ਸਾਂਵਲ ਧਾਮੀ
ਮਾਨਸਾ ਦੀ ਤਹਿਸੀਲ ਬੁੱਢਲਾਡਾ ਤੋਂ ਪੱਛਮ-ਦੱਖਣ ਦਿਸ਼ਾ ’ਚ ਤਿੰਨ ਕੁ ਕਿਲੋਮੀਟਰ ਦੂਰੀ ’ਤੇ ਇਕ ਪਿੰਡ ਹੈ; ਫੁੱਲੂਵਾਲਾ ਡੋਗਰਾਂ। ਰਾਮਨਗਰ ਭੱਠਲ, ਮੱਲ ਸਿੰਘ ਵਾਲਾ, ਬਰ੍ਹੇ ਤੇ ਕਲੀਪੁਰ ਇਸ ਦੇ ਨੇੜਲੇ ਪਿੰਡ ਹਨ। ਸੰਤਾਲੀ ਤੋਂ ਪਹਿਲਾਂ ਫੁੱਲੂਵਾਲਾ ਮੁਸਲਮਾਨ ਡੋਗਰਾਂ ਦਾ ਪਿੰਡ ਸੀ। ਕੁਝ ਘਰ ਮਜ਼੍ਹਬੀ ਸਿੱਖਾਂ ਦੇ ਵੀ ਸਨ। ਇਸ ਪਿੰਡ ਦੇ ਜੱਦੀ ਵਾਸੀ ਸੁਖਦੇਵ ਸਿੰਘ ਹੋਰਾਂ ਦੱਸਿਆ,‘ਡੋਗਰਾਂ ਦਾ ਕੰਮ ਸੀਗਾ ਧਾੜਾਂ ਮਾਰ ਕੇ ਖਾਣਾ। ਉਹ ਚੋਰੀ ਕਰ ਲੈਂਦੇ। ਮੋੜਾਈ ਜ਼ਰੂਰ ਲੈਂਦੇ। ਉਨ੍ਹਾਂ ’ਚੋਂ ਵੱਡਾ ਬੰਦਾ ਇਬਰਾਹੀਮ ਹੁੰਦਾ ਸੀ। ਉਹਦਾ ਭਰਾ ਇਸਮਾਇਲ ਸੀ। ਮਗਨੀ, ਗਨੀ ਤੇ ਸਦੀਕ; ਕੁਝ ਹੋਰ ਨਾਂ ਵੀ ਯਾਦ ਨੇ ਮੈਨੂੰ। ਦਰਅਸਲ, ਗ਼ਰੀਬਾਂ ਦਾ ਪਿੰਡ ਸੀ ਇਹ। ਡੋਗਰ ਵੀ ਗ਼ਰੀਬ ਹੀ ਸਨ। ਮਾਰੂ ਜ਼ਮੀਨਾਂ ਸਨ। ਉਂਜ ਵੀ ਉਹ ਖੇਤੀਬਾੜੀ ਬਹੁਤ ਘੱਟ ਕਰਦੇ ਸਨ।
ਜ਼ਮੀਨ ਦੀ ਸਿੰਜਾਈ ਲਈ ਇੱਥੇ ਕੋਈ ਖੂਹ ਨਹੀਂ ਸੀ। ਪਿੰਡ ’ਚ ਚਾਰ-ਪੰਜ ਖੂਹ ਜ਼ਰੂਰ ਸਨ। ਇਕ ਖੂਹ ਅਜਿਹਾ ਹੁੰਦਾ ਸੀ ਜਿੱਥੋਂ ਬਹੁਤਾ ਪਿੰਡ ਪਾਣੀ ਭਰਦਾ ਸੀ। ਉਹਦਾ ਪਾਣੀ ਦਿੱਲੀ ਤੱਕ ਜਾਂਦਾ ਸੀ। ਸਰਕਾਰੀ ਕਰਮਚਾਰੀ ਇੱਥੋਂ ਰੇਲ ਗੱਡੀ ’ਤੇ ਪਾਣੀ ਮੰਗਵਾ ਲੈਂਦੇ ਸਨ। ਇਕ ਖੂਹੀ ਮਸੀਤ ’ਚ ਹੁੰਦਾ ਸੀ। ਇਕ ਪੱਠਾਂ ਦੇ ਰਾਹ ’ਤੇ ਕੱਲਰਾਂ ਵਿਚ ਵੀ ਖੂਹ ਹੁੰਦਾ ਸੀ। ਹੁਣ ਤਾਂ ਸਾਰੇ ਖੂਹ ਬੰਦ ਹੋ ਗਏ ਨੇ।
ਸੰਤਾਲੀ ’ਚ ਇੱਥੇ ਕੋਈ ਵੱਢ-ਟੁੱਕ ਨਹੀਂ ਸੀ ਹੋਈ। ਡੋਗਰ ਦਿਨੇ ਬਾਰ੍ਹਾਂ ਵਜੇ ਪਿੰਡੋਂ ਨਿਕਲੇ ਸਨ। ਭੱਠਲ, ਬੋਹੇ ਤੇ ਬਾਹਮਣਵਾਲਾ ਵਿੱਚ ਦੀ ਹੋ ਕੇ ਉਹ ਰਤੀਏ ਕੈਂਪ ’ਚ ਚਲੇ ਗਏ ਸਨ। ਮੇਰੇ ਬਾਪੂ ਸੁੱਚਾ ਸਿੰਘ ਜੀ ਨੂੰ ਕਈ ਸਾਲ ਉਨ੍ਹਾਂ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਸੀ।’ ਠੰਢਾ ਹਉਕਾ ਭਰਦਿਆਂ ਉਹ ਚੁੱਪ ਹੋ ਗਏ ਸਨ।
ਸੁਖਦੇਵ ਸਿੰਘ ਹੋਰਾਂ ਤੋਂ ਬਾਅਦ ਮੈਂ ਦਰਸ਼ਨ ਸਿੰਘ ਵਿਰਕ ਹੋਰਾਂ ਨੂੰ ਮਿਲਿਆ। ਉਹ ਸ਼ੇਖੂਪੁਰੇ ਦੇ ਮਸ਼ਹੂਰ ਪਿੰਡ ਕਾਲੋਕੇ ਤੋਂ ਇੱਥੇ ਆਏ ਸਨ। ਉਨ੍ਹਾਂ ਦੱਸਿਆ,‘ਮੁਗ਼ਲ ਕਾਲ ਦੀ ਗੱਲ ਏ। ਬਾਦਸ਼ਾਹ ਦੇ ਤਿੰਨ ਸਿਪਾਹੀ ਕਾਲੋਕੇ ਆਏ। ਕਹਿਣ ਲੱਗੇ-ਸਾਡੇ ਲਈ ਤਿੰਨ ਲੜਕੀਆਂ ਅਤੇ ਤਿੰਨ ਘਰਾਂ ’ਚ ਚੰਗਾ ਖਾਣ ਪੀਣ ਦਾ ਪ੍ਰਬੰਧ ਕਰੋ। ਸਾਡੇ ਪਿੰਡ ਦੇ ਮੋਹਤਬਰ ਉਨ੍ਹਾਂ ਦੇ ਘੋੜਿਆਂ ਦੀਆਂ ਵਾਗਾਂ ਫੜ ਕੇ ਘਰੋ-ਘਰੀ ਲੈ ਗਏ। ਉਨ੍ਹਾਂ ਨੂੰ ਰੱਜ ਕੇ ਸ਼ਰਾਬ ਪਿਲਾਈ, ਵਧੀਆ ਰੋਟੀ ਖਵਾਈ ਤੇ ਰਾਤ ਨੂੰ ਉਹ ਤਿੰਨੋਂ ਵੱਢ ਕੇ ਡੂੰਘੇ ਦੱਬ ਦਿੱਤੇ। ਉਨ੍ਹਾਂ ਦੇ ਘੋੜੇ ਵੇਚ ਦਿੱਤੇ। ਕੁਝ ਦਿਨਾਂ ਬਾਅਦ ਪੜਤਾਲ ਸ਼ੁਰੂ ਹੋਈ। ਪਹਿਲਾਂ ਉਨ੍ਹਾਂ ਕਾਲੀਆਂ ਪਿੰਡ ਘੇਰ ਲਿਆ। ਓਥੋਂ ਪਤਾ ਲੱਗਾ ਕਿ ਇਹ ਵਾਰਦਾਤ ਤਾਂ ਕਾਲੋਕੇ ਵਾਲਿਆਂ ਕੀਤੀ ਏ। ਕਿਸੇ ਰਾਹਗੀਰ ਨੇ ਮੱਝਾਂ ਚਾਰਦੇ ਵਿਰਕ ਨੂੰ ਸੁਨੇਹਾ ਦਿੱਤਾ ਕਿ ਮੁਗ਼ਲ ਫ਼ੌਜ ਆਉਂਦੀ ਪਈ ਏ, ਪਿੰਡ ਛੱਡ ਦਿਓ। ਉਹਨੇ ਕਿਸੇ ਨੂੰ ਨਾ ਦੱਸਿਆ। ਆਵਦਾ ਟੱਬਰ ਲੈ ਕੇ ਪਿੰਡੋਂ ਦੌੜ ਪਿਆ। ਮੁਗ਼ਲ ਸਿਪਾਹੀਆਂ ਕਾਲੋਕੇ ਨੂੰ ਅੱਗ ਲਗਾ ਦਿੱਤੀ। ਕੁਝ ਬਚ ਨਿਕਲੇ, ਪਰ ਬਹੁਤੇ ਮਾਰੇ ਗਏ।
ਸੰਤਾਲੀ ਤੱਕ ਸਾਡਾ ਪਿੰਡ ਤੀਜੀ ਥਾਂ ’ਤੇ ਬੱਝਾ ਸੀ। ਉਸ ਪਿੰਡ ਦੀਆਂ ਚਾਰ ਪੱਤੀਆਂ ਸਨ। ਜਦੋਂ ਰੌਲੇ ਪਏ ਤਾਂ ਅਸੀਂ ਚੂਹੜਕਾਣਾ ਕੈਂਪ ’ਚ ਆ ਗਏ। ਓਥੇ ਤਿੰਨ ਮਹੀਨੇ ਰਹੇ। ਗੱਡੀ ’ਤੇ ਚੜ੍ਹ ਕੇ ਅੰਮ੍ਰਿਤਸਰ ਆਏ। ਓਥੋਂ ਪਤਾ ਲੱਗਾ ਕਿ ਸ਼ੇਖ਼ੂਪੁਰੀਆਂ ਨੂੰ ਕਰਨਾਲ ਅਲਾਟ ਹੋਇਆ ਏ। ਫਿਰ ਗੱਡੀ ਚੜ੍ਹ ਗਏ। ਧੂਰੀ ਕਿਸੇ ਕੁਲੀ ਨੇ ਆਵਾਜ਼ ਕੱਢ ਦਿੱਤੀ ਕਿ ਕਰਨਾਲ ਆ ਗਿਆ ਏ। ਵਿਰਕਾਂ ਦੇ ਸੱਤ ਘਰ ਧੂਰੀ ਉੱਤਰ ਗਏ। ਗੱਡੀ ਤੁਰ ਗਈ ਤਾਂ ਪੁੱਛਣ ਲੱਗੇ। ਪਤਾ ਲੱਗਿਆ ਕਿ ਕਰਨਾਲ ਤਾਂ ਬਹੁਤ ਦੂਰ ਏ। ਇਹ ਫਿਰ ਧੂਰੀ ਟਿਕ ਗਏ। ਇਕ ਤਾਂ ਓਥੇ ਅਵਾਰਾ ਡੰਗਰਾਂ ਦਾ ਬਹੁਤ ਉਜਾੜਾ ਸੀ ਤੇ ਦੂਜਾ ਨਹਿਰੀ ਪਾਣੀ ਨਹੀਂ ਸੀ। ਅਸੀਂ ਫਿਰ ਬਠਿੰਡੇ ਕੋਲ ਜੋਧਪੁਰ ਰੋਮਾਣਾ ਪਿੰਡ ’ਚ ਆ ਗਏ। ਤਿੰਨ-ਚਾਰ ਸਾਲਾਂ ਬਾਅਦ ਓਥੋਂ ਜ਼ਮੀਨ ਕਟਵਾ ਕੇ ਇੱਥੇ ਫੁੱਲੂਵਾਲਾ ਡੋਗਰਾਂ ਆ ਗਏ। ਇੱਥੇ ਬਹੁਤੇ ਅਲਾਟੀਏ ਅਰੋੜੇ ਸਨ। ਉਹ ਮਲਵਈਆਂ ਨੂੰ ਜ਼ਮੀਨਾਂ ਵੇਚ ਕੇ ਸ਼ਹਿਰਾਂ ’ਚ ਚਲੇ ਗਏ ਸਨ।’
ਵਿਰਕ ਹੋਰਾਂ ਤੋਂ ਬਾਅਦ ਮੈਂ ਬਹਾਵਲਪੁਰ ਰਿਆਸਤ ਤੋਂ ਉੱਜੜ ਕੇ ਆਏ ਬਾਬੇ ਸੰਤੇ ਨੂੰ ਮਿਲਿਆ।
‘ਮੇਰਾ ਜਨਮ ਪਿੰਡ ਕੱਟਿਆਂਵਾਲੀ ਦਾ ਏ। ਫ਼ਾਜ਼ਿਲਕਾ ਬੰਗਲੇ ਕੋਲ। ਸਾਡੇ ਬੁੜਿਆਂ ਨੂੰ ਕਿਸੇ ਮਖੌਲ ਕਰਿਆ ਕਿ ‘ਉੱਠੋ ਨੌਕਰੋ, ਸਾਡਾ ਕੰਮ ਕਰੋ।’ ਸਾਡਾ ਬਜ਼ੁਰਗ ਕਹਿੰਦਾ- ਅੱਜ ਨੌਕਰ ਸੱਦਿਆ ਏ, ਮੁੜ ਨਾ ਕਹੀ। ਅਸੀਂ ਪਿੰਡ ਛੱਡ ਦਿੱਤਾ। ਬਹਾਵਲਪੁਰ ਰਿਆਸਤ ’ਚ ਚਲੇ ਗਏ। ਵੀਹ ਚੱਕ ’ਚ ਡੂਢ ਮੁਰੱਬਾ ਜ਼ਮੀਨ ਮੁੱਲ ਲੈ ਲਈ। ਓਧਰ ਲਵੇ-ਲਵੇ ਸਾਡੇ ਰਾਏ ਸਿੱਖਾਂ ਦੇ ਪੰਜ ਪਿੰਡ ਸਨ। ਸਾਡਾ ਲੰਬੜਦਾਰ ਰਿਉਂਦ ਤੋਂ ਗਿਆ ਲਹਿਣਾ ਹੁੰਦਾ ਸੀ। ਸਾਡੇ ਚੱਕ ’ਚ ਮੁਸਲਮਾਨ ਕੋਈ ਨਹੀਂ ਸੀ। ਬਾਰ੍ਹਾਂ, ਤੇਰਾਂ ਤੇ ਬਾਈ ਚੱਕ ਮੁਸਲਮਾਨਾਂ ਦੇ ਸਨ। ਜਦੋਂ ਇੱਧਰੋਂ ਗਏ ਤਾਂ ਮੈਂ ਦਸ ਕੁ ਸਾਲਾਂ ਦਾ ਸੀ। ਜਦੋਂ ਉੱਜੜ ਕੇ ਆਏ ਤੇਰਾਂ ਸਾਲਾਂ ਦਾ। ਅਸੀਂ ਓਥੇ ਮਸਾਂ ਦੋ ਕੁ ਸਾਲ ਹੀ ਰਹੇ ਸਾਂ।
ਸੰਤਾਲੀ ਦੀ ਸੁਣ ਲਓ। ਸਾਡੇ ਪਟਵਾਰੀ ਦਾ ਨਾਂ ਰਫ਼ੀਕ ਖ਼ਾਨ ਸੀ। ਉਹਨੇ ਸਾਨੂੰ ਦੱਸ ਦਿੱਤਾ ਸੀ ਕਿ ਅੱਜ ਨਿਕਲਣਾ ਤਾਂ ਨਿਕਲ ਜਾਓ, ਨਹੀਂ ਤਾਂ ਮੁਸਲਮਾਨ ਤੁਹਾਨੂੰ ਮਾਰਨਗੇ। ਅਸੀਂ ਪਟਵਾਰੀ ਕੋਲੋਂ ਪੁੱਛਿਆ- ਹੁਣ ਕੀ ਕਰੀਏ? ਉਹ ਕਹਿੰਦਾ- ਜੇ ਫ਼ਾਜ਼ਿਲਕਾ ਬੰਗਲੇ ਵੱਲ ਜਾਓਗੇ ਤਾਂ ਦਰਿਆ ’ਤੇ ਸੌਖੇ ਪਹੁੰਚ ਜਾਓਗੇ। ਪਰ ਓਧਰੋਂ ਉਨ੍ਹਾਂ ਤੁਹਾਡਾ ਇਕ ਜੀਅ ਨਹੀਂ ਟੱਪਣ ਦੇਣਾ। ਹੈ ਤਾਂ ਮੈਂ ਵੀ ਮੁਸਲਮਾਨ ਪਰ ਅੰਨ-ਪਾਣੀ ਤੁਹਾਡੇ ਨਾਲ ਖਾਧਾ ਏ। ਮੈਂ ਤੁਹਾਨੂੰ ਸਹੀ ਰਾਹ ਦੱਸ ਦਿੰਨਾਂ। ਉਹਨੇ ਸਾਨੂੰ ਦੂਰ ਦੇ ਉਸ ਰਸਤੇ ਪਾਇਆ, ਜਿਸ ਬਾਰੇ ਧਾੜਵੀ ਸੋਚ ਵੀ ਨਹੀਂ ਸਕਦੇ ਸੀ। ਅਸੀਂ ਸੂਰਤਗੜ੍ਹ ਤੋਂ ਇੱਕ ’ਟੇਸ਼ਨ ਪਰ੍ਹਾਂ ਤੋਂ ਇੱਧਰ ਆਏ ਸੀ।
ਡਬਲੀ ਤੱਕ ਅਸੀਂ ਪੈਦਲ ਆਏ। ਓਥੇ ਹਿੰਦੂ ਲੋਕ ਛੋਲੇ ਭੁੰਨੀਂ ਬੈਠੇ ਸਨ। ਉਹ ਇਕ ਬੰਦੇ ਨੂੰ ਦੋ-ਦੋ ਬੁੱਕ ਦਿੰਦੇ। ਡਬਲੀ ਤੋਂ ਅਸੀਂ ਗੱਡੀ ਬੈਠ ਗਏ। ਨਵੇਂ ਪਿੰਡ ਦੇ ’ਟੇਸ਼ਨ ਗੱਡੀ ਰੁਕੀ ਤਾਂ ਉਸ ਵਿੱਚ ਮੁਸਲਮਾਨ ਤੇ ਮੁਸਲਮਾਨਣੀ ਵੀ ਚੜ੍ਹ ਆਏ। ਜਨਾਨੀ ਦੇ ਕੁੱਛੜ ਬੱਚਾ ਸੀ। ਜਨਾਨੀ ਦੀ ਉਮਰ ਹੋਵੇਗੀ ਕੋਈ ਛੱਬੀ ਦੇ ਲਵੇ।
ਥੋੜ੍ਹੀ ਦੇਰ ਬਾਅਦ ਗੱਡੀ ’ਚ ਧਾੜਵੀ ਵੀ ਚੜ੍ਹ ਆਏ। ਉਹ ਬੰਦਾ ਤਾਂ ਮਾਰ ਗਿਆ ਛਾਲ। ਲੁਟੇਰਿਆਂ ਜਨਾਨੀ ਦੇ ਕੁੱਛੜੋਂ ਬੱਚਾ ਖਿੱਚਿਆ ਤੇ ਚਲਾ ਕੇ ਗੱਡੀਓਂ ਬਾਹਰ ਸੁੱਟ ਦਿੱਤਾ। ਫਿਰ ਉਹ ਜਨਾਨੀ ਦੀ ਬਾਂਹ ਫੜ ਕੇ ਖਿੱਚਣ ਲੱਗ ਪਏ। ਉਹ ਉਨ੍ਹਾਂ ਨਾਲ ਜਾਣ ਨੂੰ ਨਾ ਮੰਨੀ। ਉਨ੍ਹਾਂ ਅੱਕ ਕੇ ਉਹਦੇ ਤਲਵਾਰ ਕੱਢ ਮਾਰੀ ਤੇ ਉਹਨੂੰ ਗੱਡੀ ਤੋਂ ਬਾਹਰ ਧੱਕਾ ਦੇ ਦਿੱਤਾ। ਜਦੋਂ ਤੀਕਰ ਧਾੜਵੀ ਗੱਡੀ ’ਚ ਰਹੇ, ਅਸੀਂ ਡਰ ਕੇ ਸਹਿਮੇ ਬੈਠੇ ਰਹੇ।
ਉਹ ਗਏ ਤਾਂ ਅਸੀਂ ਉਸ ਜਨਾਨੀ ਕੋਲ ਗਏ। ਜ਼ੋਰ ਨਾਲ ਉਹਦਾ ਸਿਰ ਦੱਬਿਆ ਤੇ ਸਵਾਰ ਕੇ ਪੱਗ ਨਾਲ ਉਹਦਾ ਜ਼ਖ਼ਮ ਬੰਨ੍ਹ ਦਿੱਤਾ। ਸਾਡੀਆਂ ਜਨਾਨੀਆਂ ਨੇ ਉਹਨੂੰ ਆਵਦੇ ਕੱਪੜੇ ਪਵਾ ਦਿੱਤੇ। ਅਸੀਂ ਉਹਨੂੰ ਆਪਣੇ ਨਾਲ ਫ਼ਾਜ਼ਿਲਕਾ ਲੈ ਆਏ। ਹਸਪਤਾਲ ’ਚ ਦਾਖਲ ਕਰਵਾ ਦਿੱਤਾ। ਉਹ ਸਾਡੇ ਕੋਲ ਰਹੀ, ਕੋਈ ਛੇ ਮਹੀਨੇ। ਉਹਦੀ ਸੇਵਾ ’ਚ ਕਦੇ ਦੋ ਬੁੜੀਆਂ ਵਗ ਜਾਂਦੀਆਂ, ਕਦੇ ਦੋ ਬੰਦੇ ਵਗ ਜਾਂਦੇ। ਚਾਰ ਕੁ ਮਹੀਨਿਆਂ ਬਾਅਦ ਉਹ ਤੁਰਨ ਫਿਰਨ ਲੱਗ ਪਈ। ਉਹਨੂੰ ਅਸੀਂ ਆਵਦੇ ਘਰ ਲੈ ਆਂਦਾ। ਉਹ ਇੱਕ ਦਿਨ ਮੇਰੇ ਬਾਪੂ ਨੂੰ ਕਹਿੰਦੀ- ਮੇਰਾ ਹੁਣ ਕੌਣ ਏ ਇਸ ਦੁਨੀਆ ਵਿਚ? ਮੈਂ ਹੁਣ ਕਿਤੇ ਨਹੀਂ ਜਾਣਾ। ਮੇਰੇ ਉੱਪਰ ਤੁਹਾਡੇ ਬੜੇ ਅਹਿਸਾਨ ਨੇ। ਤੁਹਾਡੇ ’ਚੋਂ ਕੋਈ ਲੋੜਵੰਦ ਬੰਦਾ ਹੈ ਤਾਂ ਮੈਨੂੰ ਉਹਦੇ ਘਰ ਬਿਠਾ ਦਿਓ। ਮੇਰੇ ਬਾਪੂ ਨੇ ਕਿਹਾ- ਇਹ ਨਹੀਂ ਹੋ ਸਕਦਾ। ਅਸੀਂ ਤੈਨੂੰ ਹੱਦ ਟਪਾ ਆਉਂਦੇ ਆਂ। ਤੂੰ ਆਵਦੇ ਬੰਦਿਆਂ ’ਚ ਚਲੀ ਜਾਏਂਗੀ। ਓਧਰ ਸ਼ੈਦ ਤੈਨੂੰ ਕੋਈ ਤੇਰਾ ਆਪਣਾ ਵੀ ਮਿਲ ਜਾਏ।
ਮੇਰਾ ਬਾਪੂ ਸ਼ੰਕਰ, ਗੁਰਾ ਦਿੱਤਾ ਤੇ ਲਹਿਣਾ; ਇਹ ਤਿੰਨ ਬੰਦੇ ਉਹਨੂੰ ਹੱਦ ਟਪਾ ਆਏ। ਉਹਨੂੰ ਤੋਰ ਕੇ ਸਾਨੂੰ ਇਉਂ ਲੱਗਿਆ ਸੀ ਜਿਉਂ ਕੋਈ ਘਰ ਦਾ ਜੀਅ ਪਰਦੇਸ ਤੁਰ ਗਿਆ ਹੋਵੇ। ਅਸੀਂ ਕਈ ਦਿਨ ਉਦਾਸ ਰਹੇ। ਕਈ ਸਾਲ ਬਾਅਦ ਦੀ ਗੱਲ ਏ। ਇਕ ਰਾਤ ਉਹ ਮੁੜ ਆਈ। ਨਾਲ ਉਹਦਾ ਪਤੀ ਤੇ ਭਰਾ ਵੀ ਸੀ। ਅਸੀਂ ਉਨ੍ਹਾਂ ਦੀ ਚੰਗੀ ਸੇਵਾ ਕਰੀ। ਸਾਨੂੰ ਆਂਹਦੇ- ਹੁਣ ਕੀ ਕੁਸ਼ ਦਈਏ? ਮੇਰੇ ਬਾਪੂ ਆਖਿਆ- ਜਿਹੜੇ ਲੱਗ ਗਏ, ਉਹ ਲੱਗ ਗਏ। ਅਸੀਂ ਤਾਂ ਕੁਸ਼ ਨਹੀਂ ਲੈਂਦੇ। ਉਹ ਜਾਣ ਲੱਗੇ ਮੱਲੋ-ਜ਼ੋਰੀ ਇਹ ਆਖ ਕੇ ਤਿੰਨ ਹਜ਼ਾਰ ਰੁਪਈਆ ਦੇ ਗਏ ਕਿ ਜਵਾਕਾਂ ਜੱਲ੍ਹਿਆਂ ਨੂੰ ਕੁਸ਼ ਖਵਾ ਦਿਓ। ਉਹ ਸਾਨੂੰ ਆਪਣਾ ਪਤਾ ਵੀ ਦੇ ਗਏ ਸੀ। ਫਿਰ ਅਸੀਂ ਵੀ ਓਧਰ ਜਾਣ ਲੱਗ ਪਏ। ਦੋ-ਤਿੰਨ ਵਾਰ ਤਾਂ ਮੈਂ ਵੀ ਜਾ ਆਇਆ। ਉਹ ਚੁਤਾਲੀ ਚੱਕ ’ਚ ਰਹਿੰਦੇ ਸੀ। ਉਹ ਸਾਨੂੰ ਆਪਣਿਆਂ ਵਾਂਗ ਮਿਲਦੇ। ਇਹ ਚੱਕ ਬਾਰਡਰ ਤੋਂ ਥੋੜ੍ਹਾ ਦੂਰ ਸੀ।
ਉਸ ਔਰਤ ਦਾ ਨਾਂ ਫਾਤਾ ਸੀ। ਕਈ ਵਰ੍ਹੇ ਉਨ੍ਹਾਂ ਦਾ ਚਿੱਠੀ ਪੱਤਰ ਵੀ ਆਉਂਦਾ ਰਿਹਾ। ਆਖਰੀ ਚਿੱਠੀ ’ਚ ਉਹਦੇ ਪਤੀ ਨੇ ਫਾਤਾ ਭੈਣ ਦੀ ਮੌਤ ਬਾਰੇ ਲਿਖਿਆ ਸੀ। ਬਾਪੂ ਧਾਹਾਂ ਮਾਰ ਕੇ ਰੋਇਆ ਸੀ ਉਸ ਦਿਨ। ਆਖਣ ਲੱਗਾ- ਮੇਰੀ ਪਰਦੇਸਣ ਧੀ ਦੁਨੀਆ ਤੋਂ ਤੁਰ ਗਈ ਏ। ਹੁਣ ਉਨ੍ਹਾਂ ਦੀ ਕੋਈ ਖ਼ਬਰ ਨਹੀਂ। ਉਹਦਾ ਬੰਦਾ ਹਾਲੇ ਸ਼ੈਦ ਜਿਊਂਦਾ ਹੋਵੇ।
ਹਾਂ, ਇਕ ਗੱਲ ਮੈਂ ਦੱਸਣੀ ਭੁੱਲ ਗਿਆ। ਜਿਹੜਾ ਤਿੰਨ ਹਜ਼ਾਰ ਰੁਪਈਆ ਉਹ ਦੇ ਗਏ ਸੀ, ਉਹ ਅਸੀਂ ਆਪਣੇ ਖੀਸੇ ’ਚ ਨਹੀਂ ਸੀ ਪਾਇਆ। ਸਾਡੇ ਭਾਈਚਾਰੇ ਨੇ ਕੁਸ਼ ਰੁਪਏ ਆਪਣੇ ਕੋਲੋਂ ਰਲ਼ਾ ਕੇ ਜੱਗ ਕਰ ਦਿੱਤਾ ਸੀ। ਸਾਰੇ ਪਿੰਡ ਨੂੰ ਰੋਟੀ ਖਵਾ ਦਿੱਤੀ ਸੀ।
ਜੱਗ ਤੋਂ ਅਗਲੇ ਦਿਨ ਕੋਈ ਬਾਪੂ ਨੂੰ ਆਖਣ ਲੱਗਾ- ਸ਼ੰਕਰਾ, ਤੂੰ ਬੜਾ ਪੁੰਨ ਖੱਟਿਆ ਬਈ। ਬਾਪੂ ਬੋਲਿਆ- ਮੈਂ ਕੁਝ ਨਹੀਂ ਕੀਤਾ। ਇਹ ਸਭ ਕੁਸ਼ ਰਫ਼ੀਕ ਪਟਵਾਰੀ ਕਰਕੇ ਹੋਇਆ। ਅਗਰ ਉਹ ਸਾਡੀ ਮਦਦ ਨਾ ਕਰਦਾ ਤਾਂ ਸ਼ੈਦ ਅਸੀਂ ਜ਼ਖ਼ਮੀ ਹੋਈ ਫਾਤਾ ਨੂੰ ਨਾ ਚੁੱਕਦੇ। ਇਸ ਤੋਂ ਅਗਾਂਹ, ਸ਼ੈਦ ਅਸੀਂ ਵੀ ਕਾਤਲਾਂ ਨਾਲ ਰਲ਼ ਜਾਂਦੇ।’ ਇਸ ਗੱਲ ਨਾਲ ਬਾਬੇ ਸੰਤੇ ਦੇ ਬੁੱਲ੍ਹ ਮੁਸਕਰਾਏ, ਪਰ ਉਸ ਦੀਆਂ ਬੁੱਢੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ।
ਸੰਪਰਕ: 97818-43444