ਸ਼ਵਿੰਦਰ ਕੌਰ
ਜੇਠ ਹਾੜ੍ਹ ਦੀਆਂ ਭੱਠ ਵਾਂਗ ਤਪਦੀਆਂ ਦੁਪਹਿਰਾਂ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੰਦੀਆਂ ਹਨ। ਸਾਉਣ ਮਹੀਨਾ ਵਰਖਾ ਰੁੱਤ ਦਾ ਹੁੰਦਾ ਹੈ। ਇਸ ਲਈ ਲੋਕ ਸਾਉਣ ਮਹੀਨੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਸਾਉਣ ਮਹੀਨੇ ਵਿੱਚ ਜਿਉਂ ਹੀ ਕਾਲੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ, ਲੋਕਾਂ ਨੂੰ ਚਾਅ ਚੜ੍ਹ ਜਾਂਦਾ ਹੈ। ਰਿਮਝਿਮ ਬਰਸਦੇ ਪਾਣੀ ਨਾਲ ਤਪਦੀ ਧਰਤੀ ਠਰ ਜਾਂਦੀ ਹੈ। ਰੁਮਕਦੀਆਂ ਠੰਢੀਆਂ ਹਵਾਵਾਂ ਸਰੀਰ ਨੂੰ ਠੰਢ ਬਖ਼ਸ਼ਦੀਆਂ ਹਨ। ਗਰਮੀ ਦੇ ਸਤਾਏ ਲੋਕਾਂ ਵਿੱਚ ਜੋਸ਼ ਤੇ ਉਤਸ਼ਾਹ ਪੈਦਾ ਹੁੰਦਾ ਹੈ। ਤਨ, ਮਨ, ਧਨ ਤੇ ਧਰਤੀ ਮੌਲਦੀ ਹੈ। ਚਾਰੇ ਪਾਸੇ ਬਨਸਪਤੀ ਮਹਿਕ ਉੱਠਦੀ ਹੈ। ਧਰਤੀ ਹਰਿਆਲੀ ਨਾਲ ਢਕੀ ਜਾਂਦੀ ਹੈ। ਪਸ਼ੂ ਖੁੱਲ੍ਹਾ ਘਾਹ ਚਰਦੇ ਹਨ। ਮੌਸਮ ਸੁਹਾਵਣਾ ਹੋ ਜਾਂਦਾ ਹੈ। ਕੋਇਲਾ ਕੂਕਦੀਆਂ ਹਨ। ਮੋਰ ਰੁਣਝੁਣ ਲਾਉਂਦੇ ਹਨ।
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ।।
ਫ਼ਸਲਾਂ ਲਈ ਵੀ ਮੀਂਹ ਬਹੁਤ ਲਾਹੇਵੰਦ ਹੁੰਦਾ ਹੈ। ਇਸੇ ਲਈ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਨੂੰ ਭਾਗਾਂ ਭਰਿਆ ਮੰਨਿਆ ਜਾਂਦਾ ਹੈ। ਕਿਸਾਨਾਂ ਦੀ ਆਰਥਿਕਤਾ ਫ਼ਸਲਾਂ ਨਾਲ ਜੁੜੀ ਹੁੰਦੀ ਹੈ। ਇਸੇ ਲਈ ਲੋਕ ਬੜੇ ਚਾਵਾਂ ਨਾਲ ਇਸ ਮਹੀਨੇ ਦੀ ਆਮਦ ਨੂੰ ਉਡੀਕਦੇ ਹਨ। ਲੋਕ-ਬੋਲਾਂ ਰਾਹੀਂ ਲੋਕਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਇਨ੍ਹਾਂ ਸਤਰਾਂ ਰਾਹੀਂ ਮਿਲਦਾ ਹੈ:
ਲੱਖ ਖੁਸ਼ੀਆਂ ਤੇ ਸੱਧਰਾਂ ਲੈ ਕੇ
ਚੜਿ੍ਹਆ ਸਾਉਣ ਦਾ ਮਹੀਨਾ।
ਕੂ ਕੂ ਕਰਕੇ ਕੋਇਲਾਂ ਕੂਕਣ
ਬੀਂਡੇ ਵਾਂਗਰ ਬੀਨਾ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਸਾਉਣ ਮਹੀਨੇ ਪੈਂਦੇ ਮੀਂਹ ਨਾਲ ਫ਼ਸਲਾਂ ਮੌਲਦੀਆਂ ਹਨ। ਕਿਸਾਨਾਂ ਨੂੰ ਲਹਿਲਹਾਉਂਦੀਆਂ ਫ਼ਸਲਾਂ ਤੱਕ ਕੇ ਚਾਅ ਚੜ੍ਹ ਜਾਂਦਾ ਹੈ। ਇਸ ਖੁਸ਼ੀ ਵਿੱਚ ਘਰ ਘਰ ਖੀਰ-ਪੂੜੇ ਬਣਦੇ ਹਨ। ਇੱਕ ਕਹਾਵਤ ਹੈ ‘ਸਾਵਣ ਖੀਰ ਨਾ ਖਾਧੀਆਂ, ਕਿਉਂ ਜੰਮਿਆ ਅਪਰਾਧੀਆ।’
ਇਸ ਮਹੀਨੇ ਸਹੁਰੇ ਘਰ ਗਈਆਂ ਧੀਆਂ ਨੂੰ ਸੰਧਾਰਾ ਭੇਜਿਆ ਜਾਂਦਾ ਹੈ। ਬਹੁਤੇ ਪਰਿਵਾਰ ਤਾਂ ਬਿਸਕੁਟ ਬਣਾ ਕੇ ਭੇਜਦੇ ਹਨ, ਕੋਈ ਸਰਦਾ ਪੁੱਜਦਾ ਘਰ ਲੀੜਾ ਕੱਪੜਾ ਵੀ ਭੇਜ ਦਿੰਦਾ ਹੈ।
ਸਭ ਤੋਂ ਵੱਧ ਚਾਅ ਕੁੜੀਆਂ ਨੂੰ ਹੁੰਦਾ ਹੈ ਕਿਉਂਕਿ ਸਾਉਣ ਮਹੀਨੇ ਦੇ ਚਾਨਣੇ ਪੰਦਰਵਾੜੇ ਦੇ ਤੀਜੇ ਦਿਨ ਤੋਂ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਤੀਆਂ ਲੱਗਦੀਆਂ ਹਨ। ਇਹ ਪੰਦਰਾਂ ਦਿਨ ਚੱਲਦੀਆਂ ਹਨ ਇਸੇ ਲਈ ਇਸ ਨੂੰ ਤੀਜ ਜਾਂ ਤੀਆਂ ਕਿਹਾ ਜਾਂਦਾ ਹੈ। ਇਹ ਨਿਰੋਲ ਮੁਟਿਆਰਾਂ, ਔਰਤਾਂ ਦਾ ਤਿਉਹਾਰ ਹੁੰਦਾ ਹੈ।
ਤੀਆਂ ਨੂੰ ਸਹੁਰਿਆਂ ਤੋਂ ਕੁੜੀਆਂ ਨੂੰ ਪੇਕੇ ਲੈ ਕੇ ਆਉਣ ਦਾ ਰਿਵਾਜ ਬਹੁਤ ਪੁਰਾਣਾ ਹੈ। ਇਸ ਤਰ੍ਹਾਂ ਉਹ ਆਪਣੀਆਂ ਵਿੱਛੜੀਆਂ ਸਹੇਲੀਆਂ ਨੂੰ ਮਿਲ ਲੈਂਦੀਆਂ ਸਨ। ਰਲ਼ ਕੇ ਦੁੱਖ ਸੁੱਖ ਸਾਂਝੇ ਕਰ ਲੈਂਦੀਆਂ ਸਨ। ਇਸੇ ਲਈ ਇਨ੍ਹਾਂ ਦਿਨਾਂ ਵਿੱਚ ਭੈਣਾਂ ਨਿੱਤ ਆਪਣੇ ਪੇਕੇ ਘਰ ਦੇ ਰਾਹ ਦੇਖਦੀਆਂ ਵੀਰਾਂ ਨੂੰ ਉਡੀਕਦੀਆਂ ਹਨ। ਮਨ ਹੀ ਮਨ ਵਿੱਚ ਮਾਂ ਨੂੰ ਸੁਨੇਹੇ ਦਿੰਦੀਆਂ ਹਨ:
ਚੰਦ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ
ਭੇਜੀ ਮਾਏ ਵੱਡੇ ਵੀਰ ਨੂੰ।
ਮੁਟਿਆਰਾਂ ਲਈ ਤੀਆਂ ਦਾ ਤਿਉਹਾਰ ਇੱਕ ਵਿਲੱਖਣ ਪਛਾਣ ਰੱਖਦਾ ਹੈ। ਤੀਆਂ ਵਿੱਚ ਕੁੜੀਆਂ, ਨੂੰਹਾਂ ਅਤੇ ਕੁਝ ਉਨ੍ਹਾਂ ਤੋਂ ਵੱਡੀ ਉਮਰ ਦੀਆਂ ਔਰਤਾਂ ਵੀ ਪੂਰਾ ਪਹਿਨ ਪੱਚਰ ਕੇ ਤਿਆਰ ਹੋ ਕੇ ਜਾਂਦੀਆਂ ਹਨ। ਕਿਸੇ ਸੰਘਣੀ ਛਾਂ ਵਾਲੇ ਪਿੱਪਲ, ਬੋਹੜ ਜਾਂ ਨਿੰਮ ਥੱਲੇ ਧੀਆਂ ਮੇਲਣਾਂ ਇਕੱਠੀਆਂ ਹੁੰਦੀਆਂ ਹਨ। ਲੱਜ ਨਾਲ ਪੀਂਘ ਪਾਈ ਜਾਂਦੀ ਹੈ। ਬੈਠ ਕੇ ਜਾਂ ਖੜ੍ਹ ਕੇ ਪੀਂਘ ਝੁਟਾਉਣ ਲਈ ਇੱਕ ਫੱਟੀ ਜਿਸ ਨੂੰ ਪੀੜ੍ਹੀ ਕਿਹਾ ਜਾਂਦਾ ਹੈ, ਰੱਸੇ ਦੇ ਦੋਵਾਂ ਪਾਸਿਆਂ ਨਾਲ ਪਾਈ ਜਾਂਦੀ ਹੈ। ਮੁਟਿਆਰਾਂ ਖੂਬ ਪੀਂਘ ਚੜ੍ਹਾਉਂਦੀਆਂ ਹਨ। ਪੀਂਘ ਦੇ ਹੁਲਾਰਿਆਂ ਨਾਲ ਰੁੱਖ ਦੀ ਟੀਸੀ ਤੋਂ ਪੱਤੇ ਤੋੜਦੀਆਂ ਹਨ। ਇਸ ਲਈ ਤਾਂ ਉਹ ਕਹਿੰਦੀਆਂ ਹਨ:
ਲੈ ਆ ਗਿਆ ਮਹੀਨਾ ਸਾਉਣ ਦਾ
ਪਿੱਪਲਾਂ ਤੇ ਪੀਂਘਾਂ ਪਾਉਣ ਦਾ
ਮੋਰਾਂ ਨਾਲ ਸ਼ਰਤ ਲਗਾਉਣ ਦਾ
ਜ਼ਿੱਦ ਜ਼ਿੱਦ ਕੇ ਪੀਂਘ ਚੜ੍ਹਾਉਣ ਦਾ।
ਨੱਚ ਨੱਚ ਕੇ ਧਰਤ ਧਮਕਾਉਣ ਦਾ।
ਗਿੱਧੇ ਦੇ ਪਿੜ ਅੰਦਰ ਮੁਟਿਆਰਾਂ ਆਪਣੇ ਸਾਰੇ ਅਰਮਾਨਾਂ, ਜਜ਼ਬਾਤਾਂ, ਅਹਿਸਾਸਾਂ ਅਤੇ ਉਮੰਗਾਂ ਦਾ ਪ੍ਰਗਟਾਵਾ ਬੇਫ਼ਿਕਰ ਹੋ ਕੇ ਕਰਦੀਆਂ ਹਨ। ਇਹ ਇਸ ਲਈ ਵੀ ਹੁੰਦਾ ਹੈ ਕਿਉਂਕਿ ਉੱਥੇ ਕੋਈ ਮਰਦ ਨਹੀਂ ਹੁੰਦਾ। ਨੱਚ ਟੱਪ ਕੇ ਆਪਣੀਆਂ ਖੁਸ਼ੀਆਂ ਨੂੰ ਪ੍ਰਗਟਾਉਂਦੀਆਂ ਹਨ। ਵਿੱਛੜੀਆਂ ਸਹੇਲੀਆਂ ਨੂੰ ਮਿਲ ਕੇ ਉਨ੍ਹਾਂ ਦਾ ਰੋਮ ਰੋਮ ਖਿੜ ਉੱਠਦਾ ਹੈ।
ਤੀਆਂ ਅਰੰਭ ਹੋਣ ਤੋਂ ਪਹਿਲੇ ਦਿਨ, ਦੂਜ ਵਾਲੇ ਦਿਨ ਨੂੰ ‘ਮਹਿੰਦੀ ਵਾਲਾ ਦਿਨ’ ਆਖਿਆ ਜਾਂਦਾ ਹੈ। ਸ਼ਾਮ ਨੂੰ ਸੌਣ ਤੋਂ ਪਹਿਲਾਂ ਮੁਟਿਆਰਾਂ ਆਪਣੇ ਹੱਥਾਂ ’ਤੇ ਮਹਿੰਦੀ ਲਾਉਂਦੀਆਂ ਹਨ। ਮਹਿੰਦੀ ਲਾਉਣ ਸਮੇਂ ਉਹ ਇੱਕ ਦੂਜੀ ਦੇ ਹੱਥਾਂ ਉੱਤੇ ਆਪਣੀ ਕਲਾ ਦਾ ਜੌਹਰ ਦਿਖਾਉਂਦੀਆਂ ਹਨ। ਕਿਸੇ ਬਾਰੀਕ ਤੀਲੇ ਨਾਲ ਜਾਂ ਕੋਈ ਕੋਣ ਲੈ ਕੇ ਫੁੱਲ ਪੱਤੀਆਂ ਬਣਾਉਂਦੀਆਂ ਹਨ। ਸਵੇਰੇ ਉੱਠ ਕੇ ਜਦੋਂ ਹੱਥ ਧੋਂਦੀਆਂ ਹਨ ਤਾਂ ਹੱਥਾਂ ’ਤੇ ਖਿੜੇ ਮਹਿੰਦੀ ਨਾਲ ਫੁੱਲ, ਪੱਤੀਆਂ ਤੱਕ ਕੇ ਬਾਗੋ ਬਾਗ ਹੋ ਜਾਂਦੀਆਂ ਹਨ।
ਮਹਿੰਦੀ ਲਾਉਣ ਵਾਂਗ ਹੀ ਰੰਗ ਬਿਰੰਗੀਆਂ ਚੂੜੀਆਂ ਚੜ੍ਹਾਉਣੀਆਂ ਵੀ ਇਸ ਤਿਉਹਾਰ ਲਈ ਜ਼ਰੂਰੀ ਰਸਮ ਹੈ। ਜਿਉਂ ਹੀ ਵਣਜਾਰਾ ‘ਚੂੜੀਆਂ ਚੜ੍ਹਾ ਭਾਈ ਚੂੜੀਆਂ’ ਦਾ ਹੋਕਾ ਦਿੰਦਾ ਹੈ। ਕੁੜੀਆਂ ਝੱਟ ਉਸ ਦੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਹਨ। ਰੰਗ ਬਿਰੰਗੀਆਂ ਚੂੜੀਆਂ ਚੁਣ ਚੁਣ ਕੇ ਚੜ੍ਹਾਉਣੀਆਂ ਸ਼ੁਰੂ ਕਰ ਦਿੰਦੀਆਂ ਹਨ। ਗੋਰੀਆਂ ਬਾਹਵਾਂ ’ਤੇ ਰੰਗ ਬਿਰੰਗੀਆਂ ਚੂੜੀਆਂ ਉਨ੍ਹਾਂ ਦੇ ਹੁਸਨ ਨੂੰ ਚਾਰ ਚੰਦ ਲਾ ਦਿੰਦੀਆਂ ਹਨ।
ਆਥਣ ਹੋਣ ’ਤੇ ਸਜੀਆਂ ਸੰਵਰੀਆਂ ਕੁੜੀਆਂ ਇੱਕ ਦੂਜੀ ਨੂੰ ਆਵਾਜ਼ਾਂ ਮਾਰਦੀਆਂ ਕਿਸੇ ਸੰਘਣੇ ਰੁੱਖ ਹੇਠਾਂ ਇਕੱਠੀਆਂ ਹੋ ਜਾਂਦੀਆਂ ਹਨ। ਪੀਂਘ ਪਾਈ ਜਾਂਦੀ ਹੈ। ਪੀਂਘ ਝੂਟਦੀਆਂ ਹਨ। ਬਾਕੀ ਗੋਲ ਦਾਇਰਾ ਬਣਾ ਕੇ ਗਿੱਧਾ ਪਾਉਣ ਲੱਗਦੀਆਂ ਹਨ। ਬੋਲੀਆਂ ਦੀ ਆਵਾਜ਼, ਚੂੜੀਆਂ ਦੀ ਛਣਕਾਰ, ਅੱਡੀਆਂ ਦੀ ਧਮਕ ਅਤੇ ਉਸ ਨਾਲ ਤਾਲ ਦਿੰਦੀ ਗਿੱਧੇ ਦੀ ਥਪ ਥਪ ਵਾਤਾਵਰਨ ਨੂੰ ਨਸ਼ਿਆ ਦਿੰਦੀ ਹੈ। ਇਹੀ ਸਮਾਂ ਹੁੰਦਾ ਹੈ ਜਦੋਂ ਉਹ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਦਿਲ ਦੇ ਵਲਵਲੇ ਬੋਲੀਆਂ ਰਾਹੀਂ ਪ੍ਰਗਟ ਕਰਕੇ ਆਪਣੇ ਆਪ ਨੂੰ ਤਰੋਤਾਜ਼ਾ ਕਰ ਲੈਂਦੀਆਂ ਹਨ। ਇਸ ਲਈ ਤਾਂ ਕੁੜੀਆਂ ਕਹਿੰਦੀਆਂ ਹਨ:
ਤੀਆਂ ਨੂੰ ਲਵਾਉਣ ਵਾਲਿਆਂ
ਤੇਰਾ ਹੋਏ ਸੁਰਗਾਂ ਵਿੱਚ ਵਾਸਾ।
ਤੀਆਂ ਲੱਗੀਆਂ ਹੋਣ ਤੇ ਮਾਹੀ ਲੈਣ ਆ ਜਾਵੇ ਤਾਂ ਕੀਹਦਾ ਦਿਲ ਕਰਦਾ ਹੈ ਇਸ ਖੁਸ਼ੀਆਂ ਭਰੇ ਪਲਾਂ ਨੂੰ ਛੱਡ ਕੇ ਮੁੜ ਬੰਧੇਜ ਵਾਲੀ ਜਗ੍ਹਾ ਜਾਣ ਨੂੰ। ਸੋ ਮਾਹੀ ਨੂੰ ਬੋਲੀ ਰਾਹੀਂ ਆਪਣੀ ਰਾਇ ਦੱਸ ਦਿੱਤੀ ਜਾਂਦੀ ਹੈ:
ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ
ਜਾ ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ।
ਤੀਆਂ ਤੋਂ ਵਾਪਸ ਆਉਂਦਿਆਂ ਉਹ ਗੀਤ ਗਾਉਂਦੀਆਂ ਆਉਂਦੀਆਂ ਹਨ:
ਸੱਚ ਦੇ ਬਚਨ ਵਿੱਚ ਧਾਈਆਂ
ਮਾਪਿਓ ਵੇ ਤੁਹਾਡੇ ਰਾਜ ਵਿੱਚ
ਧੀਆਂ ਖੇਡ ਕੇ ਘਰਾਂ ਨੂੰ ਆਈਆਂ।
ਇਸ ਤਰ੍ਹਾਂ ਹੱਸਦਿਆਂ, ਖੇਡਦਿਆਂ, ਨੱਚਦਿਆਂ, ਟੱਪਦਿਆਂ, ਪੀਂਘਾਂ ਝੂਟਦਿਆਂ ਤੀਆਂ ਦੇ ਇਹ ਪੰਦਰਾਂ ਦਿਨ ਝੱਟ ਲੰਘ ਜਾਂਦੇ ਹਨ। ਸਾਉਣ ਮਹੀਨੇ ਦੇ ਗੁਣਗਾਨ ਕਰਦੀਆਂ ਭਾਦੋਂ ਮਹੀਨੇ ਨੂੰ ਕੋਸਦੀਆਂ ਹਨ:
ਸਾਉਣ ਵੀਰ ਇਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਦੇ ਆਖਰੀ ਦਿਨ ਪਾਣੀ ਨਾਲ ਭਰੀ ਗੜਵੀ ਵਿੱਚ ਦੱਬ ਪਾ ਕੇ ਕੁੜੀਆਂ ਗੀਤ ਗਾਉਂਦੀਆਂ ਘਰਾਂ ਨੂੰ ਤੁਰ ਪੈਂਦੀਆਂ ਹਨ। ਇਸ ਪਾਣੀ ਦਾ ਛਿੱਟਾ ਘਰ ਦੀ ਦਹਿਲੀਜ਼ ’ਤੇ ਦਿੰਦੀਆਂ ਹਨ। ਭਾਦੋਂ ਮਹੀਨੇ ਦੇ ਚੜ੍ਹਦਿਆਂ ਸਾਰੀਆਂ ਸਹੇਲੀਆਂ ਫਿਰ ਮਿਲਣ ਦੀ ਆਸ ਲੈ ਕੇ, ‘ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ’ ਨੂੰ ਆਪਣੇ ਦਿਲਾਂ ਵਿੱਚ ਵਸਾਉਂਦੀਆਂ ਆਪੋ ਆਪਣੇ ਸਹੁਰਿਆਂ ਨੂੰ ਜਾਣ ਦੀ ਤਿਆਰੀ ਸ਼ੁਰੂ ਕਰ ਦਿੰਦੀਆਂ ਹਨ।
ਹੁਣ ਤਾਂ ਸੰਘਣੀਆਂ ਛਾਵਾਂ ਦੇਣ ਵਾਲੇ ਨਾ ਉਹ ਪਿੱਪਲ, ਬੋਹੜ ਰਹੇ ਹਨ। ਨਾ ਹੀ ਅੱਗੇ ਵਾਂਗ ਤੀਆਂ ਲੱਗਦੀਆਂ ਹਨ ਤੇ ਨਾ ਹੀ ਕੁੜੀਆਂ ਸਾਉਣ ਮਹੀਨੇ ਸਹੁਰਿਆਂ ਤੋਂ ਆਉਂਦੀਆਂ ਹਨ। ਰਲ ਬੈਠਣ, ਦੁੱਖ ਸੁੱਖ ਫਰੋਲਣ ਅਤੇ ਮਨ ਦੇ ਚਾਅ ਪੂਰੇ ਕਰਨ ਵਾਲੇ ਸਾਡੇ ਇਹ ਤਿਉਹਾਰ ਸਾਡੀਆਂ ਬਹੁਤ ਸਾਰੀਆਂ ਮਾਨਸਿਕ ਗੁੰਝਲਾਂ ਨੂੰ ਦੂਰ ਕਰ ਕੇ ਜ਼ਿੰਦਗੀ ਨੂੰ ਜਿਊਣ ਜੋਗੀ ਕਰ ਦਿੰਦੇ ਸਨ। ਵਿਕਾਸ ਦੇ ਨਾਂ ’ਤੇ ਬਹੁਤ ਕੁਝ ਛੁੱਟਦਾ ਜਾ ਰਿਹਾ ਹੈ। ਇਕੱਲ ਵਿੱਚ ਘਿਰੇ ਅਸੀਂ ਮਾਨਸਿਕ ਰੋਗੀ ਬਣਦੇ ਜਾ ਰਹੇ ਹਾਂ। ਸਾਉਣ ਮਹੀਨਾ ਪੰਜਾਬੀਆਂ ਦੀ ਪਛਾਣ ਤੇ ਪ੍ਰਗਟਾਵੇ ਦਾ ਮਹੀਨਾ ਹੈ। ਰੂਹ ਨੂੰ ਖਿੜਦੀ ਤੇ ਮੌਲਦੀ ਰੱਖਣ ਲਈ ਸਾਂਝੀਵਾਲਤਾ ਦੇ ਪ੍ਰਤੀਕ ਇਨ੍ਹਾਂ ਤਿਉਹਾਰਾਂ ਨੂੰ ਜਿਊਂਦਾ ਰੱਖਣਾ ਬਹੁਤ ਜ਼ਰੂਰੀ ਹੈ।
ਸੰਪਰਕ: 76260-63596