ਪਰਮਜੀਤ ਕੌਰ ਸਰਹਿੰਦ
ਬੀਤੇ ਸਮੇਂ ਵਿੱਚ ਅੱਜ ਵਾਂਗ ਘਰਾਂ ਵਿੱਚ ਏ.ਸੀ. ਤੇ ਪੱਖੇ- ਕੂਲਰ ਆਦਿ ਨਹੀਂ ਹੁੰਦੇ ਸਨ। ਘਰ ਬਣਾਈਆਂ ਪੱਖੀਆਂ, ਪੱਠਿਆਂ ਵਾਲੇ ਬਾਜ਼ਾਰੀ ਪੱਖੇ ਜਾਂ ਫਿਰ ਖਜ਼ੂਰੀ ਪੱਖੀਆਂ ਹੀ ਗਰਮੀ ਤੋਂ ਬਚਾਅ ਲਈ ਝੱਲੀਆਂ ਜਾਂਦੀਆਂ ਸਨ। ਲੋਕ ਰਾਤ ਨੂੰ ਖੁੱਲ੍ਹੇ ਵਿਹੜਿਆਂ ਵਿੱਚ ਜਾਂ ਘਰਾਂ ਦੀਆਂ ਛੱਤਾਂ ਉੱਤੇ ਸੌਂਦੇ। ਗਰਮੀ ਦੇ ਮਾਰੇ ਉਹ ਅਲਾਣੇ ਮੰਜਿਆਂ ਉੱਤੇ ਹੀ ਸੌਂ ਜਾਂਦੇ। ਦੁਪਹਿਰ ਨੂੰ ਮਰਦ- ਮੁੰਡੇ ਪਿੱਪਲਾਂ – ਬਰੋਟਿਆਂ ਜਾਂ ਨਿੰਮਾਂ ਥੱਲੇ ਜਾ ਬੈਠਦੇ।
ਜੇਠ- ਹਾੜ੍ਹ ਦੇ ਤਪਦੇ ਥਲਾਂ ਵਰਗੇ ਮਹੀਨੇ ਮਨੁੱਖ ਨੂੰ ਹੀ ਨਹੀਂ ਪਸ਼ੂ- ਪੰਛੀਆਂ ਨੂੰ ਵੀ ਲੂਹ ਛੱਡਦੇ। ਜਦੋਂ ਮੀਂਹ ਨਾ ਪੈਂਦਾ ਛੱਪੜ- ਛੱਪੜੀਆਂ ਸੁੱਕ ਜਾਂਦੇ। ਗਾਵਾਂ- ਮੱਝਾਂ ਦੇ ਦੁੱਧ ਘਟ ਜਾਂਦੇ। ਪੰਛੀ ਰੁੱਖਾਂ ਤੋਂ ਬੇਹੋਸ਼ ਹੋ- ਹੋ ਡਿੱਗਦੇ ਤੇ ਮਰ ਵੀ ਜਾਂਦੇ। ਇੰਦਰ ਦੇਵਤਾ ਦੀ ਕਰੋਪੀ ਦੇ ਸਤਾਏ ਲੋਕ ਤਰਾਹ- ਤਰਾਹ ਤੇ ਰੱਬ- ਰੱਬ ਕਰਦੇ। ਇਸ ਔਖੀ ਘੜੀ ਔਰਤਾਂ ਗੁੱਡੀ ਫੂਕਣ ਦੀ ਤਿਆਰੀ ਕਰਦੀਆਂ। ਉਹ ਸੋਚਦੀਆਂ ਕਿ ਮੁਟਿਆਰ ਕੁੜੀ ਦੀ ਮੌਤ ’ਤੇ ਰੱਬ ਜ਼ਰੂਰ ਰੋਵੇਗਾ। ਰੱਬ ਨੂੰ ਰੁਆਉਣ ਲਈ ਤੇ ਉਹਨੂੰ ਭੁਲੇਖਾ ਪਾਉਣ ਲਈ ਇੱਕ ਕਰਮ ਕੀਤਾ ਜਾਂਦਾ ਉਹ ਸੀ ਗੁੱਡੀ ਫੂਕਣਾ ਭਾਵ ਜਵਾਨ ਕੁੜੀ ਦੀ ਮੌਤ ਦਾ ਨਾਟਕ। ਇਹ ਗੱਲ ਵੀ ਸੋਚਣੀ ਬਣਦੀ ਹੈ ਕਿ ਮਾਰਿਆ ਤਾਂ ਆਦਿ ਕਾਲ ਤੋਂ ਕੁੜੀਆਂ ਨੂੰ ਹੀ ਜਾਂਦਾ ਹੋਣਾ। ਖ਼ੈਰ ਰੱਬ ਨੂੰ ਰੁਆਉਣ ਲਈ ਤੇ ਮੀਂਹ ਪਵਾਉਣ ਲਈ ਪਿੰਡਾਂ ਵਿੱਚ ਅਕਸਰ ਹੀ ਗੁੱਡੀ ਫੂਕੀ ਜਾਂਦੀ। ਕਿਸੇ ਸ਼ਹਿਰ ਜਾਂ ਕਸਬੇ ਵਿੱਚ ਵੀ ਇਹ ਰੀਤ ਪੁਗਾਈ ਜਾਂਦੀ। ਇਹ ਧਾਰਨਾ ਬਣੀ ਰਹੀ ਕਿ ਗੁੱਡੀ ਫੂਕਣ ਤੋਂ ਥੋੜ੍ਹੀ- ਬਹੁਤੀ ਦੇਰ ਪਿੱਛੋਂ ਮੀਂਹ ਜ਼ਰੂਰ ਪੈਂਦਾ। ਮੁਟਿਆਰ ਦੀ ਅਣਹੋਈ ਮੌਤ ਦੇ ਵੈਣ ਸੁਣਕੇ ਰੱਬ ਵੀ ਰੋਂਦਾ।
ਗੁੱਡੀ ਫੂਕਣ ਦੀ ਪਰੰਪਰਾ ਪਿੰਡਾਂ ਵਿੱਚ ਕਦੇ ਕਦਾਈਂ ਅਜੇ ਵੀ ਨਿਭਾਈ ਜਾਂਦੀ ਹੈ। ਗੁੱਡੀ ਦਾ ਅੰਤਿਮ ਸਸਕਾਰ ਕਰਨ ਤੋਂ ਪਹਿਲਾਂ ਪੂਰੀ ਤਿਆਰੀ ਕੀਤੀ ਜਾਂਦੀ। ਸਾਰੇ ਗਲੀ- ਗੁਆਂਢ ਵਿੱਚੋਂ ਆਟਾ ਤੇ ਗੁੜ-ਸ਼ੱਕਰ ਇਕੱਠਾ ਕੀਤਾ ਜਾਂਦਾ। ਇਹ ਕੰਮ ਆਮਤੌਰ ’ਤੇ ਗੁੱਡੀਆਂ ਪਟੋਲਿਆਂ ਨਾਲ ਖੇਡਣ ਵਾਲੀਆਂ ਕੁਆਰੀਆਂ ਕੁੜੀਆਂ ਹੀ ਕਰਦੀਆਂ। ਉਹ ਕੁੜੀਆਂ ਲੀਰਾਂ ਦੀ ਗੁੱਡੀ ਬਣਾਉਂਦੀਆਂ, ਉਸ ਨੂੰ ਸੋਹਣੇ ਕੱਪੜੇ ਪਹਿਨਾ ਕੇ ਸਜਾਉਂਦੀਆਂ। ਵੱਡੀ ਉਮਰ ਦੀਆਂ ਸੁਆਣੀਆਂ ਵਿਧੀਵਤ ਉਸ ਦੀ ਅਰਥੀ ਤਿਆਰ ਕਰਦੀਆਂ। ਕੁਝ ਔਰਤਾਂ ਗੁੜ- ਸ਼ੱਕਰ ਨੂੰ ਪਾਣੀ ਵਿੱਚ ਘੋਲ ਕੇ ਆਟਾ ਗੁੰਨ੍ਹਦੀਆਂ। ਕਈ ਥਾਈਂ ਮਿੱਠੀਆਂ ਰੋਟੀਆਂ ਪਕਾਈਆਂ ਜਾਂਦੀਆਂ ਸਨ ਤੇ ਕਿਤੇ ਵੱਡਾ ਸਾਰਾ ਮਿੱਠਾ ਰੋਟ ਪਕਾਇਆ ਜਾਂਦਾ ਜਿਸ ਨੂੰ ‘ਮੰਨ’ ਕਿਹਾ ਜਾਂਦਾ। ਰੋਟ ਨੂੰ ਪਕਾਉਣਾ ਨਹੀਂ ਲਾਉਣਾ ਕਿਹਾ ਜਾਂਦਾ। ਰੋਟ ਲਗਾਉਣ ਦਾ ਕੰਮ ਕੋਈ ਮਾਹਰ ਤੇ ਸੁਚੱਜੀ ਔਰਤ ਹੀ ਕਰ ਸਕਦੀ।
ਮਿੱਠੇ ਆਟੇ ਨੂੰ ਕਿਸੇ ਵੱਡੇ ਸਮਤਲ ਭਾਂਡੇ ਵਿੱਚ ਰੱਖ ਕੇ ਬੇਲਣੇ ਨਾਲ ਬੇਲਿਆ ਜਾਂਦਾ ਜਾਂ ਹੱਥਾਂ ਨਾਲ ਦਬਾ- ਦਬਾ ਕੇ ਪੱਧਰਾ ਕੀਤਾ ਜਾਂਦਾ। ਘਿਓ ਦੇ ਹੱਥ ਲਾ ਕੇ ਉਸ ਨੂੰ ਰੋਟ ਦੀ ਸ਼ਕਲ ਦਿੱਤੀ ਜਾਂਦੀ ਭਾਵ ਵੱਡੇ ਆਕਾਰ ਦੀ ਰੋਟੀ ਬਣਾਈ ਜਾਂਦੀ। ਕਿਸੇ ਸਾਫ਼ – ਸੁਥਰੀ ਕੱਚੀ ਥਾਂ ਨੂੰ ਲਿੱਪ- ਪੋਚ ਕੇ ਉਸ ਉੱਤੇ ਗੋਹੇ ਪਾਥੀਆਂ ਦੀ ਅੱਗ ਦੀ ਧੂਣੀ ਲਾਈ ਜਾਂਦੀ। ਜਦੋਂ ਉਹ ਮੱਚ-ਮੱਚ ਕੇ ਲਾਲ ਸੂਹੇ ਅੰਗਿਆਰ ਬਣ ਜਾਂਦੇ ਤਾਂ ਉਨ੍ਹਾਂ ਨੂੰ ਕਿਸੇ ਬੇਲਚੇ ਜਾਂ ਕਿਸੇ ਵੱਡੇ ਚਿਮਟੇ ਤੇ ਖੁਰਚਣੇ ਨਾਲ ਪਰੇ ਕੀਤਾ ਜਾਂਦਾ। ਤੰਦੂਰ ਵਾਂਗ ਤਪ ਕੇ ਲਾਲ ਹੋਈ ਉਸ ਥਾਂ ਉੱਤੇ ਰੋਟ ਲਗਾ ਦਿੱਤਾ ਜਾਂਦਾ। ਪਾਸੇ ਕੀਤੇ ਭਖਦੇ ਅੰਗਿਆਰ ਫਿਰ ਰੋਟ ਦੇ ਉੱਪਰ ਰੱਖੇ ਜਾਂਦੇ। ਥੋੜ੍ਹੀ ਦੇਰ ਬਾਅਦ ਕੋਈ ਮਾਹਰ ਸੁਆਣੀ ਵੱਤ ਦੇਖ ਕੇ ਇੱਕ ਵਾਰ ਫਿਰ ਅੰਗਿਆਰਾਂ ਨੂੰ ਪਰੇ ਹਟਾਉਂਦੀ। ਰੋਟ ਨੂੰ ਚਿਮਟੇ ਖੁਰਚਣੇ ਨਾਲ ਜਾਂ ਹੱਥਾਂ ਉੱਤੇ ਕੋਈ ਮੋਟਾ ਕੱਪੜਾ ਲਪੇਟ ਕੇ ਥੱਲ ਦਿੰਦੀ। ਇਸ ਪਿੱਛੋਂ ਰੋਟ ਦਾ ਕੱਚ- ਪੱਕ ਦੇਖ ਕੇ ਲੋੜ ਅਨੁਸਾਰ ਉਸ ਉੱਪਰ ਅੰਗਿਆਰ ਰੱਖ ਕੇ ਉਸ ਨੂੰ ਪਕਾਇਆ ਜਾਂਦਾ।
ਹੁਣ ਗੁੱਡੀ ਦੀ ਅੰਤਿਮ ਯਾਤਰਾ ਦਾ ਸਮਾਂ ਹੁੰਦਾ। ਕੁੜੀਆਂ ਬਹੁਤ ਪਿੱਟ ਸਿਆਪਾ ਕਰਦੀਆਂ। ਕਈ ਪਿੰਡਾਂ ਵਿੱਚ ਤਾਂ ਵੈਣ ਪਾਉਣ ਤੇ ਰੋਣ- ਪਿੱਟਣ ਲਈ ਮਰਾਸਣ ਵੀ ਹੁੰਦੀ। ਗੁੱਡੀ ਨੂੰ ਅਰਥੀ ਉੱਤੇ ਪਾ ਕੇ ਲਾਲ ਕੱਪੜੇ ਨਾਲ ਢਕ ਦਿੱਤਾ ਜਾਂਦਾ। ਗੁੱਡੀ ਦੀ ਅਰਥੀ ਦੀਆਂ ਕਾਹਨ੍ਹੀ ਜਾਂ ਕਾਹਨ੍ਹਣਾਂ ਕੁਆਰੀਆਂ ਕੁੜੀਆਂ ਨਹੀਂ ਸਨ ਬਣਦੀਆਂ। ਅਰਥੀ ਚੁੱਕਣ ਦੀ ਜ਼ਿੰਮੇਵਾਰੀ ਵਿਆਹੀਆਂ ਕੁੜੀਆਂ – ਔਰਤਾਂ ਦੀ ਹੁੰਦੀ। ਹੱਸਦੀ – ਖੇਡਦੀ ਸਾਰੀ ਟੋਲੀ ਇਸ ਮੌਕੇ ਉਦਾਸ ਹੋ ਜਾਂਦੀ। ਕੁੜੀਆਂ ਵੈਣ ਪਾਉਂਦੀਆਂ –
ਛਿੱਕੇ ਧਰੀ ਕਚੌਰੀ ਗੁੱਡੀ ਖਾ ਮਰੀ
ਹਾਏ- ਹਾਏ ਗੁੱਡੀ ਖਾ ਮਰੀ
ਗੁੱਡੀ ਚੜ੍ਹ ਮਰੀ ਚੁਬਾਰੇ
ਉਹਨੂੰ ਗੁੱਡਾ ’ਵਾਜ਼ਾਂ ਮਾਰੇ
ਗੁੱਡੀ ਖਾ ਮਰੀ ਛਿੱਕੇ ਧਰੀ ਕਚੌਰੀ
ਵੈਣ ਪਾਉਂਦੀਆਂ ਕੁੜੀਆਂ ਦੁਹੱਥੜੀਂ ਪਿੱਟਦੀਆਂ। ਗੁੱਡੀ ਦੀ ਅਰਥੀ ਕਿਸੇ ਉਜਾੜ, ਪਰ ਸਾਫ਼ ਥਾਂ ਉੱਤੇ ਲਿਜਾਈ ਜਾਂਦੀ। ਰਸਤੇ ਵਿੱਚ ਬਾਕਾਇਦਾ ਪਾਣੀ ਦਾ ਛੋਟਾ ਜਿਹਾ ਝੱਕਰਾ ਭੰਨ੍ਹਿਆ ਜਾਂਦਾ। ਗੁੱਡੀ ਦੀ ਚਿਖਾ ਚਿਣੀ ਜਾਂਦੀ। ਉਸ ਨੂੰ ਚਿਖਾ ਉੱਤੇ ਰੱਖਣ ਵੇਲੇ ਕਲੇਜੇ ਧੂਹ ਪਾਉਣ ਵਾਲੇ ਵੈਣ ਪਾਏ ਜਾਂਦੇ। ਚਿਖਾ ਨੂੰ ਅਗਨੀ ਦਿਖਾਉਣ ਮੌਕੇ ਬਹੁਤ ਪਿੱਟ ਸਿਆਪਾ ਤੇ ਲਹੂਰ ਹੁੰਦਾ। ਦਿਲ ਚੀਰਵੇਂ ਕੀਰਨੇ ਰਾਹ ਜਾਂਦੇ ਰਾਹੀਆਂ ਨੂੰ ਰੋਕ ਲੈਂਦੇ। ਕੋਈ ਕੁੜੀ-ਬੁੜ੍ਹੀ ਕਹਿੰਦੀ :
ਤੈਨੂੰ ਮਰੀ ਨੂੰ ਕਿਹੜਾ ਚੱਕੂ
ਤੇਰੀਆਂ ਕੌਣ ਪੂਣੀਆਂ ਵੱਟੂ
ਧੀਏ ਮੋਰਨੀਏ…
ਹਾਏ ਹਾਏ ਧੀਏ ਮੋਰਨੀਏ।
ਤੇਰਾ ਚਰਖਾ ਕਿਹੜੀ ਕੱਤੂ
ਤੇਰਾ ਕੌਣ ਕਸੀਦਾ ਕੱਢੂ
ਗੁੱਡੀਏ ਮੋਰਨੀਏ
ਹਾਏ ਹਾਏ ਗੁੱਡੀਏ ਮੋਰਨੀਏ…
ਗੁੱਡੀ ਵਿਚਾਰੀ ਲਟ- ਲਟ ਕਰਕੇ ਮੱਚ ਜਾਂਦੀ। ਕਿਸੇ ਨਾਜ਼ੁਕ ਦਿਲ ਵਾਲੀ ਦੇ ਤਾਂ ਅੱਖਾਂ ਵਿੱਚੋਂ ਸੱਚੀਂ ਅੱਥਰੂ ਵਹਿ ਤੁਰਦੇ। ਕੋਈ ਮੱਚਦੀ ਚਿਖਾ ਦੇਖ ਕੇ ਕਿਸੇ ਆਪਣੇ ਨੂੰ ਯਾਦ ਕਰਦੀ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਘਰ ਮੁੜਦੀ। ਮਿੱਠਾ ਪਕਵਾਨ ਉੱਥੇ ਵੀ ਵੰਡਿਆ ਜਾਂਦਾ ਤੇ ਬਾਕੀ ਬਚਦਾ ਘਰ ਆ ਕੇ ਗਲੀ- ਮੁਹੱਲੇ ਦੇ ਲੋਕਾਂ ਨੂੰ ਵੰਡਿਆ ਜਾਂਦਾ। ਬੱਚਿਆਂ ਲਈ ਇਹ ਖੁਸ਼ੀ ਦਾ ਮੌਕਾ ਹੁੰਦਾ। ਕਿਹਾ ਜਾਂਦਾ ਹੈ ਕਿ ਕਈ ਵਾਰ ਗੁੱਡੀ ਫੂਕਣ ਵਾਲੀਆਂ ਆਪਣੇ ਘਰ ਵੀ ਨਹੀਂ ਸਨ ਮੁੜਦੀਆਂ ਕਿ ਰਾਹ ਵਿੱਚ ਹੀ ਛੰਮ – ਛੰਮ ਮੀਂਹ ਵਰ੍ਹਨ ਲੱਗਦਾ। ਮੇਰੇ ਖਿਆਲ ਅਨੁਸਾਰ ਲੋਹੜੇ ਦੇ ਹੁੰਮਸ ਤੋਂ ਬਾਅਦ ਮੀਂਹ ਪੈਣਾ ਕੁਦਰਤੀ ਹੁੰਦਾ ਹੈ। ਇਹ ਹੁੰਮਸ ਤੇ ਵੱਟ ਹੀ ਗੁੱਡੀ ਫੂਕਣ ਦਾ ਕਾਰਨ ਬਣਦਾ। ਮੀਂਹ ਤਾਂ ਅਜਿਹੇ ਮੌਕੇ ਪੈਣਾ ਹੀ ਹੁੰਦਾ ਹੈ ਇਹ ਤਾਂ ਕੁਦਰਤ ਦਾ ਅਟੱਲ ਨਿਯਮ ਹੈ।
ਹੁਣ ਸਿਰਫ਼ ‘ਗੁੱਡੀਆਂ’ ਨਹੀਂ ਬਲਕਿ ਚੰਦਨ ਦੀ ਗੇਲੀ ਵਰਗੇ ਗੱਭਰੂ ‘ਗੁੱਡੇ’ ਵੀ ਮਾਰੇ ਜਾਂਦੇ ਹਨ। ਕਿਤੇ ਅਣਖ ਲਈ ਤੇ ਕਿਧਰੇ ਨਿਗੂਣੇ ਮੁੱਦਿਆਂ ਲਈ ਕਤਲ ਹੁੰਦੇ ਹਨ। ਜੇਕਰ ਗੁੱਡੀ ਫੂਕਣ ’ਤੇ ਮੀਂਹ ਵਰਸਦਾ ਹੋਵੇ ਤਾਂ ਪੰਜਾਬ ਵਿੱਚ ਤਾਂ ਨਿੱਤ ਪਰਲੋ ਹੀ ਆਈ ਰਹੇ। ਗੁੱਡੀ ਫੂਕਣ ਦੀ ਪਰੰਪਰਾ ਜਾਂ ਰਿਵਾਜ ਪਿੱਛੇ ਲੋਕਾਂ ਦੀ ਮੋਹ ਭਿੱਜੀ ਤੇ ਹਮਦਰਦੀ ਭਰੀ ਮਾਨਸਿਕਤਾ ਦੀ ਝਲਕ ਪੈਂਦੀ ਹੈ ਕਿ ਕਿਵੇਂ ਇੱਕ ਲੀਰਾਂ ਦੀ ਗੁੱਡੀ ਸੜਦੀ ਦੇਖ ਕੇ ਔਰਤਾਂ ਦੇ ਮਨ ਪਸੀਜ ਜਾਂਦੇ ਸਨ। ਕੋਈ ਜ਼ਮਾਨਾ ਸੀ ਕਿਧਰੇ ਗੁੱਡੀਆਂ ਫੂਕੀਆਂ ਜਾਂਦੀਆਂ, ਕਿਧਰੇ ਛੋਟੇ- ਛੋਟੇ ਬੱਚੇ ਰੱਬ ਨੂੰ ਅਰਜ਼ੋਈਆਂ ਕਰਦੇ:
ਰੱਬਾ ਰੱਬਾ ਮੀਂਹ ਵਰਸਾ
ਸਾਡੀ ਕੋਠੀ ਦਾਣੇ ਪਾ।
ਕੋਈ ਰੱਬ ਨੂੰ ਸਿਫ਼ਾਰਸ਼ ਕਰਦਾ :
ਗੁੱਡੀ ਫੂਕੀ ਰੇਤ ਮੇਂ
ਮੀਂਹ ਵਰਸਾ ਦੇ ਖੇਤ ਮੇਂ।
ਕਦੇ ਮੀਂਹ, ਹਨੇਰੀ, ਝੱਖੜ -ਝਾਂਜੇ, ਕਦੇ ਰਿਮਝਿਮ ਬਰਸਾਤ। ਕਦੇ ਔੜਾਂ- ਸੋਕੇ, ਕਦੇ ਭਾਰੀ ਮੀਂਹਾਂ ਦੇ ਹੜ੍ਹ। ਕਦੇ ਸੋਹਣੇ ਬਹਾਰਾਂ ਦੇ ਮੌਸਮ। ਇਹ ਕੁਦਰਤ ਦੇ ਅਨੋਖੇ ਰੰਗ ਹਨ, ਉਸ ਦੇ ਅਟੱਲ- ਅਮੋੜ ਨਿਯਮ ਹਨ। ਮੂਲ ਸਮੱਸਿਆ ਤਾਂ ਇਹ ਹੈ ਕਿ ਮਨੁੱਖ ਉਸ ਦੇ ਰੰਗਾਂ ਵਿੱਚ ਭੰਗ ਪਾਉਂਦਾ ਹੈ। ਰੁੱਖ ਸੁੱਕਦੇ ਜਾਂ ਕੱਟੇ ਜਾ ਰਹੇ ਹਨ, ਪਾਣੀ ਮੁੱਕਦੇ ਜਾ ਰਹੇ ਹਨ ਤੇ ‘ਗੁੱਡੀਆਂ – ਗੁੱਡੇ’ ਸਾੜੇ ਤੇ ਮਾਰੇ ਜਾਂ ਰਹੇ ਹਨ। ਧਰਤੀ ਇਸ ਤਪਸ਼ ਨਾਲ ਤਪ ਰਹੀ ਹੈ ਤੇ ਮਨੁੱਖਤਾ ਹਉਂਮੈ ਤੇ ਨਫ਼ਰਤ ਦੀ ਅੱਗ ਵਿੱਚ ਭੁੱਜ ਰਹੀ ਹੈ। ਅੱਜ ਗੁੱਡੀਆਂ ਫੂਕਣ ਨਾਲੋਂ ਆਪਣੇ ਮਨ ਅੰਦਰ ਬੈਠਾ ਹੰਕਾਰ ਤੇ ਈਰਖਾ ਦਾ ਦੈਂਤ ਫੂਕਣ ਦੀ ਲੋੜ ਹੈ। ਪਾਣੀ ਵਾਲੇ ਬੱਦਲ ਰੱਬ ਦੇ ਹੁਕਮ ਨਾਲ ਵਰਸਦੇ ਹਨ ਤੇ ਮੋਹ- ਮੁਹੱਬਤਾਂ ਦੇ ਬੱਦਲ ਮਨੁੱਖ ਦੀ ਆਗਿਆ ਨਾਲ। ਸੋ ਰੱਬ ਨੂੰ ਰੁਆਉਣ ਦੇ ਨਹੀਂ ਹਸਾਉਣ ਤੇ ਖੁਸ਼ ਕਰਨ ਦੇ ਯਤਨ ਕੀਤੇ ਜਾਣ। ਉਸ ਦੇ ਸਾਜੇ ‘ਗੁੱਡੇ- ਗੁੱਡੀਆਂ’ ਨੂੰ ਜਵਾਨੀਆਂ ਮਾਣਨ ਦਿੱਤੀਆਂ ਜਾਣ। ਮੋਰਨੀਆਂ ਵਰਗੀਆਂ ਗੁੱਡੀਆਂ ਤੇ ਕਲਹਿਰੀ ਮੋਰਾਂ ਵਰਗੇ ਗੁੱਡਿਆਂ ਨੂੰ ਹੱਸਦੇ- ਵਸਦੇ ਦੇਖ ਖੁਸ਼ ਹੁੰਦਾ ਰੱਬ ਆਪੇ ਮੀਂਹ ਵਰ੍ਹਾਵੇਗਾ ਤੇ ਆਪੇ ਠੰਢ ਵਰਤਾਵੇਗਾ।
ਸੰਪਰਕ: 98728-98599