ਡਾ. ਸਾਹਿਬ ਸਿੰਘ
ਗਾਇਕ ਜਦੋਂ ਸਟੇਜ ’ਤੇ ਚੜ੍ਹਦਾ ਹੈ ਤਾਂ ਦੋਵੇਂ ਕੰਨਾਂ ਨੂੰ ਹੱਥ ਲਾ ਕੇ ਪਹਿਲਾਂ ਰੱਬ ਨੂੰ ਧਿਆਉਂਦਾ ਹੈ ਤੇ ਫਿਰ ਸਾਹਮਣੇ ਬੈਠੇ ਸਰੋਤਿਆਂ ਨੂੰ ਵਡਿਆਉਂਦਾ ਹੈ। ਉਨ੍ਹਾਂ ਨੂੰ ‘ਰੱਬ ਵਰਗੇ ਸਰੋਤੇ’ ਦਾ ਮਾਣ ਬਖ਼ਸ਼ਦਾ ਹੈ। ਰੰਗਕਰਮੀ ਵੀ ਆਪਣੇ ਦਰਸ਼ਕਾਂ ਨੂੰ ਓਨਾ ਹੀ ਮਾਣ ਸਤਿਕਾਰ ਦਿੰਦਾ ਹੈ ਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਾ ਹੈ, ਪਰ ਉਹ ਪ੍ਰਤੱਖ ਰੂਪ ’ਚ ਉਨ੍ਹਾਂ ਨੂੰ ਮਾਈ ਬਾਪ ਨਹੀਂ ਕਹਿੰਦਾ। ਕਾਰਨ ਸਾਫ਼ ਹੈ। ਰੰਗਕਰਮੀ ਦਰਸ਼ਕ ਦੀ ਸੋਚਣ ਪ੍ਰਕਿਰਿਆ ਨੂੰ ਵੀ ਓਨਾ ਹੀ ਉਤੇਜਿਤ ਕਰਨਾ ਚਾਹੁੰਦਾ ਹੈ, ਜਿੰਨਾ ਉਸ ਦੀ ਜਜ਼ਬਾਤੀ ਪ੍ਰਕਿਰਿਆ ਨੂੰ ਤੇਜ਼ ਕਰਨਾ ਚਾਹੁੰਦਾ ਹੈ। ਉਹ ਮਸਲਿਆਂ ਤੇ ਮੁਸ਼ਕਲਾਂ ਲਈ ਦਰਸ਼ਕ ਨੂੰ ਨਾ ਤਾਂ ਕਸੂਰਵਾਰ ਠਹਿਰਾਉਣਾ ਚਾਹੁੰਦਾ ਹੈ ਤੇ ਨਾ ਹੀ ਮੂਲੋਂ ਬਰੀ ਕਰਨਾ ਚਾਹੁੰਦਾ ਹੈ। ਉਹ ਮੰਚ ਤੋਂ ਚੁਣੌਤੀ ਦਿੰਦਾ ਹੈ, ਵੰਗਾਰਦਾ ਹੈ, ਫਿਟਕਾਰਦਾ ਵੀ ਹੈ ਤੇ ਲਲਕਾਰਦਾ ਵੀ ਹੈ। ਗਾਇਕ ਰੱਬ ਵਰਗੇ ਸਰੋਤਿਆਂ ਨੂੰ ਇਹ ਕਹਿੰਦਾ ਹੈ ਕਿ ਮੇਰੀ ਗਾਇਕੀ ਨੂੰ ਮਾਣੋ, ਨੱਚੋ ਟੱਪੋ, ਮਸਤ ਹੋਵੋ, ਪਰ ਇਸ ਦੇ ਵਿਸ਼ੇ ਦਾ ਅਸਰ ਨਾ ਕਬੂਲੋ। ਅਰਥਾਤ ਜੋ ਸ਼ਬਦ ਗੀਤ ’ਚ ਬੋਲੇ ਜਾ ਰਹੇ ਹਨ, ਉਨ੍ਹਾਂ ਦੇ ਅਰਥਾਂ ਮਗਰ ਜਾ ਕੇ ਪੈਣ ਵਾਲੇ ਪ੍ਰਭਾਵਾਂ ਬਾਰੇ ਨਾ ਸੋਚੋ। ਰੰਗਕਰਮੀ ਅਰਥ ਉਜਾਗਰ ਕਰਨਾ ਚਾਹੁੰਦਾ ਹੈ। ਪ੍ਰਭਾਵ ਪਾਉਣਾ ਚਾਹੁੰਦਾ ਹੈ। ਤਕਲੀਫ਼ ਦੇਣੀ ਚਾਹੁੰਦਾ ਹੈ। ਗਾਇਕ ਇਕ ਚੁਸਤੀ ਹੋਰ ਵਰਤਦਾ ਹੈ ਕਿ ਦਰਸ਼ਕ ਨੂੰ ਮਾਈ ਬਾਪ ਦੀ ਉੱਚੀ ਪਹਾੜੀ ’ਤੇ ਚੜ੍ਹਾ ਕੇ ਫਿਰ ਆਪਣੇ ਦੋਅਰਥੀ ਗਾਣਿਆਂ ਲਈ ਕਸੂਰਵਾਰ ਵੀ ਉਸੇ ਨੂੰ ਠਹਿਰਾਉਂਦਾ ਹੈ,‘‘ਕਿਉਂਕਿ ਤੁਸੀਂ ਪਸੰਦ ਕਰਦੇ ਹੋ, ਇਸ ਲਈ ਮੈਂ ਆਹ ਕੁਝ ਗਾਉਂਦਾ ਹਾਂ। ਤੁਸੀਂ ਚੱਜ ਦਾ ਸੁਣ ਕੇ ਉਸ ਨੂੰ ਪ੍ਰਚਾਰਦੇ ਤੇ ਪ੍ਰਸਾਰਦੇ ਨਹੀਂ, ਇਸ ਲਈ ਮੈਂ ਮਜਬੂਰ ਹਾਂ।’’ ਰੰਗਕਰਮੀ ਇਸ ਪੱਖੋਂ ਬਹੁਤ ‘ਜ਼ਿੱਦੀ’ ਹੈ। ਉਹ ਸੱਚ ਦਾ ਪੱਲਾ ਫੜੀ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਸੱਚ ਚਾਹੇ ਦਰਸ਼ਕ ਦੇ ਗਿੱਟੇ ਲੱਗੇ ਜਾਂ ਗੋਡੇ। ਉਹ ਪਰਵਾਹ ਨਹੀਂ ਕਰਦਾ। ਅਸਲ ਵਿਚ ਉਹ ਸੁੱਤੀਆਂ ਸੰਵੇਦਨਾਵਾਂ ਜਗਾਉਣਾ ਚਾਹੁੰਦਾ ਹੈ ਤੇ ਅਸੀਂ ਜਾਣਦੇ ਹਾਂ ਕਿ ਜਦੋਂ ਨੁਕੀਲੀ ਇੱਟ ਆ ਕੇ ਸਿੱਧੀ ਮੱਥੇ ’ਚ ਵੱਜਦੀ ਹੈ ਜਾਂ ਗਿੱਟੇ ’ਚ ਵੱਜਦੀ ਹੈ ਤਾਂ ਜਿਸਮ ਤੇ ਰੂਹ ਅੰਦਰ ਝਰਨਾਹਟ ਫੈਲ ਜਾਂਦੀ ਹੈ। ਰੰਗਮੰਚ ਉਸ ਝਰਨਾਹਟ ਦਾ ਆਸ਼ਕ ਹੈ।
ਇਸ ਦਾ ਅਰਥ ਇਹ ਨਾ ਲਿਆ ਜਾਵੇ ਕਿ ਰੰਗਕਰਮੀ ਦਰਸ਼ਕ ਨੂੰ ਹੁਲਾਰਾ, ਉਤਸ਼ਾਹ, ਪ੍ਰੇਰਨਾ, ਖੁਸ਼ੀ, ਹੁਲਾਸ ਨਹੀਂ ਦਿੰਦਾ। ਨੌਂ ਰਸ ਉਸ ਦੇ ਮਨ ਭਾਉਂਦੇ ਹਥਿਆਰ ਹਨ। ਇਨ੍ਹਾਂ ਨੂੰ ਉਹ ਉਜਾਗਰ ਕਰਦਾ ਹੈ, ਇਸਤੇਮਾਲ ਕਰਦਾ ਹੈ, ਪਰ ਉਹਦਾ ਕੇਂਦਰੀ ਫਿਕਰ ਕਿਸੇ ਮੁੱਦੇ ਨੂੰ ਉਭਾਰ ਕੇ ਸਮਾਜ ਦੀਆਂ ਜੰਮੀਆਂ ਤੈਹਾਂ ’ਚੋਂ ਕਿਸੇ ਤਹਿ ਨੂੰ ਪਿਘਲਾਉਣਾ ਹੁੰਦਾ ਹੈ। ਦਰਸ਼ਕ ਉਹਦੇ ਲਈ ਰੰਗਮੰਚ ਦੀ ਇਕ ਜ਼ਿੰਮੇਵਾਰ ਤੇ ਮਹੱਤਵਪੂਰਨ ਧਿਰ ਹੈ। ਉਹ ਜਾਣਦਾ ਹੈ ਕਿ ਉਸ ਦੇ ਸਾਹਮਣੇ ਬੈਠੇ ਸੈਂਕੜੇ ਜਾਂ ਹਜ਼ਾਰਾਂ ਦਰਸ਼ਕ ਇਕੋ ਜਿਹੀ ਸੋਚ, ਸਮਝ, ਸੰਵੇਦਨਾ ਦੇ ਮਾਲਕ ਨਹੀਂ ਹੋ ਸਕਦੇ। ਉਹ ਫਿਰ ਵੀ ਖਤਰਾ ਸਹੇੜਦਾ ਹੈ। ਉਹ ਬਹੁਗਿਣਤੀ ਨੂੰ ਪਸੰਦ ਆਉਣ ਵਾਲੀ ‘ਸੁਰੱਖਿਅਤ ਖੇਡ’ ਨਹੀਂ ਖੇਡਦਾ। ਰੰਗਕਰਮੀ ਘੱਟ ਗਿਣਤੀ ਨਾਲ ਇਸ਼ਕ ਕਮਾਉਂਦਾ ਹੈ। ਉਹ ਖੁਦ ਇਕ ਘੱਟਗਿਣਤੀ ਵਾਲੇ ਫ਼ਿਰਕੇ ਦਾ ਨੁਮਾਇੰਦਾ ਹੈ। ਘੱਟ ਗਿਣਤੀ ਦਾ ਦਰਦ, ਆਪਣੀ ਹੋਂਦ ਜਤਾਉਣ ਦੀਆਂ ਚੁਣੌਤੀਆਂ ਉਹ ਸਮਝਦਾ ਹੈ। ਇਹੀ ਕਾਰਨ ਹੈ ਕਿ ਧਰਮਵੀਰ ਭਾਰਤੀ ਜਦੋਂ ‘ਅੰਧਾ ਯੁੱਗ’ ਨਾਟਕ ਲਿਖਦਾ ਹੈ ਤਾਂ ਉਹ ਪ੍ਰਚੱਲਤ, ਪ੍ਰਵਾਨਤ ਤੇ ਬਹੁਗਿਣਤੀ ਵੱਲੋਂ ਪ੍ਰਚਾਰੇ ਅਰਥਾਂ ਦਾ ਵਿਸਥਾਪਨ ਕਰਦਾ ਹੈ। ਗੰਧਾਰੀ ਦੀ ਮਮਤਾ ਨੂੰ ਵੱਖਰੇ ਅਰਥ ਪ੍ਰਦਾਨ ਕਰਦਾ ਹੈ। ਉਹ ਅਸ਼ਵਥਾਮਾ ਦੀ ਕੁੰਠਾ ਅਤੇ ਆਕ੍ਰੋਸ਼ ਨੂੰ ਮਹਾਰਥੀਆਂ ਦੇ ਜੰਮ ਘਟੇ ’ਚੋਂ ਬਾਹਰ ਕੱਢ ਪ੍ਰਚੰਡ ਰੂਪ ’ਚ ਪੇਸ਼ ਕਰਦਾ ਹੈ। ਉਹ ਕ੍ਰਿਸ਼ਨ ਅਤੇ ਅਰਜੁਨ ਦੀ ਮਹਿਮਾ ਤੋਂ ਮੁਕਤ ਹੋ ਕੇ ਵਿਚਾਰਾਂ ਦੀ ਮਹਿਮਾ ਦਾ ਪੱਲਾ ਫੜਦਾ ਹੈ ਤੇ ਵਿਦੁਰ ਦੀ ਲਾਚਾਰੀ ਪਰ ਬੁੱਧੀਮਤਾ ਨੂੰ ਵਡੇਰੇ ਅਰਥਾਂ ’ਚ ਸਮਝਾਉਂਦਾ ਹੈ। ਮਹਾਂ ਭਾਰਤ ਦੇ ਪਰੰਪਰਕ ਕਿੱਸੇ ਨੂੰ ਕੰਠ ਕਰੀ ਬੈਠਾ ਦਰਸ਼ਕ ਧਰਮਵੀਰ ਭਾਰਤੀ ਨੂੰ ਕਦੋਂ ਸਵੀਕਾਰ ਕਰੇਗਾ? ਇਸ ਸਵਾਲ ਦੇ ਰੂਬਰੂ ਉਹ ਖੁਦ ਹੁੰਦਾ ਹੈ, ਪਰ ਫਿਰ ਵੀ ‘ਪੰਗਾ’ ਲੈਂਦਾ ਹੈ ਤੇ ਇਕ ਕਲਾਸਿਕ ਨਾਟਕ ਦੀ ਸਿਰਜਣਾ ਹੁੰਦੀ ਹੈ।
ਦਰਸ਼ਕ ਜਦੋਂ ਨਾਟਕ ਦੇਖਣ ਆਉਂਦਾ ਹੈ ਤਾਂ ਉਸ ਦੇ ਮਨ ਮਸਤਕ ’ਤੇ ਨਾਟਕ ਦੇ ਸਿਰਲੇਖ ਨੂੰ ਪੜ੍ਹ ਕੇ ਕੁਝ ਧਾਰਨਾਵਾਂ ਬਣ ਜਾਂਦੀਆਂ ਹਨ। ਉਸ ਦੀਆਂ ਧਾਰਨਾਵਾਂ ਨਾਟਕ ਆਰੰਭ ਤਕ ਸਲਾਮਤ ਰਹਿੰਦੀਆਂ ਹਨ, ਪਰ ਜਿਵੇਂ ਹੀ ਨਾਟਕ ਪ੍ਰਸਤਾਵਨਾ ਤੋਂ ਬਾਅਦ ਅੱਗੇ ਤੁਰਦਾ ਹੈ, ਉਹ ਧਾਰਨਾਵਾਂ ਨਵਾਂ ਰੂਪ ਅਖਤਿਆਰ ਕਰਨ ਲੱਗਦੀਆਂ ਹਨ। ਦਰਸ਼ਕ ਇੰਚ ਦੋ ਇੰਚ ਉੱਪਰ ਉੱਠਣ ਲੱਗਦਾ ਹੈ। ਰੰਗਮੰਚ ਉਸ ਨੂੰ ਕਿਸੇ ਨਵੀਂ ਚੁਣੌਤੀ ਦੇ ਸਾਹਮਣੇ ਲਿਆ ਖੜ੍ਹਾ ਕਰਦਾ ਹੈ। ਦਰਸ਼ਕ ਉਸ ਚੁਣੌਤੀ ਨਾਲ ਸੰਘਰਸ਼ ਕਰਦਾ ਹੈ… ਨਾਟਕ ਵੱਲੋਂ ਪਰੰਪਰਕ ਧਾਰਨਾ ਦੇ ਵਿਸਥਾਪਤ ਰੂਪ ’ਚ ਸਿਰਜੀ ਜਾ ਰਹੀ ਧਾਰਨਾ ਨਾਲ ਇਕਸੁਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੀ ਸੋਚ ਦੇ ਚਿਰਾਂ ਤੋਂ ਬੰਦ ਬੂਹੇ ਦਸਤਕ ਮਹਿਸੂਸਣ ਲੱਗਦੇ ਹਨ। ਫ਼ੈਸਲਾ ਉਸ ਨੇ ਲੈਣਾ ਹੁੰਦਾ ਹੈ ਕਿ ਇਸ ਦਸਤਕ ਨੂੰ ਹੁੰਗਾਰਾ ਦੇ ਕੇ ਬੂਹਾ ਖੋਲ੍ਹਣਾ ਹੈ, ਸਰਦਲ ’ਤੇ ਖਲੋ ਕੇ ਇੱਧਰ ਉੱਧਰ ਝਾਕਣਾ ਹੈ ਜਾਂ ਬੂਹਾ ਖੋਲ੍ਹ ਤਾਜ਼ੀ ਹਵਾ ਦਾ ਬੁੱਲਾ ਅੰਦਰ ਆਉਣ ਦੇਣਾ ਹੈ। ਇਸ ਫ਼ੈਸਲੇ ਲਈ ਦਰਸ਼ਕ ਆਜ਼ਾਦ ਹੈ। ਇਹ ਆਜ਼ਾਦੀ ਰੰਗਮੰਚ ਦਿੰਦਾ ਹੈ। ਇਹ ਮਾਣ ਰੰਗਮੰਚ ਬਖ਼ਸ਼ਦਾ ਹੈ। ਇਸੇ ਲਈ ਰੰਗਮੰਚ ਦਾ ਦਰਸ਼ਕ ਸਿਰੋ ਸੱਖਣੀਂ ਭੀੜ ਨਹੀਂ ਹੁੰਦਾ।
ਦਰਸ਼ਕ ਰੰਗਮੰਚ ਦਾ ਚੌਥਾ ਥੰਮ੍ਹ ਹੈ। ਨਾਟਕਕਾਰ, ਨਿਰਦੇਸ਼ਕ, ਅਦਾਕਾਰ ਦੇ ਬਰਾਬਰ ਉਸ ਦੀ ਅਹਿਮੀਅਤ ਹੈ। ਜੋ ਰੰਗਕਰਮੀ ਇਸ ਅਹਿਮੀਅਤ ਨੂੰ ਸਮਝਦਾ ਹੈ, ਉਸ ਲਈ ਦਰਸ਼ਕ ਪ੍ਰਤੀ ਫ਼ਿਕਰਮੰਦੀ ਮਹੱਤਵਪੂਰਨ ਹੈ। ਉਹ ਇਹ ਨਹੀਂ ਸੋਚੇਗਾ ਕਿ ਉਸ ਦਾ ਦਰਸ਼ਕ ਸਰਵ ਸੁਵਿਧਾ ਸਪੰਨ ਕਿਸੇ ਆਡੀਟੋਰੀਅਮ ’ਚ ਬੈਠਾ ਹੈ; ਕਿਸੇ ਖੁੱਲ੍ਹੇ ਮੈਦਾਨ ’ਚ ਧਰੀਆਂ ਕੁਰਸੀਆਂ ’ਤੇ ਬੈਠਾ ਹੈ; ਦਰੀਆਂ ’ਤੇ ਪਲੱਥੀ ਮਾਰ ਬੈਠਾ ਹੈ; ਕਿਸੇ ਰੇਲ ਪਟੜੀ ’ਤੇ ਬੈਠਾ ਹੈ; ਸੜਕ ਕਿਨਾਰੇ ਬੈਠਾ ਹੈ; ਕਿਸੇ ਘਰ ਦੀ ਛੱਤ ਨੂੰ ਭਾਗ ਲਾ ਰਿਹਾ ਹੈ; ਕਿਸੇ ਵਿਹੜੇ ’ਚ ਕਲਾਕਾਰ ਦੀ ਕਲਾਕਾਰੀ ਦੇਖਣ ਲਈ ਨਜ਼ਰਾਂ ਟਿਕਾਈ ਬੈਠਾ ਹੈ। ਉਹ ਆਪਣੀ ਕਲਾ ਦਾ ਧਰਮ ਨਿਭਾਏਗਾ। ਪ੍ਰਤੀਬੱਧ ਤੇ ਕਾਬਲ ਰੰਗਕਰਮੀ ਇਸ ਸਵਾਲ ਨਾਲ ਘਬਰਾਏਗਾ ਨਹੀਂ ਕਿ ਦਰੀਆਂ ’ਤੇ ਬੈਠੇ, ਤੰਬੂ ਕਨਾਤਾਂ ਲੱਗੇ ਮਾਹੌਲ ’ਚ ਬੈਠੇ ਦਰਸ਼ਕ ਸਾਹਮਣੇ ਕਿਤੇ ਉਸ ਦੀ ਰੰਗਮੰਚ ਕਲਾ ਮਰ ਤਾਂ ਨਹੀਂ ਜਾਏਗੀ, ਸਗੋਂ ਉਹ ਅਭਿਆਸ ਦੀ ਪ੍ਰਕਿਰਿਆ ’ਚ ਪਵੇਗਾ ਕਿ ਕਿਵੇਂ ਬਦਲਵੀਂ ਹਾਲਤ ’ਚ ਆਪਣੀ ਕਲਾ ਨੂੰ ਨਵਿਆਉਣਾ ਹੈ। ਆਪਣੀ ਆਵਾਜ਼ ਦੇ ਉਤਰਾਅ ਚੜ੍ਹਾਅ ਨੂੰ ਕਿਵੇਂ ਪ੍ਰਮੁੱਖ ਹਥਿਆਰ ਵਜੋਂ ਵਰਤਣਾ ਹੈ। ਕਿਵੇਂ ਆਪਣੀ ਸਰੀਰਿਕ ਭਾਸ਼ਾ ਨਾਲ ਦਰਸ਼ਕ ਨੂੰ ਖੁੱਲ੍ਹੇ ਮੈਦਾਨ ’ਚ ਆਲੇ ਦੁਆਲੇ ਵਾਪਰ ਰਹੇ ਰੌਲੇ ਗੌਲੇ ਵੱਲੋਂ ਮੋੜ ਕੇ ਉਸ ਦਾ ਧਿਆਨ ਆਪਣੀ ਅਦਾਕਾਰੀ ’ਤੇ ਕੇਂਦਰਤ ਕਰਨਾ ਹੈ। ਤੇ ਕਿਵੇਂ ਆਮ ਲੱਗਦੀਆਂ ਪੰਕਤੀਆਂ ਨੂੰ ਸੰਵਾਦ ਬਣਾਉਣਾ ਹੈ ਜੋ ਦਰਸ਼ਕ ਦੇ ਕਾਲਜੇ ਜਾ ਵੱਜੇ ਤੇ ਇਕ ਅਦੁੱਤੀ ਸਰਗਮ ਛਿੜ ਸਕੇ। ਅੱਜ ਪੰਜਾਬ ਇਸ ਸਰਗਮ ਦੀ ਗੂੰਜ ਮਹਿਸੂਸ ਕਰ ਰਿਹਾ ਹੈ। ਰੰਗ ਕਰਮੀ ਨੂੰ ‘ਅਸਲ ਦਰਸ਼ਕ’ ਹਜ਼ਾਰਾਂ ਦੀ ਗਿਣਤੀ ’ਚ ‘ਨਸੀਬ’ ਹੋਇਆ ਹੈ ਤੇ ਉਹ ਦਰਸ਼ਕ ਦੀ ਮਹਿਮਾ ਨੂੰ ਨਤਮਸਤਕ ਹੋਇਆ ਚੁਣੌਤੀ ਨੂੰ ਕਬੂਲ ਕਰ ਰਿਹਾ ਹੈ।
ਸੰਪਰਕ: 98880-11096