂਦਰਤ, ਗਲੋਬਲ ਸੰਸਾਰ ਨੂੰ ਦੇਣ ਲਈ ਜੇ ਪੰਜਾਬੀ ਵਿਰਾਸਤ ਕੋਲ ਕੁਝ ਹੈ ਤਾਂ ਉਹ ਹੈ ਪਰਿਵਾਰ-ਪ੍ਰਤੀਬੱਧਤਾ ਅਤੇ ਰਿਸ਼ਤੇਦਾਰੀਆਂ ਕਾਇਮ ਰੱਖਣ ਅਤੇ ਨਿਭਾਉਣ ਦੀ ਪਰੰਪਰਾ; ਆਪਸੀ ਮੋਹ-ਪਿਆਰ ਦੀਆਂ ਪੀਡੀਆਂ ਗੰਢਾਂ ਅਤੇ ਨਰੋਈਆਂ ਤੰਦਾਂ। ਇਸ ਦੀ ਮਿਸਾਲ ਹੈ ਸਾਉਣ ਮਹੀਨੇ ਵਿਚ ਮਨਾਏ ਜਾਂਦੇ ਦੋ ਤਿਓਹਾਰ ਜੋ ਮੁੱਖ ਤੌਰ ’ਤੇ ਔਰਤਾਂ ਨਾਲ ਸਬੰਧਤ ਹਨ:
ਤੀਆਂ ਅਤੇ ਰੱਖੜੀ।
ਔਰਤ ਹਰ ਸਮਾਜ ਵਿਚ ਹੀ ਆਪਸੀ ਸਬੰਧਾਂ ਦੀ ਮਹਿਕ ਕਾਇਮ ਰੱਖਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਰਹੀ ਹੈ। ਸਮਾਜ ਵਿਚਲੇ ਖੂੁਨ ਦੇ ਸਾਰੇ ਰਿਸ਼ਤੇ ਜਨਨੀ ਤੋਂ ਹੀ ਬਣਦੇ-ਵਿਗਸਦੇ ਹਨ। ਜਨਮ ਦਾਤੀ ਹੀ ਰਿਸ਼ਤਿਆਂ ਦਾ ਪੰਘੂੜਾ ਅਤੇ ਪ੍ਰਤੀ-ਪਾਲਕ ਹੈ। ਪੰਜਾਬੀਆਂ ਨੇ ਹਮੇਸ਼ਾਂ ਧੀ-ਭੈਣ ਦੇ ਰਿਸ਼ਤੇ ਨੂੰ ਪਾਕ-ਪਵਿੱਤਰ ਰਿਸ਼ਤਾ ਗਿਣਿਆ ਹੈ। ਰਿਸ਼ਤਿਆਂ ਪੱਖੋਂ ਅਜੋਕੇ ਧੁੰਦੂਕਾਰੇ ਵਾਲੇ ਵਰਤਾਰਿਆਂ ਨੂੰ ਕੇਂਦਰ ਵਿਚ ਰੱਖ ਕੇ ਵੇਖਦਿਆਂ, ਇਹ ਅਹਿਸਾਸ ਨਿੱਤਰ ਆਉਂਦੇ ਹਨ ਕਿ ਪੰਜਾਬੀ ਸਮਾਜ ਮੁੱਖ ਤੌਰ ’ਤੇ ਹਯਾਈ ਮਰਿਆਦਾਵਾਂ ਕਾਇਮ ਰੱਖਣ ਵਾਲਾ ਸਮਾਜ ਹੈ। ਪੰਜਾਬਣ ਦੇ ਮਨ ਵਿਚ ਵੀ ਕੰਤ-ਕਲੋਲ ਅਤੇ ਮਾਹੀ-ਮਿਲਣ ਦੇ ਅਨੇਕਾਂ ਚਾਵ-ਭਾਵ ਉੱਸਲਵਾਟੇ ਤਾਂ ਲੈਂਦੇ ਹਨ, ਪਰ ਉਸ ਲਈ ਬਾਬਲ ਦੀ ਇੱਜ਼ਤ, ਅੰਬੜੀ ਦਾ ਵਿਹੜਾ, ਚਾਚੇ-ਤਾਏ ਦੀਆਂ ਮੋਹ-ਪਿਆਰ ਦੀਆਂ ਤੰਦਾਂ, ਆਪਣੇ ਖੇਤਾਂ ਦੀ ਖੁਸ਼ਹਾਲੀ ਅਤੇ ਆਪਣੇ ਪਿੰਡ ਦੇ ਜੂਹਾਂ-ਬੇਲਿਆਂ ਦੀਆਂ ਅਦਭੁੱਤ ਖਿੱਚਾਂ ਵੱਧ ਮਹੱਤਵਪੂਰਨ ਹਨ। ਇਹੀ ਵਜ੍ਹਾ ਹੈ ਕਿ ਪਹਿਲੇ ਸਮਿਆਂ ਵਿਚ ਵਿਆਹ ਤੋਂ ਬਾਅਦ ਸਖੀਆਂ ਸਹੇਲੀਆਂ, ਚਾਚੀਆਂ-ਤਾਈਆਂ, ਭਰਾ-ਭਰਜਾਈਆਂ ਏਥੋਂ ਤਕ ਕਿ ਮੱਝੀਆਂ-ਗਾਈਆਂ ਯਾਦਾਂ ਵਿਚ ਆਉਂਦੀਆਂ ਸਨ ਅਤੇ ਪੇਕਾ ਪਿੰਡ ਸੈਨਤਾਂ ਹੀ ਨਹੀਂ ਸੀ ਮਾਰਦਾ, ਕੂਕ ਕੂਕ ਕੇ ਪੁਕਾਰਦਾ ਸੀ ਅਤੇ ਖਿੱਚਾਂ ਪਾਉਂਦਾ ਸੀ; ਖਾਸ ਤੌਰ ’ਤੇ ਸਾਵਣ ਦੇ ਦਿਨਾਂ ਵਿਚ। ਸਾਉਣ ਮਹੀਨਾ ਆਉਣ ਤੋਂ ਪਹਿਲਾਂ ਪਿੰਡ ਦੀ ਕੀ ਕੁਆਰੀ ਤੇ ਕੀ ਵਿਆਹੀ, ਕੀ ਬੇਬੇ ਤੇ ਕੀ ਬੀਬੀ, ਸਭ ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ ਹਵਾ-ਵਾਰੇ, ਪਿੰਡ ਦੇ ਬਾਹਰ ਵੱਲ, ਕਿਸੇ ਰੁੱਖ ਦੀ ਝੰਗੀ ਥੱਲੇ ਆ ਡੇਰੇ ਲਾਉਂਦੀਆਂ ਸਨ। ਕੋਈ ਚਰਖਾ ਡਾਹ ਲੈਂਦੀ, ਕੋਈ ਅਟੇਰਨ ’ਤੇ ਕੰਮ ਕਰਨ ਲੱਗਦੀ, ਕੋਈ ਪੱਖੀ ਬੁਣਨ ਲੱਗਦੀ, ਕੋਈ ਛੱਜ ਛੱਟਣ ਲੱਗਦੀ, ਕੋਈ ਫੁੱਲਕਾਰੀ ’ਤੇ ਫੁੱਲ-ਬੂਟੇ ਪਾਉਣ ਲੱਗਦੀ। ਵਿੱਚੇ ਹੀ ਦੁਖ-ਸੁਖ ਫੋਲੇ ਜਾਂਦੇ, ਚੁਗਲੀ-ਬੁਖਾਲੀ ਵੀ ਹੋ ਜਾਂਦੀ। ਵਿੱਚੋਂ ਹੀ ਕੋਈ ਜਣੀ ਗੀਤ ਗੁਨਗੁਨਾਉਣ ਲੱਗਦੀ, ਕੋਈ ਹੋਰ ਆਵਾਜ਼ ਨਾਲ ਆਵਾਜ਼ ਰਲਾ ਦਿੰਦੀ। ਚਰਖੇ ਦੀ ਘੂਕਰ ਰੁਕ ਜਾਂਦੀ, ਸੂਈ ਫੁਲਕਾਰੀ ਦੇ ਵਿੱਚੇ ਖੁੱਭੀ ਰਹਿ ਜਾਂਦੀ। ਕੋਈ ਉੱਠਕੇ ਗਿੱਧਾ ਪਾਉਣ ਲੱਗਦੀ। ਹੌਲੀ ਹੌਲੀ ਪਿੜ ਬੱਝ ਜਾਂਦਾ। ਗਿੱਧਾ ਮਘ ਉੱਠਦਾ। ਕੋਈ ਹਿੰਮਤੀ ਕੁੜੀ ਪਿੰਡ ਦੇ ਕਿਸੇ ਲੰਘਦੇ-ਜਾਂਦੇ ਨੂੰ ਪੀਂਘ ਪਾਉਣ ਦਾ ਤਰਲਾ ਕਰਦੀ। ਕਿਆ ਨਜ਼ਾਰਾ ਬੱਝਦਾ! ਕੁਦਰਤ ਦੀ ਗੋਦ ਵਿਚ ਪੀਂਘ ਝੂਟਣਾ ਕਿਸੇ ਮਾੜੀ-ਮੋਟੀ ਦਾ ਕੰਮ ਥੋੜ੍ਹਾ ਹੁੰਦੈ! ਟਾਹਣੀਆਂ ਨੂੰ ਪੈਰ ਲਾਉਣ, ਮੂੰਹ ਨਾਲ ਜਾਂ ਇਕ ਹੱਥ ਨਾਲ ਪੱਤੇ ਤੋੜ ਲਿਆਉਣ ਦੇ ਮੁਕਾਬਲੇ ਚੱਲ ਪੈਂਦੇ। ਚੁੰਨੀਆਂ ਉੱਡ-ਪੁੱਡ ਜਾਂਦੀਆਂ, ਗੁੱਤਾਂ ਨਾਗਣਾਂ ਬਣ ਜਾਂਦੀਆਂ। ਮਨ ਹੋਰ ਉੱਚਾ ਕਿਤੇ ਦੂਰ-ਦੁਰੇਡੇ ਪਹੁੰਚ ਜਾਣਾ ਲੋਚਦਾ। ਸਿਆਣੀ ਉਮਰ ਦੀਆਂ ਔਰਤਾਂ ਉੱਚੀ ਆਵਾਜ਼ ਵਿਚ ਡਰਾਵੇ ਦਿੰਦੀਆਂ, ਜੁਆਨੀ ਹੋਰ ਚਾਂਭਲਦੀ। ਓਧਰੋਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ। ਪੀਘਾਂ ਝੂਟਣ ਵਾਲੀਆਂ ਦੀਆਂ ਵਾਰੀਆਂ ਨਾ ਟੁੱਟਦੀਆਂ। ਓਧਰੋਂ ਫੂਹਰ ਆਣ ਲੱਥਦੀ। ਸਿਆਣੀ ਉਮਰ ਦੀਆਂ ਆਪਣਾ ਸਾਜੋ-ਸਾਮਾਨ ਲੈ ਘਰੀਂ ਪਹੁੰਚਦੀਆਂ। ਅੱਲ੍ਹੜਾਂ ਨੂੰ ਪਹਿਲੇ-ਪਹਿਲੇ ਮੀਂਹ ਵਿਚ ਭਿੱਜਣਾ ਚੰਗਾ ਲੱਗਦਾ।
ਸਹੁਰੇ ਪਿੰਡ ਜਾ ਕੇ ਅਜਿਹੀਆਂ ਯਾਦਾਂ ਆਉਂਦੀਆਂ ਵੀ ਤੇ ਸਤਾਉਂਦੀਆਂ ਵੀ, ਖ਼ਾਸ ਤੌਰ ’ਤੇ ਸ਼ੁਰੂ ਸ਼ੁਰੂ ਵਿਚ। ਇਸ ਲਈ ਮਾਪੇ ਕੁੜੀ ਨੂੰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਪਿੰਡ ਲੈ ਆਉਂਦੇ। ਤੀਆਂ ਦੇ ਦਿਨਾਂ ਵਿਚ ਤਾਂ ਉਚੇਚੇ ਤੌਰ ’ਤੇ ਪਿਤਾ ਜਾਂ ਭਰਾ ਕੁੜੀ ਨੂੰ ਲੈਣ ਜਾਂਦਾ। ਖਾਲੀ ਹੱਥੀਂ ਤਾਂ ਧੀ-ਭੈਣ ਕੋਲ ਕਦੀ ਵੀ ਨਹੀਂ ਸੀ ਜਾਣਾ ਹੁੰਦਾ। ਬਾਪ ਜਾਂ ਭਰਾ ਕੱਪੜਾ-ਲੱਤਾ, ਫ਼ਲ ਅਤੇ ਮਠਿਆਈ ਵਗੈਰਾ ਜ਼ਰੂਰ ਲੈ ਕੇ ਜਾਂਦਾ। ਸਹੁਰਿਓਂ ਜਦੋਂ ਕੋਈ ਲੈਣ ਆਉਂਦਾ ਉਹ ਵੀ ਘੱਟ ਨਾ ਕਰਦੇ। ਖ਼ਾਸ ਤੌਰ ’ਤੇ ਪਹਿਲੀ ਵਾਰ ਤਾਂ ਕਿੰਨਾ ਕੁਝ ਲੈ ਕੇ ਆਉਂਦੇ, ਜਿਸ ਨੂੰ ਪੜ੍ਹੇ-ਲਿਖੇ ਲੋਕ ‘ਸੰਧਾਰਾ’ ਆਖਦੇ ਹਨ। ਪੁਰਾਣੀਆਂ ਬੀਬੀਆਂ ਉਨ੍ਹਾਂ ਨੂੰ ਸਾਉਣ ਦੇ ਨਾਂ ’ਤੇ ‘ਸਾਂਵੇ’ ਹੀ ਕਹਿੰਦੀਆਂ ਸਨ। ਇਨ੍ਹਾਂ ਸਾਵਿਆਂ ਦਾ ਖ਼ਾਸ ਤੌਰ ’ਤੇ ਛੋਟੇ ਪਿੰਡਾਂ ਵਿਚ ਬੜਾ ਚਾਅ ਚੜ੍ਹਿਆ ਹੁੰਦਾ ਸੀ। ਸਹੁਰਿਆਂ ਨੇ ਕੁੜੀ ਲਈ ਅਤੇ ਉਸ ਦੇ ਪਰਿਵਾਰ ਲਈ ਤਾਂ ਕੱਪੜਾ-ਟਾਕੀ, ਗਹਿਣਾ-ਗੱਟਾ, ਫ਼ਲ, ਮਠਿਆਈ ਵਗੈਰਾ ਲਿਆਉਣੀ ਹੀ ਹੁੰਦੀ ਸੀ, ਸਾਰੇ ਪਿੰਡ ਵਿਚ ਜਾਂ ਭਾਈਚਾਰੇ ਵਿਚ ਵੰਡਣ ਲਈ ਵੀ ਕੁਝ ਨਾ ਕੁਝ ਲੈ ਕੇ ਆਉਂਦੇ।
‘ਸਾਵੇਂ’ ਕਈ ਵਾਰੀ ਪ੍ਰਾਹੁਣਾ ਲੈ ਕੇ ਆਉਂਦਾ, ਪਰ ਬਹੁਤੀ ਵਾਰ ਉਹਦੇ ਮਾਂ-ਪਿਉ ਵੀ ਆਣ ਢੁਕਦੇ। ਨਵੇਂ ਨਵੇਂ ਸਾਕਾਂ ਦੀ ਪ੍ਰਾਹੁਣਾਚਾਰੀ ਦਾ ਚਾਅ ਚੜ੍ਹ ਜਾਂਦਾ। ਸਾਉਣ ਵਿਚ ਘਾਹ-ਪੱਠਾ ਵਾਧੂ ਹੋਣ ਕਰਕੇ ਮੱਝੀਂ-ਗਾਈਂ ਵੱਲੋਂ ਚੋਖੇ ਦਿੱਤੇ ਦੁੱਧ ਦੀਆਂ ਖੀਰਾਂ ਬਣਨ ਲੱਗਦੀਆਂ; ਘਰ ਦੇ ਗੁੜ ਦੇ ਪੂੜੇ ਬਣਨ ਲੱਗਦੇ; ਗਰਮੀਆਂ ਵਿਚ ਦੁਪਹਿਰੇ ਆਪਣੇ ਹੱਥੀਂ ਵੱਟੀਆਂ ਸੇਵੀਆਂ ਰਿੱਝਣ ਲੱਗਦੀਆਂ। ਖੂਬ ਮਹਿਮਾਨ ਨਿਵਾਜ਼ੀ ਹੁੰਦੀ। ਪ੍ਰਾਹੁਣੇ ਬੜੇ ਹੱਕ ਨਾਲ ਪਿੰਡ ਵਿਚ ਘੁੰਮਦੇ-ਫਿਰਦੇ, ਖੇਤਾਂ ਵਿਚ ਜਾਂਦੇ, ਹਰ ਕਿਸੇ ਦੇ ਵਾਕਫ਼ ਬਣ ਬਹਿੰਦੇ।
ਤੀਆਂ ਦੇ ਮੌਕੇ ’ਤੇ ਉਚੇਚੇ ਤੌਰ ’ਤੇ ਪੇਕੇ ਪਿੰਡ ਆਈਆਂ ਨਵ-ਵਿਆਹੀਆਂ ਮੁਟਿਆਰਾਂ ਇਕ ਦੂਜੀ ਨੂੰ ਘੁੱਟ ਘੁੱਟ ਕੇ ਮਿਲਦੀਆਂ। ਰਲ ਮਿਲ ਖੁੱਲ੍ਹੇ ਪਿੜਾਂ ਵਿਚ ਖੂਬ ਧਮੱਚੜ ਪਾਉਂਦੀਆਂ; ਰੁੱਖਾਂ ਉੱਤੇ ਪੀਘਾਂ ਝੂਟਦੀਆਂ, ਗਿੱਧੇ ਪਾਉਂਦੀਆਂ, ਗੀਤ ਗਾਉਂਦੀਆਂ, ਇਕ ਦੂਜੀ ਦੇ ਘਰ ਵਾਲੇ ਦਾ ਨਾਂ ਲੈ ਕੇ ਮਖੌਲਾਂ ਕਰਦੀਆਂ। ਕੁਝ ਦਿਨਾਂ ’ਚ ਹੀ ਪੁੰਨਿਆ ਆ ਜਾਂਦੀ। ਸਵੇਰੇ ਸਵੇਰੇ ਨਹਾ-ਧੋ ਕੇ ਸੁੱਚੇ ਮੂੰਹ ਆਪਣੇ ਵੀਰਾਂ ਨੂੰ ਰੱਖੜੀ ਬੰਨ੍ਹਦੀਆਂ ਤੇ ਮੂੰਹ ਮਿੱਠਾ ਕਰਾਉਂਦੀਆਂ। ਆਪਣੇ ਪਿਉ ਅਤੇ ਚਾਚੇ-ਤਾਇਆਂ ਨੂੰ ਵੀ ਰੱਖੜੀ ਬੰਨ੍ਹਦੀਆਂ, ਹੋਰ ਤਾਂ ਹੋਰ ਵੀਰ ਦੇ ਬਲਦਾਂ ਦੇ ਸਿੰਘਾਂ ਨੂੰ ਵੀ ਮੌਲੀ ਬੰਨ੍ਹ ਦਿੰਦੀਆਂ। ਸੁੱਖਣਾ ਸੁੱਖਦੀਆਂ, ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੀਆਂ, ਅਸੀਸਾਂ ਤੇ ਪਿਆਰ ਪ੍ਰਾਪਤ ਕਰਦੀਆਂ। ਤੁਰਨ ਲੱਗਿਆਂ ਫਿਰ ਦੌੜ ਕੇ ਆਪਣੀਆਂ ਸਹੇਲੀਆਂ ਨੂੰ ਮਿਲਣ ਜਾਂਦੀਆਂ। ਕਈ ਸਹੇਲੀਆਂ ਤਾਂ ਉਨ੍ਹਾਂ ਨੂੰ ਪਿੰਡ ਦੀ ਜੂਹ ਤਕ ਤੋਰਨ ਆਉਂਦੀਆਂ। ਬੜੀ ਹਸਰਤ ਨਾਲ ਪਿਛਾਂਹ ਨੂੰ ਵੇਖਦੀਆਂ, ਹਉਕਾ ਜਿਹਾ ਭਰਦੀਆਂ ਤੇ ਮੂੰਹੋਂ ਬਿਰਕਦੀਆਂ: ‘ਮੁੜ ਫਿਰ/ਪਿੰਡ ਆਵਾਂਗੇ, ਵਰ੍ਹੇ ਦਿਨਾਂ ਨੂੰ ਫੇਰ।’
ਉਨ੍ਹਾਂ ਦੀ ਜਾਣੇ ਸੁਦੀਆਂ ਕੀ ਹੁੰਦੀਆਂ ਨੇ ਤੇ ਵਦੀਆਂ ਕੀ ਹੁੰਦੀਆਂ ਨੇ। ਉਹ ਤਾਂ ਬਸ ਇਹ ਜਾਣਦੀਆਂ ਸਨ: ‘ਕੁੜੀਓ ਆ ਜਾਓ ਨੀਂ, ਸਾਉਣ ਸੈਨਤਾਂ ਮਾਰੇ।’ ਉਹ ਤਾਂ ਇਹ ਜਾਣਦੀਆਂ ਸਨ ਕਿ ਸਾਉਣ ਸਾਝਾਂ ਦਾ ਮਹੀਨਾ ਹੈ। ਆਪਣਿਆਂ ਮੁੱਢਾਂ ਨਾਲ ਜੁੜਨ ਦਾ ਮਹੀਨੈ। ਕਈ ਵਾਰ ਸਮਾਂ ਹੋਵੇ ਤਾਂ ਸਾਰਾ ਸਾਉਣ ਹੀ ਰਹਿ ਜਾਂਦੀਆਂ ਤੇ ਕਈ ਵਾਰ ਜੇ ਸਮਾਂ ਨਾ ਹੋਵੇ ਤਾਂ ਵੀਰ ਨੂੰ ਪਹਿਲਾਂ ਹੀ ਰੱਖੜੀ ਬੰਨ੍ਹ ਵਿਦਾ ਹੋ ਜਾਂਦੀਆਂ। ਉਨ੍ਹਾਂ ਦੀਆਂ ਤਾਂ ਮਾਵਾਂ-ਦਾਦੀਆਂ-ਨਾਨੀਆਂ ਨੂੰ ਵੀ ਨਹੀਂ ਸੀ ਪਤਾ ਕਿ ਸੁਖਣਾ ਲੱਧਾ ਧਾਗਾ ਜੋ ਉਹ ਬੰਨ੍ਹਦੀਆਂ ਸਨ, ਉਸ ਨੂੰ ‘ਰਾਖੀ’ ਜਾਂ ‘ਰਕਸ਼ਾ-ਬੰਧਨ’ ਕਹਿੰਦੇ। ਤੁਰਨ ਲੱਗਿਆਂ ਆਪਣੇ ਮੁੱਢ ਨੂੰ ‘ਰੱਬ ਦੀਆਂ ਰੱਖਾਂ’ ਦਾ ਧਾਗਾ ਬੰਨ੍ਹਣਾ ਤਾਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਸਥੂਲ ਵਸਤੂ ਰਾਹੀਂ ਦਰਸਾਉਣ ਬਰਾਬਰ ਸੀ। ਮਹੱਤਵਪੂਰਨ ਤਾਂ ਆਪਣੇ ਪੇਕਿਆਂ ਲਈ ਕੀਤੀਆਂ ਜਾਂਦੀਆਂ ਅਰਦਾਸਾਂ ਹੀ ਸਨ।
ਰੱਬ ਖੈਰ ਕਰੇ! ਤੀਆਂ ਲੱਗਦੀਆਂ ਰਹਿਣ। ਖੀਰ-ਪੂੜੇ ਪੱਕਦੇ ਰਹਿਣ! ਧੀਆਂ ਹੱਸਦੀਆਂ ਰਹਿਣ! ਭੈਣਾਂ ਵੱਸਦੀਆਂ ਰਹਿਣ! ਪੇਕੀਂ ਆਉਂਦੀਆਂ ਰਹਿਣ! ਖੌਰੇ ਉਨ੍ਹਾਂ ਦੀਆਂ ਦੁਆਵਾਂ ਸਦਕਾ ਹੀ ਬਾਬਲ-ਭਾਈ, ਚਾਚੇ-ਤਾਏ, ਪਿੰਡ ਦੇ ਜਾਏ, ਆਪਣੀਆਂ ਅਤੇ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਖਵਾਲੇ ਬਣੇ ਰਹਿਣ।
ਸੰਪਰਕ: 98152-53245