ਡਾ. ਰਣਜੀਤ ਸਿੰਘ
ਮਨੁੱਖ ਅਤੇ ਸੰਸਾਰ ਦੇ ਬਾਕੀ ਜੀਵਾਂ ਵਿਚਕਾਰ ਮੁੱਖ ਵਖਰੇਵਾਂ ਇਹ ਹੈ ਕਿ ਮਨੁੱਖ ਵਿਚਾਰਾਂ ਦੀ ਪੈਦਾਵਾਰ ਕਰ ਸਕਦਾ ਹੈ ਤੇ ਇਨ੍ਹਾਂ ਦੀ ਵਿਕਰੀ ਲਈ ਉਸ ਕੋਲ ਬਾਣੀ ਦੀ ਸ਼ਕਤੀ ਹੈ। ਇਸ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਨੂੰ ਹੱਸਣ ਤੇ ਮੁਸਕਰਾਹਟ ਦੀ ਦਾਤ ਬਖ਼ਸ਼ਿਸ਼ ਹੋਈ ਹੈ। ਕਿਸੇ ਵੀ ਪੈਦਾਵਾਰ ਨੂੰ ਵੇਚਣਾ ਜ਼ਰੂਰੀ ਹੁੰਦਾ ਹੈ। ਸਿਆਣੇ ਮਨੁੱਖ ਆਪਣੀ ਬਾਣੀ ਅਤੇ ਮੁਸਕਰਾਹਟ ਦੀ ਸ਼ਕਤੀ ਦੀ ਸੁਚੱਜੀ ਵਰਤੋਂ ਕਰਕੇ ਮਨਮਰਜ਼ੀ ਦੀ ਕੀਮਤ ਵਸੂਲ ਕਰ ਲੈਂਦੇ ਹਨ। ਇਨ੍ਹਾਂ ਦੋਵਾਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਕਈ ਵਿਚਾਰੇ ਵਿਚਾਰਾਂ ਦੀ ਵਿਕਰੀ ਤਾਂ ਦੂਰ ਸਗੋਂ ਨਫ਼ਰਤ ਜਾਂ ਦੁਸ਼ਮਣੀ ਸਹੇੜ ਲੈਂਦੇ ਹਨ।
ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਮਨੁੱਖ ਜਦੋਂ ਵਿਚਾਰਾਂ ਦੀ ਖੇਤੀ ਕਰਦਾ ਹੈ ਤਾਂ ਉਹ ਇਨ੍ਹਾਂ ਦੀ ਵਿਕਰੀ ਲਈ ਬਾਣੀ ਦੀ ਗ਼ਲਤ ਵਰਤੋਂ ਕਰਦਾ ਹੈ। ਗ਼ਲਤ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਪਰ ਆਮ ਤੌਰ ਉੱਤੇ ਚਾਰ ਮੁੱਖ ਢੰਗ ਨਿਖੇੜੇ ਗਏ ਹਨ- ਚੁਗਲੀ, ਨਿੰਦਿਆ, ਗੁੱਸਾ ਅਤੇ ਖੁਸ਼ਾਮਦ। ਚੁਗਲੀ ਕਰਨ ਵਾਲਾ ਹਮੇਸ਼ਾਂ ਦੂਜਿਆਂ ਦੇ ਬਣ ਰਹੇ ਕੰਮਾਂ ਨੂੰ ਖਰਾਬ ਕਰਨ ਦੇ ਯਤਨ ਵਿਚ ਰਹਿੰਦਾ ਹੈ। ਅਜਿਹੇ ਲੋਕਾਂ ਨੂੰ ਭਾਨੀ ਮਾਰ ਵੀ ਆਖਿਆ ਜਾਂਦਾ ਹੈ। ਖਾਸ ਕਰਕੇ ਰਿਸ਼ਤਿਆਂ ਦੇ ਮਾਮਲੇ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਕਿਸੇ ਦੇ ਬਣ ਰਹੇ ਰਿਸ਼ਤੇ ਨੂੰ ਤੋੜਨ ਲਈ ਉਹ ਦੂਜੇ ਦੀ ਤਾਰੀਫ਼ ਵਿਚ ਲਪੇਟ ਬੁਰਾਈ ਕਰਦਾ ਹੈ। ਆਪੋ ਵਿਚਲੀਆਂ ਦੋਸਤੀਆਂ ਨੂੰ ਤੋੜਨ ਵਿਚ ਵੀ ਇਨ੍ਹਾਂ ਨੂੰ ਸੁਆਦ ਆਉਂਦਾ ਹੈ। ਅਜਿਹੇ ਭਾਨੀਮਾਰਾਂ ਤੋਂ ਹਰੇਕ ਕਿਨਾਰਾ ਕਰਨ ਦਾ ਯਤਨ ਕਰਦਾ ਹੈ। ਕਈ ਅਜਿਹੇ ਹੁੰਦੇ ਹਨ ਕਿ ਉਹ ਕਿਸੇ ਦੀ ਤਾਰੀਫ਼ ਨਾ ਸੁਣ ਸਕਦੇ ਹਨ ਅਤੇ ਨਾ ਹੀ ਕਰ ਸਕਦੇ ਹਨ। ਉਹ ਤਾਂ ਹਮੇਸ਼ਾਂ ਨਿੰਦਾ ਹੀ ਕਰਦੇ ਹਨ। ਦੂਜੇ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਨ ਦੀ ਥਾਂ ਉਹ ਨੁਕਸ ਕੱਢਦੇ ਹਨ। ਅਨੇਕਾਂ ਊਜਾਂ ਲਾਉਂਦੇ ਹਨ। ਉਨ੍ਹਾਂ ਦਾ ਕੰਮ ਹਰੇਕ ਦੀ ਪਿੱਠ ਪਿੱਛੇ ਨਿੰਦਾ ਕਰਨਾ ਹੁੰਦਾ ਹੈ। ਉਹ ਤਾਂ ਕਦੇ ਆਪਣਿਆਂ ਨੂੰ ਵੀ ਨਹੀਂ ਬਖ਼ਸ਼ਦੇ। ਤੀਜੀ ਕਿਸਮ ਦੇ ਲੋਕਾਂ ਦਾ ਪਾਰਾ ਹਮੇਸ਼ਾਂ ਆਸਮਾਨ ਚੜਿ੍ਹਆ ਰਹਿੰਦਾ ਹੈ। ਆਪਣੀ ਗ਼ਲਤੀ ਉਹ ਕਦੇ ਮੰਨਦੇ ਹੀ ਨਹੀਂ ਹਨ। ਆਪਣੀ ਨਿਰਾਸ਼ਤਾ ਦਾ ਪ੍ਰਗਟਾਵਾ ਉਹ ਸੰਗੀ ਸਾਥੀਆਂ ਜਾਂ ਘਰ ਦੇ ਮੈਂਬਰਾਂ ਉੱਤੇ ਗੁੱਸਾ ਕਰਕੇ ਕੱਢਦੇ ਹਨ। ਅਜਿਹੇ ਗੁਸੈਲ ਤੋਂ ਬਾਹਰਲੇ ਤਾਂ ਕੀ ਘਰ ਦੇ ਮੈਂਬਰ ਵੀ ਦੂਰ ਰਹਿਣ ਦਾ ਯਤਨ ਕਰਦੇ ਹਨ। ਚੌਥੀ ਕਿਸਮ ਦੇ ਲੋਕਾਂ ਦਾ ਕੰਮ ਚਾਪਲੂਸੀ ਕਰਨਾ ਹੁੰਦਾ ਹੈ। ਉਹ ਆਪਣੇ ਅਫ਼ਸਰ ਦੀ ਹਮੇਸ਼ਾਂ ਝੂਠੀ ਤਾਰੀਫ਼ ਕਰਦੇ ਹਨ। ਆਪਣੇ ਬੱਚਿਆਂ ਦੇ ਐਬ ਦੂਰ ਕਰਨ ਦੀ ਥਾਂ ਉਨ੍ਹਾਂ ਦੀ ਝੂਠੀ ਤਾਰੀਫ਼ ਕਰਕੇ ਐਬ ਛੁਪਾਉਣ ਦਾ ਯਤਨ ਕਰਦੇ ਹਨ। ਅਜਿਹੇ ਇਨਸਾਨ ਦੂਜਿਆਂ ਨੂੰ ਗੁੰਮਰਾਹ ਕਰਦੇ ਹਨ। ਜਦੋਂ ਆਪਣਾ ਉੱਲੂ ਸਿੱਧਾ ਹੋ ਗਿਆ ਫਿਰ ਬੁਰਾਈ ਵੀ ਰੱਜ ਕੇ ਕਰਦੇ ਹਨ। ਇਸ ਵਰਗ ਦੀ ਬਹੁਗਿਣਤੀ ਹੈ। ਇਨ੍ਹਾਂ ਦੇ ਮੁੱਖ ’ਤੇ ਕਦੇ ਮੁਸਕਰਾਹਟ ਨਹੀਂ ਵੇਖੀ ਜਾਂਦੀ। ਹੱਸਣ ਤੋਂ ਵੀ ਸੰਕੋਚ ਕੀਤਾ ਜਾਂਦਾ ਹੈ, ਪਰ ਜਦੋਂ ਹੱਸਦੇ ਹਨ ਤਾਂ ਝੂਠਾ ਹਾਸਾ ਹੱਸਦੇ ਹਨ।
ਆਪਣੇ ਜੀਵਨ ਨੂੰ ਸਫਲ ਸੁਖਾਵਾਂ ਬਣਾਉਣ, ਸੰਗੀ ਸਾਥੀਆਂ ਦਾ ਪਿਆਰ ਪ੍ਰਾਪਤ ਕਰਨ ਲਈ ਬਾਣੀ ਤੇ ਵਿਚਾਰਾਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਕਰੋਗੇ ਤਾਂ ਕੋਈ ਵੀ ਤੁਹਾਨੂੰ ਮੁਸੀਬਤ ਆਉਣ ’ਤੇ ਰਾਹ ਬਦਲਣ ਦਾ ਯਤਨ ਕਰੇਗਾ।
ਇੰਜ ਇਨਸਾਨ ਕੁਦਰਤ ਵੱਲੋਂ ਬਖ਼ਸ਼ਿਸ਼ ਦੋ ਗੁਣਾਂ ਦੀ ਸੁਚੱਜੀ ਵਰਤੋਂ ਕਰਕੇ ਆਪਣਾ ਜੀਵਨ ਹੀ ਵਧੀਆ ਨਹੀਂ ਬਣਾ ਲਵੇਗਾ ਸਗੋਂ ਸੰਗੀ ਸਾਥੀਆਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਜੀਵਨ ਵੀ ਖ਼ੁਸ਼ੀਆਂ ਭਰਿਆ ਬਣਾ ਦੇਵੇਗਾ। ਇਹ ਕਹਾਵਤ ਤਾਂ ਸੁਣੀ ਹੀ ਹੋਵੇਗੀ, ‘ਪਹਿਲਾਂ ਤੋਲੋ ਫਿਰ ਬੋਲੋ।’ ਸ਼ਬਦ ਇਕ ਤੀਰ ਵਾਂਗ ਹੁੰਦੇ ਹਨ ਜਿਹੜੇ ਇਕ ਵਾਰ ਕਮਾਨ ਵਿਚੋਂ ਨਿਕਲ ਗਏ ਤਾਂ ਉਨ੍ਹਾਂ ਮੁੜ ਕਮਾਨ ਵਿਚ ਨਹੀਂ ਆਉਣਾ ਹੁੰਦਾ। ਜਦੋਂ ਅਸੀਂ ਮਿੱਠਾ ਬੋਲਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਹੀ ਸੁਖੀ ਨਹੀਂ ਕਰ ਲੈਂਦੇ ਸਗੋਂ ਸੰਗੀ ਸਾਥੀ ਅਤੇ ਪਰਿਵਾਰ ਦੇ ਮੈਂਬਰ ਵੀ ਸੁਖੀ ਹੋ ਜਾਂਦੇ ਹਨ। ਅਜਿਹਾ ਚੜ੍ਹਦੀ ਕਲਾ ਵਿਚ ਰਹਿੰਦਿਆਂ ਹੀ ਹੋ ਸਕਦਾ ਹੈ। ਚੜ੍ਹਦੀ ਕਲਾ ਅਜਿਹਾ ਮੰਤਰ ਹੈ ਜਿਹੜਾ ਮੁਸੀਬਤ ਵੇਲੇ ਵੀ ਮੁਸਕਰਾਹਟ ਸਿਖਾਉਂਦਾ ਹੈ। ਜੇਕਰ ਨਿਰਾਸ਼ ਜਾਂ ਗੁੱਸੇ ਵਿਚ ਆ ਜਾਈਏ ਤਾਂ ਆਈ ਮੁਸੀਬਤ ਖ਼ਤਮ ਹੋਣ ਦੀ ਥਾਂ ਹੋਰ ਵਧ ਜਾਂਦੀ ਹੈ ਤੇ ਮਨੁੱਖ ਨਿਰਾਸ਼ਤਾ ਦੀ ਖਾਈ ਵਿਚ ਹੇਠਾਂ ਵੱਲ ਹੋਰ ਚਲਾ ਜਾਂਦਾ ਹੈ। ਗੁੱਸਾ ਅਤੇ ਰੋਣਾ ਕਿਸੇ ਮਸਲੇ ਦਾ ਹੱਲ ਨਹੀਂ ਹਨ। ਮਸਲੇ ਤਾਂ ਵਿਚਾਰ ਵਟਾਂਦਰੇ ਨਾਲ ਹੱਲ ਹੁੰਦੇ ਹਨ। ਮਿੱਠ ਬੋਲੜੇ ਬੰਦਿਆਂ ਨਾਲ ਮੁਸੀਬਤ ਸਮੇਂ ਸਾਰੇ ਮੋਢਾ ਜੋੜਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਕੋਈ ਮਸਲਾ ਨਹੀਂ ਜਿਸ ਨੂੰ ਸੁਲਝਾਇਆ ਨਾ ਜਾ ਸਕੇ। ਜੇਕਰ ਪਰਿਵਾਰ ਦਾ ਆਪਸੀ ਪਿਆਰ ਹੈ ਅਤੇ ਪਰਿਵਾਰ ਦਾ ਮੁਖੀ ਇਹ ਆਖਦਾ ਹੈ ਕਿ ਆਵੋ ਆਪਾਂ ਇਹ ਕੰਮ ਕਰੀਏ ਜਾਂ ਇਹ ਪ੍ਰਾਪਤੀ ਅਸੀਂ ਸਾਰਿਆਂ ਰਲ ਕੇ ਕੀਤੀ ਹੈ ਤਾਂ ਮਾਹੌਲ ਖੁਸ਼ਗਵਾਰ ਰਹੇਗਾ। ਇਹ ਸਥਿਤੀ ਕੰਮਕਾਜੀ ਥਾਂ ਦੀ ਵੀ ਹੈ। ਭੈੜੇ ਸੁਭਾਅ ਵਾਲੇ ਜਦੋਂ ਕੋਈ ਪ੍ਰਾਪਤੀ ਹੋਵੇ ਤਾਂ ਆਖਦੇ ਹਨ ਮੈਂ ਪੂਰੀ ਮਿਹਨਤ ਕੀਤੀ ਹੈ। ਜੇ ਨੁਕਸਾਨ ਹੋ ਜਾਵੇ ਤਾਂ ਉਹ ਸਾਰਾ ਦੋਸ਼ ਸਾਥੀਆਂ ਦੇ ਸਿਰ ਮੜ੍ਹ ਦਿੰਦੇ ਹਨ, ਪਰ ਸੁਚੱਜੇ ਵਿਚਾਰਾਂ ਵਾਲਾ ਵਿਅਕਤੀ ਪ੍ਰਾਪਤੀ ਦਾ ਸਿਹਰਾ ਸਾਰਿਆਂ ਦੇ ਸਿਰ ਬੰਨ੍ਹਦਾ ਹੈ ਅਤੇ ਅਸਫਲਤਾ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਉਂਦਾ ਹੈ।
ਕਈ ਵਾਰ ਇਹ ਆਖ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ ਕਿ ਸਖ਼ਤੀ ਬਿਨਾਂ ਸਾਥੀਆਂ ਤੋਂ ਕੰਮ ਲੈਣਾ ਔਖਾ ਹੈ। ਉਹ ਘਰ ਵਿਚ ਵੀ ਇਹੋ ਕਾਨੂੰਨ ਦੀ ਵਰਤੋਂ ਕਰਦੇ ਹਨ। ਅਜਿਹੀ ਸਥਿਤੀ ਵਿਚ ਸਾਰੇ ਉਸ ਤੋਂ ਦੂਰ ਰਹਿਣ ਦਾ ਯਤਨ ਕਰਦੇ ਹਨ। ਕੰਮ ਵੀ ਮਜਬੂਰੀ ਵਿਚ ਹੀ ਕਰਦੇ ਹਨ। ਅਜਿਹਾ ਕੰਮ ਵੱਧ ਅਤੇ ਵਧੀਆ ਨਹੀਂ ਹੋ ਸਕਦਾ। ਵਧੀਆ ਅਤੇ ਵੱਧ ਕੰਮ ਤਾਂ ਉਦੋਂ ਹੀ ਹੁੰਦਾ ਹੈ ਜਦੋਂ ਇਸ ਨੂੰ ਸ਼ੌਕ ਨਾਲ ਕੀਤਾ ਜਾਵੇ ਅਤੇ ਪਿਆਰ ਨਾਲ ਸਮਝਾਇਆ ਜਾਵੇ।
ਕੁਦਰਤ ਵੱਲੋਂ ਬਖਸ਼ਿਸ਼ ਬਾਣੀ ਅਤੇ ਮੁਸਕਰਾਹਟ ਦੀ ਦਾਤ ਦਾ ਸਦਉਪਯੋਗ ਕੀਤਿਆਂ ਹੀ ਕੰਮ ਵੱਧ ਤੇ ਵਧੀਆ ਹੁੰਦਾ ਹੈ। ਕੰਮਕਾਜੀ ਥਾਂ ਮਾਹੌਲ ਖੁਸ਼ਗਵਾਰ ਰਹਿੰਦਾ ਹੈ। ਇਸ ਦਾ ਅਸਰ ਪਰਿਵਾਰ ’ਤੇ ਵੀ ਪੈਂਦਾ ਹੈ। ਇੱਥੇ ਮੈਂਬਰ ਮੁਖੀ ਦੇ ਆਉਣ ਦੀ ਬੇਸਬਰੀ ਨਾਲ ਤਾਂਘ ਕਰਦੇ ਹਨ ਤੇ ਹੱਸਦੇ ਖੇਡਦੇ ਆਪਣਾ ਸਮਾਂ ਖੁਸ਼ੀ ਖੁਸ਼ੀ ਬਤੀਤ ਕਰਦੇ ਹਨ। ਇਸੇ ਨੂੰ ਆਨੰਦਮਈ ਜੀਵਨ ਆਖਿਆ ਜਾਂਦਾ ਹੈ। ਜੀਵਨ ਦਾ ਆਨੰਦ ਖ਼ਰੀਦਿਆ ਨਹੀਂ ਜਾਂਦਾ, ਇਸ ਦੀ ਪ੍ਰਾਪਤੀ ਲਈ ਪੈਸਿਆਂ ਦੀ ਲੋੜ ਨਹੀਂ ਹੈ। ਇਸ ਨੂੰ ਆਪਣੇ ਸੁਭਾਅ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਵੀ ਪ੍ਰਾਪਤ ਕਰ ਲੈਂਦਾ ਹੈ। ਜਦੋਂ ਕਿ ਅਮੀਰ ਤੋਂ ਅਮੀਰ ਵਿਅਕਤੀ ਵੀ ਜੇਕਰ ਹਊਮੇ ਵਿਚ ਗ੍ਰਸਿਆ ਹੋਵੇ ਤਾਂ ਦੁਖੀ ਹੀ ਰਹਿੰਦਾ ਹੈ। ਲੋੜ ਕੁਦਰਤ ਵੱਲੋਂ ਬਖ਼ਸ਼ਿਸ਼ ਬਾਣੀ ਅਤੇ ਮੁਸਕਰਾਹਟ ਦੀ ਸੁਚੱਜੀ ਵਰਤੋਂ ਕਰਨ ਦੀ ਹੈ। ਮਨੁੱਖੀ ਜੀਵਨ ਦੁਰਲੱਭ ਹੈ। ਇਸ ਨੂੰ ਆਨੰਦਮਈ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੈ। ਜਿਸ ਦੇ ਚਿਹਰੇ ਉੱਤੇ ਹਮੇਸ਼ਾਂ ਮੁਸਕਰਾਹਟ ਰਹਿੰਦੀ ਹੈ ਅਤੇ ਉਹ ਚੜ੍ਹਦੀ ਕਲਾ ਵਿਚ ਰਹਿੰਦਾ ਹੈ, ਉਹ ਕਦੇ ਦੁਖੀ ਨਹੀਂ ਹੁੰਦਾ। ਉਹ ਆਪਣੇ ਯਤਨਾਂ ਨਾਲ ਸਾਰੀਆਂ ਔਕੜਾਂ ਨੂੰ ਦੂਰ ਕਰ ਲੈਂਦਾ ਹੈ। ਢਹਿੰਦੀ ਕਲਾ ਵਿਚ ਜਾ ਕੇ ਮਨੁੱਖ ਦੇ ਅੰਦਰ ਡਰ ਅਤੇ ਭੈਅ ਪੈਦਾ ਹੋ ਜਾਂਦਾ ਹੈ, ਇਸ ਕਰਕੇ ਉਹ ਮੁਸੀਬਤਾਂ ਦਾ ਮੁਕਾਬਲਾ ਕਰਨ ਦੀ ਥਾਂ ਘਬਰਾ ਕੇ ਹੌਸਲਾ ਛੱਡ ਦਿੰਦਾ ਹੈ। ਆਓ! ਚੜ੍ਹਦੀ ਕਲਾ ਦਾ ਮੰਤਰ ਅਪਣਾਈਏ, ਮਿੱਠੀ ਬਾਣੀ ਅਤੇ ਮੁਸਕਰਾਹਟ ਨਾਲ ਜੀਵਨ ਸਫਲ ਬਣਾਈਏ।