ਮੁੰਬਈ, 1 ਮਾਰਚ
ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਪਰਿਨੀਤੀ ਚੋਪੜਾ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਐਨੀਮਲ’ ਅਗਲੇ ਸਾਲ 2022 ਵਿੱਚ ਦਸਹਿਰੇ ਮੌਕੇ ਰਿਲੀਜ਼ ਹੋਵੇਗੀ। ਫਿਲਮ ਦੇ ਕਲਾਕਾਰਾਂ ਪਰਿਨੀਤੀ ਚੋਪੜਾ, ਅਨਿਲ ਕਪੂਰ ਤੇ ਬੌਬੀ ਦਿਓਲ ਨੇ ਟਵਿੱਟਰ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਪਰਿਨੀਤੀ ਨੇ ਟਵੀਟ ਕਰਦਿਆਂ ਕਿਹਾ ਕਿ 2022 ਵਿੱਚ ਦਸਹਿਰੇ ਮੌਕੇ ‘ਐਨੀਮਲ’ ਸਿਨੇਮਾਂ ਘਰਾਂ ਵਿੱਚ ਹੋਵੇਗੀ। ਬੌਬੀ ਦਿਓਲ ਨੇ ਟਵੀਟ ’ਚ ਕਿਹਾ, ‘ਫਿਲਮਸਾਜ਼ ਸੰਦੀਪ ਰੈੱਡੀ ਵਾਂਗਾ ਵੱਲੋਂ ਨਿਰਦੇਸ਼ਿਤ ਤੇ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ ਤੇ ਪਰਨੀਤੀ ਚੋਪੜਾ ਦੀ ਮੁੱਖ ਭੂਮਿਕਾ ਵਾਲੀ ‘ਫਿਲਮ ਐਨੀਮਲ’ 2022 ਵਿੱਚ ਦਸਹਿਰੇ ਮੌਕੇ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਭੂਸ਼ਨ ਕੁਮਾਰ, ਪ੍ਰਣਯ ਵਾਂਗਾ, ਮੁਰਾਦ ਖੇਤਾਨੀ ਤੇ ਕ੍ਰਿਸ਼ਨ ਕੁਮਾਰ ਹਨ’’। ਜ਼ਿਕਰਯੋਗ ਹੈ ਕਿ 2017 ਦੀ ਹਿੱਟ ਤੇਲਗੂ ਫਿਲਮ ‘ਅਰਜੁਨ ਰੈੱਡੀ’ ਅਤੇ ਇਸ ਫਿਲਮ ਦੇ ਹੀ ਬੌਲੀਵੁੱਡ ਰੀਮੇਕ ‘ਕਬੀਰ ਸਿੰਘ’ ਮਗਰੋਂ ਸੰਦੀਪ ਰੈੱਡੀ ਇਸ ਫਿਲਮ ਨਾਲ ਮੁੜ ਨਿਰਦੇਸ਼ਕ ਵਜੋਂ ਵਾਪਸੀ ਕਰ ਰਿਹਾ ਹੈ। ‘ਐਨੀਮਲ’ ਇੱਕ ਗੈਂਗਸਟਰ ਡਰਾਮਾ ਫਿਲਮ ਹੈ, ਜਿਸ ਵਿੱਚ ਪਰਿਨੀਤੀ ਚੋਪੜਾ, ਰਣਬੀਰ ਦੀ ਪਤਨੀ ਦਾ ਕਿਰਦਾਰ ਤੇ ਅਨਿਲ ਕਪੂਰ ਉਸ ਦੇ ਪਿਤਾ ਦਾ ਰੋਲ ਨਿਭਾ ਰਹੇ ਹਨ। -ਆਈਏਐੱਨਐੱਸ