ਅਵਲੀਨ ਕੌਰ ਮਾਨ
ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਅਨੇਕਾਂ ਸਵਾਲ ਖੜ੍ਹੇ ਕਰ ਗਈ ਹੈ। 21 ਜਨਵਰੀ, 1986 ਨੂੰ ਬਿਹਾਰ ਦੇ ਪਟਨਾ ਜਿਹੇ ਛੋਟੇ ਸ਼ਹਿਰ ਵਿਚ ਪੈਦਾ ਹੋਏ ਤੇ ਮੁੰਬਈ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਸੁਸ਼ਾਂਤ ਦਾ ਸਫ਼ਰ ਛੋਟਾ ਜ਼ਰੂਰ ਰਿਹਾ, ਪਰ ਇਹ ਬੇਹੱਦ ਜਨੂੰਨ ਭਰਿਆ ਤੇ ਸਫਲਤਾਪੂਰਨ ਰਿਹਾ। ਸੁਸ਼ਾਂਤ ਦੇ ਪਿਛਲੇ ਜੀਵਨ ’ਤੇ ਝਾਤ ਮਾਰੀਏ ਤਾਂ ਉਸ ਦੀਆਂ ਕਈ ਪ੍ਰਾਪਤੀਆਂ ਸਹਿਜੇ ਹੀ ਵੇਖੀਆਂ ਜਾ ਸਕਦੀਆਂ ਹਨ। 2002 ਵਿਚ ਮਾਂ ਦੇ ਦੇਹਾਂਤ ਬਾਅਦ ਸੁਸ਼ਾਂਤ ਤੇ ਉਸਦਾ ਪੂਰਾ ਪਰਿਵਾਰ ਦਿੱਲੀ ਆ ਕੇ ਵੱਸ ਗਿਆ। ਉਸਨੇ 11ਵੀਂ ਜਮਾਤ ਵਿਚ ‘ਨੈਸ਼ਨਲ ਫਿਜ਼ਿਕਸ ਓਲੰਪੀਅਨ’ ਦਾ ਜਿੱਥੇ ਮੁਕਾਬਲਾ ਜਿੱਤਿਆ, ਉੱਥੇ ਹੀ ਆਲ ਇੰਡੀਆ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਵਿਚ ਸੱਤਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਿੱਲੀ ਕਾਲਜ ਆਫ ਇੰਜੀਨੀਅਰਿੰਗ ਵਿਚ ਉਸਨੇ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰ ਲਈ। ਉਸਨੇ ਆਪਣੀ ਜ਼ਿੰਦਗੀ ’ਚ ਕਈ ਸੁਪਨੇ ਦੇਖੇ, ਉਸਦਾ ਇਕ ਸੁਪਨਾ ਪੁਲਾੜ ਯਾਤਰੀ ਬਣਨ ਦਾ ਸੀ, ਇਸ ਸਬੰਧੀ ਉਸਨੇ ਇਕ ਵਾਰ ‘ਨਾਸਾ’ ਦੀ ਯਾਤਰਾ ਵੀ ਕੀਤੀ, ਪਰ ਪੜ੍ਹਾਈ ਦੇ ਦੌਰਾਨ ਹੀ ਡਾਂਸ ਦਾ ਸ਼ੌਕ ਰੱਖਣ ਕਾਰਨ ਉਸਨੇ ਨਾਲ-ਨਾਲ ‘ਸ਼ਿਆਮਕ ਡਾਵਰ’ ਦੀਆਂ ਡਾਂਸ ਕਲਾਸਾਂ ਜੁਆਇਨ ਕਰ ਲਈਆਂ। ਇਸ ਤਰ੍ਹਾਂ ਉਸਦਾ ਝੁਕਾਅ ਕਲਾ ਵਾਲੇ ਪਾਸੇ ਵੱਧਦਾ ਗਿਆ ਤੇ ਪੜ੍ਹਾਈ ਵਾਲੇ ਪਾਸਿਓਂ ਘਟਦਾ ਗਿਆ। ਨਤੀਜੇ ਵਜੋਂ ਉਸਨੇ ਇੰਜੀਨੀਅਰਿੰਗ ਦੇ ਤੀਜੇ ਸਾਲ ਹੀ ਕਾਲਜ ਛੱਡ ਦਿੱਤਾ ਤੇ ਪੂਰੀ ਤਰ੍ਹਾਂ ਨਾਲ ਕਲਾ ਦੇ ਖੇਤਰ ਨੂੰ ਹੀ ਸਮਰਪਿਤ ਹੋ ਗਿਆ। 2005 ਵਿਚ ਵੱਡੇ-ਵੱਡੇ ਪ੍ਰੋਗਰਾਮਾਂ ’ਚ ਬਤੌਰ ਬੈਕਗ੍ਰਾਊਂਡ ਡਾਂਸਰ ਹੋਣ ਦੇ ਨਾਲ ਨਾਲ ਉਸਨੂੰ ਅਦਾਕਾਰੀ ਦੀ ਚੇਟਕ ਵੀ ਲੱਗ ਗਈ ਤੇ ਉਸਨੇ ਇਸ ਸੰਦਰਭ ਵਿਚ ‘ਨਾਦਿਰਾ ਬੱਬਰ ਥੀਏਟਰ’ ਗਰੁੱਪ ਜੁਆਇਨ ਕਰ ਲਿਆ। ਬਸ ਫਿਰ ਕੀ ਸੀ 2008 ਵਿਚ ਬਾਲਾਜੀ ਦੇ ਸੀਰੀਅਲ ‘ਕਿਸ ਦੇਸ਼ ਮੇਂ ਹੈ ਮੇਰਾ ਦਿਲ’ ਤੇ ‘ਪਵਿੱਤਰ ਰਿਸ਼ਤਾ’ ਜਿਹੇ ਟੀਵੀ ਸੀਰੀਅਲਾਂ ਨੇ ਉਸਨੂੰ ਸਭ ਦਾ ਪਿਆਰਾ ਬਣਾ ਦਿੱਤਾ। ਇਸਤੋਂ ਬਾਅਦ ਉਸਨੇ ਦੋ ਰਿਐਲਿਟੀ ਸ਼ੋਅ ‘ਜ਼ਰਾ ਨੱਚ ਕੇ ਦਿਖਾ-2’ ਤੇ ‘ਝਲਕ ਦਿਖਲਾ ਜਾ-4’ ਵੀ ਕੀਤੇ। 2011 ਵਿਚ ਸੁਸ਼ਾਂਤ ਆਪਣੀ ਅਦਾਕਾਰੀ ਨੂੰ ਹੋਰ ਨਿਖਾਰਨ ਲਈ ਫ਼ਿਲਮ ਮੇਕਿੰਗ ਦਾ ਕੋਰਸ ਕਰਨ ਲਈ ਵਿਦੇਸ਼ ਚਲਾ ਗਿਆ। ਵਾਪਸ ਆਉਣ ’ਤੇ ਜਿਵੇਂ ਉਸਦੀ ਕਿਸਮਤ ਦਾ ਸਿਤਾਰਾ ਹੋਰ ਚਮਕਣ ਦੇ ਇੰਤਜ਼ਾਰ ਵਿਚ ਹੀ ਸੀ। ਅਭਿਸ਼ੇਕ ਕਪੂਰ ਦੀ ‘ਕਾਯੇ ਪੋ ਚੀ’ (2013) ਵਰਗੀ ਬਿਹਤਰੀਨ ਫ਼ਿਲਮ ਕਰਨ ਤੋਂ ਬਾਅਦ ਇਕ ਤੋਂ ਬਾਅਦ ਇਕ ਫ਼ਿਲਮਾਂ ਜਿਵੇਂ ‘ਸ਼ੁੱਧ ਦੇਸੀ ਰੋਮਾਂਸ’,‘ ਪੀ. ਕੇ.’ (2014), ‘ਡਿਟੈਕਟਿਵ ਬਿਓਮਕੇਸ਼ ਬਖਸ਼ੀ’(2015), ‘ਐੱਮ.ਐੱਸ.ਧੋਨੀ’ (2016), ‘ਰਾਬਤਾ’(2018), ‘ਕੇਦਾਰਨਾਥ’(2018), ‘ਸੋਨ ਚਿੜੀਆ’(2019) ਤੇ ‘ਛੀਛੋਰੇ’ (2019) ਜਿਹੀਆਂ ਫ਼ਿਲਮਾਂ ਵਿਚ ਆਪਣੀ ਬਿਹਤਰੀਨ ਅਦਾਕਾਰੀ ਤੇ ਸ਼ਖ਼ਸੀਅਤ ਨਾਲ ਲੋਕਾਂ ਦੇ ਮਨਾਂ ’ਤੇ ਰਾਜ ਕਰ ਲਿਆ।
ਦੂਜਿਆਂ ਲਈ ਪ੍ਰੇਰਨਾਦਾਇਕ ਬਣਨ ਵਾਲੇ ਇਸ ਬਿਹਤਰੀਨ ਅਦਾਕਾਰ ਦਾ ਅਚਾਨਕ ਇਸ ਤਰ੍ਹਾਂ ਕਦਮ ਚੁੱਕ ਲੈਣਾ ਅਚੰਭਾਪੂਰਨ ਹੈ। ਬਗ਼ੈਰ ਕਿਸੇ ਫ਼ਿਲਮੀ ਪਿਛੋਕੜ ਛੋਟੇ-ਛੋਟੇ ਪਿੰਡਾਂ/ਸ਼ਹਿਰਾਂ ਤੋਂ ਆਉਣ ਵਾਲੇ ਪਤਾ ਨਹੀਂ ਕਿੰਨੇ ਹੀ ਮੱਧ ਵਰਗੀ ਨੌਜਵਾਨ ਕਲਾਕਾਰਾਂ ਲਈ ਉਹ ਮਾਰਗ ਦਰਸ਼ਕ ਸੀ। ਕਿਸੇ ਵੀ ਇਨਸਾਨ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਖ਼ਤਮ ਕਰ ਲੈਣਾ ਕਦੇ ਵੀ ਸੌਖਾ ਨਹੀਂ ਹੁੰਦਾ, ਇਸ ਲਈ ਕਈ ਹਾਲਾਤ ਜ਼ਿੰਮੇਵਾਰ ਹੁੰਦੇ ਹਨ ਜੋ ਉਸਨੂੰ ਅਜਿਹਾ ਕਰਨ ਲਈ ਮਜਬੂਰ ਕਰਦੇ ਹਨ। ਸੁਸ਼ਾਂਤ ਸਿੰਘ ਦੇ ਕੇਸ ਵਿਚ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਿਰਫ਼ ਆਤਮ ਹੱਤਿਆ ਨਹੀਂ ਬਲਕਿ ਹੱਤਿਆ ਹੈ। ਇਸਦਾ ਜ਼ਿੰਮੇਵਾਰ ਹੈ, ਭਤੀਜਾਵਾਦ/ਪਰਿਵਾਰਵਾਦ ਜੋ ਬੌਲੀਵੁੱਡ, ਰਾਜਨੀਤੀ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿਚ ਪੈਰ ਪਸਾਰੀ ਬੈਠਾ ਹੈ। ਕਿਸੇ ਖੇਤਰ ਨੂੰ ਆਪਣੀ ਨਿੱਜੀ ਸੱਤਾ ਜਾਂ ਮਲਕੀਅਤ ਸਮਝਣਾ ਭ੍ਰਿਸ਼ਟਾਚਾਰ ਹੈ। ਅਜਿਹੇ ਹੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਇਆ ਸੁਸ਼ਾਂਤ ਸਿੰਘ ਰਾਜਪੂਤ। ਕੰਗਨਾ ਰਣੌਤ ਤੇ ਹੋਰ ਅਦਾਕਾਰਾਂ ਦਾ ਇਸ ਅੰਦਰ ਖਾਤੇ ਹੋ ਰਹੇ ਵਿਤਕਰੇ ਤੇ ਭੇਦਭਾਵ ਬਾਰੇ ਬੋਲਣਾ ਇਸਨੂੰ ਜੱਗ ਜ਼ਾਹਿਰ ਕਰਦਾ ਹੈ। ਜਿੱਥੇ ਕਲਾ ਦੇ ਖੇਤਰ ਵਿਚ ਸਿਰਫ਼ ਬਿਹਤਰੀਨ ਕਲਾਕਾਰ ਨੂੰ ਉਹ ਮੌਕੇ ਮਿਲਣੇ ਚਾਹੀਦੇ ਹਨ ਜੋ ਕਿਸੇ ਭਤੀਜਾਵਾਦ ਦੇ ਅਜਿਹੇ ਉਤਪਾਦ ਨੂੰ ਦੇ ਦਿੱਤੇ ਜਾਂਦੇ ਹਨ ਜਿਸਨੂੰ ਅਦਾਕਾਰੀ ਦਾ ਰੱਤੀ ਭਰ ਵੀ ਇਲਮ ਨਹੀਂ। ਅਜਿਹੀਆਂ ਉਦਾਹਰਨਾਂ ਅਸੀਂ ਬੌਲੀਵੁੱਡ ਵਿਚ ਕਿੰਨੀਆਂ ਹੀ ਦੇਖ ਸਕਦੇ ਹਾਂ। ਇਸ ਸਭ ਲਈ ਕਿਤੇ ਨਾ ਕਿਤੇ ਦਰਸ਼ਕ ਵੀ ਜ਼ਿੰਮੇਵਾਰ ਹੁੰਦੇ ਹਨ। ਜਿੱਥੇ ਬਿਹਤਰੀਨ ਕਹਾਣੀ, ਬਿਹਤਰੀਨ ਅਦਾਕਾਰੀ ਵਾਲੀ ਫ਼ਿਲਮ ਸਿਰਫ਼ ਤਿੰਨ ਚਾਰ ਕਰੋੜ ਤਕ ਹੀ ਅੱਪੜਦੀ ਹੈ, ਉੱਥੇ ਹੀ ਬਿਨਾਂ ਕਿਸੇ ਬਿਹਤਰੀਨ ਕਹਾਣੀ ਵਾਲੀ ਫ਼ਿਲਮ ਸਿਰਫ਼ ਭਤੀਜਾਵਾਦ ਦੇ ਉਤਪਾਦ ਕਾਰਨ ਤਿੰਨ ਸੌ ਜਾਂ ਚਾਰ ਸੌ ਕਰੋੜ ਦਾ ਬਿਜ਼ਨਸ ਕਰ ਜਾਂਦੀ ਹੈ। ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਭਤੀਜਾਵਾਦ ਦੇ ਉਤਪਾਦ ਕਲਾ ਤੋਂ ਸੱਖਣੇ ਹਨ, ਪਰ ਜ਼ਿਆਦਾਤਰ ਅਜਿਹੇ ਹਨ ਜੋ ਇਕ ਤੋਂ ਬਾਅਦ ਇਕ ਫਲਾਪ ਫ਼ਿਲਮਾਂ ਦੇਣ ਬਾਅਦ ਵੀ ਇੰਡਸਟਰੀ ਵਿਚ ਸ਼ਾਨ ਨਾਲ ਟਿਕੇ ਹੋਏ ਹਨ। ਫ਼ਿਲਮ ਇੰਡਸਟਰੀ ਵਿਚ ਦਿੱਤੇ ਜਾਣ ਵਾਲੇ ਵੱਡੇ ਵੱਡੇ ਐਵਾਰਡ ਵੀ ਇਸ ਵਿਤਕਰੇ ਨੂੰ ਸਾਡੇ ਸਾਹਮਣੇ ਪੇਸ਼ ਕਰਦੇ ਹਨ।
ਫ਼ਿਲਮ ਇੰਡਸਟਰੀ ਇਕ ਪਰਿਵਾਰ ਹੈ ਤੇ ਇਸਦੇ ਸਾਰੇ ਕਲਾਕਾਰ ਇਸਦੇ ਮੈਂਬਰ ਹੋਣੇ ਚਾਹੀਦੇ ਹਨ, ਪਰ ਅਜਿਹਾ ਨਹੀਂ ਹੁੰਦਾ। ਫ਼ਿਲਮ ਇੰਡਸਟਰੀ ਵਿਚ ਪੈਰ ਪਸਾਰੀ ਬੈਠੇ ਭ੍ਰਿਸ਼ਟਾਚਾਰੀ ਬਿਨਾਂ ਗੌਡਫਾਦਰ ਤੋਂ ਬਾਹਰੋਂ ਆਪਣੇ ਦਮ ’ਤੇ ਇਸ ਇੰਡਸਟਰੀ ਵਿਚ ਆਉਣ ਵਾਲੇ ਕਲਾਕਾਰ ਨੂੰ ਵਾਰ-ਵਾਰ ਇਹ ਅਹਿਸਾਸ ਕਰਾਉਂਦੇ ਹਨ ਕਿ ਉਹ ਇੱਥੋਂ ਦੀ ਉੱਚੀ ਕਲਾਸ ਵਿਚ ਕਦੇ ਸ਼ਾਮਲ ਨਹੀਂ ਹੋ ਸਕਦਾ। ਬੌਲੀਵੁੱਡ ਦੀ ਕਿਸੇ ਵੀ ਪਾਰਟੀ ਵਿਚ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਾ ਸ਼ਾਮਲ ਕਰਕੇ ਉਸਨੂੰ ਅਜਿਹੀ ਹੀ ਹੀਣਤਾ ਦਾ ਅਹਿਸਾਸ ਕਰਵਾਇਆ ਗਿਆ ਤੇ ਹੌਲੀ-ਹੌਲੀ ਉਹ ਇਕੱਲਤਾ ਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦਾ ਗਿਆ। ਅੰਤ ਉਹ ਇਹ ਮਾਨਸਿਕ ਬੋਝ ਨਾ ਸਹਾਰਦਾ ਹੋਇਆ ਰੁਖ਼ਸਤ ਹੋ ਗਿਆ। ਅੱਜ ਅਨੇਕ ਵੱਡੀਆਂ ਹਸਤੀਆਂ ਉਸਦੇ ਚਲਾਣੇ ’ਤੇ ਹਮਦਰਦੀ ਪ੍ਰਗਟ ਕਰ ਰਹੀਆਂ ਹਨ, ਪਰ ਜੇਕਰ ਇਹੀ ਹਮਦਰਦੀ ਉਸਨੂੰ ਜਿਉਂਦੇ ਹੋਏ ਮਿਲੀ ਹੁੰਦੀ ਤਾਂ ਉਹ ਅੱਜ ਸ਼ਾਇਦ ਸਾਡੇ ਵਿਚ ਮੌਜੂਦ ਹੁੰਦਾ। ਸੁਸ਼ਾਂਤ ਦੇ ਇਸ ਤਰ੍ਹਾਂ ਚਲੇ ਜਾਣ ’ਤੇ ਕਈ ਦਰਸ਼ਕ ਗੁੱਸੇ ਤੇ ਰੋਹ ਵਿਚ ਦੇਖੇ ਜਾ ਰਹੇ ਹਨ ਤੇ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ਉੱਪਰ ਵੀ ਉਸ ਦੀਆਂ ਲਗਾਤਾਰ ਪਾਈਆਂ ਜਾ ਰਹੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ, ਪਰ ਇਹ ਸਭ ਤਾਂ ਸਫਲ ਹੋ ਸਕਦਾ ਹੈ ਜੇਕਰ ਉਸ ਨਾਲ ਜੋ ਹੋਇਆ ਉਸਨੂੰ ਕੁਝ ਹੀ ਦਿਨਾਂ ਵਿਚ ਭੁੱਲਿਆ ਨਾ ਜਾਵੇ ਤੇ ਫ਼ਿਲਮੀ ਖੇਤਰ ਵਿਚ ਹੁੰਦੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਠੋਸ ਕਦਮ ਉਠਾਏ ਜਾਣ।
*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।