ਮਨਦੀਪ ਸਿੰਘ ਸਿੱਧੂ
ਸਾਲ 2019 ਵਿੱਚ ਮੇਰੀ ਰਿਲੀਜ਼ਸ਼ੁਦਾ ਪੰਜਾਬੀ ਸਿਨਮਾ ਇਤਿਹਾਸ ਦੀ ਪਹਿਲੀ ਕਿਤਾਬ ‘ਪੰਜਾਬੀ ਸਿਨੇਮਾ’ ਦਾ ਸਚਿੱਤਰ ਇਤਿਹਾਸ 1935-1985’ ਵਿੱਚ ਪੰਜਾਬੀ ਸਿਨੇ ਇਤਿਹਾਸ ਦੀ ਪਹਿਲੀ ਬੋਲਦੀ ਪੰਜਾਬੀ ਫੀਚਰ ਫਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ (1935) ਦਾ ਜ਼ਿਕਰ ਮੁਕੰਮਲ ਤੇ ਪੁਖ਼ਤਾ ਹਵਾਲਿਆਂ ਸਮੇਤ ਦਰਜ ਹੈ। ਅਣਵੰਡੇ ਪੰਜਾਬ ਵਿੱਚ ਤਿਆਰਸ਼ੁਦਾ ਹਿੰਦ ਮਾਤਾ ਸਿਨੇਟੋਨ ਕੰਪਨੀ, ਬੰਬੇ ਦੀ ਇਹ ਫਿਲਮ 24 ਜਨਵਰੀ 1935 ਨੂੰ ਪੰਜਾਬੀ ਜ਼ੁਬਾਨ ਵਿੱਚ ਸੈਂਸਰ ਹੋਈ ਸੀ, ਜਿਸ ਦਾ ਸੈਂਸਰਸ਼ਿਪ ਸਰਟੀਫਿਕੇਟ ਨੰਬਰ ਬੀ/14202 (ਬੰਬੇ) ਹੈ। 129 ਮਿੰਟ ਦੀ ਇਹ ਫਿਲਮ 29 ਮਾਰਚ 1935 ਨੂੰ ਨਿਰੰਜਨ ਟਾਕੀਜ਼, ਲਾਹੌਰ ਵਿੱਚ ਰਿਲੀਜ਼ ਹੋਈ ਸੀ। ਪੰਜਾਬੀ ਦੇ ਇਲਾਵਾ ਇਹ ਫਿਲਮ ਹਿੰਦੀ/ਉਰਦੂ ਵਿੱਚ ਵੀ ਡੱਬ ਕੀਤੀ ਗਈ ਸੀ, ਜਿਸ ਦੀ ਸੈਂਸਰ ਤਫ਼ਸੀਲ 11 ਜਨਵਰੀ 1935 ਹੈ, ਪਰ ਹਿੰਦੀ ਵਾਲੀ ਰਿਲੀਜ਼ ਨਹੀਂ ਹੋਈ ਸੀ।
ਲਾਹੌਰ ਤੇ ਬੰਬਈ ਵਿੱਚ ਬਣਨ ਵਾਲੀਆਂ ਚੁੱਪ ਫਿਲਮਾਂ ਤੋਂ ਬਾਅਦ ਖ਼ਾਨ ਬਾਹਦੁਰ ਅਰਦੇਸ਼ੀਰ ਐੱਮ. ਇਰਾਨੀ ਨੇ ਇੰਪੀਰੀਅਲ ਮੂਵੀਟੋਨ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ’ਚ ਭਾਰਤ ਦੀ ਪਹਿਲੀ ਮੁਕੰਮਲ ਬੋਲਦੀ ਤੇ ਨੱਚਦੀ ਗਾਉਂਦੀ ਹਿੰਦੀ ਫੀਚਰ ਫਿਲਮ ‘ਆਲਮ-ਆਰਾ’ (1931) ਬਣਾਈ। ਇਸ ਫਿਲਮ ਤੋਂ ਲਾਹੌਰ ਦੇ ਫਿਲਮਸਾਜ਼ ਤੇ ਹਿਦਾਇਤਕਾਰ ਐਨੇ ਮੁਤਾਸਿਰ ਹੋਏ ਕਿ ਉਨ੍ਹਾਂ ਨੇ ਇੱਕ ਸਾਲ ਬਾਅਦ ਲਾਹੌਰ ਵਿੱਚ ਫਿਲਮ ਬਣਾਉਣ ਦਾ ਐਲਾਨ ਕਰ ਦਿੱਤਾ।
ਹਕੀਮ ਰਾਮ ਪ੍ਰਸ਼ਾਦ ਜਿਨ੍ਹਾਂ ਨੂੰ ਪੰਜਾਬ ਦੀ ਫਿਲਮ ਸਨਅਤ ਦਾ ਬਾਨੀ ਕਿਹਾ ਜਾਂਦਾ ਹੈ, ਨੇ ਲਾਹੌਰ ਵਿੱਚ ਆਪਣੇ ਨਵੇਂ ਫਿਲਮਸਾਜ਼ ਅਦਾਰੇ ਦੀ ਸਥਾਪਨਾ ਕੀਤੀ, ਜਿਸ ਦਾ ਨਾਮ ਰੱਖਿਆ ‘ਪਲੇਆਰਟ ਫੋਟੋਟੋਨ’। ਪਲੇਆਰਟ ਫੋਟੋਟੋਨ ਕੰਪਨੀ, ਲਾਹੌਰ ਦੇ ਬੈਨਰ ਹੇਠ ਉਨ੍ਹਾਂ ਨੇ ਲਾਹੌਰ ਦੇ ਗੱਭਰੂ ਏ. ਆਰ. ਕਾਰਦਾਰ ਉਰਫ਼ ਅਬਦੁੱਲ ਰਸ਼ੀਦ ਕਾਰਦਾਰ ਦੀ ਹਿਦਾਇਤਕਾਰੀ ਵਿੱਚ ਪੰਜਾਬ ਦੀ ਪਹਿਲੀ ਟਾਕੀਜ਼ ਉਰਦੂ/ਹਿੰਦੀ ਫਿਲਮ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਸ਼ੁਰੂ ਕੀਤੀ।
ਮੇਰੀ ਪੁਖ਼ਤਾ ਖੋਜ ਮੁਤਾਬਿਕ ਵਾਰਿਸ ਸ਼ਾਹ ਦੇ ਮਸ਼ਹੂਰ ਇਸ਼ਕੀਆ ਅਫ਼ਸਾਨੇ ’ਤੇ ਬਣੀ ਇਸ ਹਿੰਦੀ ਫਿਲਮ ਵਿੱਚ ‘ਹੀਰ’ ਦਾ ਕਿਰਦਾਰ ਅੰਮ੍ਰਿਤਸਰ ਦੀ ਮਾਰੂਫ਼ ਲੋਕ ਫ਼ਨਕਾਰਾ ਮਿਸ ਅਨਵਰ ਉਰਫ਼ ਅਨਵਰੀ ਬਾਈ ਉਰਫ਼ ਅਨਵਰੀ ਬੇਗਮ (ਬੁਲਬੁਲ-ਏ-ਪੰਜਾਬ) ਨੇ ਅਦਾ ਕੀਤਾ, ਜਿਸ ਦੇ ਹਮਰਾਹ ‘ਰਾਂਝਾ’ ਦਾ ਕਿਰਦਾਰ ਰਾਵਲਪਿੰਡੀ ਦਾ ਗੱਭਰੂ ਮੁਹੰਮਦ ਰਫ਼ੀਕ ਗਜ਼ਨਵੀ ਬੀ.ਏ. ਨਿਭਾ ਰਿਹਾ ਸੀ। ਇਹ ਦੋਵਾਂ ਫਨਕਾਰਾਂ ਦੀ ਪਹਿਲੀ ਫਿਲਮ ਸੀ।
‘ਕੈਦੋਂ’ ਦੇ ਕਿਰਦਾਰ ਵਿੱਚ ਲਾਹੌਰ ਦਾ ਗੱਭਰੂ ਮੁਹੰਮਦ ਇਸਮਾਇਲ ਉਰਫ਼ ਐੱਮ. ਇਸਮਾਇਲ ਮੌਜੂਦ ਸੀ ਜਦੋਂ ਕਿ ਦੀਗਰ ਫ਼ਨਕਾਰਾਂ ਵਿੱਚ ਗੁਲ ਹਮੀਦ (ਰਾਜਾ ਅਦਲੀ), ਲਾਲਾ ਯਾਕੂਬ (ਲਾਹੌਰ), ਹੈਦਰ ਸ਼ਾਹ (ਲਾਹੌਰ), ਫਜ਼ਲ ਸ਼ਾਹ (ਲਾਹੌਰ), ਨਜ਼ੀਰ (ਲਾਹੌਰ), ਨਵਾਬ ਕਾਰਦਾਰੀ (ਡਰਾਈਵਰ ਏ. ਆਰ. ਕਾਰਦਾਰ) ਆਦਿ ਨੇ ਕਿਰਦਾਰ ਨਿਭਾਏ ਸਨ। ਫਿਲਮ ਦੀ ਕਹਾਣੀ ਪ੍ਰੋਫ਼ੈਸਰ ਆਬਿਦ ਅਲੀ ਆਬਿਦ, ਮੁਕਾਲਮੇ ਲਾਲਾ ਯਾਕੂਬ, ਮੰਜ਼ਰਨਾਮਾ ਐੱਮ. ਸਾਦਿਕ, ਆਰਟ ਡਾਇਰੈਕਟਰ ਐੱਮ. ਇਸਮਾਇਲ, ਐਡੀਟਿੰਗ ਏ. ਆਰ. ਕਾਰਦਾਰ, ਫੋਟੋਗ੍ਰਾਫ਼ੀ ਵੀ. ਐੱਮ. ਵਿਆਸ, ਕਲਾਮ ਵਾਰਿਸ਼ ਸ਼ਾਹ ਅਤੇ ਮੌਸੀਕੀ ਦੀਆਂ ਤਰਜ਼ਾਂ ਰਫ਼ੀਕ ਗਜ਼ਨਵੀ (ਸਹਾਇਕ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ) ਨੇ ਬਣਾਈਆਂ। ਫਿਲਮ ਦੇ ਇਸ਼ਤਿਹਾਰਾਂ ’ਤੇ ਮੌਜੂਦ ਸਿਰਫ਼ ਤਿੰਨ ਗੀਤਾਂ ਦਾ ਹਵਾਲਾ ਮਿਲ ਸਕਿਆ ਹੈ। ਪਹਿਲੇ ਦੋ ਗੀਤ ਪੰਜਾਬੀ ਜ਼ੁਬਾਨ ’ਚ ‘ਰਾਂਝੇ ਨੂੰ ਲਿਆਵੋ ਮੋੜ ਕੇ ਨਾ ਜਾਵੀਂ ਰਾਂਝਣਾ ਵੇ’ ਤੇ ‘ਟੁਰ ਚੱਲਿਆ ਨੀਂ ਰਾਂਝਾ ਮੇਰੀ ਪ੍ਰੀਤ ਨੂੰ ਤੋੜ ਕੇ’ ਅਤੇ ਤੀਜੀ ਉਰਦੂ ਗ਼ਜ਼ਲ ‘ਉੱਠ ਏ ਵਫ਼ਾ ਸ਼ਾਰ ਮੇਰਾ ਹਾਲੇ ਜ਼ਾਰ ਦੇਖ’। ਫਿਲਮ ਦਾ ਸੈਂਸਰਸ਼ਿਪ ਸਰਟੀਫਿਕੇਟ ਨੰਬਰ 81 ਪੀ (ਪੰਜਾਬ, ਲਾਹੌਰ), ਫਿਲਮ ਦੀ ਜ਼ੁਬਾਨ ਹਿੰਦੀ/ਉਰਦੂ ਅਤੇ ਚੱਲਣ ਦਾ ਸਮਾਂ 156 ਮਿੰਟ ਹੈ। ਇਹ ਫਿਲਮ 9 ਸਤੰਬਰ 1932 ਨੂੰ ਕੈਪੀਟਲ ਸਿਨਮਾ, ਮੈਕਲੋਡ ਰੋਡ, ਲਾਹੌਰ ਅਤੇ ਸਟਾਰ ਸਿਨਮਾ, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਲਈ ਪੇਸ਼ ਕੀਤੀ ਗਈ, ਪਰ ਆਪਣੀ ਨਾਕਸ ਫੋਟੋਗ੍ਰਾਫ਼ੀ ਦੀ ਵਜ੍ਹਾ ਨਾਲ ਇਹ ਫਿਲਮ ਨਾਕਾਮ ਸਾਬਤ ਹੋਈ।
ਇਸ ਫਿਲਮ ਸਬੰਧੀ ਸਭ ਤੋਂ ਪਹਿਲਾਂ ਲਾਹੌਰ ਦੇ ਦੋ ਮਾਰੂਫ਼ ਤਹਿਕੀਕ-ਕਾਰਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਮੁਤਾਬਿਕ ਲਾਹੌਰ (ਪੰਜਾਬ) ’ਚ ਬਣਨ ਵਾਲੀ ਪਹਿਲੀ ਟਾਕੀਜ਼ ਫਿਲਮ ‘ਹੀਰ ਰਾਂਝਾਂ’ ਉਰਫ਼ ‘ਹੂਰ-ਏ-ਪੰਜਾਬ’ (1932) ਪੰਜਾਬੀ ਫਿਲਮ ਹੈ। ਉਨ੍ਹਾਂ ਨੇ ਆਪਣੀਆਂ ਰਿਲੀਜ਼ਸ਼ੁਦਾ ਕਿਤਾਬਾਂ ਵਿੱਚ ਵੀ ਇਸ ਨੂੰ ਲਾਹੌਰ ’ਚ ਬਣੀ ਪਹਿਲੀ ਬੋਲਦੀ ਪੰਜਾਬੀ ਫਿਲਮ ਹੀ ਲਿਖਿਆ ਹੈ। ਪਹਿਲੀ ਕਿਤਾਬ ਦੇ ਫਿਲਮ ਪੱਤਰਕਾਰ ਤੇ ਤਾਰੀਖ਼ਦਾਨ ਹਨ ਪਰਵੇਜ਼ ਰਾਹੀ, ਜਿਨ੍ਹਾਂ ਨੇ ਆਪਣੀ ਕਿਤਾਬ ‘ਪੰਜਾਬੀ ਫਿਲਮੋਂ ਕਾ ਸਫ਼ਰ 1932-1947’ (2012) ਵਿੱਚ ਲਿਖਿਆ ਹੈ ਕਿ 1932 ਵਿੱਚ ਹਿਦਾਇਤਕਾਰ ਅਬਦੁੱਲ ਰਸ਼ੀਦ ਕਾਰਦਾਰ ਨੇ ਫਿਲਮਸਾਜ਼ ਹਕੀਮ ਰਾਮ ਪ੍ਰਸ਼ਾਦ ਲਈ ਇੱਕ ਫਿਲਮ ਪੰਜਾਬੀ ਜ਼ੁਬਾਨ ਵਿੱਚ ‘ਹੀਰ ਰਾਂਝਾ’ ਬਣਾਈ। ਇਸ ਫਿਲਮ ਦੀ ਸਕ੍ਰਿਪਟ ਅਤੇ ਗੀਤ ਮਾਹਿਰ ਤਾਲੀਮ ਸੱਈਅਦ ਆਬਿਦ ਅਲੀ ਆਬਿਦ ਨੇ ਤਹਿਰੀਰ ਕੀਤੀ। ਫੋਟੋਗ੍ਰਾਫ਼ੀ ਵੀ. ਐੱਮ. ਵਿਆਸ ਦੀ ਸੀ। ਸਕਰੀਨਪਲੇਅ ਬਾਬੂ ਐੱਮ. ਸਾਦਿਕ ਨੇ ਤਹਿਰੀਰ ਕੀਤਾ ਸੀ ਜਦੋਂ ਕਿ ਅਦਾਕਾਰਾਂ ਵਿੱਚ ਅਨਵਰੀ ਬੇਗ਼ਮ, ਰਫ਼ੀਕ ਗ਼ਜ਼ਨਵੀ, ਲਾਲਾ ਯਾਕੂਬ, ਹੈਦਰ ਸ਼ਾਹ, ਹਸਨਦੀਨ, ਨਜ਼ੀਰ, ਗੁੱਲ ਹਮੀਦ, ਫ਼ਜ਼ਲ ਸ਼ਾਹ ਤੇ ਐੱਮ. ਇਸਮਾਇਲ ਨੁਮਾਇਆਂ ਸਨ। ਇਸ ਫਿਲਮ ਦੇ ਮੌਸੀਕਾਰ ਵੀ ਰਫ਼ੀਕ ਗ਼ਜ਼ਨਵੀ ਸਨ। ਇਸ ਫਿਲਮ ਨੇ ਲਾਹੌਰ ਵਿੱਚ ਪੰਜਾਬੀ ਫਿਲਮ ਦੀ ਬੁਨਿਆਦ ਰੱਖੀ ਤੇ ਇਹ ਫਿਲਮ ਲਾਹੌਰ ਦੇ ਦੋ ਸਿਨਮਾਘਰਾਂ ਵਿੱਚ ਰਿਲੀਜ਼ ਹੋਈ। ਦੂਜੇ ਪਾਸੇ ਰਾਹੀ ਸਾਹਬ ਆਪਣੀ ਦੂਸਰੀ ਕਿਤਾਬ ‘ਪੰਜਾਬ ਕੀ ਫਿਲਮੀ ਤਾਰੀਖ਼’ ਵਿੱਚ ਲਿਖਦੇ ਹਨ ਕਿ ਪਹਿਲੀ ਪੰਜਾਬੀ ਫਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ ਜਿਹੜੀ 1935 ਨੂੰ ਬੰਬੇ ਵਿੱਚ ਬਣੀ। ਇੱਥੇ ਇਹ ਇਤਿਹਾਸਕਾਰ ਆਪਣੀ ਗੱਲ ਨੂੰ ਆਪ ਹੀ ਰੱਦੀ ਜਾ ਰਹੇ ਹਨ।’
ਲਾਹੌਰ ਦੇ ਦੂਸਰੇ ਤਹਿਕੀਕ-ਕਾਰ ਫ਼ਿਆਜ਼ ਅਹਿਮਦ ਅਸ਼ਰ ਹਨ, ਜਿਨ੍ਹਾਂ ਨੇ ਸਾਲ 2017 ਵਿੱਚ ‘ਇਬਤਿਦਾਈ ਪੰਜਾਬੀ ਫਿਲਮੀ ਗੀਤ’ (1932 ਤੋਂ 1947)’ ਨਾਮੀ ਕਿਤਾਬ ਲਿਖੀ। ਉਨ੍ਹਾਂ ਨੇ ਵੀ ‘ਹੀਰ ਰਾਂਝਾ’ (1932) ਨੂੰ ਪਹਿਲੀ ਪੰਜਾਬੀ ਫਿਲਮ ਹੀ ਲਿਖਿਆ ਹੈ। ਇਸ ਸਬੰਧੀ ਜਦੋਂ ਉਨ੍ਹਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ, ‘‘ਮੇਰੇ ਕੋਲ ਇਸ ਫਿਲਮ ਦੇ ਕੁੱਝ ਇਸ਼ਤਿਹਾਰ ਮੌਜੂਦ ਹਨ ਤੇ ਮੇਰੀ ਤਹਿਕੀਕ ਮੁਤਾਬਿਕ ਨਾ ਇਹ ਹਿੰਦੀ ਫਿਲਮ ਸੀ ਨਾ ਪੰਜਾਬੀ, ਪਰ ਮੇਰਾ ਮਕਸਦ ਇਸ ਫਿਲਮ ਨੂੰ ਕਿਤਾਬ ਵਿੱਚ ਸ਼ਾਮਲ ਕਰਨਾ ਸੀ ਕਿਉਂਕਿ ਇਸ ਫਿਲਮ ਦੇ ਇਸ਼ਤਿਹਾਰਾਂ ’ਤੇ ਗੀਤ ਪੰਜਾਬੀ ’ਚ ਦਰਜ ਸਨ।’’ ਲਿਹਾਜ਼ਾ ਫ਼ਿਆਜ਼ ਸਾਹਬ ‘ਹੀਰ ਰਾਂਝਾ’ ਫਿਲਮ ਬਾਰੇ ਕੋਈ ਦਸਤਾਵੇਜ਼ੀ ਸਬੂਤ ਨਹੀਂ ਪੇਸ਼ ਕਰ ਸਕੇ। ਜਿੱਥੋਂ ਪਤਾ ਚੱਲਦਾ ਹੈ ਕਿ ‘ਹੀਰ ਰਾਂਝਾ’ ਹੀ ਪੰਜਾਬ ਦੀ ਪਹਿਲੀ ਬੋਲਦੀ ਹਿੰਦੀ ਫਿਲਮ ਸੀ।
ਇਨ੍ਹਾਂ ਸਾਰੇ ਇਤਿਹਾਸਕਾਰਾਂ ਨੂੰ ਹੀ ਇਹ ਭੁਲੇਖਾ ਲੱਗਾ ਰਿਹਾ ਹੈ ਕਿ ਲਾਹੌਰ, ਪੰਜਾਬ ਵਿੱਚ ਬਣਨ ਵਾਲੀ ਪਹਿਲੀ ਬੋਲਦੀ ਫਿਲਮ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਸੀ, ਜੀਹਦੀ ਭਾਸ਼ਾ ਨਾ ਪੰਜਾਬੀ ਨਾ ਹਿੰਦੀ ਸੀ। ਇਨ੍ਹਾਂ ਪੰਜਾਬ ਦੀ ਬਜਾਏ ਉਸ ਨੂੰ ਪੰਜਾਬੀ ਫਿਲਮ ਹੀ ਕਰਾਰ ਦੇ ਦਿੱਤਾ ਜਦੋਂਕਿ ਉਸ ਦੇ ਮੁਕਾਲਮੇ (ਡਾਇਲਾਗ) ਦੀ ਭਾਸ਼ਾ ਉਰਦੂ/ਹਿੰਦੀ ਸੀ। ਉਸ ਵਿੱਚ ਹੀਰ ਵਾਰਿਸ ਸ਼ਾਹ ਵੀ ਗਾਈ ਗਈ ਸੀ ਜਿਹੜੀ ਕਿ ਪੰਜਾਬੀ ਜ਼ੁਬਾਨ ਵਿੱਚ ਸੀ। ਸੋ ਇੱਥੋਂ ਇਨ੍ਹਾਂ ਨੇ ਵੱਡਾ ਠੇਡਾ ਖਾਧਾ ਤੇ ਸਾਰੀ ਫਿਲਮ ਨੂੰ ਹੀ ਪੰਜਾਬੀ ਲਿਖ ਦਿੱਤਾ।
‘ਲਾਹੌਰ ਦੇ ਪ੍ਰਸਿੱਧ ਇਤਿਹਾਸਕਾਰ ਬਾਬਾ ਇਕਬਾਲ ਕੈਸਰ ਨਾਲ ਵੀ ਤਫ਼ਸੀਲੀ ਗੱਲ ਕੀਤੀ। ਉਨ੍ਹਾਂ ਨੇ ਵੀ ਦੱਸਿਆ, ‘‘ਮੇਰੀ ਪੁਖ਼ਤਾ ਖੋਜ ਮੁਤਾਬਿਕ ਵੀ ਲਾਹੌਰ ’ਚ ਬਣਨ ਵਾਲੀ ਪਹਿਲੀ ਟਾਕੀਜ਼ ਹਿੰਦੀ ਫਿਲਮ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਹੈ, ਜਿਸ ਦੀ ਜ਼ੁਬਾਨ ਹਿੰਦੀ/ਉਰਦੂ ਸੀ।’’ ਉਨ੍ਹਾਂ ਨੇ ਸੈਂਸਰ ਤਫ਼ਸੀਲ ਵੀ ਦੱਸੀ।
ਲਾਹੌਰ ਦੇ ਹੀ ਮਾਰੂਫ਼ ਤੇ ਮਸ਼ਹੂਰ ਫਿਲਮ ਇਤਿਹਾਸਕਾਰ ਸ਼ਾਹਿਦ ਪਰਦੇਸੀ ਨੇ ਵੀ ਪੁਖ਼ਤਾ ਹਵਾਲੇ ਪੇਸ਼ ਕੀਤੇ, ਜਿਨ੍ਹਾਂ ਵਿੱਚ ਫਿਲਮ ਦੀ ਸੈਂਸਰ ਡਿਟੇਲ ਤੋਂ ਲੈ ਕੇ ਪੋਸਟਰ ਤੇ ਫਿਲਮ ਦੇ ਮੁਖ਼ਤਲਿਫ਼ ਇਸ਼ਤਿਹਾਰ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਮੁਤਾਬਿਕ ਵੀ ਪੰਜਾਬ ਦੀ ਪਹਿਲੀ ਟਾਕੀਜ਼ ਹਿੰਦੀ ਫਿਲਮ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਹੀ ਹੈ’।
ਇੱਕ ਹੋਰ ਪੁਖ਼ਤਾ ਹਵਾਲੇ ਮੁਤਾਬਿਕ ਕਾਨਪੁਰ ਦੇ ਫਿਲਮ ਇਤਿਹਾਸਕਾਰ ਹਰ ਮੰਦਿਰ ਸਿੰਘ ‘ਹਮਰਾਜ਼’ ਦੇ ਲਿਖੇ ਹਿੰਦੀ ਫਿਲਮ ਗੀਤ ਕੋਸ਼ (ਭਾਗ ਪਹਿਲਾ 1931-1940) ਦੇ ਸਫ਼ਾ ਨੰਬਰ 31 ਉੱਪਰ 45 ਨੰਬਰ ’ਤੇ ‘ਹੀਰ ਰਾਂਝਾ’ ਉਰਫ਼ ‘ਹੂਰ-ਏ-ਪੰਜਾਬ’ (1932) ਹਿੰਦੀ ਫਿਲਮਾਂ ਦੀ ਸੂਚੀ ਵਿੱਚ ਹੀ ਦਰਜ ਹੈ। ਇਸ ਕਿਤਾਬ ਦੇ ਅਖ਼ੀਰ ਵਿੱਚ ਉਨ੍ਹਾਂ ਫਿਲਮ ਦੇ ਹਿਦਾਇਤਕਾਰ ਅਬਦੁੱਲ ਰਸ਼ੀਦ ਕਾਰਦਾਰ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿੱਚ ਕਾਰਦਾਰ ਅਨੁਸਾਰ ਵੀ ਉਨ੍ਹਾਂ ਦੀ ਲਾਹੌਰ ਵਿੱਚ ਬਣੀ ਪਹਿਲੀ ਬੋਲਦੀ ਫਿਲਮ ਦਾ ਨਿਰਮਾਣ ਹਿੰਦੀ/ਉਰਦੂ ਜ਼ੁਬਾਨ ਵਿੱਚ ਹੀ ਹੋਇਆ ਸੀ।’’
ਇੱਕ ਹੋਰ ਦਰੁਸਤ ਹਵਾਲੇ ਅਨੁਸਾਰ ਤੌਕੀਰ ਚੁਗਤਾਈ ਦੀ ਪ੍ਰੇਮ ਪ੍ਰਕਾਸ਼ ਵੱਲੋਂ ਅਨੁਵਾਦਿਤ ਕੀਤੀ ਗਈ ਕਿਤਾਬ ‘ਮੱਲਿਕਾ-ਏ-ਤਰੰਨੁਮ ਨੂਰਜਹਾਂ’ (2004) ਦੇ ਸਫ਼ਾ ਨੰਬਰ 12 ਉੱਤੇ ਦਰਜ ਇਬਾਰਤ ’ਚ ਪੰਜਾਬੀ ਦੇ ਸਾਹਿਤਕ ਪਰਚੇ ‘ਪੰਚਮ’ ਦੇ ਸੰਪਾਦਕ ਮਕਸੂਦ ਸਾਕਬਿ ਨੇ ਲਿਖਿਆ ਹੈ ਕਿ ਉਹ ਜਦੋਂ 1992 ’ਚ ਹਿੰਦੋਸਤਾਨ ਗਏ ਤਾਂ ਉਨ੍ਹਾਂ ਦੀ ਮੁਲਾਕਾਤ ਕੇ. ਡੀ. ਮਹਿਰਾ ਨਾਲ ਹੋਈ। ਉਨ੍ਹਾਂ ਨੇ ਕੇ. ਡੀ. ਮਹਿਰਾ ਤੋਂ ਫਿਲਮ ‘ਪਿੰਡ ਦੀ ਕੁੜੀ’ (1936) ਤੇ ਨੂਰਜਹਾਂ ਬਾਰੇ ਪੁੱਛਿਆ ਤਾਂ ਉਹਨੇ ਦੱਸਿਆ ਕਿ 1930 ਵਿੱਚ ਜਦੋਂ ਹਿੰਦੋਸਤਾਨ ਵਿੱਚ ਬੋਲਦੀਆਂ ਫਿਲਮਾਂ ਬਣਨ ਲੱਗੀਆਂ ਤਾਂ ਲਾਹੌਰ ਵਿੱਚ ਕਾਰਦਾਰ ਨੇ ਫਿਲਮ ‘ਹੀਰ ਰਾਂਝਾ’ ਸ਼ੁਰੂ ਕੀਤੀ। ਇਹ ਫਿਲਮ ਉਰਦੂ ਵਿੱਚ ਸੀ। ਏਸ ਤੋਂ ਪਹਿਲਾਂ ਉਹ ਲਾਹੌਰ ਵਿੱਚ ਖ਼ਾਮੋਸ਼ ਫਿਲਮਾਂ ਬਣਾਉਂਦਾ ਸੀ। ਮੈਂ ਉਹਨੂੰ ਸਮਝਾਇਆ ਕਿ ਲੋਕ ਵਾਰਿਸ ਸ਼ਾਹ ਨੂੰ ਪੜ੍ਹਦੇ ਨੇ ਤੇ ਤੂੰ ਹੀਰ ਉਰਦੂ ਵਿੱਚ ਬਣਾਉਣ ਲੱਗਾ ਏਂ। ਇਹ ਨਹੀਂ ਚੱਲਣੀ, ਪਰ ਉਹ ਨਾ ਟਲਿਆ। ਫਿਲਮ ਬਣੀ ਤੇ ਸਿਨਮੇ ਲੱਗੀ। ਸੰਵਾਦ ਹਿੰਦੋਸਤਾਨੀ ਵਿੱਚ ਸਨ ਤੇ ਗੀਤ ਪੰਜਾਬੀ ਵਿੱਚ। ਜਦੋਂ ਹੀਰ ਨੇ ਸੰਵਾਦ ਉਰਦੂ-ਹਿੰਦੀ ਵਿੱਚ ਬੋਲੇ ਤਾਂ ਦਰਸ਼ਕਾਂ ਨੇ ਕਿਹਾ, ‘‘ਉਏ, ਹੀਰ ਮੁਣਸ਼ੀ ਫ਼ਾਜ਼ਲ (ਉਰਦੂ ਼ਜ਼ੁਬਾਨ ਦਾ ਇੱਕ ਡਿਪਲੋਮਾ) ਹੋ ਗਈ ਜੇ।’’ ਲੋਕਾਂ ਨੇ ਕੁਰਸੀਆਂ ਤੋੜ ਦਿੱਤੀਆਂ। ਫਿਲਮ ਫਲਾਪ ਹੋ ਗਈ। ਪੰਜਾਬੀ ਹੀਰ ਨੂੰ ਪੰਜਾਬੀ ਬੋਲਦੀ ਕੁੜੀ ਵਜੋਂ ਹੀ ਤਸੁੱਵਰ ਕਰ ਸਕਦੇ ਸਨ। ਹੁਣ ਸਮੇਂ ਬਦਲ ਗਏ ਨੇ।
ਮੇਰੀ ਪੁਖ਼ਤਾ ਤਹਿਕੀਕ ਮੁਤਾਬਿਕ ਜਿਸ ਫਿਲਮ ਦੇ ਤਮਾਮ ਦਸਤਾਵੇਜ਼ੀ ਸਬੂਤ (ਸਮੇਤ ਸੈਂਸਰ ਡਿਟੇਲ) ਮੇਰੇ ਕੋਲ ਪਏ ਹਨ। ਉਹ ਭਾਰਤ-ਪਾਕਿਸਤਾਨ ਦੀ ਪਹਿਲੀ ਬੋਲਦੀ ਪੰਜਾਬੀ ਫੀਚਰ ਫਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ (1935) ਹੈ, ਜਿਸ ਦੇ ਪੋਸਟਕਾਰਡ, ਪੋਸਟਰ ਤੇ ਤਮਾਮ ਇਸ਼ਤਿਹਾਰਾਂ ਤੇ ਇੱਕੋ ਇਬਾਰਤ ਦਰਜ ਹੈ ‘ਪਹਿਲੀ ਟਾਕੀਜ਼ ਫਿਲਮ ਪੰਜਾਬੀ ਜ਼ੁਬਾਨ ਵਿੱਚ’। ਬਾਕੀ ਇਨਸਾਈਕਲੋਪੀਡੀਆ ਆਫ਼ ਇੰਡੀਅਨ ਸਿਨੇਮਾ ਵਿੱਚ ਦਰਜ ਇੰਡੀਅਨ ਸਊਂਡ ਫਿਲਮ (1931-1995) ਵਿੱਚ ਵੀ ਪਹਿਲੀ ਬੋਲਦੀ ਪੰਜਾਬੀ ਫਿਲਮ ਦਾ ਹਵਾਲਾ 1935 ਹੀ ਦਰਜ ਹੈ।
ਸੰਪਰਕ: 97805-09545
ਫਿਲਮ ਬਾਰੇ ਛਪਿਆ ਇਸ਼ਤਿਹਾਰ
———
‘ਲਾਹੌਰ ਤੋਂ ਛਪਦੇ ਉਰਦੂ ਅਖ਼ਬਾਰ ‘ਦਿ ਡੇਲੀ ਇਨਕਲਾਬ’ ਵਿੱਚ 9 ਸਤੰਬਰ 1932 ਨੂੰ ਛਪੇ ਇਸ਼ਤਿਹਾਰ ’ਤੇ ਦਰਜ ਇਬਾਰਤ ਅਨੁਸਾਰ ‘ਪਲੇਆਰਟ ਫੋਟੋਟੋਨ ਕੰਪਨੀ ਕਾ ਸ਼ਾਨਦਾਰ ਕਾਰਨਾਮਾ। ਹੁਸਨ ਇਸ਼ਕ ਕੀ ਸੱਚੀ ਦਾਸਤਾਨ। ਵਾਰਿਸ ਸ਼ਾਹ ਕੀ ਲਿਖੀ ਹੂਈ ਬੇਨਜ਼ੀਰ ਦਾਸਤਾਨ-ਏ-ਮੁਹੱਬਤ ‘ਹੀਰ ਰਾਂਝਾ’। ਸੌ ਫ਼ੀਸਦੀ ਗਾਤਾ ਬੋਲਤਾ ਔਰ ਨਚਾਤਾ ਡਰਾਮਾ। ਲਾਹੌਰ ਮੇਂ ਜ਼ੇਰ-ਏ-ਨਿਗਰਾਨੀ ਹਕੀਮ ਰਾਮ ਪ੍ਰਸ਼ਾਦ ਸਾਹਿਬ ਨੇ ਤਿਆਰ ਕੀਆ ਹੈ। ‘ਰਾਂਝਾ’ ਮਿ. ਰਫ਼ੀਕ ਗ਼ਜ਼ਨਵੀ ਜੋ ਕੇ ਬਿਹਤਰੀਨ ਗਾਨੇ ਵਾਲੋਂ ਮੇਂ ਸੇ ਏਕ ਹੈਂ। ‘ਹੀਰ’: ਅਨਵਰੀ ਜਿਸਕੀ ਮੌਸੀਕੀ ਕੀ ਸ਼ੁਹਰਤ ਦੂਰ-ਦੂਰ ਤੱਕ ਹੈ। ‘ਕੈਦੋਂ’: ਮੁਹੰਮਦ ਇਸਮਾਇਲ (ਫਿਲਮ ਸਟਾਰ)। ਸਟਾਰ ਟਾਕੀਜ਼, ਭਾਟੀ ਦਰਵਾਜ਼ਾ, ਲਾਹੌਰ। ਸ਼ੁੱਕਰਵਾਰ ਤਾਰੀਖ਼ 9 ਸਤੰਬਰ 1932 ਕੋ ਦਿਖਾਇਆ ਜਾਏਗਾ। ਪਹਿਲਾ ਸ਼ੋਅ 6:45 ਬਜੇ ਸ਼ਾਮ ਅਤੇ ਦੂਸਰਾ ਸ਼ੋਅ 9:30 ਬਜੇ ਰਾਤ। ਇਸ ਲਾਜਵਾਬ ਡਰਾਮਾ ਕੋ ਤਿਆਰ ਕਰਨੇ ਮੇਂ ਬੇਸ਼ੁਮਾਰ ਰੁਪੱਇਆ ਖ਼ਰਚ ਕੀਆ ਗਿਆ ਹੈ। ਫ਼ੋਟੋਗ੍ਰਾਫ਼ੀ ਨਿਹਾਇਤ ਅੱਛੀ, ਸਾਫ਼ ਔਰ ਦਿਲਕਸ਼ ਗਾਨੇ ਬੜੇ ਹੀ ਪੁਰ-ਲੁਤਫ਼ ਸੈਰੇ ਤਮਾਮ ਅਸਲ ਮੁਕਾਮਾਤ ਕੀ ਹੈ। ਆਪ ਨੇ ਆਜ ਦਿਨ ਤੱਕ ਐਸਾ ਦਿਲਚਸਪ ਔਰ ਸ਼ਾਨਦਾਰ ਖੇਲ ਆਗੇ ਨਹੀਂ ਦੇਖਾ ਹੋਗਾ। ਤਸਰੀਫ਼ ਲਾਏਂ ਔਰ ਲੁਤਫ਼ ਉਠਾਏਂ।’