ਬਹਾਦਰ ਸਿੰਘ ਗੋਸਲ
ਕਿਸੇ ਸਮੇਂ ਪੰਜਾਬੀ ਸੱਭਿਆਚਾਰ ਦੀਆਂ ਅਹਿਮ ਰਹੀਆਂ ਵਸਤੂਆਂ ਅੱਜ ਅਲੋਪ ਹੋ ਰਹੀਆਂ ਹਨ। ਇਨ੍ਹਾਂ ਦੀ ਵਰਤੋਂ ਨਾ ਹੋਣ ਕਰਕੇ ਨਵੀਂ ਪੀੜ੍ਹੀ ਇਨ੍ਹਾਂ ਬਾਰੇ ਕੁਝ ਨਹੀਂ ਜਾਣਦੀ। ਸਮੇਂ ਦੇ ਬਦਲਾਅ ਨਾਲ ਹਰ ਚੀਜ਼ ਨੇ ਬਦਲਣਾ ਹੁੰਦਾ ਹੈ, ਪਰ ਜੇਕਰ ਉਹ ਵਸਤੂਆਂ ਸਾਡੇ ਵਿਰਸੇ ਦਾ ਹਿੱਸਾ ਰਹੀਆਂ ਹੋਣ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਉਨ੍ਹਾਂ ਤੋਂ ਜਾਣੂ ਕਰਵਾਈਏ। ਘੱਟ ਤੋਂ ਘੱਟ ਮਾਪੇ ਅਤੇ ਅਧਿਆਪਕ ਤਾਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ। ਅੱਜ ਇੱਥੇ ਆਪਾਂ ਪੰਜਾਬੀ ਸੱਭਿਆਚਾਰ ਦਾ ਵਿਸ਼ੇਸ਼ ਹਿੱਸਾ ਰਹੀਆਂ ਵਸਤਾਂ ਬਾਰੇ ਗੱਲ ਕਰਦੇ ਹਾਂ ਜੋ ਹੁਣ ਅਲੋਪ ਹੋ ਚੁੱਕੀਆਂ ਹਨ।
ਚੌਤਰਾ : ਪੰਜਾਬੀ ਬੋਲੀ ਵਿਚ ਚੌਤਰਾ ਭਾਵੇਂ ਇਕ ਸਾਧਾਰਨ ਜਿਹਾ ਸ਼ਬਦ ਹੈ, ਪਰ ਇਸ ਦਾ ਪੰਜਾਬ ਦੇ ਪਿੰਡਾਂ ਵਿਚ ਬੜਾ ਮਹੱਤਵ ਰਿਹਾ ਹੈ। ਹਰ ਪਿੰਡ ਵਿਚ ਚੌਰਸਤਿਆਂ ’ਤੇ ਚੌਤਰੇ ਹੁੰਦੇ ਸਨ ਜੋ ਅੱਜ ਵੀ ਪਿੰਡਾਂ ਵਿਚ ਵਿਰਾਸਤ ਦੇ ਤੌਰ ’ਤੇ ਦੇਖੇ ਜਾਂਦੇ ਹਨ। ਬਹੁਤੇ ਪਿੰਡਾਂ ਵਿਚ ਇਹ ਚੌਤਰੇ ਪੱਕੇ ਬਣਾ ਕੇ ਇਨ੍ਹਾਂ ਦੀ ਸਜਾਵਟ ਕੀਤੀ ਹੁੰਦੀ ਸੀ। ਪਿੰਡ ਦਾ ਹਰ ਬੱਚਾ-ਬੁੱਢਾ ਇਸ ਚੌਤਰੇ ’ਤੇ ਪਹੁੰਚ ਕੇ ਖੁਸ਼ੀ ਮਹਿਸੂਸ ਕਰਦਾ ਸੀ। ਪਿੰਡਾਂ ਦੇ ਬੱਚੇ ਇਸ ਚੌਤਰੇ ’ਤੇ ਘੁੱਤੀਆਂ ਬਣਾ ਕੇ ਅਖਰੋਟ ਜਾਂ ਬੰਟਿਆਂ ਨਾਲ ਘੁੱਤੀ-ਪਾਉਣਾ ਖੇਡਦੇ। ਬਜ਼ੁਰਗ ਬੈਠ ਕੇ ਬੀਤੇ ਦੀਆਂ ਗੱਲਾਂ ਕਰਦੇ। ਕਈ ਵਿਹਲੜ ਉਂਜ ਹੀ ਸਮਾਂ ਬਿਤਾਉਣ ਲਈ ਚੌਤਰੇ ’ਤੇ ਆ ਬੈਠਦੇ। ਸਮੇਂ-ਸਮੇਂ ’ਤੇ ਚੌਪਾਲ ਦੀਆਂ ਰੌਣਕਾ ਲੱਗਦੀਆਂ, ਪੰਚਾਇਤਾਂ ਜੁੜਦੀਆਂ ਅਤੇ ਪਿੰਡ ਦੇ ਸਾਂਝੇ ਕੰਮਾਂ ਲਈ ਫੈਸਲੇ ਕੀਤੇ ਜਾਂਦੇ। ਗਰਮੀਆਂ ਵਿਚ ਬੈਠਣ ਲਈ ਪਿੱਪਲ-ਬਰੋਟਿਆਂ ਵਰਗੇ ਛਾਂ ਦਾਰ ਵੱਡੇ-ਵੱਡੇ ਰੁੱਖ ਲੱਗੇ ਹੁੰਦੇ, ਪਰ ਪੰਜਾਬ ਦੇ ਪਿੰਡਾਂ ਵਿਚ ਹੁਣ ਇਹ ਸਭ ਘਟਦਾ ਹੀ ਜਾ ਰਿਹਾ ਹੈ। ਬੱਚੇ ਵੀ ਇਨ੍ਹਾਂ ਚੌਤਰਿਆਂ ’ਤੇ ਖੇਡਦੇ ਨਜ਼ਰ ਨਹੀਂ ਪੈਂਦੇ। ਪਹਿਲਾਂ ਤਾਂ ਇਹ ਹਾਲ ਹੁੰਦਾ ਸੀ ਕਿ ਜੇ ਪਰਿਵਾਰ ਵਿਚ ਕੋਈ ਪੁੱਛਦਾ, ‘ਭਾਈ ਬੱਚੇ ਕਿੱਥੇ ਹਨ?’ ਤਾਂ ਬਣਿਆ ਬਣਾਇਆ ਜੁਆਬ ਤਿਆਰ ਹੁੰਦਾ ਸੀ, ‘ਚੌਤਰੇ ’ਤੇ ਖੇਡਣ ਗਏ ਹਨ।’ ਬਜ਼ੁਰਗ ਵੀ ਵੱਡੇ ਰੁੱਖਾਂ ਦੀਆ ਠੰਢੀਆਂ ਛਾਵਾਂ ਤੋਂ ਦੂਰ ਹੁੰਦੇ ਲੱਗਦੇ ਹਨ, ਕਈ ਤਾਂ ਕਹਿ ਦਿੰਦੇ ਹਨ, ‘ਚਲੋ! ਪੱਖੇ ਹੇਠਾਂ ਬੈਠਦੇ ਹਾਂ।’ ਅੱਜ ਪੰਜਾਬ ਦੇ ਪਿੰਡਾਂ ਦੇ ਚੌਤਰੇ ਸੁੰਨੇ-ਸੁੰਨੇ ਨਜ਼ਰ ਆਉਂਦੇ ਹਨ।
ਚੁੱਲ੍ਹਾ ਚੌਕਾ: ਚੁੱਲ੍ਹਾ ਚੌਕਾ ਸ਼ਬਦ ਤਾਂ ਹਰ ਪੰਜਾਬੀ ਦੀ ਜ਼ੁਬਾਨ ’ਤੇ ਪੱਕਾ ਹੀ ਟਿਕਿਆ ਹੁੰਦਾ ਸੀ ਕਿਉਂਕਿ ਚੁੱਲ੍ਹਾ ਚੌਕਾ ਹੀ ਉਹ ਸਥਾਨ ਸੀ ਜਿੱਥੇ ਸਭ ਨੂੰ ਬਣਿਆ ਬਣਾਇਆ ਖਾਣਾ ਮਿਲਦਾ ਸੀ। ਘਰ ਦੀਆਂ ਸੁਆਣੀਆਂ ਲਈ ਤਾਂ ਚੁੱਲ੍ਹਾ ਚੌਕਾ ਜੀਵਨ ਦੀ ਲੜੀ ਹੀ ਬਣ ਚੁੱਕਿਆ ਸੀ। ਚੁੱਲ੍ਹਾ ਖਾਣਾ ਪਕਾਉਣ ਲਈ ਅੱਗ ਬਾਲਣ ਦੀ ਥਾਂ ਅਤੇ ਚੌਕਾ ਉਸ ਦੇ ਨਾਲ ਬੈਠਣ ਦੀ ਬਣਾਈ ਥਾਂ ਨੂੰ ਕਿਹਾ ਜਾਂਦਾ ਸੀ, ਪਰ ਆਮ ਤੌਰ ’ਤੇ ਇਹ ਇਕੱਠੇ ਹੀ ਵਰਤੋਂ ਵਿਚ ਆਉਂਦੇ ਸਨ। ਔਰਤਾਂ ਦਾ ਤਾਂ ਬਹੁਤ ਸਮਾਂ ਇਸ ਚੁੱਲ੍ਹੇ ਚੌਕੇ ’ਤੇ ਹੀ ਬਤੀਤ ਹੁੰਦਾ ਸੀ। ਸਵੇਰ ਦੀ ਚਾਹ, ਫਿਰ ਹਾਜ਼ਰੀ, ਦੁਪਹਿਰ ਦਾ ਖਾਣਾ, ਚਾਰ ਵਜੇ ਵਾਲੀ ਚਾਹ ਅਤੇ ਦੇਰ ਰਾਤ ਤਕ ਰਾਤ ਦਾ ਖਾਣਾ ਸਭ ਚੁੱਲ੍ਹੇ ਚੌਕੇ ’ਤੇ ਹੀ ਤਾਂ ਬਣਦਾ ਸੀ। ਕਈ ਵਾਰ ਘਰ ਦੇ ਬਜ਼ੁਰਗ ਨੇ ਆਵਾਜ਼ ਮਾਰ ਕੇ ਔਰਤਾਂ ਨੂੰ ਕਹਿਣਾ, ‘ਭਾਈ! ਅੱਜ ਚੁੱਲ੍ਹੇ ਚੌਕੇ ਦਾ ਕੰਮ ਛੇਤੀ ਮੁਕਾ ਲਿਓ, ਸੰਗਰਾਂਦ ਏ, ਗੁਰਦੁਆਰੇ ਜਾ ਆਉਣਾ।’
ਚੌਕੀ: ਲੱਕੜ ਦੀ ਬੜੀ ਵੱਡੀ ਪੀੜ੍ਹੀ ਨੂੰ ਚੌਕੀ ਦਾ ਨਾਂ ਦਿੱਤਾ ਜਾਂਦਾ ਹੈ। ਚੌਕੀ ਨੂੰ ਸ਼ਗਨਾਂ ਦੀ ਵਸਤੂ ਦੇ ਤੌਰ ’ਤੇ ਪੰਜਾਬੀ ਪੇਂਡੂ ਘਰਾਂ ਵਿਚ ਬੜਾ ਸਾਂਭ ਕੇ ਰੱਖਿਆ ਜਾਂਦਾ ਹੈ। ਆਮ ਕਰਕੇ ਇਹ ਚੌਕੀ ਵਿਆਹਾਂ ਸ਼ਾਦੀਆਂ ਸਮੇਂ ਹੀ ਕੰਮ ਆਉਂਦੀ ਹੈ ਨਹੀਂ ਤਾਂ ਅਸੀਂ ਬੈਠਣ ਵਾਸਤੇ ਪੀੜ੍ਹੀ ਜਾਂ ਪਟਰੇ ਤੋਂ ਕੰਮ ਲੈਂਦੇ ਹਾਂ। ਚੌਕੀ ਆਮ ਤੌਰ ’ਤੇ ਚਾਰ ਪੈਰਾਂ ’ਤੇ ਵਰਗਾਕਾਰ ਵਿਚ ਬਣਾਈ ਜਾਂਦੀ ਹੈ। ਮੁੰਡੇ ਜਾਂ ਕੁੜੀ ਦੇ ਵਿਆਹ ਸਮੇਂ ਇਸ ਚੌਕੀ ’ਤੇ ਵਿਆਂਦੜ ਨੂੰ ਬੈਠਾ ਕੇ ਵਟਣਾ ਮਲਿਆ ਜਾਂਦਾ ਹੈ ਜਿਸ ਨੂੰ ਸੁਹਾਗ ਦੇ ਗੀਤਾਂ ਨਾਲ ਵਰਤੋਂ ਵਿਚ ਲਿਆਂਦਾ ਜਾਂਦਾ। ਵਿਆਹ ਸਮੇਂ ਵੀ ਵਿਆਂਦੜ ਨੂੰ ਇਸ ਸ਼ਗਨਾਂ ਵਾਲੀ ਚੌਕੀ ’ਤੇ ਹੀ ਨਹਾਇਆ ਜਾਂਦਾ ਅਤੇ ਇਸ ਸਮੇਂ ਮੁੰਡੇ ਜਾਂ ਕੁੜੀ ਨੂੰ ਚੌਕੀ ਤੋਂ ਉਸ ਦਾ ਮਾਮਾ ਉਤਾਰਦਾ। ਸਦੀਆਂ ਤੋਂ ਚੱਲਿਆ ਆ ਰਹੀ ਇਹ ਰਵਾਇਤ ਅੱਜਕੱਲ੍ਹ ਘਟਦੀ ਜਾ ਰਹੀ ਹੈ। ਇਸ ਤਰ੍ਹਾਂ ਲੱਕੜ ਦੀ ਇਸ ਚੌਕੀ ਦੀ ਪੇਂਡੂ ਵਿਆਹਾਂ ਵਿਚ ਬਹੁਤ ਅਹਿਮੀਅਤ ਹੋ ਜਾਂਦੀ ਹੈ।
ਚੱਕੀ: ਚੱਕੀ ਤੋਂ ਲਗਭਗ ਹਰ ਕੋਈ ਵਾਕਫ਼ ਹੈ ਕਿਉਂਕਿ ਇਹ ਹੀ ਉਹ ਘਰੇਲੂ ਛੋਟੀ ਹੱਥ ਨਾਲ ਚੱਲਣ ਵਾਲੀ ਮਸ਼ੀਨ ਹੁੰਦੀ ਸੀ ਜਿਸ ਨੂੰ ਔਰਤਾਂ ਚਲਾ ਕੇ ਆਪਣੇ ਪਰਿਵਾਰ ਲਈ ਅਨਾਜ ਤੋਂ ਆਟਾ ਤਿਆਰ ਕਰਦੀਆਂ ਸਨ। ਇਸ ਤਰ੍ਹਾਂ ਇਸ ਚੱਕੀ ਨੂੰ ਆਟਾ ਚੱਕੀ ਵੀ ਕਿਹਾ ਜਾਂਦਾ ਸੀ ਜੋ ਹਰ ਇਨਸਾਨ ਲਈ ਰੋਟੀ ਦਾ ਵਸੀਲਾ ਬਣਦੀ ਸੀ। ਘਰ ਦੇ ਕਿਸੇ ਕੋਨੇ ਵਿਚ ਰੱਖੀ ਗਈ ਇਹ ਚੱਕੀ ਬੜੇ ਮਹੱਤਵ ਅਤੇ ਜ਼ਰੂਰਤ ਵਾਲੀ ਹੁੰਦੀ ਸੀ। ਪਰ ਸਮੇਂ ਦੇ ਨਾਲ-ਨਾਲ ਮਸ਼ੀਨੀ ਯੁੱਗ ਆਉਣ ਨਾਲ, ਇਸ ਚੱਕੀ ਦੀ ਲੋੜ ਅਤੇ ਅਹਿਮੀਅਤ ਘੱਟਦੀ ਚਲੀ ਗਈ। ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੀਆਂ ਬਿਜਲੀ ਨਾਲ ਚੱਲਣ ਵਾਲੀਆਂ ਚੱਕੀਆਂ ਦੇ ਆਉਣ ਨਾਲ ਇਹ ਘਰੇਲੂ ਹੱਥ ਚੱਕੀਆਂ ਖ਼ਤਮ ਹੀ ਹੋ ਗਈਆਂ ਹਨ ਅਤੇ ਅੱਜ ਦੀ ਪੀੜ੍ਹੀ ਦੇ ਬੱਚਿਆਂ ਨੂੰ ਤਾਂ ਇਹ ਦੇਖਣ ਵਿਚ ਵੀ ਨਹੀਂ ਮਿਲਦੀਆਂ। ਪਰ ਖੁਸ਼ੀ ਦੀ ਗੱਲ ਹੈ ਕਿ ਆਟਾ ਪੀਸਣ ਦੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਨੂੰ ਵੀ ਚੱਕੀ ਹੀ ਕਿਹਾ ਜਾਂਦਾ ਹੈ। ਮੈਨੂੰ ਯਾਦ ਹੈ ਕਿ ਜਦੋਂ ਇੰਦਰਾ ਗਾਂਧੀ ਦੇਸ਼ ਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੀ ਸੀ ਤਾਂ ਕਾਲਜਾਂ ਦੇ ਮੁੰਡੇ ਗਾਉਂਦੇ ਫਿਰਦੇ ਸਨ:
ਚੱਕੀ ਛੁੱਟ ਗਈ, ਚੁੱਲ੍ਹੇ ਨੇ ਛੁੱਟ ਜਾਣਾ
ਰਾਜ ਆ ਗਿਆ ਔਰਤਾਂ ਦਾ।
ਇਹ ਹੋਇਆ ਵੀ ਸੱਚ, ਚੱਕੀ ਤਾਂ ਵੱਡੀਆਂ ਮਸ਼ੀਨਾਂ ਦੇ ਆਉਣ ਨਾਲ ਖ਼ਤਮ ਹੋ ਗਈ ਅਤੇ ਪੇਂਡੂ-ਘਰੇਲੂ ਚੁੱਲ੍ਹੇ ਵੀ ਸਟੋਵ ਅਤੇ ਗੈਸ ਸਿਲੰਡਰ ਆਉਣ ਨਾਲ ਖ਼ਤਮ ਹੀ ਹੋ ਗਏ ਹਨ। ਅੱਜਕੱਲ੍ਹ ਤਾਂ ਚੱਕੀ ਅਤੇ ਚੁੱਲ੍ਹਾ ਦੋਵੇਂ ਹੀ ਬੀਤੇ ਵਿਰਸੇ ਦੀਆਂ ਗੱਲਾਂ ਰਹਿ ਗਈਆਂ ਹਨ। ਚੱਕੀ ਅਤੇ ਚੁੱਲ੍ਹਾ ਪੰਜਾਬੀ ਸੱਭਿਆਚਾਰ ਦੀ ਅਹਿਮ ਕੜੀ ਰਹੇ ਹਨ। ਕਿੰਨੇ ਗੀਤ, ਕਹਾਣੀਆਂ, ਲੋਕ ਗੀਤ, ਬੋਲੀਆਂ ਵਿਚ ਚੱਕੀ ਤੇ ਚੁੱਲ੍ਹਾ ਭਾਰੂ ਰਹੇ ਹਨ:
* ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰੀ
ਸੱਸ ਨਾਲ ਪ੍ਰੀਤ ਰੱਖਦੀ
* ਚੁੱਲ੍ਹੇ ਤਾਂ ਮੈਂ ਰੋਟੀਆਂ ਪਕਾਉਂਦੀਆਂ ਹਾਰੇ ਧਰਦੀ ਖੀਰ,
ਆਏ ਪ੍ਰਾਹੁਣੇ ਖਾ ਗਏ ਰੋਟੀਆਂ,
ਭੁੱਖਾ ਰਿਹਾ ਵਜ਼ੀਰ ਨੀਂ ਬਚਾ ਲੈ ਨਣਦੇ,
ਮਾਰੂਗਾ ਤੇਰਾ ਵੀਰ।
* ਗੋਹਾ ਲਾ ਕੇ ਚੁੱਲ੍ਹੇ ’ਚ ਫੂਕ ਮਾਰੀ
ਛੜਿਆਂ ਦੀ ਅੱਗ ਨਾ ਬਲੇੇ।
ਇਸੇ ਤਰ੍ਹਾਂ ਨਵ-ਵਿਆਹੀ ਮੁਟਿਆਰ ਆਪਣੀ ਮਾਂ ਨੂੰ ਆਪਣੇ ਮੰਦੜੇ ਹਾਲ ਦਾ ਬਿਆਨ ਕਰਦੀ ਹੋਈ ਕਹਿੰਦੀ ਹੈ:
ਸਾਝਰੇ ਉੱਠ ਮੈਂ ਚੱਕੀ ਫੇਰਾਂ
ਫਿਰ ਚੁੱਲ੍ਹੇ-ਚੌਕੇ ਦੀ ਕਰਾਂ ਸੰਭਾਲ
ਦੱਸ ਤੂੰ ਮਾਏ ਮੇਰੀਏ
ਮੈਂ ਕਿੱਦਾ ਕੱਢਾ ਰੁਮਾਲ।
ਚਬੂਤਰਾ: ਪਿੰਡਾਂ ਦੀਆਂ ਔਰਤਾਂ ਚਬੂਤਰੇ ਸ਼ਬਦ ਦਾ ਆਮ ਪ੍ਰਯੋਗ ਕਰਦੀਆਂ ਸਨ। ਚਬੂਤਰੇ ਦਾ ਸ਼ਬਦੀ ਅਰਥ ਭਾਵੇਂ ਉੱਚਾ ਪਲੈਟਫਾਰਮ ਹੁੰਦਾ ਹੈ, ਪਰ ਚੁਬਾਰੇ ਦੇ ਵਿਹੜੇ ਜਾਂ ਚੁਬਾਰੇ ਦੀ ਛੱਤ ਨੂੰ ਵੀ ਚਬੂਤਰਾ ਕਿਹਾ ਜਾਂਦਾ ਸੀ। ਘਰਾਂ ਵਿਚ ਉੱਚੀ ਥਾਂ ਵੀ ਚਬੂਤਰਾ ਅਖਵਾਉਂਦੀ ਸੀ। ਆਮ ਕਰਕੇ ਔਰਤਾਂ ਇਸ ਸ਼ਬਦ ਨੂੰ ਟਕੋਰ ਲਗਾਉਣ ਵਾਸਤੇ ਵਰਤਦੀਆਂ ਸਨ। ਜਿਸ ਤਰ੍ਹਾਂ ਇਕ ਉੱਚੇ ਥਾਂ ਬੈਠੀ ਔਰਤ ਨੂੰ ਮਿਲਣ ਆਈਆਂ ਔਰਤਾਂ ਉਸ ਦੇ ਉੱਚਾ ਬੋਲਣ ’ਤੇ ਟਕੋਰ ਕਰਦੀਆਂ ਕਹਿੰਦੀਆਂ, ‘ਨੀਂ ਅਸੀਂ ਤੈਨੂੰ ਮਿਲਣ ਆਈਆਂ, ਤੂੰ ਚਬੂਤਰੇ ਚੜ੍ਹੀ ਬੈਠੀ ਏੇ।’ ਇਸ ਤਰ੍ਹਾਂ ਚਬੂਤਰਾ ਔਰਤਾਂ ਵਿਚ ਹਾਸੇ-ਠੱਠੇ ਦਾ ਸਾਧਨ ਵੀ ਬਣ ਜਾਂਦਾ।
ਕੁਝ ਵੀ ਹੋਵੇ ਇਹ ਮਿੱਠੇ ਸ਼ਬਦ ਸਾਡੇ ਸਮਾਜਿਕ ਜੀਵਨ ਵਿਚ ਘਰ ਕਰ ਚੁੱਕੇ ਸਨ ਅਤੇ ਇਨ੍ਹਾਂ ਕਾਰਨ ਹੀ ਪੰਜਾਬੀ ਪੇਂਡੂ ਸੱਭਿਆਚਾਰ ਰੰਗੀਨ ਬਣਿਆ ਹੋਇਆ ਸੀ।
ਸੰਪਰਕ: 98764-52223