ਸਾਂਵਲ ਧਾਮੀ
ਇਹ ਦਰਦ ਕਹਾਣੀ ਮੈਨੂੰ ਕਰੀਮਾ ਬੀਬੀ ਉਰਫ਼ ਕਰਮ ਕੌਰ ਦੇ ਪੋਤਰੇ ਨੇ ਸੁਣਾਈ ਸੀ।
ਇਸ ਕਹਾਣੀ ਦਾ ਆਗਾਜ਼ ਜ਼ਿਲ੍ਹਾ ਬਠਿੰਡਾ ਦੇ ਕਸਬੇ ਰਾਮਾ ਮੰਡੀ ਤੋਂ ਹੋਇਆ। ਮਿਸਤਰੀ ਮਿਹਰਦੀਨ ਦੀ ਧੀ ਕਰੀਮਾ ਬੀਬੀ ਦੇ ਜਨਮ ਨਾਲ। ਵੰਡ ਦੀ ਰੁੱਤੇ ਇਹ ਭਰ ਮੁਟਿਆਰ ਸੀ। ਵੱਢ-ਟੁੱਕ ਵਿਚ ਇਸ ਨੂੰ ਘਰ ਛੱਡ ਕੇ ਅੱਬਾ, ਅੰਮੀ ਤੇ ਭਰਾਵਾਂ ਨਾਲ ਕਿਸੇ ਸਰਦਾਰ ਦੀ ਹਵੇਲੀ ਵਿਚ ਲੁਕਣਾ ਪਿਆ। ਬਾਹਰ ਗਲੀਆਂ ਵਿਚ ਜ਼ਹਿਰੀਲੀ ਹਵਾ ਰੁਮਕਦੀ ਰਹੀ। ਇਹ ਕਹਾਣੀ ਹਵੇਲੀ ਦੇ ਇਕ ਕੋਨੇ ਵਿਚ ਬਣੇ ਮਿੱਟੀ ਦੇ ਢਾਰੇ ਵਿਚ ਕਿਸੇ ਘੁੱਗੀ ਵਾਂਗ ਸਹਿਮੀ ਬੈਠੀ ਰਹੀ।
ਇਕ-ਦੋ-ਤਿੰਨ-ਚਾਰ ਮਹੀਨੇ ਗੁਜ਼ਰ ਗਏ। ਅੱਧ-ਅਸਮਾਨੇ ਪਹੁੰਚੀ ਧੂੜ ਹੌਲੀ-ਹੌਲੀ ਜ਼ਮੀਨ ’ਤੇ ਬੈਠ ਗਈ। ਉੱਜੜੇ ਪਰਿੰਦਿਆਂ ਨੇ ਏਧਰ-ਓਧਰ ਆਲ੍ਹਣੇ ਲੱਭ ਲਏ। ਇਕ ਦਿਨ ਮਿਹਰਦੀਨ ਹਵੇਲੀ ’ਚੋਂ ਬਾਹਰ ਨਿਕਲਿਆ। ਉਹਦੇ ਸਿਰ ’ਤੇ ਟੋਪੀ ਨਹੀਂ ਸਗੋਂ ਸਰਦਾਰਾਂ ਵਾਲੀ ਨੋਕਦਾਰ ਪੱਗ ਸੀ। ਗਲੀਆਂ ਅਤੇ ਮਕਾਨ ਤਾਂ ਉਹੀ ਸਨ, ਪਰ ਪਹਿਲਾਂ ਵਾਲੀ ਰੌਣਕ ਗਾਇਬ ਸੀ। ਕੁੱਲ੍ਹੇ ਵਾਲੀਆਂ ਪੱਗਾਂ, ਚਿੱਟੇ ਵਸਤਰ, ਕਤਰੀਆਂ ਮੁੱਛਾਂ ਤੇ ਲੰਮੀਆਂ-ਲਾਖੀਆਂ ਦਾੜ੍ਹੀਆਂ ਵਾਲੇ ਲੋਕ ਤੁਰ ਗਏ ਸਨ।
ਉਹ ਆਪਣੇ ਘਰ ਮੂਹਰੇ ਗਿਆ। ਉਹਦੇ ਘਰ ਦੀਆਂ ਕੰਧਾਂ ਧੁਆਂਖੀਆਂ ਗਈਆਂ ਸਨ। ਦੇਵਦਾਰ ਦੀ ਲੱਕੜੀ ਦਾ ਦਰਵਾਜ਼ਾ ਓਥੇ ਨਹੀਂ ਸੀ। ਉਸ ਦਰਵਾਜ਼ੇ ਦੀ ਨੱਕਾਸ਼ੀ ਵੇਖਣ ਲਈ ਤੁਰੇ ਜਾਂਦੇ ਲੋਕਾਂ ਦੇ ਪੈਰ ਆਪ-ਮੁਹਾਰੇ ਰੁਕ ਜਾਂਦੇ ਸਨ। ਉਹ ਦਰਵਾਜ਼ਾ ਮਿਹਰਦੀਨ ਨੇ ਆਪਣੇ ਹੱਥਾਂ ਨਾਲ ਬਣਾਇਆ ਸੀ।
‘ਅੱਗ ਲਗਾਉਣ ਤੋਂ ਪਹਿਲਾਂ ਉਨ੍ਹਾਂ ਦਰਵਾਜ਼ਾ ਲਾਹ ਲਿਆ ਹੋਣਾ। ਇਸ ਵਰ੍ਹਦੀ ਅੱਗ ਵਿਚ ਵੀ ਮੇਰੇ ਹੁਨਰ ਦਾ ਮੁੱਲ ਪੈ ਗਿਆ।’ ਇਹ ਸੋਚਦਿਆਂ ਉਹਨੇ ਆਪਣੇ ਹੱਥਾਂ ਵੱਲ ਵੇਖਿਆ ਤੇ ਅੰਦਰੋਂ ਅੰਦਰੀਂ ਮੁਸਕਰਾ ਪਿਆ ਸੀ। ਟੁੱਟੇ ਦਿਲ ਨਾਲ ਉਹ ਅਗਾਂਹ ਵੱਲ ਨੂੰ ਤੁਰ ਪਿਆ। ਥੋੜ੍ਹੀ ਦੂਰ ਬਾਜ਼ਾਰ ਵਿਚ ਉਹਦੀ ਦੁਕਾਨ ਸੀ। ਜਿੱਥੇ ਉਹ ਸੰਦੂਕ ਬਣਾਉਂਦਾ ਹੁੰਦਾ ਸੀ। ਉਸ ਦੁਕਾਨ ਵਿਚ ਵੱਡੇ ਸਿਰ, ਲੰਮੀਆਂ ਮੁੱਛਾਂ ਤੇ ਮੋਟੇ ਢਿੱਡ ਵਾਲਾ ਸਿਆਹ-ਰੰਗਾ ਕੋਈ ਉਦਾਸ ਸ਼ਖ਼ਸ ਬੈਠਾ ਸੀ। ਉਹਦੇ ਸਾਹਵੇਂ ਮੂੰਗਫ਼ਲੀ, ਫੁੱਲੀਆਂ ਤੇ ਪਤਾਸਿਆਂ ਦੇ ਨਿੱਕੇ-ਨਿੱਕੇ ਢੇਰ ਲੱਗੇ ਹੋਏ ਸਨ। ਗੁਜ਼ਰੇ ਹੋਏ ਜ਼ਮਾਨੇ ਨੂੰ ਯਾਦ ਕਰਦਿਆਂ ਉਹਦਾ ਸਿਰ ਚਕਰਾ ਗਿਆ। ਉਹਨੇ ਬੜੀ ਮੁਸ਼ਕਿਲ ਨਾਲ ਖ਼ੁਦ ਨੂੰ ਸੰਭਾਲਿਆ ਤੇ ਪੈਰ ਘੜੀਸਦਾ ਸਰਦਾਰ ਦੀ ਹਵੇਲੀ ਵੱਲ ਨੂੰ ਮੁੜ ਪਿਆ। ਰਾਹ ਵਿਚ ਉਹਨੂੰ ਕੁਝ ਜਾਣੇ-ਪਛਾਣੇ ਚਿਹਰੇ ਮਿਲੇ ਜ਼ਰੂਰ, ਪਰ ਉਹਨੂੰ ਕਿਸੇ ਨੇ ਪਛਾਣਿਆ ਨਹੀਂ ਸੀ।
ਸ਼ਾਮ ਢਲੇ ਮਿਹਰਦੀਨ ਨੇ ਸਰਦਾਰ ਅੱਗੇ ਅਰਜ਼ ਕੀਤੀ ਕਿ ਉਹ ਹਰ ਹਾਲ ਪਾਕਿਸਤਾਨ ਚਲੇ ਜਾਣਾ ਚਾਹੁੰਦੇ ਨੇ। ਦੋ ਦਿਨਾਂ ਬਾਅਦ ਉਨ੍ਹਾਂ ਲੀਕੋਂ ਪਾਰ ਜਾਣ ਦੀ ਤਿਆਰੀ ਕਰ ਲਈ। ਤੁਰਨ ਲੱਗੇ ਤਾਂ ਮਿਹਰਦੀਨ ਬੋਲਿਆ- ਸਰਦਾਰ ਜੀ, ਜੇ ਮੇਰੀ ਗੱਲ ਮੰਨੋਂ ਤਾਂ ਮੇਰੀ ਧੀ ਨੂੰ ਕੁਝ ਦਿਨਾਂ ਲਈ ਇੱਥੇ ਰੱਖ ਲਓ। ਇਹ ਨਾਲ ਹੋਈ ਤਾਂ ਖ਼ਤਰਾ ਹੋਰ ਵਧ ਜਾਣਾ ਏ। ਥੋੜ੍ਹੇ ਦਿਨਾਂ ਤਕ ਮੈਂ ਇਹਨੂੰ ਆ ਕੇ ਲੈ ਜਾਵਾਂਗਾ।
ਧੀ ਨੂੰ ਸਰਦਾਰ ਦੀ ਹਵੇਲੀ ਵਿਚ ਛੱਡ ਕੇ ਬਾਕੀ ਟੱਬਰ ਪਾਕਿਸਤਾਨ ਚਲਾ ਗਿਆ। ਤਿੰਨ ਮਹੀਨੇ ਮਿਹਰਦੀਨ ਦੀ ਕੋਈ ਚਿੱਠੀ ਨਾ ਆਈ। ਆਖ਼ਰ ਉਹਨੇ ਸੋਚ ਲਿਆ ਕਿ ਮਿਹਰਦੀਨ ਹੋਰਾਂ ਨਾਲ ਕੁਝ ਬੁਰਾ ਵਾਪਰ ਗਿਆ ਹੋਣਾ ਏ।
ਕਰੀਮਾ ਬੀਬੀ ਦੀ ਸਹਿਮਤੀ ਲੈ ਕੇ ਸਰਦਾਰ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਨੂੰ ਸੁਨੇਹਾ ਘੱਲਿਆ। ਅਗਲੇ ਦਿਨ ਜੀਤ ਸਿੰਘ ਗਰੇਵਾਲ ਰਾਮਾ ਮੰਡੀ ਪਹੁੰਚ ਗਿਆ। ਅਗਲੇ ਦਿਨ ਸ਼ਾਮ ਢਲੇ ਕਰੀਮਾ ਬੀਬੀ ਜਦੋਂ ਬਾਂਡੀ ਪਿੰਡ ਪਹੁੰਚੀ ਤਾਂ ਉਹ ਕਰਮ ਕੌਰ ਬਣ ਗਈ ਸੀ। ਜੀਤ ਸਿੰਘ ਨੇਕ ਅਤੇ ਸ਼ਰੀਫ਼ ਬੰਦਾ ਸੀ। ਉਹ ਵੱਡੇ ਤੜਕੇ ਖੇਤਾਂ ਵੱਲ ਤੁਰ ਜਾਂਦਾ ਤੇ ਸ਼ਾਮ ਢਲੇ ਮੁੜਦਾ। ਥੋੜ੍ਹੇ ਦਿਨਾਂ ਵਿਚ ਕਰਮ ਕੌਰ ਨੇ ਉਹਨੂੰ ਤਨੋਂ-ਮਨੋਂ ਕਬੂਲ ਕਰ ਲਿਆ। ਉਨ੍ਹਾਂ ਦੇ ਘਰ ਪਹਿਲਾਂ ਕਾਲਾ ਸਿੰਘ ਨੇ ਜਨਮ ਲਿਆ ਤੇ ਉਸ ਤੋਂ ਤਿੰਨ ਵਰ੍ਹਿਆਂ ਬਾਅਦ ਧੀ ਪੈਦਾ ਹੋਈ।
ਇਕ ਦਿਨ ਰਾਮਾ ਮੰਡੀ ਵਾਲੇ ਸਰਦਾਰ ਨੂੰ ਮਿਹਰਦੀਨ ਦੀ ਚਿੱਠੀ ਆਈ। ਉਹਨੇ ਲਿਖਿਆ ਸੀ ਕਿ ਜ਼ਿੰਦਗੀ ਨੂੰ ਸਿਫ਼ਰ ਤੋਂ ਸ਼ੁਰੂ ਕਰਨਾ ਡਾਹਢਾ ਮੁਸ਼ਕਿਲ ਕੰਮ ਸੀ। ਰੋਜ਼ੀ-ਰੋਟੀ ਦੇ ਚੱਕਰਾਂ ਵਿਚ ਅਸੀਂ ਧੀ ਨੂੰ ਇੱਧਰ ਲਿਆਉਣ ਲਈ ਕੋਈ ਮਨਸੂਬਾ ਨਾ ਬਣਾ ਸਕੇ। ਮੈਂ ਚਿਸ਼ਤੀਆਂ ਮੰਡੀ ਵਿਚ ਕਿਸੇ ਕਾਰੀਗਰ ਦੀ ਦੁਕਾਨ ’ਤੇ ਕੰਮ ਕਰਨ ਲੱਗ ਪਿਆ ਹਾਂ। ਮੈਂ ਛੇਤੀਂ ਆਪਣੀ ਧੀ ਨੂੰ ਲੈਣ ਆਵਾਂਗਾ।
ਚਿੱਠੀ ਪੜ੍ਹ ਕੇ ਸਰਦਾਰ ਉਦਾਸ ਹੋ ਗਿਆ। ਉਹਨਾਂ ਮਿਹਰਦੀਨ ਨੂੰ ਲਿਖਿਆ-ਮਿਹਰਦੀਨ, ਮੈਂ ਪੂਰੇ ਤਿੰਨ ਮਹੀਨੇ ਤੇਰਾ ਖ਼ਤ ਉਡੀਕਦਾ ਰਿਹਾ। ਆਖ਼ਰ ਉਹਦੀ ਸਹਿਮਤੀ ਲੈਣ ਮਗਰੋਂ ਉਹਦਾ ਵਿਆਹ ਬਾਂਡੀ ਪਿੰਡ ਦੇ ਇਕ ਸਾਊ ਤੇ ਮਿਹਨਤੀ ਮੁੰਡੇ ਨਾਲ ਕਰ ਦਿੱਤਾ ਏ। ਉਹਦੇ ਘਰ ਹੁਣ ਬੱਚੇ ਨੇ। ਉਹ ਆਪਣੇ ਘਰ ਬੜੀ ਖ਼ੁਸ਼ ਏ।
ਮਿਹਰਦੀਨ ਆਪਣੀ ਧੀ ਦਾ ਸਿਰਨਾਵਾਂ ਲੈ ਕੇ ਚਿਸ਼ਤੀਆਂ ਦੇ ਪੁਲੀਸ ਥਾਣੇ ਵਿਚ ਪਹੁੰਚਿਆ। ਕੁਝ ਦਿਨਾਂ ਬਾਅਦ ਉਹਨੂੰ ਲਾਹੌਰ ਬੁਲਾਇਆ ਗਿਆ। ਓਥੋਂ ਉਹ ਉਸ ਟਰੱਕ ਵਿਚ ਬੈਠ ਗਏ ਜਿਸ ਨੇ ਮੁਸਲਮਾਨ ਕੁੜੀਆਂ ਨੂੰ ਬਰਾਮਦ ਕਰਨ ਵਾਸਤੇ ਬਠਿੰਡਾ ਆਉਣਾ ਸੀ।
ਅਗਲੇ ਦਿਨ ਉਨ੍ਹਾਂ ਦਾ ਟਰੱਕ ਬਾਂਡੀ ਪਿੰਡ ਪਹੁੰਚ ਗਿਆ। ਦੁਪਹਿਰ ਵੇਲੇ ਜਦੋਂ ਉਨ੍ਹਾਂ ਜੀਤ ਸਿੰਘ ਦੇ ਘਰ ਦਾ ਦਰ ਲੰਘਿਆ ਤਾਂ ਕਰਮ ਕੌਰ ਨੇ ਸਬਜ਼ੀ ਕੱਟ ਲਈ ਸੀ ਤੇ ਅੱਗ ਬਾਲ ਕੇ ਤੌੜੀ ਚੁੱਲ੍ਹੇ ’ਤੇ ਰੱਖੀ ਹੋਈ ਸੀ। ਚੀਕ ਮਾਰਦਿਆਂ ਉਹ ਕਾਹਲੀ ’ਚ ਉੱਠੀ ਤੇ ‘ਅੱਬਾ-ਅੱਬਾ’ ਕੁਰਲਾਉਂਦੀ ਦੌੜ ਕੇ ਮਿਹਰਦੀਨ ਨੂੰ ਚਿੰਬੜ ਗਈ। ਮਿਹਰਦੀਨ ਨੇ ਲੰਮਾ ਹਉਕਾ ਭਰਿਆ ਤੇ ਸਰਸਰੀ ਨਜ਼ਰ ਚੁਫ਼ੇਰੇ ਦੁੜਾਈ ਤੇ ਧੀ ਨੂੰ ਆਪਣੇ ਨਾਲੋਂ ਤੋੜਦਿਆਂ ਥੋੜ੍ਹਾ ਹਿਰਖ ਵਿਚ ਬੋਲਿਆ-ਚੱਲ ਕਰੀਮਾ ਬੀਬੀ, ਛੇਤੀਂ ਤੁਰ ਇੱਥੋਂ।
ਚਾਣਚਕ ਹੈਰਾਨ ਹੁੰਦਿਆਂ ਕਰੀਮਾ ਬੀਬੀ ਥੋੜ੍ਹਾ ਪਿਛਾਂਹ ਹਟ ਗਈ। ਉਹਨੇ ਵਿਲਕਦਿਆਂ ਚੁਫ਼ੇਰੇ ਦੇਖਿਆ। ਉਦੋਂ ਤਕ ਕੁਝ ਗੁਆਂਢਣਾਂ ਵੀ ਉਹਦੇ ਵਿਹੜੇ ਵਿਚ ਆ ਗਈਆਂ ਸਨ ਤੇ ਉਹਦਾ ਪੁੱਤਰ ਕਾਲੂ ਉਹਦੀ ਜੇਠਾਣੀ ਦੇ ਪਿੱਛੇ ਲੁਕਿਆ ਖੜ੍ਹਾ ਸੀ। ਇਕ ਸਿਪਾਹੀ ਨੇ ਕਰੀਮਾ ਬੀਬੀ ਨੂੰ ਮੁੰਡੇ ਬਾਰੇ ਪੁੱਛਿਆ ਤਾਂ ਉਹ ਚੁੱਪ ਰਹੀ। ਉਹਦੀ ਜੇਠਾਣੀ ਅੱਗੇ ਹੁੰਦਿਆਂ ਬੋਲੀ- ਕਰਮੀ ਦੇ ਕੁੱਛੜ ਤਾਂ ਇਕ ਧੀ ਆ ਬਸ। ਇਹ ਤਾਂ ਮੇਰਾ ਪੁੱਤ ਆ।
ਮਿਹਰਦੀਨ ਨੇ ਆਪਣੀ ਧੀ ਨੂੰ ਬਾਹੋਂ ਫੜ ਕੇ ਦਰਵਾਜ਼ੇ ਵੱਲ ਤੋਰ ਲਿਆ। ਕਰੀਮਾ ਬੀਬੀ ਨੇ ਜ਼ੋਰ ਨਾਲ ਬਾਂਹ ਛੁਡਾਉਂਦਿਆਂ ਆਪਣੀ ਧੀ ਨੂੰ ਕੁੱਛੜ ਚੁੱਕ ਲਿਆ। ਪੁੱਤਰ ਵੱਲ ਤਰਸੇਵੀ ਨਜ਼ਰ ਨਾਲ ਵੇਖਿਆ ਤੇ ਆਪਣੇ ਅੱਬਾ ਨਾਲ ਤੁਰ ਪਈ। ਗਲੀ ’ਚ ਆਉਂਦਿਆਂ ਉਹਨੇ ਏਡੀ ਉੱਚੀਆਂ ਧਾਹਾਂ ਮਾਰੀਆਂ ਕਿ ਆਂਢਣਾਂ-ਗੁਆਂਢਣਾਂ ਦੇ ਕਲੇਜੇ ਪਾਟ ਗਏ। ਧੀ ਨੂੰ ਹਿੱਕ ਨਾਲ ਘੁੱਟਦਿਆਂ ਉਹ ਟਰੱਕ ਵਿਚ ਆਪਣੇ ਵਰਗੀਆਂ ਦੁਖੀ ਔਰਤਾਂ ਦੇ ਵਿਚਕਾਰ ਜਾ ਬੈਠੀ।
ਜੀਤ ਸਿੰਘ ਘਰ ਮੁੜਿਆ। ਸਾਰੀ ਵਾਰਤਾ ਸੁਣੀ। ਕੰਧਾਂ ਵਿਚ ਸਿਰ ਮਾਰ-ਮਾਰ ਰੋਇਆ। ਆਪਣੇ ਪੁੱਤਰ ਕਾਲੂ ਨੂੰ ਹਿੱਕ ਨਾਲ ਲਗਾਈ ਉਹ ਸਾਰੀ ਰਾਤ ਹਟਕੋਰੇ ਭਰਦਾ ਰਿਹਾ। ਉਹਨੇ ਖੇਤਾਂ ਵੱਲ ਜਾਣਾ ਛੱਡ ਦਿੱਤਾ।
ਕੁਝ ਮਹੀਨਿਆਂ ਵਿਚ ਉਹਨੇ ਆਪਣਾ ਘਰ ਅਤੇ ਜ਼ਮੀਨ ਵੇਚ ਦਿੱਤੇ। ਉਸ ਨੇ ਆਪਣੇ ਪਿੰਡ ਤੋਂ ਬਹੁਤ ਦੂਰ ਕਿਸੇ ਨਵੇਂ ਪਿੰਡ ਵਿਚ ਜ਼ਮੀਨ ਖ਼ਰੀਦ ਲਈ। ਓਥੇ ਖੇਤਾਂ ’ਚ ਹੀ ਉਹਨੇ ਕੁੱਲੀ ਪਾ ਲਈ। ਜ਼ਿੰਦਗੀ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਉਹਨੂੰ ਬਹੁਤ ਮੁਸੀਬਤਾਂ ਝੱਲਣੀਆਂ ਪਈਆਂ। ਕੋਈ ਦਸ-ਬਾਰ੍ਹਾਂ ਵਰ੍ਹਿਆਂ ਦੀ ਮੁਸ਼ੱਕਤ ਤੋਂ ਬਾਅਦ ਉਹਨੇ ਪੱਕਾ ਘਰ ਬਣਾ ਲਿਆ।
ਬਹੁਤ ਵਰ੍ਹਿਆਂ ਬਾਅਦ ਕਰੀਮਾ ਬੀਬੀ ਦੀ ਖ਼ਬਰ ਆਈ। ਉਹ ਬਹਾਵਲਪੁਰ ਰਿਆਸਤ ਦੇ ਇਕ ਪਿੰਡ ਵਿਚ ਰਹਿੰਦੀ ਸੀ। ਉਹਦੇ ਗੁਆਂਢੀ ਦੀ ਭੈਣ ਸੰਤਾਲੀ ’ਚ ਇੱਧਰ ਰਹਿ ਗਈ ਸੀ। ਇਕ ਵਾਰ ਉਹ ਭਰਾ ਨੂੰ ਮਿਲਣ ਲਈ ਓਧਰ ਗਈ। ਓਥੇ ਉਹਦੀ ਮੁਲਾਕਾਤ ਕਰੀਮਾ ਬੀਬੀ ਨਾਲ ਹੋਈ। ਤੁਰਦੀ-ਤੁਰਦੀ ਗੱਲ ਬਾਂਡੀ ਪਿੰਡ ਤਕ ਪਹੁੰਚ ਗਈ। ਕਰੀਮਾ ਬੀਬੀ ਨੇ ਜੀਤ ਸਿੰਘ ਦੇ ਨਾਂ ‘ਸੁੱਖ-ਸਾਂਦ’ ਸੁਨੇਹਾ ਘੱਲਿਆ। ਉਸ ਔਰਤ ਦਾ ਪਤੀ ਸੁਨੇਹਾ ਲੈ ਕੇ ਪਹਿਲਾਂ ਬਾਂਡੀ ਪਿੰਡ ਤੇ ਫਿਰ ਜੀਤ ਸਿੰਘ ਦੇ ਨਵੇਂ ਪਿੰਡ ਪਹੁੰਚਿਆ।
ਇਕ ਵਾਰ ਜੀਤ ਸਿੰਘ ਬਾਰਡਰ ਦੇ ਕਿਸੇ ਪਿੰਡ ਵਿਆਹ ’ਤੇ ਗਿਆ। ਓਥੋਂ ਦੇ ਬਾਸ਼ਿੰਦਿਆਂ ਕੋਲੋਂ ਬਹਾਵਲਨਗਰ ਜ਼ਿਲ੍ਹੇ ਦੇ ਉਸ ਚੱਕ ਬਾਰੇ ਪੁੱਛਿਆ। ਉਸ ਪਿੰਡ ਦੇ ਬੰਦੇ ਬੋਲੇ- ਓਥੋਂ ਤਕ ਤਾਂ ਸਾਡੇ ਡੰਗਰ ਕਈ ਵਾਰ ਚੁਗਦੇ-ਚੁਗਦੇ ਚਲੇ ਜਾਂਦੇ ਨੇ। ਰਾਤ ਪਈ ਤੇ ਜੀਤ ਸਿੰਘ ਉਸ ਪਿੰਡ ਵੱਲ ਤੁਰ ਪਿਆ। ਚੰਨ-ਚਾਨਣੀ ਰਾਤ ਵਿਚ ਉਹ ਸੌਖਿਆ ਹੱਦ ਟੱਪ ਗਿਆ। ਪਿੰਡ ਦੇ ਬਾਹਰ ਉਹਨੂੰ ਬੋਹੜ ਥੱਲੇ ਬੈਠਾ ਇਕ ਫ਼ਕੀਰ ਮਿਲਿਆ। ਉਹਨੇ ਪੁੱਛਿਆ-ਕੌਣ ਏਂ ਤੂੰ? ਜੀਤ ਸਿੰਘ ਨੇ ਉਹਨੂੰ ਆਪਣਾ ਦੁੱਖ ਤੇ ਮਕਸਦ ਬੇਝਿਜਕ ਸੁਣਾ ਦਿੱਤਾ। ਫ਼ਕੀਰ ਉਦਾਸ ਜਿਹਾ ਹੱਸਿਆ ਤੇ ਉਹਨੇ ਜੀਤ ਸਿੰਘ ਨੂੰ ਆਪਣੇ ਕੋਲ ਬੈਠ ਜਾਣ ਦੀ ਗੁਜਾਰਿਸ਼ ਕੀਤੀ। ਜੀਤ ਸਿੰਘ ਉਹਦੇ ਕੋਲ ਬੈਠ ਗਿਆ। ਫ਼ਕੀਰ ਨੇ ਉਹਦੀ ਪਿੱਠ ਪਲੋਸੀ ਤੇ ਆਪਣੀ ਗੱਲ ਸ਼ੁਰੂ ਕਰ ਲਈ।
ਜੀਤ ਸਿੰਘ ਹੈਰਾਨ ਸੀ ਕਿ ਉਸ ਫ਼ਕੀਰ ਨੂੰ ਕਰੀਮਾ ਬੀਬੀ ਦੀ ਨਿੱਕੀ ਤੋਂ ਨਿੱਕੀ ਗੱਲ ਦਾ ਪਤਾ ਸੀ। ਉਸ ਵੇਲੇ ਤਾਂ ਉਹ ਡਾਹਢਾ ਹੈਰਾਨ ਹੋਇਆ ਜਦੋਂ ਉਹਨੇ ਪੁੱਛਿਆ-ਕਾਲਾ ਸਿੰਘ ਦਾ ਕੀ ਹਾਲ ਏ? ਜੀਤ ਸਿੰਘ ਨੇ ਉਸ ਕੋਲੋਂ ਆਪਣੀ ਧੀ ਬਾਰੇ ਪੁੱਛਿਆ ਤਾਂ ਉਹ ਬੋਲਿਆ ਸੀ-ਉਹਦਾ ਨਾਂ ਸਲੀਮਾਂ ਏ ਹੁਣ। ਜੀਤ ਸਿੰਘ ਨੇ ਕਰੀਮਾ ਬੀਬੀ ਨੂੰ ਮਿਲਣ ਦੀ ਗੱਲ ਆਖੀ ਤਾਂ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ ਸੀ-ਪੁਲਾਂ ਹੇਠੋਂ ਬਹੁਤ ਪਾਣੀ ਲੰਘ ਗਿਆ ਏ, ਸਰਦਾਰਾ। ਵਕਤ ਨੂੰ ਪੁੱਠਾ ਗੇੜਾ ਦੇਣ ਦੀ ਖ਼ਾਹਸ਼ ਨੂੰ ਤਿਆਗ ਦੇ। ਤੂੰ ਮੁੜ ਕਦੇ ਵੀ ਇੱਧਰ ਨਾ ਆਈਂ। ਉਹਦੀ ਨਿਸ਼ਾਨੀ ਤੇਰੇ ਕੋਲ ਏ। ਜਿਸ ਨੂੰ ਕਰੀਮਾ ਇਸ ਕਰਕੇ ਛੱਡ ਆਈ ਸੀ ਕਿ ਉਹਦਾ ਸਰਦਾਰ ਕਿਤੇ ਇਕੱਲਾ ਨਾ ਰਹਿ ਜਾਏ। ਇੱਧਰ ਆ ਕੇ ਵੀ ਉਹ ਤੈਨੂੰ ਭੁਲਾ ਨਾ ਸਕੀ। ਜਿਸ ਨਾਲ ਉਹਦਾ ਨਿਕਾਹ ਹੋਇਆ, ਉਹਦੇ ਲਈ ਕਰੀਮਾ ਬੀਬੀ ਦੇ ਦਿਲ ਵਿਚ ਕੋਈ ਥਾਂ ਨਹੀਂ ਸੀ। ਉਹ ਚੱਤੋ ਪਹਿਰ ਉਦਾਸ ਰਹਿੰਦੀ ਸੀ। ਲੁਕ-ਲੁਕ ਰੋਂਦੀ ਸੀ ਤੇ ਆਖ਼ਰ ਰੋਂਦੀ-ਕੁਰਲਾਉਂਦੀ ਕਬਰ ’ਚ ਜਾ ਸਮਾਈ ਸੀ।
ਕਰੀਮਾ ਬੀਬੀ ਦੀ ਮੌਤ ਦੀ ਖ਼ਬਰ ਸੁਣ ਕੇ ਜੀਤ ਸਿੰਘ ਨੇ ਧਾਹ ਮਾਰੀ ਸੀ। ਫ਼ਕੀਰ ਨੇ ਉਹਨੂੰ ਗਲ ਨਾਲ ਲਗਾ ਲਿਆ। ਜੀਤ ਸਿੰਘ ਹੈਰਾਨ ਸੀ ਕਿ ਉਹ ਫ਼ਕੀਰ ਵੀ ਡੁਸਕ ਰਿਹਾ ਸੀ। ਦੂਰੋਂ ਕੁੱਕੜ ਦੀ ਬਾਂਗ ਸੁਣਾਈ ਦਿੱਤੀ ਤਾਂ ਉਨ੍ਹਾਂ ਨੂੰ ਹੋਸ਼ ਆਈ। ਫ਼ਕੀਰ ਅੱਖਾਂ ਪੂੰਝਦਿਆਂ ਉੱਠਿਆ।
‘ਚੱਲ ਉੱਠ, ਮੈਂ ਤੈਨੂੰ ਪਾਰ ਲੰਘਾ ਆਵਾਂ!’ ਇਹ ਆਖ ਉਹ ਹੱਦ ਵੱਲ ਤੁਰ ਪਿਆ।
ਜੀਤ ਸਿੰਘ ਨੂੰ ਇਸ ਪਾਰ ਲੰਘਾ ਉਹ ਮੁੜਨ ਲੱਗਾ ਤਾਂ ਉਹਨੇ ਪੁੱਛਿਆ- ਤੂੰ ਕਰੀਮਾ ਬੀਬੀ ਬਾਰੇ ਇੰਨਾ ਕੁਝ ਕਿਵੇਂ ਜਾਣਦਾ ਏ ਫ਼ਕੀਰਾ?
ਉਹ ਤੁਰਦਾ-ਤੁਰਦਾ ਰੁਕ ਗਿਆ। ਫਿੱਕਾ ਜਿਹਾ ਹੱਸ ਕੇ ਬੋਲਿਆ- ਉਜਾੜਿਆਂ ਤੋਂ ਪਹਿਲਾਂ ਮੈਂ ਉਹਦਾ ਮੰਗੇਤਰ ਸੀ। ਉਹ ਹਿੰਦੋਸਤਾਨ ਵਿਚ ਰਹਿ ਗਈ। ਮੈਂ ਉਹਨੂੰ ਕਈ ਵਰ੍ਹੇ ਉਡੀਕਦਾ ਰਿਹਾ। ਉਹ ਆਈ ਤਾਂ ਉਹਦੇ ਕੁੱਛੜ ਇਕ ਸਿੱਖ ਦੀ ਕੁੜੀ ਸੀ। ਮੈਂ ਫਿਰ ਵੀ ਉਹਨੂੰ ਕਬੂਲ ਕਰ ਲਿਆ। ਉਹ ਮੇਰੇ ਨਾਲ ਨੌਂ ਵਰ੍ਹੇ ਰਹੀ ਪਰ…! ਮੈਂ ਆਪਣੇ ਹੱਥਾਂ ਨਾਲ ਉਹਨੂੰ ਕਬਰ ਵਿਚ ਉਤਾਰਿਆ ਸੀ। ਕਾਸ਼ ! ਉਹ ਜਿਉਂਦੀ ਹੁੰਦੀ। ਮੈਂ ਖ਼ੁਦ ਉਹਦਾ ਹੱਥ ਤੇਰੇ ਹੱਥਾਂ ਵਿਚ ਦੇ ਦਿੰਦਾ। ਹੁਣ ਤੂੰ ਹੀ ਦੱਸ ਸਰਦਾਰਾ ਮੈਂ ਉਹਦੀ ਕਬਰ ਨੂੰ ਤੇਰੇ ਨਾਲ ਕਿਵੇਂ ਤੋਰ ਦੇਵਾਂ? ਇਹ ਆਖ ਡੁਸਕਦਾ ਹੋਇਆ ਉਹ ਫ਼ਕੀਰ ਪਿਛਾਂਹ ਵੱਲ ਪਰਤ ਗਿਆ।
ਸੰਪਰਕ: 97818-43444