ਹਰਿੰਦਰ ਸਿੰਘ ਗੋਗਨਾ
ਚੈਰੀ ਰੋਜ਼ਾਨਾ ਆਪਣੇ ਕੁਝ ਦੋਸਤਾਂ ਨਾਲ ਨੇੜੇ ਦੇ ਮੈਦਾਨ ਵਿੱਚ ਕ੍ਰਿਕਟ ਖੇਡਣ ਚਲਾ ਜਾਂਦਾ। ਉਸ ਨੂੰ ਕ੍ਰਿਕਟ ਦਾ ਬਹੁਤ ਸ਼ੌਕ ਸੀ। ਆਪਣੇ ਮੋਬਾਈਲ ਵਿੱਚ ਵੀ ਉਹ ਕ੍ਰਿਕਟ ਦੇ ਮਸ਼ਹੂਰ ਸਿਤਾਰਿਆਂ ਬਾਰੇ ਦੇਖਦਾ ਰਹਿੰਦਾ ਸੀ। ਉਸ ਨੂੰ ਹਰ ਦੇਸ਼ ਦੇ ਕ੍ਰਿਕਟ ਖਿਡਾਰੀਆਂ ਦੇ ਨਾਂ ਜ਼ੁਬਾਨੀ ਯਾਦ ਸਨ। ਕ੍ਰਿਕਟ ਦਾ ਜਨੂੰਨ ਇਸ ਕਦਰ ਉਸ ਦੇ ਮਨ ’ਤੇ ਛਾਇਆ ਹੋਇਆ ਸੀ ਕਿ ਉਸ ਦੀ ਦਿਲਚਸਪੀ ਪੜ੍ਹਾਈ ਵਿੱਚ ਘਟਦੀ ਜਾ ਰਹੀ ਸੀ। ਉਹ ਕ੍ਰਿਕਟਰ ਬਣਨਾ ਚਾਹੁੰਦਾ ਸੀ। ਇਸ ਲਈ ਭਾਵੇਂ ਉਸ ਨੂੰ ਕੁਝ ਵੀ ਕਰਨਾ ਪਵੇ।
ਉਸ ਦੇ ਮੰਮੀ-ਪਾਪਾ ਉਸ ਨੂੰ ਬਹੁਤ ਸਮਝਾਉਂਦੇ ਕਿ ਉਹ ਪੜ੍ਹਾਈ ਵਿੱਚ ਰੁਚੀ ਲਵੇ, ਪਰ ਚੈਰੀ ’ਤੇ ਇਸ ਦਾ ਕੋਈ ਅਸਰ ਨਹੀਂ ਸੀ। ਕ੍ਰਿਸਮਸ ਦੀ ਰਾਤ ਜਦੋਂ ਚੈਰੀ ਸੌਂ ਰਿਹਾ ਸੀ ਤਾਂ ਅਚਾਨਕ ਉਸ ਨੂੰ ਕਿਸੇ ਨੇ ਮੋਢੇ ਤੋਂ ਹਿਲਾ ਕੇ ਜਗਾਇਆ। ਚੈਰੀ ਨੇ ਅੱਖਾਂ ਮਲ੍ਹਦਿਆਂ ਜਦੋਂ ਦੇਖਿਆ ਤਾਂ ਉਸ ਨੂੰ ਆਪਣੀਆਂ ਅੱਖਾਂ ’ਤੇ ਯਕੀਨ ਨਾ ਹੋਇਆ। ਉਸ ਦੇ ਸਾਹਮਣੇ ਸਾਂਤਾ ਕਲਾਜ਼ ਬੈਠਾ ਸੀ।
‘ਹਾਂ ਬਈ ਚੈਰੀ, ਕੀ ਹਾਲ ਐ ਤੇਰਾ…?’ ਸਾਂਤਾ ਕਲਾਜ਼ ਨੇ ਆਪਣੇ ਮੋਢੇ ਟੰਗਿਆ ਥੈਲਾ ਇੱਕ ਪਾਸੇ ਰੱਖਦਿਆਂ ਕਿਹਾ।
ਚੈਰੀ ਨੂੰ ਲੱਗਾ ਜਿਵੇਂ ਉਹ ਕੋਈ ਸੁਪਨਾ ਦੇਖ ਰਿਹਾ ਹੈ। ਉਹ ਉੱਠ ਕੇ ਬਹਿ ਗਿਆ ਤੇ ਮੁਸਕਰਾ ਕੇ ਬੋਲਿਆ, ‘ਮੈਂ ਠੀਕ ਹਾਂ…ਸਾਂਤਾ ਕਲਾਜ਼…।’
ਸਾਂਤਾ ਨੇ ਚੈਰੀ ਨੂੰ ਇੱਕ ਉਪਹਾਰ ਦਿੱਤਾ ਤੇ ਫਿਰ ਪੁੱਛਣ ਲੱਗਾ, ‘ਤੂੰ ਇੱਕ ਵਧੀਆ ਕ੍ਰਿਕਟ ਖਿਡਾਰੀ ਬਣੇਂਗਾ…।’
ਚੈਰੀ ਨੂੰ ਹੈਰਾਨੀ ਹੋਈ ਕਿ ਸਾਂਤਾ ਨੂੰ ਕਿਵੇਂ ਪਤਾ ਲੱਗਾ ਕਿ ਉਹ ਕ੍ਰਿਕਟ ਖਿਡਾਰੀ ਬਣਨਾ ਚਾਹੁੰਦਾ ਹੈ। ਉਸ ਨੇ ਆਪਣਾ ਉਪਹਾਰ ਇੱਕ ਪਾਸੇ ਰੱਖਦਿਆਂ ਕਿਹਾ, ‘ਸਾਂਤਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਕ੍ਰਿਕਟ ਖਿਡਾਰੀ…।’
ਚੈਰੀ ਦੀ ਗੱਲ ਵਿੱਚੋਂ ਕੱਟਦਿਆਂ ਸਾਂਤਾ ਨੇ ਕਿਹਾ, ‘ਮੈਂ ਸਭ ਜਾਣਦਾ ਹਾਂ। ਭਵਿੱਖ ਵਿੱਚ ਕੀ ਹੋਵੇਗਾ ਇਸ ਦੀ ਮੈਨੂੰ ਸਾਰੀ ਖ਼ਬਰ ਹੈ, ਪਰ ਤੇਰੇ ਕ੍ਰਿਕਟ ਖਿਡਾਰੀ ਬਣਨ ਵਿੱਚ ਇੱਕ ਰੁਕਾਵਟ ਹੈ…।’ ਕਹਿ ਕੇ ਸਾਂਤਾ ਆਪਣੀ ਦਾੜ੍ਹੀ ਨੂੰ ਖੁਜਲਾਉਣ ਲੱਗਾ।
ਚੈਰੀ ਦੀ ਉਤਸੁਕਤਾ ਵਧਦੀ ਜਾ ਰਹੀ ਸੀ। ਉਸ ਨੇ ਝੱਟ ਪੁੱਛਿਆ, ‘ਦੱਸੋ ਦੱਸੋ ਕੀ ਰੁਕਾਵਟ ਹੈ? ਮੈਂ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਹਾਂ।’
‘ਘਬਰਾ ਨਾ। ਤੈਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ। ਇਸ ਦਾ ਹੱਲ ਵੀ ਮੇਰੇ ਕੋਲ ਹੈ। ਮੈਂ ਨੇਕ ਬੱਚਿਆਂ ਦੀ ਮਦਦ ਕਰਨਾ ਚਾਹੁੰਦਾ ਹਾਂ। ਇਹ ਲੰਮੀ ਪੈਨਸਿਲ ਵੇਖ ਰਿਹਾ ਹੈਂ। ਇਹ ਕੋਈ ਸਾਧਾਰਨ ਪੈਨਸਿਲ ਨਹੀਂ, ਪਰ ਇਸ ਨੂੰ ਨਿਯਮ ਨਾਲ ਵਰਤਣਾ ਪਵੇਗਾ।’
‘ਫਿਰ…?’ ਚੈਰੀ ਨੇ ਸਾਂਤਾ ਦੇ ਹੱਥ ਵਿੱਚ ਫੜੀ ਪੈਨਸਿਲ ਵੱਲ ਲਾਲਸਾ ਨਾਲ ਦੇਖਦਿਆਂ ਪੁੱਛਿਆ।
‘ਇਹ ਪੈਨਸਿਲ ਜਿਵੇਂ ਜਿਵੇਂ ਘਿਸਦੀ ਜਾਵੇਗੀ ਤੇ ਤੇਰੀ ਕਿਸਮਤ ਵਿੱਚ ਆਈ ਰੁਕਾਵਟ ਦੂਰ ਹੁੰਦੀ ਜਾਵੇਗੀ ਤੇ ਤੈਨੂੰ ਤੇਰੀ ਮੰਜ਼ਿਲ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕੇਗਾ। ਮਤਲਬ ਕਿ ਤੂੰ ਰੋਜ਼ਾਨਾ ਦੋ-ਤਿੰਨ ਘੰਟੇ ਪੜ੍ਹਨ ਲਈ ਸਮਾਂ ਕੱਢਣਾ ਹੈ ਤੇ ਜੋ ਵੀ ਯਾਦ ਕਰੇਂ ਉਹੋ ਇਸ ਪੈਨਸਿਲ ਨਾਲ ਕਾਪੀ ’ਤੇ ਲਿਖ ਕੇ ਵੇਖਣਾ ਹੈ। ਜਦੋਂ ਵੀ ਆਪਣਾ ਹੋਮਵਰਕ ਕਰਨਾ ਹੈ ਤਾਂ ਇਸੇ ਪੈਨਸਿਲ ਨਾਲ ਕਰਨਾ ਹੈ। ਯਾਦ ਰਹੇ ਕਿ ਇਸ ਪੈਨਸਿਲ ਨਾਲ ਕੇਵਲ ਹੋਮਵਰਕ ਕਰਨਾ ਹੈ ਤੇ ਯਾਦ ਕੀਤਾ ਹੀ ਲਿਖ ਕੇ ਵੇਖਣਾ ਹੈ। ਹਾਂ, ਇਸ ਬਾਰੇ ਕਿਸੇ ਨੂੰ ਦੱਸਣਾ ਨਹੀਂ।’ ਸਾਂਤਾ ਨੇ ਪੈਨਸਿਲ ਚੈਰੀ ਨੂੰ ਦਿੰਦਿਆਂ ਕਿਹਾ ਤੇ ਫਿਰ ਚਲਾ ਗਿਆ। ਚੈਰੀ ਕਿੰਨਾ ਚਿਰ ਉਸ ਚਮਤਕਾਰੀ ਪੈਨਸਿਲ ਵੱਲ ਦੇਖਦਾ ਰਿਹਾ। ਉਹ ਅੱਜ ਕਾਫ਼ੀ ਖ਼ੁਸ਼ ਸੀ। ਹੁਣ ਉਹ ਰੋਜ਼ਾਨਾ ਉਸ ਪੈਨਸਿਲ ਨਾਲ ਆਪਣਾ ਹੋਮਵਰਕ ਕਰਦਾ। ਨਤੀਜਾ ਇਹ ਹੋਇਆ ਕਿ ਉਹ ਜੋ ਵੀ ਲਗਨ ਨਾਲ ਲਿਖਦਾ ਉਸ ਨੂੰ ਯਾਦ ਵੀ ਹੁੰਦਾ ਰਹਿੰਦਾ। ਜਿਸ ਨਾਲ ਉਹ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਹੁੰਦਾ ਗਿਆ ਤੇ ਨਤੀਜਾ ਇਹ ਨਿਕਲਿਆ ਕਿ ਉਹ ਇਸ ਵਾਰ ਚੰਗੇ ਅੰਕਾਂ ਨਾਲ ਪਾਸ ਹੋਇਆ। ਕ੍ਰਿਕਟ ਤੋਂ ਵੀ ਉਸ ਦਾ ਧਿਆਨ ਕਾਫ਼ੀ ਘਟ ਗਿਆ ਸੀ।
ਫਿਰ ਇੱਕ ਦਿਨ ਉਸ ਦੇ ਮੋਬਾਈਲ ’ਤੇ ਕਿਸੇ ਦਾ ਫੋਨ ਆਇਆ। ਉਸ ਨੇ ਫੋਨ ਚੁੱਕ ਕੇ ਸੁਣਿਆ ਤਾਂ ਹੋਰ ਵੀ ਹੈਰਾਨ ਹੋਇਆ ਕਿ ਫੋਨ ਵਿੱਚ ਸਾਂਤਾ ਬੋਲ ਰਹੇ ਸਨ।
‘ਸਾਂਤਾ ਮੈਂ ਇਸ ਵਾਰ ਚੰਗੇ ਅੰਕਾਂ ਨਾਲ ਪਾਸ ਹੋਇਆ ਹਾਂ। ਤੁਹਾਡੀ ਦਿੱਤੀ ਪੈਨਸਿਲ ਨੇ ਹੋਰ ਵੀ ਕ੍ਰਿਸ਼ਮਾ ਕੀਤਾ ਕਿ ਮੈਂ ਅੱਗੇ ਨਾਲੋਂ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਹੋ ਗਿਆ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।’
‘ਬੇਟਾ, ਅਸਲ ਵਿੱਚ ਉਹ ਸਾਧਾਰਨ ਪੈਨਸਿਲ ਸੀ। ਤੂੰ ਰਾਹ ਭਟਕ ਗਿਆ ਸੀ। ਜੀਵਨ ਵਿੱਚ ਕੁਝ ਵੀ ਬਣੋ, ਪਰ ਗਿਆਨ ਤੋਂ ਬਿਨਾਂ ਤੁਸੀਂ ਕੁਝ ਨਹੀਂ। ਗਿਆਨ ਬਿਨਾਂ ਪੜ੍ਹਾਈ ਨਹੀਂ ਆ ਸਕਦੀ। ਇਸ ਦੁਨੀਆ ਵਿੱਚ ਜਾਦੂ ਦਾ ਕੁਝ ਵੀ ਨਹੀਂ। ਸੱਚੀ ਮਿਹਨਤ ਤੇ ਲਗਨ ਨਾਲ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ। ਸਦਾ ਖ਼ੁਸ਼ ਰਹੋ।’
ਚੈਰੀ ਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਕ੍ਰਿਸਮਸ ਦੀ ਰਾਤ ਉਸ ਦੇ ਕਮਰੇ ਵਿੱਚ ਜੋ ਸਾਂਤਾ ਕਲਾਜ਼ ਆਇਆ ਸੀ ਉਹ ਦਰਅਸਲ ਉਸ ਦੇ ਪਾਪਾ ਨੇ ਭੇਸ ਵਟਾਇਆ ਸੀ ਤੇ ਫੋਨ ’ਤੇ ਵੀ ਉਹੋ ਆਵਾਜ਼ ਬਦਲ ਕੇ ਗੱਲ ਕਰ ਰਹੇ ਸਨ ਤਾਂ ਕਿ ਉਸ ਨੂੰ ਸਹੀ ਮਾਰਗ ਦਿਖਾ ਸਕਣ। ਚੈਰੀ ਹੁਣ ਪੜ੍ਹਾਈ ਦੇ ਮਹੱਤਵ ਨੂੰ ਜਾਣ ਗਿਆ ਸੀ।
ਸੰਪਰਕ: 98723-25860