ਭੁਪਿੰਦਰਵੀਰ ਸਿੰਘ
ਜ਼ਿੰਦਗੀ ਦੀ ਜੰਗ ਵਿਚ ਸਿਰਫ਼ ਇਕ ਸੁਤੰਤਰ ਵਿਅਕਤੀ ਹੀ ਜਿੱਤ ਪਾ ਸਕਦਾ ਹੈ, ਪਰ ਅੱਜ ਸਾਰੀ ਮਨੁੱਖਤਾ ਦਾ ਤੀਜਾ ਹਿੱਸਾ ਗ਼ੁਲਾਮੀ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਇਸ ਲਈ ਅਸੀਂ ਖ਼ੁਦ ਜ਼ਿੰਮੇਵਾਰ ਹਾਂ। ਅਸੀਂ ਖ਼ੁਦ ਸਮੱਸਿਆਵਾਂ ਨੂੰ ਸੱਦਾ ਦੇ ਕੇ ਉਨ੍ਹਾਂ ਦੇ ਸਾਏ ਹੇਠ ਜੀਵਨ ਬਤੀਤ ਕਰ ਰਹੇ ਹਾਂ, ਚਾਹੇ ਉਹ ਸਾਡੀ ਸਰੀਰਿਕ ਬਿਮਾਰੀ ਹੋਵੇ ਭਾਵੇਂ ਮਾਨਸਿਕ। ਇਨਸਾਨ ਦੀ ਪਛਾਣ ਉਸ ਦੀ ਸ਼ਖ਼ਸੀਅਤ ਤੋਂ ਹੁੰਦੀ ਹੈ। ਜਿਸ ਤਰ੍ਹਾਂ ਦੀ ਕਿਸੇ ਦੀ ਸੋਚ ਹੋਵੇਗੀ ਉਸ ਦੀ ਸ਼ਖ਼ਸੀਅਤ ਵੀ ਉਸ ਦੇ ਆਧਾਰ ’ਤੇ ਹੀ ਨਿਰਧਾਰਤ ਹੋਵੇਗੀ। ਜ਼ਿੰਦਗੀ ਤੋਂ ਲੋਕਾਂ ਦੀ ਇਹੋ ਸ਼ਿਕਾਇਤ ਹੁੰਦੀ ਹੈ ਕਿ ਜੋ ਅਸੀਂ ਚਾਹੁੰਦੇ ਹਾਂ, ਉਹ ਕਦੀ ਨਹੀਂ ਹੁੰਦਾ ਤੇ ਜੋ ਅਸੀਂ ਨਹੀਂ ਚਾਹੁੰਦੇ, ਉਹ ਹਮੇਸ਼ਾਂ ਹੁੰਦਾ ਹੈ। ਅਜਿਹਾ ਕਹਿਣਾ ਗ਼ਲਤ ਹੈ ਕਿਉਂਕਿ ਉਹ ਜੋ ਚਾਹੁੰਦੇ ਹੀ ਨਹੀਂ ਫਿਰ ਵੀ ਉਹ ਕਿਵੇਂ ਸੰਭਵ ਹੈ? ਕਿਉਂਕਿ ਇਨਸਾਨ ਜੋ ਸੋਚਦਾ ਹੈ ਉਹੀ ਕਪਲਪਨਾਵਾਂ ਵਿਚ ਲੈ ਕੇ ਆਉਂਦਾ ਹੈ। ਫਿਰ ਇਕ ਦਿਨ ਉਹੀ ਕਲਪਨਾਵਾਂ ਨੂੰ ਇੱਛਾ ਸ਼ਕਤੀ ਅਤੇ ਮਿਹਨਤ ਸਦਕਾ ਅਮਲੀ ਰੂਪ ਦਿੰਦਾ ਹੈ। ਕਾਫ਼ੀ ਹੱਦ ਤਕ ਸਾਡੀ ਜ਼ਿੰਦਗੀ ਵਿਚ ਦੁਖ ਸੁਖ ਸਿਰਫ਼ ਸਾਡੀ ਸੋਚ ’ਤੇ ਨਿਰਭਰ ਹੁੰਦੇ ਹਨ। ਗੁਰੂਤਾਕਰਸ਼ਣ ਅਤੇ ਨਿਊਟਨ ਦੇ ਸਿਧਾਂਤਾਂ ਵਾਂਗ ਜ਼ਿੰਦਗੀ ਵਿਚ ਵੀ ਇੱਛਾ ਸ਼ਕਤੀ ਦੇ ਸਿਧਾਂਤ ਕੰਮ ਕਰਦੇ ਹਨ ਜੋ ਸਭ ਇਨਸਾਨਾਂ ’ਤੇ ਲਾਗੂ ਹੁੰਦੇ ਹਨ। ਸੋਚ ਦੇ ਸਿਧਾਂਤ ਨੂੰ ਸਮਝਣਾ ਜਾਂ ਅਣਗੌਲੇ ਕਰਨਾ ਸਾਡੀ ਮਰਜ਼ੀ ਹੁੰਦੀ ਹੈ। ਇੱਛਾ ਸ਼ਕਤੀ ਅਤੇ ਵਿਚਾਰਾਂ ਦੇ ਪ੍ਰਵਾਹ ਦੁਆਰਾ ਹੀ ਹਰ ਇਨਸਾਨ ਆਪਣੀ ਸ਼ਖ਼ਸੀਅਤ ਅਤੇ ਜੀਵਨ ਖ਼ੁਦ ਲਿਖਦਾ ਹੈ। ਅਸੀਂ ਜ਼ਿੰਦਗੀ ਵਿਚ ਪੈਸਾ, ਪ੍ਰਸਿੱਧੀ, ਨੌਕਰੀ, ਚੰਗੀ ਸਿਹਤ ਆਦਿ ਕੁਝ ਵੀ ਚਾਹੁੰਦੇ ਹਾਂ ਤਾਂ ਅਸੀਂ ਆਪਣੀ ਇੱਛਾ ਸ਼ਕਤੀ ਜ਼ਰੀਏ ਪਾ ਸਕਦੇ ਹਾਂ, ਪਰ ਇਹ ਉਦੋਂ ਹੀ ਹੁੰਦਾ ਹੈ ਜਦੋਂ ਦਿਮਾਗ਼ ਵਿਚ ਵਿਚਾਰਾਂ ਦੀ ਕਲਪਨਾ ਨਾਲ ਪਹਿਲਾਂ ਉਸ ਚਾਹਤ ਦੀ ਪਰਛਾਈ ਬਣਾਈ ਜਾਂਦੀ ਹੈ ਜੋ ਬਾਅਦ ਵਿਚ ਸਮਾਂ ਪਾ ਕੇ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਪੂਰੀ ਹੁੰਦੀ ਹੈ। ਪੂਰਨ ਬ੍ਰਹਿਮੰਡ ਵਿਚ, ਧਰਤੀ ਦੇ ਥੱਲੇ, ਪਾਣੀ ਵਿਚ, ਬਿਜਲੀ ਵਿਚ ਸਭ ਵਿਚ ਊਰਜਾ ਮੌਜੂਦ ਹੈ। ਇਨਸਾਨ ਵੀ ਊਰਜਾ ਦਾ ਹੀ ਸਰੋਤ ਹੈ। ਇਨਸਾਨ ਵਿਚ ਦੋ ਤਰ੍ਹਾਂ ਦੀ ਊਰਜਾ ਕੰਮ ਕਰਦੀ ਹੈ। ਪਹਿਲੀ ਸਕਾਰਾਤਮਕ ਊਰਜਾ ਤੇ ਦੂਜੀ ਨਕਾਰਾਤਮਕ। ਦੋਵਾਂ ਵਿਚ ਚੁੰਬਕੀ ਗੁਣ ਹੁੰਦੇ ਹਨ ਜੋ ਸਮਾਨ ਊਰਜਾ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹਨ। ਇਨ੍ਹਾਂ ਦੋਵਾਂ ਵਿਚੋਂ ਇਕ ਦੀ ਚੋਣ ਕਰਕੇ ਹੀ ਸਾਡੇ ਵਿਚਾਰ ਬਣਦੇ ਹਨ ਤੇ ਫਿਰ ਵਿਚਾਰ ਦਿਮਾਗ਼ ਵਿਚ ਚਾਹਤ ਦਾ ਕਲਪਨਾ ਚਿੱਤਰ ਬਣਾਉਂਦੇ ਹਨ, ਜੋ ਸਾਡੀ ਸੋਚ ਬਣਦੇ ਹਨ ਤੇ ਉਹੀ ਸੋਚ ਨੂੰ ਪੂਰਾ ਚੜ੍ਹਾਉਣ ਲਈ ਬਾਅਦ ਵਿਚ ਅਸੀਂ ਕਿਸੇ ਨਾ ਕਿਸੇ ਹੀਲੇ ਅਮਲੀ ਰੂਪ ਦਿੰਦੇ ਹਾਂ। ਇਸ ਦੇ ਉਲਟ ਜੇ ਅਸੀਂ ਕੋਈ ਵੀ ਵਿਚਾਰ ਦਿਮਾਗ਼ ਵਿਚ ਨਾ ਲੈ ਕੇ ਆਈਏ ਤਾਂ ਸਾਡੀ ਜ਼ਿੰਦਗੀ ਦਾ ਭਵਿੱਖ ਅਤੀਤ ’ਤੇ ਨਿਰਭਰ ਹੋ ਜਾਵੇਗਾ। ਧਾਰਮਿਕ ਵਿਚਾਰਾਂ ਅਨੁਸਾਰ ਇਨਸਾਨ ਦੇ ਵਜੂਦ ਵਿਚ ਇਕ ਸ਼ਕਤੀ ਕੰਮ ਕਰ ਰਹੀ ਹੈ ਜਿਸ ਨੂੰ ਸਭ ਨੇ ਅਲੱਗ ਅਲੱਗ ਨਾਮ ਦਿੱਤੇ ਹੋਏ ਹਨ ਜਿਵੇਂ ਰੱਬ, ਪਰਮਾਤਮਾ, ਆਤਮਾ, ਚੇਤਨਾ, ਊਰਜਾ ਆਦਿ। ਜੇ ਇਨਸਾਨ ਵੀ ਰੱਬ ਦਾ ਰੂਪ ਹੈ ਤਾਂ ਇਹ ਕਹਿਣਾ ਬਿਲਕੁਲ ਗ਼ਲਤ ਨਹੀਂ ਹੋਵੇਗਾ ਕਿ ਇਨਸਾਨ ਵਿਚ ਫਿਰ ਆਪਣੀ ਇੱਛਾ ਨੂੰ ਪੂਰੀ ਕਰਨ ਦੀ ਸ਼ਕਤੀ ਵੀ ਹੋਵੇਗੀ। ਇਹ ਬਿਲਕੁਲ ਸੱਚ ਹੈ, ਪਰ ਇਹ ਇੱਛਾ ਸ਼ਕਤੀ ਸੋਚ ਵਿਚਾਰਾਂ, ਸਖ਼ਤ ਮਿਹਨਤ ਅਤੇ ਸਮੇਂ ਨਾਲ ਮਿਲ ਕੇ ਹੀ ਕੰਮ ਕਰਦੀ ਹੈ। ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹੈ। ਸਾਡੀ ਕਲਪਨਾ ਜਾਂ ਸੋਚ ਦਾ ਸਮਾਂ ਪਾ ਕੇ ਪੂਰਾ ਹੋਣਾ ਵੀ ਇਕ ਸਮੇਂ ਦਾ ਸਿਧਾਂਤ ਹੈ ਕਿਉਂਕਿ ਜੇ ਅਸੀਂ ਸਮੇਂ ਦੇ ਅੰਤਰ ਨੂੰ ਖ਼ਤਮ ਕਰ ਦਈਏ ਤਾਂ ਸਾਡੀਆਂ ਇੱਛਾਵਾਂ ਤੁਰੰਤ ਹੀ ਪੂਰੀਆਂ ਹੋ ਜਾਣਗੀਆਂ। ਅਜਿਹਾ ਕਰਕੇ ਅਸੀਂ ਖ਼ੁਦ ਲਈ ਮੁਸੀਬਤਾਂ ਦਾ ਹੀ ਢੇਰ ਲਾਵਾਂਗੇ। ਇਸ ਲਈ ਹੀ ਜ਼ਿੰਦਗੀ ਵਿਚ ਇੱਛਾਵਾਂ ਪੂਰੀਆਂ ਹੋਣ ਵਿਚ ਸਮੇਂ ਦੇ ਅੰਤਰ ਦਾ ਸਿਧਾਂਤ ਵੀ ਆਪਣਾ ਕੰਮ ਆਪ ਹੀ ਕਰਦਾ ਰਹਿੰਦਾ ਹੈ ਤਾਂ ਜੋ ਸਾਨੂੰ ਸਹੀ ਤੇ ਵਧੀਆ ਚੋਣ ਕਰਨ ਤੇ ਸਹੀ ਫ਼ੈਸਲੇ ਲੈਣ ਦਾ ਵਕਤ ਮਿਲ ਜਾਵੇ। ਅਸੀਂ ਜੋ ਕੁਝ ਵੀ ਚਾਹੁੰਦੇ ਹਾਂ ਉਸ ਨੂੰ ਦਿਮਾਗ਼ ਵਿਚਲੀਆਂ ਤਰੰਗਾਂ ਰਾਹੀਂ ਹੀ ਆਪਣੇ ਵੱਲ ਖਿੱਚਦੇ ਹਾਂ। ਵਧੀਆ ਭਵਿੱਖ ਨੂੰ ਕਲਪਿਤ ਕਰਕੇ ਸਾਨੂੰ ਜੋ ਵੀ ਚਾਹੀਦਾ ਹੁੰਦਾ ਹੈ, ਪਹਿਲਾਂ ਉਸ ਨੂੰ ਆਪਣੀ ਸੋਚ ਤੇ ਵਿਚਾਰਾਂ ਵਿਚ ਬਦਲਣਾ ਪਵੇਗਾ, ਨਾਲ ਹੀ ਇਹ ਵੀ ਸਾਡੀ ਹੀ ਚੋਣ ਹੁੰਦੀ ਹੈ ਕਿ ਸਾਡੇ ਦਿਮਾਗ਼ ਵਿਚ ਅਸੀਂ ਸਹੀ ਵਿਚਾਰਾਂ ਦਾ ਪ੍ਰਵਾਹ ਚਲਾਉਣਾ ਹੈ ਜਾਂ ਗ਼ਲਤ ਦਾ। ਜੇ ਅਸੀਂ ਬੁਰਾ ਸੋਚਦੇ ਹਾਂ ਤਾਂ ਅਸੀਂ ਆਪਣੀ ਸੋਚ ਵਿਚ ਨਕਾਰਾਤਮਕ ਊਰਜਾ ਰਾਹੀਂ ਬੁਰੇ ਪ੍ਰਭਾਵਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੇ ਹਾਂ ਜੋ ਸਾਡੇ ਕੰਮ ਕਰਨ ਦੀ ਸ਼ਕਤੀ ਅਤੇ ਮਿਹਨਤ ਵਿਚ ਰੁਕਾਵਟ ਬਣਨ ਦੇ ਨਾਲ ਹੀ ਦ੍ਰਿੜ ਇਰਾਦੇ ਅਤੇ ਵਿਸ਼ਵਾਸ ਦਾ ਪੱਧਰ ਖ਼ਤਮ ਕਰ ਦਿੰਦੀ ਹੈ। ਊਰਜਾ ਚੁੰਬਕ ਵਾਂਗ ਕੰਮ ਕਰਦੀ ਹੈ। ਅਸੀਂ ਆਪਣੇ ਵਿਚਾਰਾਂ ਨੂੰ ਨਕਾਰਾਤਮਕ ਊਰਜਾ ਜ਼ਰੀਏ ਬਾਹਰ ਛੱਡਦੇ ਹਾਂ ਤੇ ਉਹ ਊਰਜਾ ਆਪਣੀ ਹੀ ਸਮਾਨ ਊਰਜਾ ਨੂੰ ਆਕਰਸ਼ਤ ਕਰਦੀ ਹੈ। ਜੋ ਸਾਡੇ ਮਨ ਵਿਚ ਹੁੰਦਾ ਹੈ ਉਹ ਹੀ ਸਾਡੇ ਵਿਚਾਰ ਬਣਕੇ ਦਿਮਾਗ਼ ਵਿਚ ਜਾਂਦਾ ਹੈ ਤੇ ਜੋ ਦਿਮਾਗ਼ ਵਿਚ ਹੁੰਦਾ ਹੈ, ਉਹ ਹੀ ਸੋਚ ਬਣਦੀ ਹੈ ਤੇ ਫਿਰ ਸੋਚ ਹੀ ਸਾਡੀ ਸ਼ਖ਼ਸੀਅਤ ਅਤੇ ਜ਼ਿੰਦਗੀ ਬਣਦੀ ਹੈ, ਪਰ ਕਈ ਵਾਰੀ ਇਨ੍ਹਾਂ ਸਭ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ। ਅਜਿਹਾ ਤਾਂ ਹੁੰਦਾ ਹੈ ਕਿਉਂਕਿ ਇਨਸਾਨ ਅਸਲ ਵਿਚ ਹਾਂ ਪੱਖੀ ਸੋਚ ਨੂੰ ਤਾਂ ਕਦੀ ਵਿਚਾਰਾਂ ਵਿਚ ਲੈ ਕੇ ਹੀ ਨਹੀਂ ਆਉਂਦਾ, ਪਰ ਬੁਰੇ ਵਿਚਾਰ ਦਿਮਾਗ਼ ਵਿਚ ਭਰ ਲੈਂਦਾ ਹੈ, ਜਿਸ ਸਦਕਾ ਉਸ ਦੀ ਸ਼ਖ਼ਸੀਅਤ ਦਾ ਵਿਕਾਸ ਵਧੀਆ ਹੋਣਾ ਸੰਭਵ ਨਹੀਂ ਹੁੰਦਾ। ਇਸ ਲਈ ਸਾਨੂੰ ਆਪਣੀ ਵਧੀਆ ਸ਼ਖ਼ਸੀਅਤ ਬਣਾਉਣ ਲਈ ਹਮੇਸ਼ਾਂ ਸਕਾਰਾਤਮਕ ਵਿਚਾਰਾਂ ’ਤੇ ਅਮਲ ਕਰਨਾ ਚਾਹੀਦਾ ਹੈ। ਵਿਗਿਆਨ ਦਾ ਵੀ ਇਹੀ ਮੰਨਣਾ ਹੈ ਕਿ ਪਹਿਲਾਂ ਖਾਹਿਸ਼ਾਂ ਨੂੰ ਵਿਚਾਰਾਂ ਵਿਚ ਪੂਰਾ ਕੀਤਾ ਜਾਂਦਾ ਹੈ, ਫਿਰ ਹੀ ਵਿਚਾਰਾਂ ਤੇ ਸੋਚ ਨੂੰ ਅਮਲ ਵਿਚ ਲਿਆਂਦਾ ਜਾਂਦਾ ਹੈ। ਅਸੀਂ ਖ਼ੁਦ ਹੀ ਆਪਣੇ ਜੀਵਨ ਦੇ ਲੇਖਕ ਹਾਂ। ਦੁਖ, ਖੁਸ਼ੀ, ਅਮੀਰੀ, ਗ਼ਰੀਬੀ, ਪਿਆਰ, ਨਫ਼ਰਤ ਇਹ ਸਭ ਸਾਡੇ ਬੁਲਾਉਣ ’ਤੇ ਹੀ ਸਾਡੀ ਜ਼ਿੰਦਗੀ ਵਿਚ ਆਉਂਦੇ ਹਨ। ਇਹ ਸਭ ਸਾਡੀ ਖਿੱਚ ਦੇ ਕਾਰਨ ਹੁੰਦਾ ਹੈ। ਜਿਵੇਂ ਜੇ ਅਸੀਂ ਬੁਰੇ ਹਾਲਾਤ ਵਿਚ ਹਾਂ ਤਾਂ ਅਸੀਂ ਆਪਣੇ ਮਨ ਦੇ ਡਰ, ਚਿੰਤਾ ਅਤੇ ਕਮਜ਼ੋਰ ਹੋਏ ਵਿਸ਼ਵਾਸ ਰਾਹੀਂ ਹੋਰ ਬੁਰੇ ਹਾਲਾਤ ਖ਼ੁਦ ਹੀ ਪੈਦਾ ਕਰ ਲੈਂਦੇ ਹਾਂ। ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਉਹ ਦਿਮਾਗ਼ ਵਿਚ ਇਹ ਵਹਿਮ ਪੈਦਾ ਕਰਦਾ ਹੈ ਕਿ ਮੈਂ ਠੀਕ ਨਹੀਂ ਹੋ ਸਕਦਾ ਜਾਂ ਮੇਰੇ ’ਤੇ ਦਵਾਈ ਅਸਰ ਨਹੀਂ ਕਰ ਰਹੀ ਤੇ ਅਸਲ ਵਿਚ ਅਜਿਹਾ ਹੀ ਹੋ ਰਿਹਾ ਹੁੰਦਾ ਹੈ ਤੇ ਉਸ ਦੀ ਹਾਲਤ ਹੋਰ ਵਿਗੜਦੀ ਜਾਂਦੀ ਹੈ। ਸਾਡੇ ਸਰੀਰ ਦਾ ਕੰਟਰੋਲ ਦਿਮਾਗ਼ ਵਿਚ ਹੈ। ਦਿਮਾਗ਼ ਜੋ ਹੁਕਮ ਦਿੰਦਾ ਹੈ ਸਰੀਰ ਉਸ ਨੂੰ ਹੀ ਮੰਨਦਾ ਹੈ। ਵਿਚਾਰਾਂ ਵਿਚ ਬਦਲਾਅ ਲਿਆ ਕੇ ਅਤੇ ਸੋਚ ਨੂੰ ਬਦਲ ਕੇ ਹਾਂ ਪੱਖੀ ਕਰਕੇ ਪੁਰਾਣੀਆਂ ਬਿਮਾਰੀਆਂ ਤੋਂ ਇਲਾਵਾ ਕੈਂਸਰ ਤਕ ਦੀਆਂ ਬਿਮਾਰੀਆਂ ਠੀਕ ਹੋਣ ਦੀਆਂ ਵੀ ਉਦਾਹਰਣਾਂ ਮਿਲਦੀਆਂ ਹਨ।
ਵਿਗਿਆਨੀਆਂ ਅਨੁਸਾਰ ਇਕ ਵਿਅਕਤੀ ਦਿਨ ਵਿਚ ਲਗਭਗ 50 ਹਜ਼ਾਰ ਤੋਂ ਵੀ ਵੱਧ ਵਿਚਾਰਾਂ ਦੀ ਕਲਪਨਾ ਕਰ ਸਕਦਾ ਹੈ। ਇਸ ਦੇ ਹੱਲ ਲਈ ਅਹਿਸਾਸ ਹੀ ਅਜਿਹਾ ਰਸਤਾ ਹੈ ਜਿਸ ਰਾਹੀਂ ਅਸੀਂ ਸਹੀ ਵਿਚਾਰਾਂ ਦੀ ਚੋਣ ਕਰ ਸਕਦੇ ਹਾਂ। ਖੁਸ਼ਹਾਲ ਜ਼ਿੰਦਗੀ ਦਾ ਇਹੀ ਰਾਜ ਹੈ। ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿਚ ਆਪਣੀ ਸੋਚ ਦਾ ਦਾਇਰਾ ਸਕਾਰਾਤਮਕ ਪਾਸੇ ਵੱਲ ਵਿਸ਼ਾਲ ਕਰ ਲੈਣਾ ਚਾਹੀਦਾ ਹੈ। ਹਰ ਸਮੇਂ ਖੁਸ਼ ਅਤੇ ਵਧੀਆ ਜ਼ਿੰਦਗੀ ਦਾ ਅਹਿਸਾਸ ਕਰਨਾ ਚਾਹੀਦਾ ਹੈ। ਜੇ ਅਸੀਂ ਅਜਿਹਾ ਕਰਾਂਗੇ ਤਾਂ ਫਿਰ ਕੁਦਰਤ ਵੱਲੋਂ ਸਾਨੂੰ ਖ਼ੁਦ ਹੀ ਚੰਗੇ ਤੇ ਵਧੀਆ ਮੌਕੇ ਪ੍ਰਦਾਨ ਕੀਤੇ ਜਾਣਗੇ। ਸੋਚ ਨੂੰ ਬਦਲ ਕੇ ਅਤੇ ਵਿਚਾਰਾਂ ਵਿਚ ਤਬਦੀਲੀ ਲਿਆ ਕੇ ਹੀ ਅਸੀਂ ਆਪਣੀ ਜ਼ਿੰਦਗੀ ਆਪ ਵਧੀਆ ਢੰਗ ਨਾਲ ਖੁਸ਼ਹਾਲੀ ਭਰਪੂਰ ਲਿਖ ਸਕਦੇ ਹਾਂ। ਜੋ ਅਸੀਂ ਚਾਹੁੰਦੇ ਹਾਂ ਉਹ ਸਭ ਅਸੀਂ ਵਿਚਾਰਾਂ ਦੀ ਤਬਦੀਲੀ ਤੇ ਇੱਛਾ ਸ਼ਕਤੀ ਸਦਕਾ ਪ੍ਰਾਪਤ ਕਰ ਸਕਦੇ ਹਾਂ।
ਸੰਪਰਕ: 99149-57073