ਮੁੰਬਈ: ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਇੱਕ ਚੰਗੀ ਫਿਲਮ ਬਣਾ ਕੇ ਉਸ ਨੂੰ ਕੌਮਾਂਤਰੀ ਅਤੇ ਫ਼ਿਲਮ ਸਮਾਗਮ ਸਰਕਟਾਂ ਵਿੱਚ ਪ੍ਰਦਰਸ਼ਿਤ ਕਰਦੇ ਹਨ ਅਤੇ ਉਹ ਚੰਗੀਆਂ ਫਿਲਮਾਂ ਪ੍ਰਦਰਸ਼ਿਤ ਕਰਨ ਲਈ ਵਿਸ਼ਵ ਭਰ ਦੀ ਯਾਤਰਾ ਵੀ ਕਰਦੇ ਹਨ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਦੋਬਾਰਾ’ ਜਲਦੀ ਹੀ ਮੈਲਬਰਨ 2022 ਦੇ ਇੰਡੀਅਨ ਫਿਲਮ ਫੈਸਟੀਵਲ ਦਾ ਆਗਾਜ਼ ਕਰੇਗੀ। ਇਸ ਫ਼ਿਲਮ ਵਿਚ ਤਾਪਸੀ ਪੰਨੂ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਫਿਲਮ ‘ਦੋਬਾਰਾ’ ਮੈਲਬਰਨ ਦੇ ਸਮਾਗਮਾਂ ਦੀ ਸ਼ੁਰੂਆਤ ਵੇਲੇ ਰਾਤ ਨੂੰ ਦਿਖਾਈ ਜਾਣ ਵਾਲੀ ਪਹਿਲੀ ਫਿਲਮ ਹੋਵੇਗੀ ਜਿਸ ਲਈ ਅਨੁਰਾਗ ਕਸ਼ਯਪ ਤੇ ਤਾਪਸੀ ਪੰਨੂ ਆਸਟਰੇਲੀਆ ਜਾਣਗੇ। ਅਨੁਰਾਗ ਕਸ਼ਯਪ ਨੇ ਦੱਸਿਆ ਕਿ ਫਿਲਮ ਪ੍ਰਦਰਸ਼ਿਤ ਕਰਨ ਅਤੇ ਮੈਲਬਰਨ ਦੇ ਇੰਡੀਅਨ ਫਿਲਮ ਫੈਸਟੀਵਲ ਲਈ ਓਪਨਿੰਗ ਨਾਈਟ ਫਿਲਮ ਵਜੋਂ ਚੁਣੇ ਜਾਣ ਲਈ ਉਹ ਬਹੁਤ ਉਤਸ਼ਾਹਿਤ ਹੈ। ਉਹ ਪਹਿਲਾਂ ਵੀ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੁੰਦਾ ਰਿਹਾ ਹੈ ਤੇ ਇਥੇ ਭਾਰਤੀ ਫਿਲਮਾਂ ਅਤੇ ਉਪ-ਮਹਾਂਦੀਪ ਦੀਆਂ ਫਿਲਮਾਂ ਜ਼ੋਸ਼ੋ-ਖਰੋਸ਼ ਨਾਲ ਦਿਖਾਈਆਂ ਜਾਂਦੀਆਂ ਹਨ। ਇਹ ਫ਼ਿਲਮ 2018 ਦੀ ਸਪੈਨਿਸ਼ ਫਿਲਮ ‘ਮਿਰਾਜ’ ਦੀ ਹਿੰਦੀ ਰੀਮੇਕ ਹੈ ਜਿਸ ਵਿਚ ਮੁੱਖ ਕਿਰਦਾਰ ਤਾਪਸੀ ਨੇ ਨਿਭਾਇਆ ਹੈ। ਇਹ ਫਿਲਮ 19 ਅਗਸਤ ਨੂੰ ਵਿਸ਼ਵ ਭਰ ਵਿਚ ਰਿਲੀਜ਼ ਹੋ ਰਹੀ ਹੈ। -ਆਈਏਐੱਨਐੱਸ