ਮਨਦੀਪ ਸਿੰਘ ਸਿੱਧੂ
ਮਾਰੂਫ਼ ਪੰਜਾਬੀ ਹਿਦਾਇਤਕਾਰ ਜੀ. ਆਰ. ਸੇਠੀ ਦੀ ਪੈਦਾਇਸ਼ 1902 ਵਿਚ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਲਾਹੌਰ ਤੋਂ ਹੀ ਤਾਲੀਮ ਮੁਕੰਮਲ ਕਰਨ ਤੋਂ ਬਾਅਦ ਉਨ੍ਹਾਂ ਦੀ ਮਜ਼ੀਦ ਦਿਲਚਸਪੀ ਫ਼ਿਲਮਾਂ ਵੇਖਣ ਵੱਲ ਹੋ ਗਈ। ਹੌਲੀ-ਹੌਲੀ ਇਹ ਚਾਹਤ ਉਨ੍ਹਾਂ ਨੂੰ ਫ਼ਿਲਮਾਂ ਵੱਲ ਖਿੱਚ ਲਿਆਈ। ਪਹਿਲਾਂ ਚੁੱਪ ਅਤੇ ਫਿਰ ਬੋਲਦੀਆਂ ਫ਼ਿਲਮਾਂ (ਪੰਜਾਬੀ/ਹਿੰਦੀ) ਦੇ ਹਿਦਾਇਤਕਾਰ, ਮੁਕਾਲਮਾਨਿਗਾਰ ਅਤੇ ਨਗ਼ਮਾਨਿਗਾਰੀ ਦੇ ਖੇਤਰ ਵਿਚ ਜੀ. ਆਰ. ਸੇਠੀ ‘ਸ਼ਾਦ’ ਦੇ ਨਾਮ ਨਾਲ ਮਸ਼ਹੂਰ ਤੇ ਮਸਰੂਫ਼ ਹੋਏ।
ਜੀ. ਆਰ. ਸੇਠੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਇਬਤਿਦਾ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਕੀਤੀ। ਜਦੋਂ ਫ਼ਿਲਮਸਾਜ਼ ਅਦਾਰੇ ਨੈਸ਼ਨਲ ਫ਼ਿਲਮ ਕਾਰਪੋਰੇਸ਼ਨ, ਲਾਹੌਰ ਨੇ ਪਹਿਲੀ ਚੁੱਪ ਫ਼ਿਲਮ ‘ਦੇਸ਼ ਬੰਧੂ’ ਉਰਫ਼ ‘ਮੋਹਬਿੀ ਵਤਨ’ (1931) ਬਣਾਈ, ਤਾਂ ਇਸ ਦੀ ਹਿਦਾਇਤਕਾਰੀ ਦਾ ਜ਼ਿੰਮਾ ਨੌਜਵਾਨ ਜੀ. ਆਰ. ਸੇਠੀ ਨੂੰ ਸੌਂਪਿਆ। ਫ਼ਿਲਮ ਵਿਚ ਹੀਰੋ ਦਾ ਕਿਰਦਾਰ ਹੈਰੇਲਡ ਲੂਈਸ ਉਰਫ਼ ਮਜਨੂੰ (ਪਹਿਲੀ ਫ਼ਿਲਮ) ਨੇ ਨਿਭਾਇਆ ਸੀ। ਇਸ ਤੋਂ ਬਾਅਦ ਜੀ. ਆਰ. ਸੇਠੀ ਨੇ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਦਾ ਰੁਖ਼ ਕੀਤਾ।
ਉਨ੍ਹਾਂ ਦੀ ਹਿਦਾਇਤਕਾਰੀ ’ਚ ਬਣੀ ਪਹਿਲੀ ਬੋਲਦੀ ਹਿੰਦੀ ਫ਼ਿਲਮ ਭਾਰਤ ਮੂਵੀਟੋਨ, ਬੰਬੇ ਦੀ ਸ਼ਾਸਤਰੀ ਸੰਗੀਤ ਪ੍ਰਧਾਨ ਫ਼ਿਲਮ ‘ਰੌਸ਼ਨਆਰਾ’ (1932) ਸੀ। ਫ਼ਿਲਮ ਦੀ ਕਹਾਣੀ, ਮੁਕਾਲਮੇ ਤੇ 16 ਗੀਤ ਜੀ. ਆਰ. ਸੇਠੀ ‘ਸ਼ਾਦ’ ਦੇ ਨਾਮ ਨਾਲ ਤਹਿਰੀਰ ਕੀਤੇ। ਫ਼ਿਲਮ ’ਚ ਹੀਰੋ ਦਾ ਕਿਰਦਾਰ ਰਾਵਲਪਿੰਡੀ ਦੇ ਗੱਭਰੂ ਰਫ਼ੀਕ ਗ਼ਜ਼ਨਵੀ ਤੇ ਅਦਾਕਾਰਾ ਦਾ ਪਾਰਟ ਤਾਰਾ (ਸਿਤਾਰਾ ਦੇਵੀ ਤੇ ਅਲਕਨੰਦਾ ਦੀ ਭੈਣ) ਨੇ ਅਦਾ ਕੀਤਾ ਸੀ। ਕ੍ਰਿਸ਼ਨਾਟੋਨ, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫ਼ਿਲਮ ‘ਨਵਚੇਤਨ’ (1932) ਵਿਚ ਬਦਰੀ ਪ੍ਰਸ਼ਾਦ, ਹੈਦਰਸ਼ਾਹ, ਸੁਸ਼ੀਲਾ (ਮੋਤੀ), ਹਰੀਦਾਸ ਤੇ ਕਮਲਾ ਨੇ ਸੇਠੀ ਦੀ ਹਿਦਾਇਤ ’ਚ ਕੰਮ ਕੀਤਾ। ਜੀ. ਆਰ. ਸੇਠੀ ‘ਸ਼ਾਦ’ ਨਾਲ ਉਨ੍ਹਾਂ ਨੇ ਫ਼ਿਲਮ ਦੇ 8 ਗੀਤ ਲਿਖੇ, ਜਿਨ੍ਹਾਂ ਦਾ ਸੰਗੀਤ ਮਾਧੋਲਾਲ ਦਮੋਦਰ ਮਾਸਟਰ (ਪਹਿਲੀ ਫ਼ਿਲਮ) ਨੇ ਤਿਆਰ ਕੀਤਾ ਸੀ। ਭਾਰਤ ਮੂਵੀਟੋਨ, ਬੰਬੇ ਦੀ ਫ਼ਿਲਮ ‘ਖ਼ੁਦਾ ਦੋਸਤ’ (1932) ਦੀ ਹਿਦਾਇਤਕਾਰੀ ਕਰਨ ਦੇ ਨਾਲ-ਨਾਲ ਫ਼ਿਲਮ ਦਾ ਮੰਜ਼ਰਨਾਮਾ ਵੀ ਲਿਖਿਆ। ਮਾਸਟਰ ਮੁਹੰਮਦ, ਹਰੀਦਾਸ, ਬਾਲਾ ਤੇ ਬੀਬੀ ਜਾਨ ਨੇ ਇਨ੍ਹਾਂ ਦੀ ਹਿਦਾਇਤ ’ਚ ਬਿਹਤਰੀਨ ਕੰਮ ਕੀਤਾ। ਫ਼ਿਲਮ ਦੇ 15 ਗੀਤਾਂ ਦਾ ਸੰਗੀਤ ਮਾਧੋਲਾਲ ਦਮੋਦਰ ਮਾਸਟਰ ਨੇ ਤਿਆਰ ਕੀਤਾ। ਜੀ. ਆਰ. ਸੇਠੀ ਨੇ ਭਾਰਤ ਮੂਵੀਟੋਨ ਦੀਆਂ ਹੀ ਫ਼ਿਲਮਾਂ ‘ਹਾਤਿਮਤਾਈ-1’ (21 ਗੀਤ), ‘ਹਾਤਿਮਤਾਈ-2’ (9 ਗੀਤ), ‘ਹਾਤਿਮਤਾਈ-3’ (8 ਗੀਤ) ਤੇ ‘ਹਾਤਿਮਤਾਈ-4’ (11 ਗੀਤ/1933) ਦੀ ਹਿਦਾਇਤਕਾਰੀ ਤੇ ਕਹਾਣੀ ਤੇ ਮੁਕਾਲਮੇ ਲਿਖਣ ਦੇ ਨਾਲ-ਨਾਲ ਉਨ੍ਹਾਂ ਨੇ ਫ਼ਿਲਮ ਦੇ ਸਾਰੇ ਭਾਗਾਂ ਦੇ ਗੀਤ ਜੀ. ਆਰ. ਸੇਠੀ ‘ਸ਼ਾਦ’ ਦੇ ਨਾਮ ਨਾਲ ਲਿਖੇ, ਜਿਨ੍ਹਾਂ ਦਾ ਸੰਗੀਤ ਮਾਧੋਲਾਲ ਦਮੋਦਰ ਮਾਸਟਰ ਨੇ ਮੁਰੱਤਬਿ ਕੀਤਾ ਸੀ। ਜੇਯੰਤ ਪਿਕਚਰਜ਼, ਬੰਬੇ ਦੀ ਫ਼ਿਲਮ ‘ਵੀਰ ਪੂਜਨ’ ਉਰਫ਼ ‘ਜੰਗ-ਏ-ਆਜ਼ਾਦੀ’ (1934) ’ਚ ਉਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿਚ ਮਹਿਤਾਬ, ਯਸ਼ਵੰਤ ਦਵੇ, ਅਲਕਨੰਦਾ, ਸ਼ਿਵਰਾਨੀ, ਮਾਸਟਰ ਭਗਵਾਨ ਦਾਸ ਸੈਣੀ (ਪੰਜਾਬੀ) ਆਦਿ ਫ਼ਨਕਾਰਾਂ ਕੋਲੋਂ ਬਿਹਤਰ ਕੰਮ ਕਰਵਾਇਆ। ਪੰਡਤ ਦਲੀਪ ਚੰਦਰ ਬੇਦੀ ਦੇ ਸੰਗੀਤ ਵਿਚ ਜੀ. ਆਰ. ਸੇਠੀ ਨੇ ਫ਼ਿਲਮ ਦੇ 10 ਗੀਤਾਂ ਵਿਚੋਂ 2 ਗੀਤ ਵੀ ਲਿਖੇ ‘ਜਿਸਕੇ ਦਿਲ ਮੇਂ ਉਸ ਪ੍ਰਭੂ ਪਰਮਾਤਮਾ ਕਾ ਪਯਾਰ ਹੈ’ (ਸ਼ਿਵਰਾਨੀ), ‘ਹਮ ਖ਼ਾਤਿਰ-ਏ-ਵਤਨ ਖ਼ੁਸ਼ੀ ਸੇ ਸਰ ਕਟਾਏਂਗੇ’ (ਭਗਵਾਨ ਦਾਸ ਸੈਣੀ) ਗੀਤ ਵੀ ਪਸੰਦ ਕੀਤੇ ਗਏ। ਈਸਟਰਨ ਆਰਟ, ਬੰਬੇ ਦੀ ਫ਼ਿਲਮ ‘ਪ੍ਰੇਮ ਪ੍ਰੀਕਸ਼ਾ’ (1934) ’ਚ ਉਨ੍ਹਾਂ ਦੀ ਹਿਦਾਇਤਕਾਰੀ ਵਿਚ ਜੱਦਣਬਾਈ, ਮਹਿਤਾਬ, ਐੱਸ. ਬਾਬੂਰਾਵ, ਐੱਚ. ਸ਼ਿਵਦਾਸਾਨੀ ਆਦਿ ਨੇ ਸ਼ਾਨਦਾਰ ਅਦਾਕਾਰੀ ਕੀਤੀ। ਫ਼ਿਲਮ ਦਾ ਸੰਗੀਤ ਮਾਸਟਰ ਚੰਡੀਰਾਮ ਅਤੇ ਗੀਤ ਗੌਰੀ ਸ਼ੰਕਰ ਲਾਲ ‘ਅਖ਼ਤਰ’ ਨੇ ਤਹਿਰੀਰ ਕੀਤੇ। ਕ੍ਰਿਸ਼ਨਾ ਫ਼ਿਲਮ ਕੰਪਨੀ, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫ਼ਿਲਮ ‘ਸੋਨੇ ਕੀ ਚਿੜੀਆ’ ਉਰਫ਼ ‘ਬੀਸਵੀਂ ਸਦੀ’ (1934) ’ਚ ਅਦਾਕਾਰਾ ਪੁਸ਼ਪਾ, ਮਿਸ ਗੁਲਾਬ, ਯਸ਼ਵੰਤ ਦਵੇ, ਬਾਬੂਰਾਵ, ਭੀਮ, ਪਟੇਲ, ਅਮੀਰ ਹੁਸੈਨ, ਹਿੰਮਤਲਾਲ ਨੇ ਸੇਠੀ ਦੀ ਹਿਦਾਇਤ ਵਿਚ ਕੰਮ ਕੀਤਾ। ਸੈਂਟਰਲ ਮੂਵੀਟੋਨ, ਬੰਬੇ ਦੀ ਫ਼ਿਲਮ ‘ਸ਼ਾਹ-ਏ-ਇਰਾਨ’ ਉਰਫ਼ ‘ਸ਼ਾਪੁਰ ਦੀ ਗਰੇਟ’ (1934) ’ਚ ਉਨ੍ਹਾਂ ਦੀ ਹਿਦਾਇਤਕਾਰੀ ਵਿਚ ਮੀਰਾ ਦੇਵੀ, ਈਨਾਮਦਾਰ, ਪਾਥੇਰ, ਮਾਰੂਤੀ ਪਹਿਲਵਾਨ ਆਦਿ ਨੇ ਅਦਾਕਾਰੀ ਕੀਤੀ। ਓਰੀਐਂਟਲ ਟਾਕੀਜ਼ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਭਗਤੀ ਪ੍ਰਧਾਨ ਫ਼ਿਲਮ ‘ਵਿਸ਼ਣੂ ਭਗਤੀ’ ਉਰਫ਼ ‘ਨਈ ਰੌਸ਼ਨੀ’ (1934) ਵਿਚ ਮਿਸ ਸ਼ਿਆਮਾ ਜੁਤਸ਼ੀ, ਅਮੀਰਬਾਈ ਕਰਨਾਟਕੀ, ਚੰਦਰਕਲਾ, ਮਾਧਵ ਕਾਲੇ, ਮਾਸਟਰ ਬੱਚੂ ਆਦਿ ਨੁਮਾਇਆਂ ਸਨ। ਕ੍ਰਿਸ਼ਨਾ ਫ਼ਿਲਮ ਕੰਪਨੀ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫ਼ਿਲਮ ‘ਖ਼ਾਕ ਕਾ ਪੁਤਲਾ’ (1934) ਵਿਚ ਭਾਈ ਦੇਸਾ ਅੰਮ੍ਰਿਤਸਰੀ (ਅਜਮਲ), ਮੁਣਸ਼ੀ ਜ਼ਹੀਰ ਉਦ-ਦੀਨ ‘ਲਾਹੌਰੀ’ (ਜ਼ਹੀਰ), ਸੁੰਦਰ ਰਾਵ, ਹਰੀਦਾਸ, ਇਸਮਾਇਲ ਕਮਰ, ਅਲਕਨੰਦਾ (ਮੁਮਤਾਜ਼), ਗੁਲਾਬ (ਸਈਦਾ), ਮਿਸ ਹੀਰਾ (ਗੁਲਨਾਰ) ਨੇ ਸੋਹਣੀ ਅਦਾਕਾਰੀ ਕੀਤੀ। ਮਾਸਟਰ ਮੁਹੰਮਦ ਦੇ ਸੰਗੀਤ ਵਿਚ ਮੁਣਸ਼ੀ ਜ਼ਹੀਰ ਉਦ-ਦੀਨ ‘ਲਾਹੌਰੀ’ ਨੇ 11 ਗੀਤ ਲਿਖੇ ਸਨ। ਬੀ. ਐੱਲ. ਖ਼ੇਮਕਾ ਦੇ ਫ਼ਿਲਮਸਾਜ਼ ਅਦਾਰੇ ਈਸਟ ਇੰਡੀਆ ਫ਼ਿਲਮ ਕੰਪਨੀ, ਕਲਕੱਤਾ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫ਼ਿਲਮ ‘ਮਡਰਰ’ ਉਰਫ਼ ‘ਖ਼ੂਨੀ’ ਉਰਫ਼ ‘ਸੁਲਗਤੇ ਸੰਸਾਰ’ (1935) ’ਚ ਗੁਲ ਹਮੀਦ ਤੇ ਮਿਸ ਲਲਿਤਾ ਦੀ ਜੋੜੀ ਪੇਸ਼ ਕੀਤੀ। ਇਸੇ ਅਦਾਰੇ ਦੀ ਹੀ ਫ਼ਿਲਮ ‘ਨੂਰ-ਏ-ਵਹਦਤ’ (1936) ’ਚ ਪੇਸ਼ੰਸ ਕਪੂਰ, ਮਜ਼ਹਰ ਖ਼ਾਨ, ਹਸਨਦੀਨ, ਗੁਲ ਜ਼ਮਾਨ (ਪਹਿਲੀ ਫ਼ਿਲਮ) ਆਦਿ ਨੇ ਬਹੁਤ ਉਮਦਾ ਕੰਮ ਕੀਤਾ। ਕਹਾਣੀ, ਮੁਕਾਲਮੇ ਤੇ ਗੀਤ ਜੀ. ਆਰ. ਸੇਠੀ ‘ਸ਼ਾਦ’ ਅਤੇ ਸੰਗੀਤਕ ਤਰਜ਼ਾਂ ਮੋਤੀ ਲਾਲ (ਹੀਰੋ ਨਹੀਂ) ਨੇ ਬਣਾਈਆਂ। ਇਸ ਤੋਂ ਬਾਅਦ ਜੀ. ਆਰ. ਸੇਠੀ ਨੇ ਆਪਣੀ ਹਿਦਾਇਤਕਾਰੀ ਵਿਚ ਰਾਧਾ ਫ਼ਿਲਮ ਕੰਪਨੀ, ਕਲਕੱਤਾ ਦੀਆਂ ‘ਖ਼ੂਨੀ ਕੌਨ’ ਉਰਫ਼ ‘ਕੰਠਹਾਰ’ (1936) ਤੇ ‘ਕੜਕਦੀ ਬਿਜਲੀ’ ਉਰਫ਼ ‘ਥੰਡਰ ਬੋਲਟ’ (1936) ਬਣਾਈਆਂ। ਦਰਯਾਨੀ ਪ੍ਰੋਡਕਸ਼ਨਜ਼, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫ਼ਿਲਮ ‘ਤਸਵੀਰ-ਏ-ਵਫ਼ਾ’ ਉਰਫ਼ ‘ਫ਼ਿਦਾ-ਏ-ਵਤਨ’ (1936) ’ਚ ਮਿਸ ਸਰਦਾਰ ਅਖ਼ਤਰ ਤੇ ਯੂਸਫ਼ ਅਫਿੰਦੀ ਦੀ ਜੋੜੀ ਪੇਸ਼ ਕੀਤੀ। ਇਹ ਫ਼ਿਲਮ ਪੈਰਾਮਾਊਂਟ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ। ਜਯਭਾਰਤ ਮੂਵੀਟੋਨ, ਬੰਬੇ ਦੀ ‘ਸ਼ਰੀਫ਼ ਡਾਕੂ’ (1938) ਦੇ ਹਿਦਾਇਤਕਾਰ ਵੀ ਜੀ. ਆਰ. ਸੇਠੀ ਸਨ। ਵਿਸ਼ਣੂ ਸਿਨੇਟੋਨ, ਬੰਬੇ ਦੀ ਫ਼ਿਲਮ ‘ਇਮਾਨਦਾਰ’ (1939) ਦੀ ਹਿਦਾਇਤਕਾਰੀ ਕਰਨ ਦੇ ਨਾਲ ਜੀ. ਆਰ. ਸੇਠੀ ‘ਸ਼ਾਦ’ ਦੇ ਨਾਮ ਨਾਲ 11 ਗੀਤ ਵੀ ਲਿਖੇ। ਫੈਡਰਲ ਫ਼ਿਲਮ ਐਕਸਚੇਂਜ, ਬੰਬੇ ਦੀ ਫ਼ਿਲਮ ‘ਐਕਟਰਸ ਕਿਓਂ ਬਨੀ’ ਉਰਫ਼ ‘ਐਜ਼ ਯੂ ਪਲੀਜ਼’ (1939) ’ਚ ਪਦਮਾ ਦੇਵੀ ਤੇ ਆਸ਼ਿਕ ਹੁਸੈਨ ਦੀ ਜੋੜੀ ਨੇ ਜੀ. ਆਰ. ਸੇਠੀ ਦੀ ਹਿਦਾਇਤ ’ਚ ਆਪਣੇ ਫ਼ਨ ਦੀ ਸੋਹਣੀ ਨੁਮਾਇਸ਼ ਕੀਤੀ।
ਈਸਟ ਇੰਡੀਆ ਫ਼ਿਲਮ ਕੰਪਨੀ, ਕਲਕੱਤਾ ਦੀ ਕਮਲ ਰਾਏ ਪਿਕਚਰਜ਼, ਬੰਬੇ ਦੀ ਜੀ. ਆਰ. ਸੇਠੀ (ਸਹਾਇਕ ਏ. ਆਰ. ਰਾਏ) ਨਿਰਦੇਸ਼ਿਤ ਇਤਿਹਾਸਕ ਫ਼ਿਲਮ ‘ਸ਼ਹਿਨਸ਼ਾਹ ਅਕਬਰ’ (1943) ’ਚ ਕੁਮਾਰ ਨੇ ‘ਸ਼ਹਿਨਸ਼ਾਹ ਅਕਬਰ’ ਦਾ ਟਾਈਟਲ ਰੋਲ ਨਾਲ ਵਨਮਾਲਾ, ਹੁਸਨ ਬਾਨੋ, ਕੇ. ਐੱਨ. ਸਿੰਘ ਵਗੈਰਾ ਨੇ ਸ਼ਾਨਦਾਰ ਕੰਮ ਕੀਤਾ। ਸੰਗੀਤ ਉਸਤਾਦ ਝੰਡੇ ਖ਼ਾਨ ਨੇ ਤਿਆਰ ਕੀਤਾ ਸੀ। ਕਿਸਮਤ ਪਿਕਚਰਜ਼, ਬੰਬੇ ਦੀ ਜੀ. ਆਰ. ਸੇਠੀ ਨਿਰਦੇਸ਼ਿਤ ਫ਼ਿਲਮ ‘ਸ਼ਾਹ-ਏ-ਮਿਸ਼ਰ’ ਉਰਫ਼ ‘ਫ਼ਿਰੌਨ’ (1946) ਵਿਚ ਮਿਸ ਗੀਤਾ ਬੋਸ, ਸੈਮਸਨ, ਮੇਘਮਾਲਾ, ਹਮੀਦ, ਹਿੰਮਤਲਾਲ ਆਦਿ ਸ਼ਾਮਲ ਸਨ। ਫ਼ਿਲਮ ਦੀ ਕਹਾਣੀ ਤੇ ਮੁਕਾਲਮੇ ਜੀ. ਆਰ. ਸੇਠੀ, ਗੀਤ ਰੂਪਬਾਨੀ ਅਤੇ ਸੰਗੀਤ ਸ਼ਾਂਤੀ ਕੁਮਾਰ ਨੇ ਤਾਮੀਰ ਕੀਤਾ।
ਜੀ. ਆਰ. ਸੇਠੀ ਦੀ ਹਿਦਾਇਤਕਾਰੀ ਵਿਚ ਬਣੀ ਪਹਿਲੀ ਪੰਜਾਬੀ ਫ਼ਿਲਮ ਹਿੰਦਮਾਤਾ ਸਿਨੇਟੋਨ ਕੰਪਨੀ, ਬੰਬੇ ਦੀ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ (1935) ਸੀ। ਜਦੋਂ ਬੰਬੇ ਤੋਂ ਫ਼ਿਲਮਸਾਜ਼ ਬੋਮਨ ਸ਼ਰਾਫ਼ ਨੇ 1933 ਵਿਚ ਪੰਜਾਬੀ ਜ਼ੁਬਾਨ ’ਚ ਪੰਜਾਬ ਦੀ ਧਰਤੀ ਉੱਤੇ ਇਹ ਫ਼ਿਲਮ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਇਸ ਦਾ ਪਹਿਲਾ ਨਾਮ ‘ਮਿਰਜ਼ਾ ਸਾਹਿਬਾਂ’ ਰੱਖਿਆ। ਇਸ ਦਾ ਪਹਿਲਾ ਹਿਦਾਇਤਕਾਰ ਸੀ ਸਿੰਧੀ ਨੌਜਵਾਨ ਐੱਨ. ਬੁਲਚੰਦਾਨੀ। ਇਸ ਤੋਂ ਬਾਅਦ ਹਿੰਦਮਾਤਾ ਸਿਨੇਟੋਨ ਕੰਪਨੀ ਬੰਬੇ ਤੋਂ ਲਾਹੌਰ ਆ ਗਈ। ਲਾਹੌਰ ਬੁਲਚੰਦਾਨੀ ਇਸ ਫ਼ਿਲਮ ਨੂੰ ਠੀਕ ਢੰਗ ਨਾਲ ਸ਼ੁਰੂ ਨਹੀਂ ਕਰ ਸਕਿਆ ਤਾਂ ਇਸ ਦੀ ਵਾਗਡੋਰ ਲਾਹੌਰ ਦੇ ਗੱਭਰੂ ਜੀ. ਆਰ. ਸੇਠੀ ਨੇ ਸੰਭਾਲ ਲਈ ਜੋ ਇਸ ਤੋਂ ਪਹਿਲਾਂ ਲਾਹੌਰ ਤੇ ਬੰਬੇ ਦੀਆਂ ਫ਼ਿਲਮਾਂ ਦੀ ਹਿਦਾਇਤਕਾਰੀ ਕਰ ਚੁੱਕੇ ਸਨ। ਜੀ. ਆਰ. ਸੇਠੀ ਨੇ ਇਸ ਫ਼ਿਲਮ ਦਾ ਨਾਮ ਰੱਖਿਆ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ (1935)। ਫ਼ਿਲਮ ਵਿਚ ‘ਮਿਰਜ਼ਾ’ ਦਾ ਕਿਰਦਾਰ ਅੰਮ੍ਰਿਤਸਰ ਦੇ ਰਬਾਬੀ ਭਾਈ ਦੇਸਾ (ਖ਼ਾਕ ਕਾ ਪੁਤਲਾ/1934 ਵਾਲਾ), ‘ਸਾਹਿਬਾਂ’ ਦਾ ਪਾਰਟ ਕਸੂਰ ਦੀ ਮੁਟਿਆਰ ਖ਼ੁਰਸ਼ੀਦ ਬਾਨੋ ਨੇ ਅਦਾ ਕੀਤਾ। ਦੀਗ਼ਰ ਫ਼ਨਕਾਰਾਂ ਵਿਚ ਭਾਈ ਛੈਲਾ, ਪਟਿਆਲਾ, ਮਿਸ ਸਰਲਾ (ਨੂਰੀ), ਮਾਸਟਰ ਸੋਹਨ ਲਾਲ (ਖ਼ੀਵੇ ਖ਼ਾਨ), ਇਨਾਇਤ ਜਾਨ (ਰਹਿਮਤ), ਪਰਵੇਜ਼ ਸ਼ਮਮੀ (ਸ਼ਮੀਰ) ਨੁਮਾਇਆਂ ਸਨ। ਪੰਜਾਬ ਦੇ ਸ਼ਹਿਰਾਂ ਅੰਮ੍ਰਿਤਸਰ, ਲਾਹੌਰ, ਕਸੂਰ, ਗੁੱਜਰਾਂਵਾਲਾ, ਝੰਗ, ਗੁਰਦਾਸਪੁਰ ਵਿਚ ਇਸ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ। ਇਸ ਫ਼ਿਲਮ ਦੇ ਤਮਾਮ ਗੀਤ ਭਾਈ ਦੇਸਾ ਤੇ ਖ਼ੁਰਸ਼ੀਦ ਬਾਨੋ ਨੇ ਗਾਏ ਸਨ। ਮੇਰੀ ਪੁਖ਼ਤਾ ਤਹਿਕੀਕ ਮੁਤਾਬਿਕ ਸਿਰਫ਼ ਇਕੋ ਗੀਤ ਦਾ ਹਵਾਲਾ ਮਿਲ ਪਾਇਆ ਹੈ। ਸਾਂਝੇ ਪੰਜਾਬ ਦੀ ਪਹਿਲੀ ਬੋਲਦੀ ਪੰਜਾਬੀ ਫ਼ੀਚਰ ਫ਼ਿਲਮ ਦਾ ਫ਼ਖ਼ਰ ਹਾਸਲ ਕਰਨ ਵਾਲੀ ਇਹ ਤਾਰੀਖ਼ੀ ਫ਼ਿਲਮ 29 ਮਾਰਚ 1935 ਨੂੰ ਨਿਰੰਜਨ ਟਾਕੀਜ਼, ਮੈਕਲੋਡ ਰੋਡ, ਲਾਹੌਰ ਵਿਖੇ ਨੁਮਾਇਸ਼ ਲਈ ਪੇਸ਼ ਕਰ ਦਿੱਤੀ। ਬੇਸ਼ੱਕ ਇਹ ਫ਼ਿਲਮ ਬਹੁਤਾ ਕਮਾਲ ਨਾ ਵਿਖਾ ਸਕੀ, ਪਰ ਇਸ ਨੇ ਪੰਜਾਬੀ ਫ਼ਿਲਮਾਂ ਦੀ ਮਜ਼ਬੂਤ ਬੁਨਿਆਦ ਜ਼ਰੂਰ ਰੱਖ ਦਿੱਤੀ। ਜਦੋਂ ਫ਼ਿਲਮਸਾਜ਼ ਕਿਸ਼ੋਰੀ ਲਾਲ ਸ਼ਾਹ ਨੇ ਸਿਨੇ ਸਟੂਡੀਓ, ਲਾਹੌਰ ਵਿਚ ਪੰਜਾਬੀ ਫ਼ਿਲਮ ‘ਗਵਾਂਢੀ’ (1942) ਸ਼ੁਰੂ ਕੀਤੀ ਤਾਂ ਇਸ ਦੀ ਹਿਦਾਇਤਕਾਰੀ ਦਾ ਕੰਮ ਵੀ ਜੀ. ਆਰ. ਸੇਠੀ ਨੂੰ ਸੌਂਪਿਆ ਗਿਆ। ਸੇਠੀ ਸਾਹਬ ਨੇ ਫ਼ਿਲਮ ਵਿਚ ਸਿਆਲਕੋਟ ਦੇ ਗੱਭਰੂ ਸ਼ਿਆਮ ਸੁੰਦਰ ਚੱਢਾ ਬੀ. ਏ. ਨੂੰ ਸ਼ਿਆਮ (ਜਯ) ਦੇ ਨਾਮ ਨਾਲ ਅਤੇ ਸਿਆਲਕੋਟ ਦੀ ਹੀ ਪੰਜਾਬਣ ਮੁਟਿਆਰ ਸ਼ਹਿਜ਼ਾਦੀ ਤਜੌਰ ਸੁਲਤਾਨਾ ਨੂੰ ਵੀਨਾ (ਸ਼ੀਲਾ) ਦੇ ਨਵੇਂ ਨਾਮ ਨਾਲ ਪੇਸ਼ ਕਰਵਾਇਆ। ਦੀਗ਼ਰ ਫ਼ਨਕਾਰਾਂ ਵਿਚ ਐੱਮ. ਇਸਮਾਇਲ, ਗੁਲ ਜ਼ਮਾਨ, ਸੁੰਦਰ ਸਿੰਘ, ਹਸਨਦੀਨ, ਸ਼ੇਖ਼ ਇਕਬਾਲ, ਆਸ਼ਾ ਪੌਸਲੇ, ਮੁਮਤਾਜ਼ ਸ਼ਾਂਤੀ, ਐੱਸ. ਡੀ. ਬਾਤਿਸ਼ ਆਦਿ ਨੁਮਾਇਆਂ ਸਨ। ਕਹਾਣੀ ਨਿਰੰਜਨਪਾਲ, ਮੁਕਾਲਮੇ ਵਲੀ ਸਾਹਿਬ, ਗੀਤ ਸੋਹਨ ਲਾਲ ਸਾਹਿਰ ਬੀ. ਏ. (ਰਿਆਸਤ ਕਪੂਰਥਲਾ ਦੇ ਵਜ਼ੀਰ), ਵਲੀ ਸਾਹਿਬ, ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਅਤੇ ਮੌਸੀਕੀ ਪੰਡਤ ਅਮਰਨਾਥ (ਜਲੰਧਰ) ਨੇ ਮੁਰੱਤਬਿ ਕੀਤੀ। ਫ਼ਿਲਮ ਦੇ ਪ੍ਰੋਡਕਸ਼ਨ ਐਗਜ਼ੀਕਿਊਟਿਵ ਬੀ. ਆਰ. ਚੋਪੜਾ ਐੱਮ. ਏ. (ਸੰਪਾਦਕ ਸਿਨੇ ਹਰਲਡ ਫ਼ਿਲਮ ਮੈਗ਼ਜ਼ੀਨ, ਲਾਹੌਰ) ਸਨ। ਫ਼ਿਲਮ ਦੇ ਕੁੱਲ 11 ਗੀਤਾਂ ’ਚੋਂ ਕੁਝ ਮਕਬੂਲ ਗੀਤ ‘ਬਿੱਲੋ ਵੇਖ ਮੈਂ ਕਿੰਨਾ ਲੰਮਾ’, ‘ਮੱਖਣਾਂ ਦੀਏ ਪਲੀਏ ਨੀਂ’ (ਐੱਸ. ਡੀ. ਬਾਤਿਸ਼, ਜ਼ੀਨਤ ਬੇਗ਼ਮ), ‘ਗ਼ਮ ਦਿਲ ਨਾਲ ਲਾ ਰੱਖੀਏ’ (ਬਾਤਿਸ਼), ‘ਹੋਣੀ ਡਾਹਢੀ ਹੈ ਸਾਡੀ ਪੇਸ਼ ਨਾ ਜਾਏ’ (ਸ਼ਮਸ਼ਾਦ ਬੇਗ਼ਮ) ਤੋਂ ਇਲਾਵਾ ਫ਼ਿਲਮ ਦੇ ਇਕ ਪੁਰਜ਼ੋਸ ਕੌਮੀ ਤਰਾਨੇ ‘ਪੱਗੜੀ ਸੰਭਾਲ ਜੱਟਾ’ (ਐੱਸ. ਡੀ. ਬਾਤਿਸ਼, ਅਮਰਨਾਥ) ਨੇ ਉਸ ਵੇਲੇ ਬ੍ਰਿਟਿਸ਼ ਹਕੂਮਤ ਦੀ ਜੜ੍ਹਾਂ ਹਿਲਾ ਦਿੱਤੀਆਂ ਸਨ।
ਜੀ. ਆਰ. ਸੇਠੀ ਦੀ ਹਿਦਾਇਤਕਾਰੀ ਵਿਚ ਬਣੀ ਆਖ਼ਰੀ ਹਿੰਦੀ ਫ਼ਿਲਮ ਫ਼ਾਈਨ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ‘ਹਾਤਿਮਤਾਈ’ (1947) ਸੀ। ਇਸ ਤੋਂ ਬਾਅਦ ਜੀ. ਆਰ. ਸੇਠੀ ਕਿੱਥੇ ਅਲੋਪ ਹੋ ਗਏ ਕਦੇ ਵੀ ਕਿਸੇ ਫ਼ਿਲਮ ਰਸਾਲੇ ਜਾਂ ਸਿਨਮਾ ਦੀ ਕਿਸੇ ਕਿਤਾਬ ਵਿਚ ਇਨ੍ਹਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਜੀ. ਆਰ. ਸੇਠੀ ਫ਼ਿਲਮ ਤਾਰੀਖ਼ ਵਿਚ ਆਪਣੀ ਬਿਹਤਰੀਨ ਹਿਦਾਇਤਕਾਰੀ ਦੇ ਤੂਫ਼ੈਲ ਹਮੇਸ਼ਾਂ ਯਾਦ ਕੀਤੇ ਜਾਂਦੇ ਰਹਿਣਗੇ।
ਸੰਪਰਕ: 97805-09545