ਮੁੰਬਈ: ਬੌਲੀਵੁੱਡ ਅਦਾਕਾਰਾ ਵਾਨੀ ਕਪੂਰ ਦੀਆਂ ਤਿੰਨ ਵੱਡੀਆਂ ਫ਼ਿਲਮਾਂ ਆਉਣ ਵਾਲੀਆਂ ਹਨ ਅਤੇ ਉਸ ਦੀ ਹਮੇਸ਼ਾ ਇਹੀ ਇੱਛਾ ਰਹਿੰਦੀ ਹੈ ਕਿ ਜਦੋਂ ਵੀ ਉਸ ਦੀ ਕੋਈ ਫ਼ਿਲਮ ਰਿਲੀਜ਼ ਹੋਵੇ ਉਹ ਹਰ ਵਾਰ ‘ਨਵੇਂ ਅਵਤਾਰ’ ਵਿੱਚ ਨਜ਼ਰ ਆਵੇ। ਵਾਨੀ ਫ਼ਿਲਮ ‘ਸ਼ਮਸ਼ੇਰਾ’ ਵਿੱਚ ਰਣਬੀਰ ਕਪੂਰ ਨਾਲ, ‘ਬੈੱਲ-ਬੌਟਮ’ ਵਿੱਚ ਅਕਸ਼ੈ ਕੁਮਾਰ ਅਤੇ ‘ਚੰਡੀਗੜ੍ਹ ਕਰੇ ਆਸ਼ਕੀ’ ਵਿੱਚ ਆਯੂਸ਼ਮਾਨ ਖੁਰਾਨਾ ਨਾਲ ਨਜ਼ਰ ਆਵੇਗੀ। ਵਾਨੀ ਦਾ ਕਹਿਣਾ ਹੈ ਕਿ ਉਹ ਅਜਿਹੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ, ਜੋ ਹਮੇਸ਼ਾ ਇੱਕ ਤਰ੍ਹਾਂ ਦੇ ਕਿਰਦਾਰ ਨਿਭਾਏ ਜਾਂ ਪਰਦੇ ’ਤੇ ਇੱਕੋ ਤਰ੍ਹਾਂ ਦੀ ਦਿਖਦੀ ਰਹੇ। ਉਸ ਨੇ ਕਿਹਾ, ‘‘ਅਦਾਕਾਰਾ ਵਜੋਂ ਮੈਂ ਹਰ ਤਰ੍ਹਾਂ ਦੀ ਭੂਮਿਕਾ ’ਚ ਹੱਥ ਅਜ਼ਮਾਉਣਾ ਚਾਹੁੰਦੀ ਹਾਂ। ਮੈਂ ਖੁਸ਼ਨਸੀਬ ਹਾਂ ਕਿ ਇਸ ਸਾਲ ਮੇਰੇ ਕੋਲ ਅਜਿਹੀਆਂ ਫ਼ਿਲਮਾਂ ਹਨ, ਜੋ ਵੱਡੇ ਪੱਧਰ ’ਤੇ ਲੋਕਾਂ ਦਾ ਮਨੋਰੰਜਨ ਕਰਨਗੀਆਂ ਅਤੇ ਮੈਨੂੰ ਅਲੱਗ-ਅਲੱਗ ਅੰਦਾਜ਼ ’ਚ ਦਿਖਾਉਣਗੀਆਂ।’’ ਉਸ ਨੇ ਅੱਗੇ ਕਿਹਾ, ‘‘ਮੈਂ ਆਪਣੇ ਕਰੀਅਰ ’ਚ ਹਰ ਸ਼ੈਲੀ ਦੀ ਫਿਲਮ ’ਚ ਅਦਾਕਾਰੀ ਕਰਨਾ ਚਾਹੁੰਦੀ ਹਾਂ ਅਤੇ ਜਦੋਂ ਵੀ ਸੰਭਵ ਹੋ ਸਕੇ ਜੋਖਮ ਲੈਣਾ ਚਾਹੁੰਦੀ ਹਾਂ। ਮੈਂ ਜਿੰਨਾ ਸੰਭਵ ਹੋਵੇ ਅਦਾਕਾਰੀ ਦੀ ਦੁਨੀਆ ’ਚ ਡੁਬਕੀ ਲਗਾ ਕੇ ਖੁਦ ਵਿੱਚ ਨਵੀਆਂ ਚੀਜ਼ਾਂ ਖੋਜਣਾ ਅਤੇ ਪੁਰਾਣੀਆਂ ਤਰਾਸ਼ਣਾ ਚਾਹੁੰਦੀ ਹਾਂ। ਮੈਂ ਹਮੇਸ਼ਾ ਅਜਿਹੀਆਂ ਫਿਲਮਾਂ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜੋ ਮੈਨੂੰ ਕੁਝ ਦਿਲਚਸਪ ਕਰਨ ਅਤੇ ਸਕਰੀਨ ’ਤੇ ਆਪਣੀ ਪਛਾਣ ਛੱਡਣ ’ਚ ਮਦਦ ਕਰਨ।’’ -ਆਈਏਐੱਨਐੱਸ