ਬੇਤੂਲ (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੀ ਪਿਛਲੀ ਕਮਲ ਨਾਥ ਸਰਕਾਰ ’ਚ ਸਾਬਕਾ ਮੰਤਰੀ ਸੁਖਦੇਵ ਪਾਂਸੇ ਨੇ ਬੌਲੀਵੁੱਡ ਅਦਾਕਾਰ ਕੰਗਨਾ ਰਣੌਤ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਦਿਆਂ ‘ਤਨੂ ਵੈਡਜ਼ ਮਨੂ’ ਫੇਮ ਅਦਾਕਾਰਾ ਨੂੰ ‘ਨੱਚਣ ਗਾਉਣ ਵਾਲੀ’ ਦੱਸਿਆ ਹੈ। ਪਾਂਸੇ ਨੇ ਕਿਹਾ ਕਿ ਰਣੌਤ, ਜਿਸ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਨਿਰਾਦਰ ਕੀਤਾ ਹੈ, ਨੂੰ ਆਪਣੀ ਅਗਾਮੀ ਜਾਸੂਸੀ ਰੋਮਾਂਚਕ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਦੌਰਾਨ ਕਾਂਗਰਸੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਪੁਲੀਸ ਨੇ ਹਾਲਾਂਕਿ ਇਨ੍ਹਾਂ ਕਾਂਗਰਸੀ ਵਰਕਰਾਂ ਦੀ ਪਹਿਲਾਂ ਭੁਗਤ ਸੰਵਾਰੀ ਤੇ ਮਗਰੋਂ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ। ਕਾਂਗਰਸੀ ਵਰਕਰਾਂ ਨੇ ਵੀਰਵਾਰ ਨੂੰ ਪਾਂਸੇ ਦੀ ਅਗਵਾਈ ’ਚ ਪਹਿਲਾਂ ਰੈਲੀ ਕੱਢੀ ਤੇ ਮਗਰੋਂ ਜ਼ਿਲ੍ਹਾ ਕੁਲੈਕਟਰ ਨੂੰ ਯਾਦਪੱਤਰ ਦਿੱਤਾ। ਪਾਂਸੇ ਨੇ ਪੁਲੀਸ ਕਾਰਵਾਈ ਨੂੰ ਜਮਹੂਰੀਅਤ ਦੇ ਖ਼ਿਲਾਫ਼ ਦੱਸਦਿਆਂ ਕਿਹਾ, ‘ਸਰਕਾਰਾਂ ਆਉਂਦੀਆਂ ਜਾਂਦੀਆਂ ਹਨ, ਪਰ ਪੁਲੀਸ ਨੂੰ ਕੰਗਨਾ ਦੇ ਹੱਥਾਂ ਦੀ ਕੱਠਪੁਤਲੀ ਨਹੀਂ ਬਣਨਾ ਚਾਹੀਦਾ। ਕਾਂਗਰਸੀ ਵਰਕਰਾਂ ਖ਼ਿਲਾਫ਼ ਕਾਰਵਾਈ ਦੀ ਨਿਰਪੱਖ ਜਾਂਚ ਹੋਵੇ ਅਤੇ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੁੰਦੀ ਸਾਡੇ ਪਾਰਟੀ ਵਰਕਰਾਂ ਖਿਲਾਫ਼ ਕੋਈ ਕਾਰਵਾਈ ਨਾ ਹੋਵੇ।’ ਉਧਰ ਕੰਗਨਾ ਨੇ ਇਕ ਟਵੀਟ ’ਚ ਕਿਹਾ, ‘ਕਾਂਗਰਸੀ ਵਰਕਰਾਂ ਨੇ ਮੱਧ ਪ੍ਰਦੇਸ਼ ’ਚ ਮੇਰੀ ਸ਼ੂਟਿੰਗ ਰੁਕਵਾਉਣ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਵਿਧਾਇਕ ਆਖਦੇ ਹਨ ਕਿ ਉਹ ਕਿਸਾਨਾਂ ਲਈ ਪ੍ਰਦਰਸ਼ਨ ਕਰ ਰਹੇ ਹਨ। ਕਿਹੜੇ ਕਿਸਾਨ ਨੇ ਉਨ੍ਹਾਂ ਨੂੰ ਪਾਵਰ ਆਫ਼ ਅਟਾਰਨੀ ਦਿੱਤੀ ਹੈ? ਉਹ ਖੁ਼ਦ ਲਈ ਪ੍ਰਦਰਸ਼ਨ ਕਿਉਂ ਨਹੀਂ ਕਰਦੇ?’ -ਆਈਏਐੱਨਐੱਸ