ਮਨਦੀਪ ਸਿੰਘ ਸਿੱਧੂ
ਸਿਨੇ ਪੰਜਾਬੀ
ਯਾਦਾਂ ਤੇ ਯਾਦਗਾਰਾਂ
ਰੂਪ ਕੇ. ਸ਼ੋਰੀ ਦੇ ਪਿਤਾ ਅਤੇ ਅਦਾਕਾਰਾ ਮੀਨਾ ਸ਼ੋਰੀ ਦੇ ਸਹੁਰਾ ਸਾਹਬ ਆਰ. ਐੱਲ. ਸ਼ੋਰੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਬਾਨੀ ਅਤੇ ਉੱਤਰੀ ਭਾਰਤ ਦੇ ਮੋਹਰੀ ਫ਼ਿਲਮਸਾਜ਼ ਅਤੇ ਹਿਦਾਇਤਕਾਰ ਰਹੇ ਹਨ। ਰੌਸ਼ਨ ਲਾਲ ਸ਼ੋਰੀ ਉਰਫ਼ ਆਰ. ਐੱਲ. ਸ਼ੋਰੀ ਦੀ ਪੈਦਾਇਸ਼ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ 26 ਮਈ 1888 ਨੂੰ ਪੰਜਾਬੀ ਪਰਿਵਾਰ ਵਿਚ ਹੋਈ। ਗ੍ਰੈਜੂਏਸ਼ਨ ਕਰਨ ਉਪਰੰਤ ਉਹ ਕੋਇਟਾ ਵਿਚ ਆਲ੍ਹਾ ਪੋਸਟ ਊੱਤੇ ਲੱਗੇ ਰਹੇ। ਉਨ੍ਹਾਂ ਨੇ ਕਾਫ਼ੀ ਸਮਾਂ ਵਿਦੇਸ਼ ਵਿਚ ਬਿਤਾਇਆ। ਫੋਟੋਗ੍ਰਾਫੀ ਸ਼ੋਰੀ ਸਾਹਬ ਦੀ ਵਿਸ਼ੇਸ਼ ਦਿਲਚਸਪੀ ਰਹੀ ਹੈ। ਉਨ੍ਹਾਂ ਨੇ ਨਿਊਯਾਰਕ ਇੰਸਟੀਚਿਊਟ ਆਫ ਫੋਟੋਗ੍ਰਾਫੀ ਅਤੇ ਕਾਲਜ ਆਫ ਸਿਟੀ ਅਤੇ ਮਰੇ ਹਿੱਲ ਆਫ ਸਕੂਲ ਨਿਊਯਾਰਕ ਦੇ ਕਾਲਜ ਤੋਂ ਇਸਦੀ ਸਿਖਲਾਈ ਹਾਸਲ ਕੀਤੀ। ਇਸ ਤੋਂ ਬਾਅਦ ਉਹ ਇੰਗਲੈਂਡ ਚਲੇ ਗਏ ਅਤੇ ਮਾਨਚੈਸਟਰ ਵਿਖੇ ਕਾਲਜ ਆਫ ਟੈਕਨਾਲੋਜੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਸਮਾਚਾਰ ਕੈਮਰਾਮੈਨ ਦੇ ਰੂਪ ਵਿਚ ਫਾਕਸ ਫ਼ਿਲਮ ਕਾਰਪੋਰੇਸ਼ਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਅਮਰੀਕਾ ਵਿਚ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਮੈਸਰਜ਼ ਸ਼ਿਮਰ ਕਾਰਪੋਰੇਸ਼ਨ ਦੇ ਫੋਟੋ ਮੈਕੇਨੀਕਲ ਪ੍ਰੋਸੈਸ ਵਿਭਾਗ ਦੇ ਤਕਨੀਕੀ ਨਿਰਦੇਸ਼ਕ ਦੇ ਰੂਪ ਵਿਚ ਕੰਮ ਕੀਤਾ। ਉਨ੍ਹਾਂ ਨੇ ਤਕਰੀਬਨ 6 ਮਹੀਨੇ ਤਕ ਕੈਂਬਰਿਜ਼ (ਮਾਸ) ਯੂ. ਐੱਸ. ਏ. ਵਿਖੇ ਫੋਟੋਲਿਥੋਗ੍ਰਾਫੀ ਵਿਚ ਖੋਜ ਕਾਰਜ ਕੀਤਾ। ਮੋਸ਼ਨ ਪਿਕਚਰ ਤਕਨੀਕ, ਬਿਹਤਰ ਫੋਟੋਗ੍ਰਾਫੀ ਅਤੇ ਤਕਨੀਕੀ ਪ੍ਰਕਿਰਿਆਵਾਂ ਦੇ ਤਜਰਬੇ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਐੱਨ. ਡਬਲਿਊ. ਆਰ ਅਧਿਕਾਰੀਆਂ ਨੂੰ ਲਘੂ ਫ਼ਿਲਮਾਂ ਜ਼ਰੀਏ ਪ੍ਰਚਾਰ ਕਰਨ ਲਈ ਪ੍ਰੇਰਿਆ ਅਤੇ ਉਨ੍ਹਾਂ ਲਈ ਵਿੱਦਿਅਕ ਮੁੱਲ ਦੀਆਂ ਬਹੁਤ ਸਾਰੀਆਂ ਲਘੂ ਫ਼ਿਲਮਾਂ ਦਾ ਨਿਰਮਾਣ ਕੀਤਾ। ਜਦੋਂ ਸ਼ੋਰੀ ਵਲਾਇਤ ਤੋਂ ਲਾਹੌਰ ਵਾਪਸ ਆਏ ਤਾਂ ਰਾਏ ਸਾਹਿਬ ਮੁਣਸ਼ੀ ਗੁਲਾਬ ਸਿੰਘ ਐਂਡ ਸਨਜ਼, ਲਾਹੌਰ ਕੋਲ ਮੈਨੇਜਰ ਲੱਗ ਗਏ। 1924 ਵਿਚ ਆਰ. ਐੱਲ. ਸ਼ੋਰੀ ਨੇ ਆਪਣੇ ਜ਼ਾਤੀ ਬੈਨਰ ‘ਸ਼ੋਰੀ ਸਟੂਡੀਓ, ਲਾਹੌਰ’ ਦੀ ਨੀਂਹ ਰੱਖੀ। 1925 ਵਿਚ ਉਨ੍ਹਾਂ ਨੇ ਪੰਜਾਬ ਵਿਚ ਸਭ ਤੋਂ ਪਹਿਲਾਂ ਚੁੱਪ ਫ਼ਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਸ਼ੋਰੀ ਨੇ ਲਾਹੌਰ ਵਿਚ ਹੋਰ ਕਈ ਫ਼ਿਲਮ ਕੰਪਨੀਆਂ ਖੋਲ੍ਹੀਆਂ, ਜਿਨ੍ਹਾਂ ’ਚ ‘ਪੰਜਾਬ ਫ਼ਿਲਮ ਕੰਪਨੀ’, ‘ਪਾਇਨੀਅਰ ਫ਼ਿਲਮ ਕੰਪਨੀ’, ‘ਓਰੀਐਂਟਲ ਫ਼ਿਲਮ ਕੰਪਨੀ’ ਅਤੇ ‘ਕਮਲਾ ਮੂਵੀਟੋਨ’ ਨੁਮਾਇਆ ਸਨ। ਸ਼ੋਰੀ ਸਾਹਬ ਨੇ ਪਾਇਨੀਅਰ ਫ਼ਿਲਮ ਕੰਪਨੀ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਮਿਥਿਹਾਸਕ ਚੁੱਪ ਫ਼ਿਲਮਾਂ ‘ਹਰੀਸ਼ ਚੰਦਰ’ (1929) ਅਤੇ ‘ਕ੍ਰਿਸ਼ਨ ਲੀਲਾ’ (1930) ਆਦਿ ਬਣਾਈਆਂ। ਬਹੁਤ ਸਾਰੀਆਂ ਖ਼ਾਮੋਸ਼ ਫ਼ਿਲਮਾਂ ਬਣਾਉਣ ਤੋਂ ਬਾਅਦ ਆਰ. ਐੱਲ ਸ਼ੋਰੀ ਨੇ ਆਪਣੀ ਫ਼ਿਲਮਸਾਜ਼ੀ ਤੇ ਹਿਦਾਇਤਕਾਰੀ ਵਿਚ ਪੰਜਾਬੀ ਤੇ ਹਿੰਦੀ ਫ਼ਿਲਮਾਂ ਬਣਾ ਕੇ ਭਰਪੂਰ ਸ਼ੋਹਰਤ ਤੇ ਦੌਲਤ ਇਕੱਠੀ ਕੀਤੀ।
ਭਾਰਤ ਵਿਚ ਟਾਕੀਜ਼ ਯੁੱਗ ਦੀ ਸ਼ੁਰੂਆਤ ਨਾਲ ਹੀ ਉਨ੍ਹਾਂ ਦੀ ਆਪਣੇ ਜ਼ਾਤੀ ਬੈਨਰ ਕਮਲਾ ਮੂਵੀਟੋਨ, ਲਾਹੌਰ ਦੀ ਆਰ. ਐੱਲ. ਸ਼ੋਰੀ ਤੇ ਏ. ਪੀ. ਕਪੂਰ ਨਿਰਦੇਸ਼ਿਤ ਪਹਿਲੀ ਬੋਲਦੀ ਪੁਰਾਣਿਕ ਹਿੰਦੀ ਫ਼ਿਲਮ ‘ਰਾਧੇ ਸ਼ਿਆਮ’ ਉਰਫ਼ ‘ਜ਼ੁਲਮ-ਏ-ਕੰਸ’ (1932) ਬਣਾਈ। ਫ਼ਿਲਮ ’ਚ ਮੋਹਨ, ਤ੍ਰਿਲੋਕ ਸਿੰਘ, ਜੇ. ਐੱਨ. ਦਰ (ਕਸ਼ਮੀਰੀ), ਆਰ. ਐੱਲ. ਸ਼ੋਰੀ, ਡੀ. ਐੱਨ. ਮਧੋਕ, ਐੱਮ. ਡੀ. ਖ਼ੁਰਸ਼ੀਦ, ਹਰੀ ਮੋਹਨ ਚੈਟਰਜੀ, ਰਾਧਾ, ਜਮਨਾ, ਫੂਲ ਕੁਮਾਰੀ, ਬਦਰੀ ਪ੍ਰਸ਼ਾਦ, ਪੰਡਤ ਗੰਗਾ ਪ੍ਰਸ਼ਾਦ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। 29 ਗੀਤਾਂ ਵਾਲੀ ਇਸ ਫ਼ਿਲਮ ਦੇ ਨਗ਼ਮਾਨਿਗਾਰ ਡੀ. ਐੱਨ. ਮਧੋਕ ਅਤੇ ਮੌਸੀਕਾਰ ਨਵਾਬ ਖ਼ਾਨ (ਹਾਰਮੋਨੀਅਮ), ਬੰਨੇ ਖ਼ਾਂ (ਸਾਰੰਗੀ), ਐੱਮ. ਡੀ. ਖ਼ੁਰਸ਼ੀਦ (ਸਾਰੰਗੀ) ਤੇ ਜਤੀ ਬਖ਼ਸ਼ (ਤਬਲਾਵਾਦਕ) ਸਨ। ਪੰਡਤ ਗੰਗਾ ਪ੍ਰਸ਼ਾਦ ਲਾਹੌਰ ਦਾ ਮੰਨਿਆ ਹੋਇਆ ਗਵੱਈਆ ਸੀ ਜੋ ਇਸ ਫ਼ਿਲਮ ਵਿਚ ਕੰਮ ਕਰਨ ਤੋਂ ਬਾਅਦ ਰਣਜੀਤ ਮੂਵੀਟੋਨ ਵਿਚ ਚਲਾ ਗਿਆ ਸੀ। ਇਹ ਫ਼ਿਲਮ 2 ਨਵੰਬਰ 1932 ਨੂੰ ਅਲਿਫਟੀਨ ਥੀਏਟਰ, ਲਾਹੌਰ ਵਿਖੇ ਨੁਮਾਇਸ਼ ਹੋਈ। ਇਸ ਤੋਂ ਬਾਅਦ ਇੰਦਰਾ ਮੂਵੀਟੋਨ, ਕਲਕੱਤਾ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ’ਚ ਆਰ. ਐੱਲ. ਸ਼ੋਰੀ ਨੇ ਪੰਜਾਬੀ ਫ਼ਿਲਮ ‘ਪੂਰਨ ਭਗਤ’ (1939) ਬਣਾਈ। ਪੰਜਾਬੀ ਦੇ ਅਜ਼ੀਮ ਸ਼ਾਇਰ ਕਾਦਰਯਾਰ ਵੱਲੋਂ ਰਚਿਤ ‘ਪੂਰਨ ਭਗਤ’ ਦੇ ਤਾਰੀਖ਼ੀ ਕਿੱਸੇ ’ਤੇ ਆਧਾਰਿਤ ਇਸ ਫ਼ਿਲਮ ਵਿਚ ਨਵੇਂ ਹੀਰੋ ਵਜੋਂ ਪੇਸ਼ ਹੋਏ ਗੁਜਰਾਂਵਾਲਾ ਦੇ ਗੱਭਰੂ ਕਰਨ ਦੀਵਾਨ ਨੇ ‘ਪੂਰਨ’ ਦਾ ਕਿਰਦਾਰ, ਅਨਵਰੀ ਬੇਗ਼ਮ ਨੇ ‘ਮਹਾਰਾਣੀ ਇੱਛਰਾਂ’, ਹੈਦਰ ਬਾਂਦੀ ਨੇ ‘ਲੂਣਾ’ ਤੇ ਮੇਨਕਾ ਨੇ ‘ਮਹਾਰਾਣੀ ਸੁੰਦਰਾ’ ਦਾ ਸ਼ਾਨਦਾਰ ਪਾਰਟ ਅਦਾ ਕੀਤਾ। ਮਾਸਟਰ ਧੁੰਮੀ ਖ਼ਾਨ ਰਾਮਪੁਰੀ ਦੇ ਮੁਰੱਤਬਿ ਸੰਗੀਤ ’ਚ ਐੱਮ. ਆਰ. ਸਰਵਰ ਦੇ ਲਿਖੇ 15 ਗੀਤ ਬੇਹੱਦ ਮਕਬੂਲ ਹੋਏ ਸਨ। ਕਮਲਾ ਮੂਵੀਟੋਨ, ਲਾਹੌਰ ਦੇ ਬੈਨਰ ਹੇਠ ਸ਼ੋਰੀ ਨੇ ਆਪਣੀ ਹਿਦਾਇਤਕਾਰੀ ਵਿਚ ਅਤੇ ਫ਼ਿਲਮਸਾਜ਼ ਦਲਸੁੱਖ ਐੱਮ. ਪੰਚੋਲੀ ਦੇ ਸਾਂਝੇ ਤਅਵੁੱਨ ਨਾਲ ਪੰਜਾਬੀ ਫ਼ਿਲਮ ‘ਸੋਹਣੀ ਮਹੀਂਵਾਲ’ (1939) ਬਣਾਈ। ਇਸ ਫ਼ਿਲਮ ਦੇ ਗੀਤ ਅਤੇ ਮੁਕਾਲਮੇ ਉਸਤਾਦ ਹਮਦਮ ਅਤੇ ਮੌਸੀਕਾਰ ਜੀ. ਏ. ਚਿਸ਼ਤੀ ਸਨ। ਅਦਾਕਾਰਾਂ ਵਿਚ ਗੁੱਜ਼ਰਾਂਵਾਲਾ ਦੇ ਮਸ਼ਹੂਰ ਕੱਵਾਲ ਮਾਸਟਰ ਬਸ਼ੀਰ ਨੇ ‘ਮਹੀਂਵਾਲ’ ਦਾ ਕਿਰਦਾਰ, ਮਿਸ ਅਲਮਾਸ ਬਾਈ ਨੇ ‘ਸੋਹਣੀ’, ਮਹਿਮੂਦ ਨੇ ‘ਮੁਰਾਦ’ ਦਾ ਉਮਦਾ ਪਾਰਟ ਅਦਾ ਕੀਤਾ। ਮੁਹੱਬਤੀ ਕਿੱਸੇ ’ਤੇ ਬਣੀ ਇਹ ਫ਼ਿਲਮ 3 ਮਾਰਚ 1939 ਨੂੰ ਪੈਲੇਸ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਕਮਲਾ ਮੂਵੀਟੋਨ, ਲਾਹੌਰ ਦੀ ਆਰ. ਐੱਲ. ਸ਼ੋਰੀ ਅਤੇ ਪੁੱਤਰ ਰੂਪ ਕੇ. ਸ਼ੋਰੀ ਦੀ ਸਾਂਝੀ ਹਿਦਾਇਤਕਾਰੀ ਨਾਲ ਬਣੀ ਫ਼ਿਲਮ ‘ਇਕ ਮੁਸਾਫ਼ਰ’ (1940) ’ਚ ਮੁਬਾਰਕ ਅਲੀ ਖ਼ਾਨ ਨੇ ‘ਸਲੀਮ’, ਮੇਨਕਾ ਨੇ ‘ਸ਼ੀਰੀਂ’, ਮਜਨੂੰ ਨੇ ‘ਸ਼ਹਬਿਾਜ਼’, ਬੇਗ ਨੇ ‘ਰਾਜੇ’, ਜ਼ਹੂਰ ਸ਼ਾਹ ਨੇ ‘ਸ਼ਾਹਿਦੀ’, ਰਾਧਾ ਰਾਣੀ ਨੇ ‘ਨਰਗਿਸ’ ਅਤੇ ਨਵੀਂ ਅਦਾਕਾਰਾ ਵਜੋਂ ਪੇਸ਼ ਹੋਈ ਲਾਹੌਰ ਦੀ ਮੁਟਿਆਰ ‘ਮਨੋਰਮਾ’ ਨੇ ‘ਨ੍ਰਿਤਕੀ’ ਦਾ ਬਿਹਤਰੀਨ ਕਿਰਦਾਰ ਨਿਭਾਇਆ। ਕਹਾਣੀ ਤੇ ਮੁਕਾਲਮੇ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਗੋਬਿੰਦਰਾਮ ਨੇ ਤਰਤੀਬ ਕੀਤਾ। ਅਰਬੀ ਲੋਕ ਕਥਾ ’ਤੇ ਆਧਾਰਿਤ ਇਹ ਫ਼ਿਲਮ 9 ਅਗਸਤ 1940 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਸ਼ੋਰੀ ਪਿਕਚਰਜ਼, ਲਾਹੌਰ ਦੀ ਪੰਜਾਬੀ ਫ਼ਿਲਮ ‘ਮੰਗਤੀ’ (1942) ਆਰ. ਐੱਲ. ਸ਼ੋਰੀ ਦੀ ਫ਼ਿਲਮਸਾਜ਼ੀ ਅਤੇ ਪੁੱਤਰ ਰੂਪ ਕੇ. ਸ਼ੋਰੀ ਦੀ ਹਿਦਾਇਤਕਾਰੀ ’ਚ ਬਣੀ ਸ਼ਾਹਕਾਰ ਪੰਜਾਬੀ ਫ਼ਿਲਮ ਸੀ, ਜਿਸ ਨੇ ਰਿਕਾਰਡ ਤੋੜ ਕਾਰੋਬਾਰ ਕੀਤਾ। ਫ਼ਿਲਮ ਦੀ ਕਹਾਣੀ ਤੇ ਮੰਜ਼ਰਨਾਮਾ ਆਰ. ਐੱਲ. ਸ਼ੋਰੀ, ਗੀਤ ਤੇ ਮੁਕਾਲਮੇ ਕਵੀ ਨੰਦ ਲਾਲ ਨੂਰਪੁਰੀ (ਵਾਧੂ ਮੁਕਾਲਮੇ ਅਜ਼ੀਜ਼ ਕਸ਼ਮੀਰੀ) ਅਤੇ ਸੰਗੀਤ ਪੰਡਤ ਗੋਬਿੰਦਰਾਮ ਨੇ ਤਾਮੀਰ ਕੀਤਾ। ਫ਼ਿਲਮ ਵਿਚ ਪਹਿਲੀ ਵਾਰ ਅੰਮ੍ਰਿਤਸਰ ਦਾ ਗੱਭਰੂ ਮਸੂਦ ਪਰਵੇਜ਼ ਨਵੇਂ ਹੀਰੋ ਵਜੋਂ ਪੇਸ਼ ਹੋਇਆ ਅਤੇ ਹੀਰੋਇਨ ਦਾ ਕਿਰਦਾਰ ਡਿੰਗਾ (ਗੁਜਰਾਤ) ਦੀ ਪੰਜਾਬਣ ਮੁਟਿਆਰ ਮੁਮਤਾਜ਼ ਸ਼ਾਂਤੀ ਨੇ ਅਦਾ ਕੀਤਾ। ਫ਼ਿਲਮ ਦੇ ਕੁੱਲ 12 ਗੀਤਾਂ ’ਚੋਂ ‘ਚੱਲ ਉੱਡ ਜਾ ਭੋਲਿਆ ਪੰਛੀਆ’ (ਸਤੀਸ਼ ਬੱਤਰਾ, ਜ਼ੀਨਤ ਬੇਗ਼ਮ), ‘ਮੈਨੂੰ ਸੁੱਤਿਆਂ ਨੀਂਦ ਨਾ ਆਏ ਮਾਹੀ ਮੇਰਾ ਗੁੱਸੇ-ਗੁੱਸੇ’, ‘ਰੱਖੜੀ ਬੰਨ੍ਹਵਾ ਲੈ ਮੇਰੇ ਵੀਰ ਸਾਵਣ ਆਇਆ’ (ਜ਼ੀਨਤ ਬੇਗ਼ਮ, ਰਹਿਮਤ ਬਾਈ), ‘ਸੁਪਨੇ ਵਿਚ ਮਾਹੀ ਆਇਆ…ਨਾ ਛੇੜ ਬਾਬੂ ਪੀੜ ਕਰੇਂਦੇ ਨਾਜ਼ੁਕ ਬੂੰਦੇ’ (ਜ਼ੀਨਤ ਬੇਗ਼ਮ) ਆਦਿ ਨਗ਼ਮਾਤ ਨੇ ਘਰ-ਘਰ ਗੂੰਜਾਂ ਪਾ ਛੱਡੀਆਂ ਸਨ। ਇਹ ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਗੋਲਡਨ ਜੁਬਲੀ ਫ਼ਿਲਮ ਸੀ ਜੋ 20 ਫਰਵਰੀ 1942 ਨੂੰ ਪ੍ਰਭਾਤ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ।
ਜਿਸ ਵੇਲੇ ਲਾਹੌਰ ਵਿਚ ਬਣੀਆਂ ਕੁਝ ਫ਼ਿਲਮਾਂ ਦੀ ਨਾਕਾਮੀ ਤੋਂ ਬਾਅਦ ਬਹੁਤ ਸਾਰੇ ਅਦਾਕਾਰ ਤੇ ਟੈਕਨੀਸ਼ੀਅਨ ਨਿਰਾਸ਼ਾ ਦੇ ਆਲਮ ਵਿਚ ਬੰਬਈ ਅਤੇ ਕਲਕੱਤੇ ਟੁਰ ਗਏ ਤਾਂ ਆਰ. ਐੱਲ. ਸ਼ੋਰੀ ਨੇ ਅਜਿਹੇ ਨਾਜ਼ੁਕ ਮੌਕੇ ਹਿੰਮਤ ਨਾ ਹਾਰੀ। ਉਨ੍ਹਾਂ ਲਾਲਾ ਸੰਪਤ ਲਾਲ ਕਰਨਾਨੀ ਨੂੰ ਆਪਣੇ ਨਾਲ ਮਿਲਾਇਆ ਅਤੇ ਮੁਸਲਿਮ ਟਾਊਨ, ਲਾਹੌਰ ਸਟੂਡੀਓ ਹਾਸਿਲ ਕਰਕੇ ਆਪਣੇ ਜ਼ਾਤੀ ਬੈਨਰ ਕਮਲਾ ਮੂਵੀਟੋਨ, ਲਾਹੌਰ ਦੇ ਬੈਨਰ ਹੇਠ ਫ਼ਿਲਮ ‘ਖ਼ੂਨੀ ਜਾਦੂਗਰ’ ਉਰਫ਼ ‘ਸ਼ਹਰੇ ਖ਼ਾਮੋਸ਼ਾ’ ਉਰਫ਼ ‘ਸਿਟੀ ਆਫ ਸਾਇਲੰਸ’ (1939) ਦਾ ਐਲਾਨ ਕਰ ਦਿੱਤਾ। ਇਸ ਫ਼ਿਲਮ ਦੇ ਹਿਦਾਇਤਕਾਰ ਉਨ੍ਹਾਂ ਦਾ ਫ਼ਰਜ਼ੰਦ ਰੂਪ ਕਿਸ਼ੋਰ ਸ਼ੋਰੀ ਅਤੇ ਮੁਕਾਲਮਾਨਿਗਾਰ ਸਈਅਦ ਇਮਤਿਆਜ਼ ਅਲੀ ਤਾਜ਼ ਸਨ। ਮਜਨੂੰ ਉਰਫ਼ ਹੈਰਾਲਡ ਲੂਈਸ ਇਸ ਫ਼ਿਲਮ ਦਾ ਚੀਫ ਅਸਿਸਟੈਂਟ ਸੀ। ਫ਼ਿਲਮ ਦੇ ਮੁਕਾਲਮੇ ਅਤੇ ਗੀਤ ਸਈਅਦ ਇਮਤਿਆਜ਼ ਅਲੀ ਤਾਜ਼ ਅਤੇ ਸੰਗੀਤ ਪੰਡਤ ਗੋਬਿੰਦਰਾਮ ਨੇ ਮੁਰੱਤਬਿ ਕੀਤਾ ਸੀ। ਫੋਟੋਗ੍ਰਾਫੀ ਹਰਚਰਨ ਸਿੰਘ ਕਵਾਤੜਾ ਅਤੇ ਬਰਕਤ ਮਹਿਰਾ ਪ੍ਰੋਡਕਸ਼ਨਜ਼ ਮੈਨੇਜਰ ਸਨ। ਇਸ ਫ਼ਿਲਮ ਦੇ ਅਦਾਕਾਰਾਂ ਵਿਚ ਸ਼ਿਆਮਾ, ਹੀਰਾ ਲਾਲ, ਐੱਮ. ਡੀ ਕੰਵਰ, ਹੈਰਾਲਡ ਲੂਈਸ (ਮਜਨੂੰ), ਐੱਮ. ਇਸਮਾਇਲ, ਚਾਰਲੀ ਵਗੈਰਾ ਨੁਮਾਇਆ ਸਨ। ਇਹ ਲਾਹੌਰ ਵਿਚ ਬਣਨ ਵਾਲੀ ਪਹਿਲੀ ਜਾਦੂਈ ਫ਼ਿਲਮ ਸੀ ਜੋ 3 ਜੂਨ 1939 ਨੂੰ ਲਾਹੌਰ ਦੇ ਹੀ ਪ੍ਰਭਾਤ ਅਤੇ ਕਿੰਗਜ਼ ਸਿਨਮਾ ਵਿਚ ਰਿਲੀਜ਼ ਹੋਈ। ਇਸ ਫ਼ਿਲਮ ਦੇ ਗੀਤ ਮਾਰੂਫ਼ ਰੂਮਾਨੀ ਸ਼ਾਇਰ ਅਖ਼ਤਰ ਸ਼ੇਰਾਨੀ ਨੇ ਤਹਿਰੀਰ ਕੀਤੇ ਸਨ। ਦੇਸ਼ ਵੰਡ ਤੋਂ ਪਹਿਲਾਂ ਤੀਕਰ ਰੌਸ਼ਨ ਲਾਲ ਸ਼ੋਰੀ 29-ਈ, ਮਾਡਲ ਟਾਊਨ, ਲਾਹੌਰ ਵਿਖੇ ਆਪਣੇ ਪਰਿਵਾਰ ਨਾਲ ਖ਼ੁਸ਼ਹਾਲ ਜ਼ਿੰਦਗ਼ੀ ਬਸਰ ਕਰ ਰਹੇ ਸਨ। ਦੇਸ਼ ਦੀ ਵੰਡ ਸਦਕਾ ਉਹ ਫ਼ਿਲਮਾਂ ਦੇ ਵੱਡੇ ਮਰਕਜ਼, ਬੰਬਈ ਆਣ ਵਸੇ। ਇੱਥੇ ਆ ਕੇ ਉਨ੍ਹਾਂ ਦੇ ਫ਼ਰਜ਼ੰਦ ਰੂਪ ਕੇ. ਸ਼ੋਰੀ ਨੇ ਬਹੁਤ ਸਾਰੀਆਂ ਕਾਮਯਾਬ ਫ਼ਿਲਮਾਂ ਬਣਾਈਆਂ। ਬੰਬਈ ਵਿਚ ਰੌਸ਼ਨ ਲਾਲ ਸ਼ੋਰੀ ਕਦੋਂ ਫ਼ੌਤ ਹੋਏ ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਪਤਾ ਨਹੀਂ ਲੱਗਾ। ਪੰਜਾਬੀ ਅਤੇ ਹਿੰਦੀ ਸਿਨਮਾ ਨੂੰ ਇਬਤਿਦਾਈ ਦੌਰ ਤੋਂ ਵੱਡਾ ਹੁਲਾਰਾ ਦੇਣ ਵਾਲੇ ਇਸ ਮਾਯਾਨਾਜ਼ ਫ਼ਿਲਮਸਾਜ਼ ਨੂੰ ਫ਼ਿਲਮ-ਮੱਦਾਹ ਕਦੇ ਵੀ ਫ਼ਰਾਮੋਸ਼ ਨਹੀਂ ਕਰ ਸਕਣਗੇ।
ਸੰਪਰਕ: 97805-09545