ਜਸਪ੍ਰੀਤ ਕੌਰ ਸੰਘਾ
ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬੀਆਂ ਦੇ ਜੀਵਨ ਵਿਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਜੇਠ, ਹਾੜ੍ਹ ਦੀਆਂ ਤਿੱਖੀਆਂ ਧੁੱਪਾਂ ਨਾਲ ਜਿੱਥੇ ਧਰਤੀ ਦਾ ਸੀਨਾ ਸੜਦਾ ਹੈ ਉੱਥੇ ਹੀ ਸਾਉਣ ਮਹੀਨੇ ਦੀਆਂ ਝੜੀਆਂ ਧਰਤੀ ਦੇ ਸੀਨੇ ਨੂੰ ਠੰਢਕ ਪਹੁੰਚਾਉਂਦੀਆਂ ਹਨ। ਜੇਠ, ਹਾੜ੍ਹ ਦੀ ਗਰਮੀ ਕਾਰਨ ਜਿੱਥੇ ਫ਼ਸਲਾਂ ਮੁਰਝਾ ਜਾਂਦੀਆਂ ਹਨ ਉੱਥੇ ਹੀ ਸਾਉਣ ਮਹੀਨੇ ਦੀ ਵਰਖਾ ਕਾਰਨ ਹਰ ਪਾਸੇ ਹਰਿਆਲੀ ਵਾਪਸ ਆ ਜਾਂਦੀ ਹੈ। ਇਸੇ ਲਈ ਚਾਹੇ ਇਨਸਾਨ ਹੋਵੇ ਜਾਂ ਪਸ਼ੂ- ਪੰਛੀ ਸਭ ਨੂੰ ਸਾਉਣ ਮਹੀਨਾ ਬਹੁਤ ਭਾਉਂਦਾ ਹੈ। ਮੋਰ ਖੁਸ਼ੀ ਵਿਚ ਪੈਲਾਂ ਪਾਉਂਦੇ ਹਨ ਅਤੇ ਪਪੀਹਾ ਖੁਸ਼ੀ ਵਿਚ ਕੂਕ ਉਠਦਾ ਹੈ। ਸਾਉਣ ਮਹੀਨਾ ਆਪਣੇ ਨਾਲ ਸਿਰਫ਼ ਵਰਖਾ ਹੀ ਨਹੀਂ ਲੈ ਕੇ ਆਉਂਦਾ ਬਲਕਿ ਅਨੇਕਾਂ ਖੁਸ਼ੀਆਂ-ਖੇੜੇ ਵੀ ਲੈ ਕੇ ਆਉਂਦਾ ਹੈ। ਸਾਡੇ ਲੋਕ ਗੀਤਾਂ ਵਿਚ ਵੀ ਸਾਉਣ ਮਹੀਨੇ ਦੀ ਖੂਬ ਵਡਿਆਈ ਕੀਤੀ ਗਈ ਹੈ ਜਿਵੇਂ:
ਸਾਉਣ ਮਹੀਨਾ ਭਾਗੀਂ ਭਰਿਆ
ਠੰਢੀਆਂ ਵਗਣ ਹਵਾਵਾਂ
ਧੰਨ ਭਾਗ ਦੁਨੀਆ ਦੇ
ਖੇਤੀਂ ਆਈਆਂ ਬਹਾਰਾਂ।
ਸਾਉਣ ਮਹੀਨੇ ਨੂੰ ਸਿਰਫ਼ ਕਿਸਾਨ ਹੀ ਨਹੀਂ ਉਡੀਕਦੇ ਬਲਕਿ ਮੁਟਿਆਰਾਂ ਲਈ ਵੀ ਸਾਉਣ ਦਾ ਮਹੀਨਾ ਬਹੁਤ ਅਹਿਮ ਹੁੰਦਾ ਹੈ। ਸਾਉਣ ਮਹੀਨੇ ਦੀ ਤੀਜੀ ਤਿੱਥ ਨੂੰ ਤੀਆਂ ਦੀ ਸ਼ੁਰੂਆਤ ਹੁੰਦੀ ਹੈ। ਇਸ ਕਰਕੇ ਇਸ ਤਿਉਹਾਰ ਨੂੰ ‘ਤੀਜ ਦਾ ਤਿਉਹਾਰ’ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਨੂੰ ਕੁਆਰੀਆਂ ਅਤੇ ਵਿਆਂਦੜ ਮੁਟਿਆਰਾਂ ਬੇਸਬਰੀ ਨਾਲ ਉਡੀਕਦੀਆਂ ਹਨ। ਸੱਜ ਵਿਆਹੀਆਂ ਕੁੜੀਆਂ ਨੂੰ ਇਸ ਮਹੀਨੇ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਕਿਉਂਕਿ ਸੱਜ ਵਿਆਹੀਆਂ ਨੇ ਸਾਉਣ ਮਹੀਨੇ ਆਪਣੀ ਸੱਸ ਦੇ ਮੱਥੇ ਨਹੀਂ ਲੱਗਣਾ ਹੁੰਦਾ। ਇਸ ਲਈ ਤੀਆਂ ਦੇ ਇਹ ਦਿਨ ਉਹ ਆਪਣੇ ਪੇਕੇ ਘਰ ਮੌਜਾਂ ਨਾਲ ਗੁਜ਼ਾਰਦੀਆਂ ਹਨ। ਨਣਦਾਂ ਅਤੇ ਭਰਜਾਈਆਂ ਇਕੱਠੀਆਂ ਹੋ ਕੇ ਗਿੱਧੇ ਵਿਚ ਧਮਾਲਾਂ ਪਾਉਂਦੀਆਂ ਹਨ:
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ-ਮਿਲ ਆਈਆਂ
ਨੱਚਣ-ਟੱਪਣ ਝੂਟਣ ਪੀਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਗਿੱਧਾ ਪਾ ਰਹੀਆਂ
ਨਣਦਾਂ ਤੇ ਭਰਜਾਈਆਂ।
ਸਾਉਣ ਮਹੀਨੇ ਵੀਰ ਸੰਧਾਰਾ ਲੈ ਕੇ ਭੈਣ ਦੇ ਘਰ ਜਾਂਦਾ ਹੈ ਜਿਸ ਵਿਚ ਸੰਧਾਰੇ ਦਾ ਸੂਟ, ਮਹਿੰਦੀ, ਲੱਡੂ, ਬਿਸਕੁਟ, ਚੂੜੀਆਂ, ਗਹਿਣੇ, ਪੀਂਘ ਝੂਟਣ ਵਾਲੀ ਫੱਟੀ ਅਤੇ ਹੋਰ ਸ਼ਿੰਗਾਰ ਦਾ ਸਾਮਾਨ ਹੁੰਦਾ ਹੈ। ਕਈ ਵਾਰ ਧੀਆਂ ਜਦੋਂ ਦੂਰ ਪ੍ਰਦੇਸੀ ਵਿਆਹੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਸਾਉਣ ਮਹੀਨੇ ਪੇਕੇ ਘਰ ਆਉਣਾ ਸੰਭਵ ਨਹੀਂ ਹੁੰਦਾ, ਪਰ ਸਹੁਰੇ ਘਰ ਬੈਠੀਆਂ ਉਹ ਆਪਣੇ ਸੰਧਾਰਾ ਲੈ ਕੇ ਆਉਂਦੇ ਵੀਰ ਨੂੰ ਉਡੀਕਦੀਆਂ ਜ਼ਰੂਰ ਹਨ ਤੇ ਨਾਲ ਹੀ ਅੰਮੜੀ ਨੂੰ ਉਲਾਂਭਾ ਵੀ ਦਿੰਦੀਆਂ ਹਨ:
ਮਾਏ ਪੀੜ੍ਹੀ ਬੈਠੀਏ ਨੀਂ
ਧੀਆਂ ਕਿਉਂ ਦਿੱਤੀਆਂ ਦੂਰ
ਨੀਂ ਸਾਵਣ ਮਹੀਨਾ ਆ ਗਿਆ।
ਸਾਉਣ ਮਹੀਨੇ ਦਾ ਖੁਸ਼ਗਵਾਰ ਮੌਸਮ ਹਰ ਪਾਸੇ ਖੁਸ਼ੀਆਂ ਖੇੜੇ ਬਿਖੇਰ ਦਿੰਦਾ ਹੈ। ਜਦੋਂ ਕਾਲੇ ਬੱਦਲ ਗੱਜਦੇ ਹਨ ਤਾਂ ਹਰ ਰੂਹ ਨਸ਼ਿਆ ਜਾਂਦੀ ਹੈ। ਮੁਟਿਆਰਾਂ ਇਕੱਠੀਆਂ ਹੋ ਕੇ ਤੀਆਂ ਮਨਾਉਂਦੀਆਂ ਹਨ, ਪਿੱਪਲੀ ਪੀਂਘਾਂ ਪਾਉਂਦੀਆਂ ਹਨ। ਗਿੱਧੇ-ਭੰਗੜੇ ਪਾ ਗੱਭਰੂ – ਮੁਟਿਆਰਾਂ ਧਰਤੀ ਨੂੰ ਵੀ ਝੂੰਮਣ ਲਾ ਦਿੰਦੇ ਹਨ। ਕੁੜੀਆਂ ਲਈ ਪੇਕੇ ਘਰ ਇਹ ਤੀਆਂ ਦੇ ਦਿਨ ਮੇਲੇ ਵਰਗੇ ਹੁੰਦੇ ਹਨ। ਸਾਉਣ ਮਹੀਨੇ ਦੀਆਂ ਕਣੀਆਂ ਮੁਟਿਆਰਾਂ ਅੰਦਰ ਹੋਰ ਜੋਸ਼ ਭਰ ਦਿੰਦੀਆਂ ਹਨ ਤੇ ਉਹ ਨੱਚ-ਨੱਚ ਗਿੱਧੇ ਵਿਚ ਧਮਾਲਾਂ ਪਾ ਦਿੰਦੀਆਂ ਹਨ:
ਸਾਉਣ ਮਹੀਨਾ ਬੱਦਲ ਵਰ੍ਹਦਾ
ਨਿੰਮ੍ਹੀਆਂ ਪੈਣ ਫੁਹਾਰਾਂ
’ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ
ਇਕੋ ਜਿਹੀਆਂ ਮੁਟਿਆਰਾਂ
ਗਿੱਧੇ ਦੇ ਵਿਚ ਲਿਸ਼ਕਣ ਏਦਾਂ
ਜਿਉਂ ਸੋਨੇ ਦੀਆਂ ਤਾਰਾਂ
ਦੂਹਰੀਆਂ ਹੋ ਕੇ ਨੱਚਣ ਲੱਗੀਆਂ
ਜਿਉਂ ਕੂੰਜਾਂ ਦੀਆਂ ਡਾਰਾਂ
ਜ਼ੋਰ ਜਵਾਨੀ ਦਾ
ਲੁੱਟ ਲਓ ਮੌਜ ਬਹਾਰਾਂ।
ਸਾਉਣ ਮਹੀਨੇ ਵਿਚ ਜਿੱਥੇ ਤੀਆਂ ਦਾ ਤਿਉਹਾਰ ਚਾਵਾਂ ਨਾਲ ਮਨਾਇਆ ਜਾਂਦਾ ਹੈ, ਉੱਥੇ ਹੀ ਰੱਖੜੀ ਦਾ ਪਵਿੱਤਰ ਤਿਉਹਾਰ ਵੀ ਇਸੇ ਮਹੀਨੇ ਮਨਾਇਆ ਜਾਂਦਾ ਹੈ। ਜਿੱਥੇ ਭੈਣ ਵੀਰ ਦੇ ਗੁੱਟ ’ਤੇ ਰੱਖੜੀ ਬੰਨ੍ਹ ਉਸ ਦੇ ਲਈ ਸੌ-ਸੌ ਦੁਆਵਾਂ ਮੰਗਦੀ ਹੈ ਤੇ ਵੀਰ ਉਸ ਦੀ ਸਾਰੀ ਉਮਰ ਹਿਫਾਜ਼ਤ ਕਰਨ ਦਾ ਵਚਨ ਦਿੰਦਾ ਹੈ। ਸਾਉਣ ਮਹੀਨੇ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿਸ ਘਰ ਖੀਰ, ਪੂੜੇ, ਕੜਾਹ ਨਾ ਬਣਦਾ ਹੋਵੇ। ਇਸ ਦਾ ਜ਼ਿਕਰ ਤਾਂ ਸਾਡੇ ਲੋਕ ਗੀਤਾਂ ਵਿਚ ਵੀ ਬਾਖੂਬੀ ਮਿਲਦਾ ਹੈ:
ਸਾਉਣ ਮਹੀਨਾ, ਬੱਦਲ ਜ਼ੋਰ
ਵਰ੍ਹਦਾ ਮੀਂਹ, ਕਿਨਾਰੇ ਤੋੜ
ਤੀਆਂ, ਰੱਖੜੀਆਂ ਦੇ ਚਾਅ
ਖਾਈਏ ਪੂੜੇ, ਖੀਰ ਤੇ ਕੜਾਹ।
ਸਾਉਣ ਤੇ ਭਾਦੋਂ ਦੇ ਮਹੀਨੇ ਪੇਕਿਆਂ ਤੇ ਸਹੁਰਿਆਂ ਨਾਲ ਸਬੰਧਿਤ ਮੰਨੇ ਜਾਂਦੇ ਹਨ। ਸਾਉਣ ਦਾ ਮਹੀਨਾ ਜਿੱਥੇ ਪੇਕਿਆਂ ਨਾਲ ਮਿਲਾਉਂਦਾ ਹੈ। ਭੈਣਾਂ ਦਾ ਭਰਾਵਾਂ ਨਾਲ ਮੇਲ ਕਰਵਾਉਂਦਾ ਹੈ ਉੱਥੇ ਹੀ ਭਾਦੋਂ ਚੰਦਰੀ ਭੈਣ – ਭਰਾ ਵਿਚ ਵਿਛੋੜਾ ਪਾਉਂਦੀ ਹੈ ਕਿਉਂਕਿ ਮੁਕਲਾਵਾ ਤੋਰਨ ਲਈ ਭਾਦੋਂ ਦਾ ਮਹੀਨਾ ਮਿੱਥਿਆ ਗਿਆ ਹੈ। ਭਾਦੋਂ ਚੜ੍ਹਦੇ ਧੀਆਂ ਨੂੰ ਵਾਪਸ ਸਹੁਰੇ ਘਰ ਜਾਣਾ ਪੈਂਦਾ ਹੈ। ਇਸ ਦਾ ਜ਼ਿਕਰ ਸਾਡੇ ਲੋਕ ਗੀਤ ਵੀ ਕਰਦੇ ਹਨ:
ਚੜ੍ਹਿਆ ਸੀ ਸਾਉਣ
ਸਹੁਰਿਆਂ ਦਿੱਤੀਆਂ ਵੇ ਛੁੱਟੀਆਂ
ਚੜ੍ਹ ਗਈ ਭਾਦੋਂ
ਸਹੁਰੇ ਪਾਉਣ ਵੀਰ ਚਿੱਠੀਆਂ।
ਅੱਜ ਭਾਵੇਂ ਸਾਡਾ ਸਮਾਜ ਕਾਫ਼ੀ ਬਦਲ ਚੁੱਕਾ ਹੈ ਜਿਸ ਕਾਰਨ ਰੀਤੀ-ਰਿਵਾਜ ਵੀ ਬਦਲ ਰਹੇ ਹਨ, ਪਰ ਧੀਆਂ ਲਈ ਸਾਉਣ ਮਹੀਨੇ ਦਾ ਮਹੱਤਵ ਅੱਜ ਵੀ ਉਹੀ ਹੈ ਕਿਉਂਕਿ ਇਹ ਸਾਉਣ ਮਹੀਨਾ ਧੀਆਂ ਨੂੰ ਪੇਕੇ ਘਰ, ਪੇਕੇ ਪਿੰਡ ਨਾਲ ਮਿਲਾਉਂਦਾ ਹੈ। ਸਾਉਣ ਮਹੀਨੇ ਦਾ ਜੱਸ ਤਾਂ ਧੀਆਂ ਹਮੇਸ਼ਾਂ ਗਾਉਂਦੀਆਂ ਹਨ:
ਸ਼ੌਕ ਨਾਲ ਮੈਂ ਗਿੱਧੇ ਵਿਚ ਆਵਾਂ
ਬੋਲੀ ਪਾਵਾਂ ਸ਼ਗਨ ਮਨਾਵਾਂ
ਸਾਉਣ ਵੀਰਾ ਵੇ
ਮੈਂ ਤੇਰਾ ਜਸ ਗਿੱਧੇ ਵਿਚ ਗਾਵਾਂ।
ਸੰਪਰਕ: 99150-33176