ਮੁੰਬਈ: ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਦੇਸ਼ ਵਾਸੀਆਂ ਨੂੰ ਉੱਘੇ ਬੌਲੀਵੁੱਡ ਅਦਾਕਾਰ ਕਬੀਰ ਬੇਦੀ ਨੇ ਅੱਜ ਸੋਸ਼ਲ ਮੀਡੀਆ ’ਤੇ ਹੱਥ ਧੋਣ ਦੀ ਮਹੱਤਤਾ ਦੱਸੀ। ਅਦਾਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨੀ ਛੇਤੀ ਹੋ ਸਕੇ ਕਰੋਨਾ ਰੋਕੂ ਟੀਕਾ ਲਗਵਾਓ। ਅਦਾਕਾਰ ਨੇ ਆਖਿਆ,‘‘ਕਰੋਨਾ ਖ਼ਿਲਾਫ਼ ਇਕੱਠੇ ਹੋ ਕੇ ਜੰਗ ਲੜੋ। ਮਾਸਕ ਪਹਿਨੋਂ। ਸਮਾਜਿਕ ਦੂਰੀ ਰੱਖੋ। ਆਪਣੇ ਹੱਥ ਧੋਵੋ। ਕਰੋਨਾ ਰੋਕੂ ਟੀਕਾ ਲਗਵਾਓ। ਜੇਕਰ ਤੁਸੀਂ ਘਰੋਂ ਬਾਹਰ ਜਾਂਦੇ ਹੋ ਤਾਂ ਕਿਰਪਾ ਕਰਕੇ ਵਾਪਸੀ ’ਤੇ ਹੱਥ ਧੋਣਾ ਨਾ ਭੁੱਲੋ। ਸੁਰੱਖਿਅਤ ਤੇ ਤੰਦਰੁਸਤ ਰਹੋ। ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ।’’ ਅਦਾਕਾਰ ਨੇ ਟਵੀਟ ਕਰਦਿਆਂ ਲੋਕਾਂ ਨੂੰ ਕਰੋਨਾ ਦੇ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਸਬੰਧੀ ਜਾਗਰੂਕ ਕੀਤਾ। ਬੇਦੀ ਨੇ ਆਖਿਆ,‘‘ਭਾਰਤ ਨੂੰ ਭਿਆਨਕ ਸਿਹਤ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਦਾ ਨਵਾਂ ਰੂਪ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਵਿਸ਼ਵ ਦਾ ਕੋਈ ਵੀ ਅਜਿਹਾ ਸਿਹਤ ਸਿਸਟਮ ਨਹੀਂ ਹੈ ਜਿਹੜਾ ਹਫ਼ਤੇ ਵਿੱਚ ਆਏ ਵੀਹ ਲੱਖ ਨਵੇਂ ਕਰੋਨਾ ਕੇਸਾਂ ਦਾ ਸਾਹਮਣਾ ਕਰ ਸਕਦਾ ਹੋਵੇ ਪਰ ਸਾਡੇ ਡਾਕਟਰ ਕਰੋਨਾ ਖ਼ਿਲਾਫ਼ ਦਲੇਰੀ ਨਾਲ ਲੜਾਈ ਲੜ ਰਹੇ ਹਨ। ਵਾਇਰਸ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਇਸ ਜੰਗ ਵਿੱਚ ਕੁੁੱਦਣਾ ਚਾਹੀਦਾ ਹੈ। -ਆਈਏਐੱਨਐੱਸ