ਪੁਸ਼ਪਿੰਦਰ ਜੀਤ ਸਿੰਘ ਭਲੂਰੀਆ
ਕਿਸੇ ਵੀ ਕੰਮ ਦੇ ਹੋਣ ਲਈ ਉਸ ਪਿੱਛੇ ਕੀਤੇ ਯਤਨ ਅਤੇ ਸੋਚ ਉੁੱਤੇ ਨਿਰਭਰ ਕਰਦਾ ਹੈ ਕਿ ਕੰਮ ਦੀ ਗੁਣਵੱਤਾ ਕੀ ਹੋਵੇਗੀ। ਜੇਕਰ ਤੁਸੀਂ ਕੋਈ ਵੀ ਕੰਮ ਉਤਸ਼ਾਹ ਅਤੇ ਸਕਾਰਾਤਮਕ ਸੋਚ ਨਾਲ ਕਰਦੇ ਹੋ ਤਾਂ ਕੰਮ ਬੇਹੱਦ ਵਧੀਆ ਹੋਵੇਗਾ। ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਨਾਲ ਕਰਨ ਲਈ ਤੁਹਾਨੂੰ ਸੋਚ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਇਰਾਦਿਆਂ ਮਤਲਬ ਸੋਚ ਨੂੰ ਦ੍ਰਿੜ ਕਰ ਲਿਆ ਜਾਵੇ ਤਾਂ ਪੂਰੀ ਕਾਇਨਾਤ ਉਸ ਕੰਮ ਨੂੰ ਕਰਨ ਵਿਚ ਮਦਦ ਕਰਦੀ ਹੈ, ਪਰ ਜਿਵੇਂ ਸਿਆਣੇ ਕਹਿੰਦੇ ਹਨ:
ਹੋਵੇ ਸੋਚ ਤਾਂ ਭੰਨ ਪਹਾੜ ਦੇਈਏ
ਬਿਨਾਂ ਇਰਾਦਿਆਂ ਚੁੱਕਣਾ ਚਮਚ ਔਖਾ
ਸੋਚ ਨੂੰ ਮਜ਼ਬੂਤ ਰੱਖਣ ਲਈ ਚੰਗੀ ਮਾਨਸਿਕ ਸਿਹਤ ਅਤੇ ਵਧੀਆ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਸਾਡੇ ਵਿਚਾਰ ਵਧੀਆ ਹਨ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਹੱਲਾਸ਼ੇਰੀ ਦੇ ਕੇ ਕੋਈ ਵੀ ਕੰਮ ਕਰਵਾਇਆ ਜਾ ਸਕਦਾ ਹੈ, ਪਰ ਜੇਕਰ ਤੁਹਾਡੀ ਸੋਚ ਘਟੀਆ ਅਤੇ ਨਕਾਰਾਤਮਕ ਹੈ ਤਾਂ ਕਿਸੇ ਦੇ ਸਹੀ ਹੁੰਦੇ ਕੰਮ ਨੂੰ ਵਿਗਾੜ ਸਕਦੇ ਹੋ। ਸਾਡੇ ਲੋਕ ਜਾਦੂ- ਟੂਣਿਆਂ ਦੇ ਚੱਕਰ ਵਿਚ ਪੈ ਜਾਂਦੇ ਹਨ, ਪਰ ਇਹ ਸਮਝ ਤੋਂ ਦੂਰ ਹੈ ਕਿ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਬਲਕਿ ਸਾਡੇ ਦਿਮਾਗ਼ ਵਿਚ ਨਕਾਰਾਤਮਕ ਤਰੰਗਾਂ ਹਨ ਜੋ ਨਕਾਰਾਤਮਕਤਾ ਫੈਲਾ ਕੇ ਮਾਹੌਲ ਹੀ ਇਸ ਤਰ੍ਹਾਂ ਦਾ ਬਣਾ ਦਿੰਦੀਆਂ ਹਨ ਕਿ ਸਭ ਗ਼ਲਤ ਲੱਗਦਾ ਹੈ। ਜੇਕਰ ਤੁਸੀਂ ਚੰਗਾ ਸੋਚੋਗੇ ਤਾਂ ਤੁਹਾਡੇ ਦਿਮਾਗ਼ ਤੋਂ ਨਿਕਲੀਆਂ ਤਰੰਗਾਂ ਗ਼ਮਗੀਨ ਮਾਹੌਲ ਨੂੰ ਵੀ ਦਰੁਸਤ ਕਰ ਹਾਸਿਆਂ ਭਰਿਆ ਕਰ ਦੇਣਗੀਆਂ। ਪਰ ਜੇਕਰ ਤੁਹਾਡੇ ਦਿਮਾਗ਼ ਵਿਚ ਚਿੰਤਾ, ਗੁੱਸਾ, ਉਲਝਣ ਹੈ ਤਾਂ ਹਾਸਿਆਂ ਭਰਿਆ ਮਾਹੌਲ ਹੈ ਤਾਂ ਬਿਨਾਂ ਕੁਝ ਕਹੇ ਗ਼ਮ ਭਰਪੂਰ ਬਣਾ ਸਕਦੇ ਹੋ।
ਤੁਹਾਡੇ ਦਿਮਾਗ਼ ਵਿਚੋਂ ਨਿਕਲੀਆਂ ਤਰੰਗਾਂ ਦੂਸਰੇ ਇਨਸਾਨ ਉੱਤੇ ਵੀ ਅਸਰ ਪਾਉਂਦੀਆਂ ਹਨ ਜਿਵੇਂ ਜਾਦੂ ਟੂਣਿਆਂ ਵਾਲੇ ਆਪਣੀ ਸੋਚ ਮੁਤਾਬਕ ਦੂਸਰੇ ਉੱਤੇ ਐਨਾ ਅਸਰ ਪਾਉਂਦੇ ਹਨ ਕਿ ਉਨ੍ਹਾਂ ਦੀ ਕਮਜ਼ੋਰ ਮਾਨਸਿਕਤਾ ਇਸ ਦੀ ਸ਼ਿਕਾਰ ਹੋ ਕੇ ਰਹਿ ਜਾਂਦੀ ਹੈ। ਇਹ ਸਭ ਸਾਡੇ ਉੱਪਰ ਹੈ ਕਿ ਤੁਸੀਂ ਕੀ ਸੋਚਣਾ ਹੈ, ਤਰਕ ਕਰ ਕੇ ਸੋਚ ਬਲਵਾਨ ਬਣਾ ਕੇ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ ਜਾਂ ਕਿਸੇ ਦੀ ਸੋਚ ਪਿੱਛੇ ਲੱਗ ਕੇ ਤਬਾਹੀ ਦੇ ਰਸਤੇ ਜਾਣਾ ਹੈ। ਉਦਾਹਰਣ ਦੇ ਤੌਰ ’ਤੇ ਕੋਈ ਵੀ ਪਾਖੰਡੀ ਸਾਧ ਜਾਂ ਡੇਰੇਦਾਰ ਜਾਂ ਕਹੀਏ ਅਖੌਤੀ ਬਾਬਾ ਕੁਝ ਚੰਗੀਆਂ ਗੱਲਾਂ ਕਰਕੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਹ ਸਭ ਤੁਹਾਡੇ ਉੱਤੇ ਨਿਰਭਰ ਹੈ ਕਿ ਤੁਸੀਂ ਤਰਕਵਾਦੀ ਸੋਚ ਨਾਲ ਸੋਚ ਸਮਝ ਕੇ ਮੰਨਣਾ ਹੈ ਜਾਂ ਵਿਸਾਰਨਾ ਹੈ ਜਾਂ ਕਮਜ਼ੋਰ ਮਾਨਸਿਕਤਾ ਦੇ ਚੱਲਦਿਆਂ ਉਸ ਪਿੱਛੇ ਲੱਗ ਕੇ ਆਪਣੇ ਆਪ ਨੂੰ ਵਿਨਾਸ਼ ਵੱਲ ਲੈ ਜਾਣਾ ਹੈ ਅਤੇ ਪਾਖੰਡੀ ਦੀ ਸੋਚ ਨੂੰ ਹੋਰ ਬਲਵਾਨ ਕਰਕੇ ਹੋਰ ਕਮਜ਼ੋਰ ਮਾਨਸਿਕਤਾ ਵਾਲਿਆਂ ਵਿਚ ਫੈਲਾ ਕੇ ਘਾਣ ਕਰਨਾ ਹੈ।
ਅਖੌਤੀ ਲੀਡਰ ਜਾਂ ਅਖੌਤੀ ਗੀਤਕਾਰ ਲੋਕਾਂ ਦੇ ਮਨਾਂ ਵਿਚ ਬੈਠ ਕੇ ਉਨ੍ਹਾਂ ਨੂੰ ਪਿੱਛੇ ਲਾ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹਨ ਅਤੇ ਲੋਕ ਖ਼ੁਸ਼ੀ ਖ਼ੁਸ਼ੀ ਉਨ੍ਹਾਂ ਪਿੱਛੇ ਲੱਗਦੇ ਵੀ ਹਨ। ਅਣਜਾਣਪੁਣੇ ਵਿਚ ਕੀਤੀਆਂ ਇਨ੍ਹਾਂ ਬੇਵਕੂਫ਼ੀਆਂ ਕਰਕੇ ਸ਼ਾਇਦ ਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਹੋ ਗਏ ਅਤੇ ਲੱਚਰਤਾ ਦੇ ਸ਼ਿਕਾਰ ਹੋ ਗਏ। ਇਸੇ ਆੜ ਵਿਚ ਅਖੌਤੀ ਲੀਡਰਾਂ ਨੇ ਸੋਨੇ ਦੀ ਚਿੜੀ ਕਹਾਉਣ ਵਾਲੇ ਭਾਰਤ ਨੂੰ ਕਰਜ਼ਾਈ ਕਰਕੇ ਰੱਖ ਦਿੱਤਾ ਅਤੇ ਜਵਾਨੀਆਂ ਨੂੰ ਆਪਣੇ ਪਿੱਛੇ ਲਾਉਣ ਲਈ ਨਸ਼ਿਆਂ ਦੇ ਆਦੀ ਕਰਕੇ ਆਉਣ ਵਾਲੀਆਂ ਕਈ ਪੀੜ੍ਹੀਆਂ ਦਾ ਨਾਸ਼ ਕਰ ਦਿੱਤਾ।
ਸੋਚ ਨੂੰ ਮਜ਼ਬੂਤ ਕਰਨ ਲਈ ਸਕੂਲਾਂ, ਕਾਲਜਾਂ ਵਿਚ ਸਪੈਸ਼ਲ ਲੈਕਚਰ ਹੋਣੇ ਚਾਹੀਦੇ ਹਨ। ਸਪੈਸ਼ਲ ਕਿਤਾਬਾਂ ਪੜ੍ਹਾਈਆਂ ਜਾਣ ਤਾਂ ਕਿ ਆਉਣ ਵਾਲੀਆਂ ਨਸਲਾਂ ਪਰਿਪੱਕ ਸੋਚ ਦੀਆਂ ਮਾਲਕ ਹੋ ਕੇ ਵਿਲੱਖਣ ਸਮਾਜ ਦੀ ਸਿਰਜਣਾ ਕਰਨ, ਜਿਵੇਂ ਨੌਰਮਨ ਵਿੰਸੇਂਟ ਪੀਲ ਜੋ ਕਿ ਅਮਰੀਕਾ ਦੇ ਮੰਤਰੀ ਸਨ, ਨੇ 1952 ਵਿਚ ਕਿਤਾਬ ‘ਦਿ ਪਾਵਰ ਆਫ ਪਾਜ਼ੇਟਿਵ ਥਿੰਕਿੰਗ’ ਲਿਖੀ ਅਤੇ ਵਰਨਣ ਕੀਤਾ ਕਿ ਕਿਵੇਂ ਤੁਹਾਡੀ ਮਾਨਸਿਕਤਾ ਤੁਹਾਡੀ ਆਪਣੀ ਜ਼ਿੰਦਗੀ ਉੱਤੇ ਹੀ ਅਸਰ ਪਾਉਂਦੀ ਹੈ। ਮਾਨਸਿਕਤਾ ਨੂੰ ਮਜ਼ਬੂਤ ਰੱਖ ਕੇ ਤਰਕਵਾਦੀ ਅਤੇ ਹੌਸਲੇ ਵਾਲੀ ਸੋਚ ਅਪਣਾਈਏ ਅਤੇ ਲੋਕਾਂ ਅਤੇ ਸਮਾਜ ਨੂੰ ਨਵਾਂ ਰੂਪ ਦੇਈਏ।
ਸੰਪਰਕ: 97801-00442