ਜਸਵੰਤ ਕੌਰ ਮਣੀ
ਆਧੁਨਿਕਤਾ ਦਾ ਪੁਰਾਤਨਤਾ ’ਤੇ ਭਾਰੂ ਹੋਣਾ ਸੁਭਾਵਿਕ ਹੈ। ਜਿਵੇਂ ਜਿਵੇਂ ਸਮਾਜ ਵਿਕਾਸ ਕਰਦਾ ਹੈ, ਉਵੇਂ ਉਵੇਂ ਉਸ ਦੀਆਂ ਲੋੜਾਂ, ਸੁਪਨੇ, ਰਹਿਣ ਸਹਿਣ, ਰੁਜ਼ਗਾਰ ਦੇ ਢੰਗ ਤੇ ਸਾਧਨ ਆਦਿ ਬਦਲਦੇ ਰਹਿੰਦੇ ਹਨ। ਪੰਜਾਬ ਪਿੰਡ ਪ੍ਰਧਾਨ ਹੈ, ਜਿੱਥੇ ਸ਼ਹਿਰੀ ਵਸੋਂ ਦੇ ਤੁਲ ਪੇਂਡੂ ਵਸੇਵਾਂ ਵਧੇਰੇ ਹੈ। ਪੰਜਾਬੀ ਜਨਜੀਵਨ ਵੰਨ ਸੁਵੰਨਾ ਹੈ। ਇੱਥੋਂ ਦੀ ਧਰਾਤਲ, ਪੌਣ ਪਾਣੀ, ਲੋਕਾਂ ਦਾ ਰਹਿਣ ਸਹਿਣ, ਆਰਥਿਕ ਢਾਂਚਾ ਆਦਿ ਸਭ ਆਪਣੇ ਆਪ ਵਿਚ ਨਿਵੇਕਲੇ ਹਨ। ਪੰਜਾਬ ਦੇ ਪਿੰਡਾਂ ਵਿਚ ਵੱਖ ਵੱਖ ਵਰਗਾਂ/ਜਾਤਾਂ ਦੇ ਲੋਕ ਸਮਾਜਿਕ ਵਿਵਸਥਾ ਵਿਚ ਬੱਝੇ ਹੋਏ ਹਨ। ਜਿਨ੍ਹਾਂ ਦੀਆਂ ਆਪਣੀਆਂ ਵੱਖ ਵੱਖ ਰਸਮਾਂ, ਰਹਿਣ-ਸਹਿਣ ਅਤੇ ਨਿਵੇਕਲੇ ਕੰਮ ਧੰਦੇ ਆਦਿ ਹਨ। ਕਿਰਤ ਕਰਕੇ ਉਪਜੀਵਕਾ ਕਮਾਉਣ ਦਾ ਘੇਰਾ ਅਸੀਮ ਹੈ। ਮਨੁੱਖ ਜਿਵੇਂ ਜਿਵੇਂ ਵਿਕਾਸ ਕਰਦਾ ਗਿਆ, ਉਸ ਦੀਆਂ ਲੋੜਾਂ ਦੇ ਅਨੁਸਾਰ ਕੰਮ ਕਾਰਾਂ ਦਾ ਘੇਰਾ ਵੀ ਵਧਦਾ ਗਿਆ ਜੋ ਸਮਾਂ ਪਾ ਕੇ ਪਿਤਾ ਪੁਰਖੀ ਰੂਪ ਵਿਚ ਉਨ੍ਹਾਂ ਨਾਲ ਜੁੜਦੇ ਹੋਏ, ਉਨ੍ਹਾਂ ਦੇ ਲੋਕ ਕਿੱਤੇ ਬਣ ਗਏ। ਲੋਕ ਕਿੱਤੇ ਪੰਜਾਬੀ ਲੋਕਧਾਰਾ ਦਾ ਅਹਿਮ ਅੰਗ ਹਨ। ਇਹ ਪੰਜਾਬੀ ਵਿਰਾਸਤ ਦਾ ਅਨਮੋਲ ਸਰਮਾਇਆ ਹਨ ਜੋ ਪੀੜ੍ਹੀ ਦਰ ਪੀੜ੍ਹੀ ਵਿਗਸਦਾ ਰਹਿੰਦਾ ਹੈ। ਪੰਜਾਬ ਵਿਚ ਪਿੰਡਾਂ ਦਾ ਵਸੇਵਾਂ ਵਧੇਰੇ ਹੋਣ ਕਾਰਨ ਇੱਥੋਂ ਦੇ ਲੋਕ ਕਿੱਤੇ ਜ਼ਿਆਦਾਤਰ ਪਿੰਡਾਂ ਨਾਲ ਸਬੰਧਤ ਹਨ ਅਤੇ ਉਹ ਵੀ ਭੂਗੋਲਿਕ ਸਥਿਤੀ ’ਤੇ ਆਧਾਰਿਤ। ਪਿੰਡਾਂ ਦੇ ਆਸ ਪਾਸ ਦੀ ਭੂਗੋਲਿਕਤਾ ਵਿਚੋਂ ਮਿਲਦੀ ਸਮੱਗਰੀ ਤੇ ਸਾਧਨਾਂ ਵਿਚੋਂ ‘ਲੋਕ ਕਿੱਤੇ’ ਜਨਮਦੇ ਤੇ ਵਿਗਸਦੇ ਰਹੇ ਹਨ। ਜਿਹੜੇ ਵੱਖ-ਵੱਖ ਜਾਤਾਂ ਵੱਲੋਂ ਅਪਣਾਏ ਗਏ। ਹੱਥੀਂ ਕਿਰਤ ਕਰਕੇ ਜੀਵਨ ਨਿਰਬਾਹ ਕਰਨ ਲਈ ਪੰਜਾਬ ਦੇ ਲੋਕਾਂ ਨੇ ਆਪਣੀਆਂ ਜਾਤਾਂ ’ਤੇ ਆਧਾਰਿਤ ਵੱਖ ਵੱਖ ਲੋਕ ਕਿੱਤਿਆਂ ਨੂੰ ਜਨਮ ਦਿੱਤਾ ਹੈ। ਜਿੱਥੇ ਲੋਕ ਕਿੱਤੇ ਲੋਕਾਂ ਦੀ ਉਪਜੀਵਕਾ ਕਮਾਉਣ ਦਾ ਸਾਧਨ ਮਾਤਰ ਬਣਦੇ ਸਨ, ਉੱਥੇ ਸਮਾਜਿਕ ਜੀਵਨ ਵਿਚ ਵਿਚਰਦਿਆਂ ਵੱਖ-ਵੱਖ ਧਰਮਾਂ, ਜਾਤਾਂ ਜਾਂ ਵਰਗਾਂ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਨਿੱਗਰ ਕਾਰਜ ਵੀ ਕਰਦੇ ਸਨ।
ਅਜੋਕੇ ਦੌਰ ਨੇ ਲੋਕਧਾਰਾ ਨੂੰ ਸਮਝਣ ਦਾ ਨਵਾਂ ਦ੍ਰਿਸ਼ਟੀਕੋਣ ਹੀ ਪੈਦਾ ਨਹੀਂ ਕੀਤਾ ਬਲਕਿ ਇਸ ਦੇ ਕਈ ਵਰਤਾਰਿਆਂ ਵਿਚ ਆਧੁਨਿਕਤਾ ਦੀ ਰੰਗਤ ਚਾੜ੍ਹ ਪੂਰੀ ਤਰ੍ਹਾਂ ਤਬਦੀਲੀ ਵੀ ਲੈ ਆਂਦੀ ਹੈ। ਆਧੁਨਿਕਤਾ ਦੇ ਪ੍ਰਭਾਵ ਹੇਠ ਆਏ ਬਹੁਤੇ ਲੋਕ ਕਿੱਤੇ ਤਾਂ ਸਮੇਂ ਦੀ ਧੂੜ ਵਿਚ ਉੱਡਦੇ ਜਾ ਰਹੇ ਹਨ ਅਤੇ ਬਹੁਤੇ ਆਪਣੇ ਉੱਤੇ ਆਧੁਨਿਕਤਾ ਦੀ ਰੰਗਤ ਚਾੜ੍ਹ ਆਪਣੇ ਆਪ ਵਿਚ ਪੂਰੀ ਤਰ੍ਹਾਂ ਰੂਪਾਂਤਰਿਤ ਹੁੰਦੇ ਜਾ ਰਹੇ ਹਨ। ਪੰਜਾਬ ਦੇ ਲੋਕ ਕਿੱਤਿਆਂ ਨੂੰ ਅੰਗਰੇਜ਼ੀ ਰਾਜ ਅਧੀਨ ਹੀ ਢਾਹ ਪੈਣੀ ਸ਼ੁਰੂ ਹੋ ਗਈ ਸੀ। ਇਨ੍ਹਾਂ ਦੀਆਂ ਉਦਯੋਗੀਕਰਨ ਦੀਆਂ ਨੀਤੀਆਂ ਨੇ ਦਸਤਕਾਰੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਆਧੁਨਿਕਤਾ ਦੇ ਰੰਗ ਵਿਚ ਰੰਗੇ ਇਨ੍ਹਾਂ ਲੋਕ ਕਿੱਤਿਆਂ ਵਿਚੋਂ ਰਵਾਇਤੀ ਰੰਗਤ ਤਾਂ ਖਾਰਜ ਹੋ ਚੁੱਕੀ ਹੈ, ਪਰ ਇਨ੍ਹਾਂ ਨੂੰ ਪੂਰਾ ਖ਼ਤਮ ਨਹੀਂ ਕਰ ਸਕਿਆ। ਇਨ੍ਹਾਂ ਦੇ ਅੰਸ਼ ਅੱਜ ਵੀ ਰੂਪਾਂਤਰਿਤ ਰੂਪ ਵਿਚ ਕਿਤੇ ਨਾ ਕਿਤੇ ਮੌਜੂਦ ਹਨ। ਬਸ! ਇਨ੍ਹਾਂ ’ਤੇ ਸਮੇਂ ਦਾ ਗੇੜ ਫਿਰ ਚੁੱਕਿਆ ਹੈ। ਬਹੁਤੇ ਲੋਕ ਕਿੱਤੇ, ਕਿੱਤੇ ਨਾ ਰਹਿ ਕੇ ਵਧੇਰੇ ਮੁਨਾਫ਼ੇ ਲਈ ਵਪਾਰ ਬਣ ਕੇ ਰਹਿ ਗਏ ਹਨ। ਇਨ੍ਹਾਂ ਵਿਚ ਪਹਿਲਾਂ ਵਾਲੀ ਅਪਣੱਤ ਤੇ ਭਾਈਚਾਰਕ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ। ਲੋਕ ਕਿੱਤਿਆਂ ਵਿਚ ਆ ਰਹੇ ਇਸ ਰੂਪਾਂਤਰਨ ਕਾਰਨ ਸਮਾਜ ਦੀ ਪਰਿਵਰਤਨਸ਼ੀਲਤਾ ਵਿਚੋਂ ਹੀ ਉਪਜੇ ਹਨ। ਜਿਸ ਦਾ ਸਭ ਤੋਂ ਮੁੱਖ ਕਾਰਨ ਪਿਤਾ ਪੁਰਖੀ ਕਿੱਤੇ ਤੋਂ ਅਸੰਤੁਸ਼ਟਤਾ ਹੈ। ਲੋਕਾਂ ਵਿਚ ਵਧ ਰਹੀ ਆਧੁਨਿਕ ਚੇਤਨਾ, ਵਧੇਰੇ ਆਮਦਨ ਵਾਲੇ ਕਿੱਤੇ ਕਰਨ ਦੀ ਪ੍ਰਬਲਤਾ, ਚੰਗੇਰੇ ਕਾਰ ਵਿਹਾਰ ਅਪਣਾਉਣ ਲਈ ਰੁਚੀ, ਲੋਕ ਕਿੱਤਿਆਂ ਦਾ ਪੱਛੜ ਜਾਣਾ, ਰਵਾਇਤੀ ਲੋਕ ਕਿੱਤਿਆਂ ਤੋਂ ਚੰਗੇਰੀ ਆਮਦਨ ਦਾ ਨਾ ਹੋ ਸਕਣਾ, ਪੂਰੀ ਆਮਦਨ ਦਾ ਨਾ ਮਿਲਣਾ, ਆਪਣੇ ਕਿੱਤੇ ਵਿਚੋਂ ਵਧੇਰੇ ਮਾਣ ਇੱਜ਼ਤ ਦਾ ਨਾ ਮਿਲਣਾ ਆਦਿ ਇਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਸਨ ਜਿਨ੍ਹਾਂ ਨੇ ਇਨ੍ਹਾਂ ਨੂੰ ਇਸ ਹਾਲ ’ਤੇ ਲਿਆ ਖੜ੍ਹਾ ਕੀਤਾ।
ਆਧੁਨਿਕ ਸਮੇਂ ਵਿਚ ਇਨ੍ਹਾਂ ਪਰੰਪਰਾਗਤ ਲੋਕ ਕਿੱਤਿਆਂ ਨਾਲ ਗੁਜ਼ਾਰਾ ਹੋ ਸਕਣਾ ਮੁਸ਼ਕਲ ਜਾਪਦਾ ਹੈ। ਇਹ ਆਧੁਨਿਕਤਾ ਦੀ ਰੰਗਤ ਚੜ੍ਹ ਵਿਕਾਸ ਵੱਲ ਵੀ ਵਧ ਰਹੇ ਅਤੇ ਹਨ ਅਤੇ ਰਵਾਇਤੀ ਰੰਗਤ ਤੋਂ ਅਭਿੱਜ ਵੀ ਹੋ ਰਹੇ ਹਨ। ਮਸ਼ੀਨੀਕਰਨ ਕਾਰਨ ਜਿੱਥੇ ਇਨ੍ਹਾਂ ਨੂੰ ਬਣਾਉਣ ਵਾਲੀ ਸਮੱਗਰੀ ਬਦਲ ਗਈ ਹੈ, ਉੱਥੇ ਇਨ੍ਹਾਂ ਦਾ ਰੂਪ ਵੀ ਤਬਦੀਲ ਹੋ ਚੁੱਕਾ ਹੈ। ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਖੇਤੀਬਾੜੀ ਵਿਚ ਸਹਾਇਤਾ ਲਈ ਪੁਰਾਣੇ ਸਮੇਂ ਵਿਚ ਹਲ਼, ਸੁਹਾਗੇ, ਬਲਦਾਂ ਦੀ ਜੋੜੀ, ਗੱਡੇ ਆਦਿ ਦਾ ਖੇਤੀ ਵਿਚ ਵਿਸ਼ੇਸ਼ ਮਹੱਤਵ ਸੀ, ਪਰ ਅਜੋਕੇ ਦੌਰ ਵਿਚ ਇਨ੍ਹਾਂ ਦਾ ਬਦਲ ਟਰੈਕਟਰ, ਟਰਾਲੀਆਂ, ਕੰਬਾਇਨਾਂ, ਕੰਪਿਊਟਰ ਕਰਾਹਾ ਆਦਿ ਵਿਚ ਹੋ ਚੁੱਕਾ ਹੈ। ਸਿੰਜਾਈ ਲਈ ਖੂਹਾਂ ਦੀ ਜਗ੍ਹਾ ਟਿਊਬਵੈੱਲਾਂ ਨੇ ਲੈ ਲਈ ਹੈ। ਕਿਸਾਨਾਂ ਵੱਲੋਂ ਖੇਤੀ ਹੁਣ ਪੁਰਾਤਨ ਸੰਦਾਂ ਦੀ ਬਜਾਏ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ। ਖੇਤੀਬਾੜੀ ਦਾ ਆਧੁਨਿਕੀਕਰਨ ਹੋ ਚੁੱਕਾ ਹੈ। ਹੁਣ ਹਾੜ੍ਹੀ ਵੱਢਣ ਲਈ ਮੁਟਿਆਰ ‘ਦਾਤੀ ’ਤੇ ਘੁੰਗਰੂੰ’ ਲਵਾਉਣ ਲਈ ਨਹੀਂ ਕਹੇਗੀ ਬਲਕਿ ਨਿੱਤ ਨਵੀਆਂ ਆ ਰਹੀਆਂ ਕੰਬਾਇਨਾਂ ਵੱਲ ਵਧੇਰੇ ਨਜ਼ਰਸਾਨੀ ਕੀਤੀ ਜਾਂਦੀ ਹੈ। ਸਮੇਂ ਦੀ ਗੰਭੀਰਤਾ ਤੇ ਖੇਤੀਬਾੜੀ ਦੇ ਮਹਿੰਗਾ ਹੋਣ ਕਾਰਨ ਨੌਜਵਾਨਾਂ ਦੀਆਂ ਇੱਛਾਵਾਂ ਤੇ ਸੁਪਨੇ ਵੀ ਬਦਲ ਗਏ ਹਨ।
ਖੇਤੀਬਾੜੀ ਦੇ ਮਸ਼ੀਨੀਕਰਨ ਕਾਰਨ ਹੀ ਹਾਲੀ, ਪਾਲੀ ਦਾ ਕਿੱਤਾ ਵੀ ਰੁਲ ਗਿਆ ਤੇ ਇਨ੍ਹਾਂ ਨੇ ਜੀਵਨ ਨਿਰਬਾਹ ਲਈ ਹੋਰਨਾਂ ਕੰਮਾਂ ਕਾਰਾਂ ਨੂੰ ਅਪਣਾ ਲਿਆ। ਪਰ ਅਜੋਕੇ ਦੌਰ ਵਿਚ ਡੇਅਰੀ ਫਾਰਮ, ਮੁਰਗੀ ਪਾਲਣ, ਸੂਰ ਪਾਲਣ ਆਦਿ ਹਾਲੀ, ਪਾਲੀ, ਵਾਗੀ ਆਦਿ ਵਰਗੇ ਲੋਕ ਕਿੱਤਿਆਂ ’ਚੋਂ ਹੀ ਵਿਗਸੇ ਜਾਪਦੇ ਹਨ। ਸਮੇਂ ਦੇ ਪਰਿਵਰਤਨ ਸਦਕਾ ਇਹ ਕਿੱਤੇ ਜਾਤ ਬਰਾਦਰੀ ਦੀ ਵਲਗਣ ਵਿਚੋਂ ਲੰਘ ਅਜੋਕੇ ਯੁੱਗ ਵਿਚ ਨਵੇਂ ਦਾਇਰੇ ਸਥਾਪਤ ਕਰ ਰਹੇ ਹਨ। ਇਨ੍ਹਾਂ ਦਾ ਹੁਣ ਵਧੇਰੇ ਤੌਰ ’ਤੇ ਜਾਤਾਂ ਨਾਲ ਸਬੰਧਤ ਹੋਣਾ ਜ਼ਰੂਰੀ ਨਹੀਂ ਰਿਹਾ। ਹੁਣ ਇਹ ਜ਼ਰੂਰੀ ਨਹੀਂ ਕਿ ਜੁੱਤੀ ਬਣਾਉਣ ਦਾ ਕਿੱਤਾ ਸਿਰਫ਼ ਚਮਿਆਰ (ਚੰਮ ਦਾ ਕੰਮ ਕਰਨ ਵਾਲਾ) ਦੇ ਘੇਰੇ ਵਿਚ ਹੀ ਆਵੇ, ਬਲਕਿ ਇਹ ਕਾਰਜ ਹੁਣ ਵੱਡੇ ਉਦਯੋਗਾਂ, ਕਾਰਖਾਨਿਆਂ, ਕੰਪਨੀਆਂ ਆਦਿ ਨੇ ਸੰਭਾਲ ਲਿਆ ਹੈ, ਜਿਨ੍ਹਾਂ ਵਿਚ ਪਤਾ ਨਹੀਂ ਕਿਹੜੇ ਕਿਹੜੇ ਵਰਗਾਂ ਜਾਂ ਜਾਤਾਂ ਦੇ ਲੋਕ ਕੰਮ ਕਰਦੇ ਨਜ਼ਰ ਪੈਂਦੇ ਹਨ। ਇਨ੍ਹਾਂ ਦਾ ਘੇਰਾ ਪਿੰਡ ਦੇ ਨਿੱਕੇ ਜਿਹੇ ਜਾਂ ਪੱਛੜੇ ਕਹੇ ਜਾਣ ਵਾਲੇ ਵਰਗ ਤੋਂ ਛੁੱਟ ਵਿਸ਼ਾਲ ਦਾਇਰੇ ਤਕ ਫੈਲ ਚੁੱਕਾ ਹੈ। ਇਸ ਦੀ ਇਕ ਸਪੱਸ਼ਟ ਮਿਸਾਲ ਅਸੀਂ ‘ਨਾਈ’ ਦੇ ਲੋਕ ਕਿੱਤੇ ਤੋਂ ਲੈ ਸਕਦੇ ਹਾਂ। ਪਿੰਡ ਵਿਚ ਨਾਈ ਜਾਤੀ ਦਾ ਮੁੱਖ ਕੰਮ ਹਜ਼ਾਮਤ ਕਰਨਾ, ਨਹੁੰ ਲਾਹੁਣਾ, ਵਿਆਹਾਂ ਦੀਆਂ ਗੱਠਾਂ ਦੇਣਾ, ਲਾਗੀ ਦੀ ਭੂਮਿਕਾ ਨਿਭਾਉਣਾ ਆਦਿ ਤੋਂ ਇਲਾਵਾ ਪਿੰਡ ਦੇ ਮੁੰਡੇ-ਕੁੜੀਆਂ ਦੇ ਰਿਸ਼ਤੇ ਕਰਵਾਉਣ ਵਿਚ ‘ਵਿਚੋਲਗੀ’ ਆਦਿ ਕਰਨਾ ਸੀ। ਨਾਈ ਨੂੰ ਪਿੰਡ ਵਾਲੇ ‘ਰਾਜਾ’ ਕਹਿ ਕੇ ਸੰਬੋਧਤ ਕਰਦੇ ਹਨ ਕਿਉਂਕਿ ਕਿਸੇ ਜਾਤੀ ਨੂੰ ਉਸ ਦੇ ਨਾਂ ਨਾਲ ਬੁਲਾਉਣਾ ‘ਨਿਰਾਦਰ’ ਸਮਝਿਆ ਜਾਂਦਾ ਸੀ। ਵਿਸ਼ੇਸ਼ ਤੌਰ ’ਤੇ ਨੀਵੀਆਂ ਸ਼੍ਰੇਣੀਆਂ ਵਾਲਿਆਂ ਲਈ, ਜਿਸ ਕਰਕੇ ਉਸ ਦੇ ਨਾਂ ਦੇ ਸਮਾਨਾਂਤਰ ਕੋਈ ਅਜਿਹਾ ਸ਼ਬਦ ਲੱਭ ਲਿਆ ਜਾਂਦਾ ਜੋ ਉਸ ਜਾਤੀ ਨੂੰ ਸਨਮਾਨ ਦਿਵਾਉਂਦਾ ਹੈ। ਸਮਾਜਿਕ ਜੀਵਨ ਵਿਚ ਇਸ ਵਰਗ ਦੀ ਵਿਸ਼ੇਸ਼ ਸੱਭਿਆਚਾਰਕ ਮਾਨਤਾ ਹੈ। ਨਾਈ ਦੇ ਨਾਲ-ਨਾਲ ਨਾਇਣ ਲਈ ਵੀ ਕੁਝ ਕਿੱਤੇ ਸੌਂਪੇ ਗਏ ਹੁੰਦੇ ਹਨ, ਜਿਵੇਂ-ਵਿਆਹ ਸਮੇਂ ਕੁੜੀ ’ਤੇ ਹੋਰ ਇਸਤਰੀਆਂ ਦੇ ਵਾਲ ਗੁੰਦਣੇ, ਲੜਕੀ ਦੇ ਨਾਲ ਸਹੁਰੇ ਘਰ ਜਾਣਾ, ਮੌਤ ਸਮੇਂ ਸਿਆਪੇ ਦੀ ਅਗਵਾਈ ਕਰਨਾ ਆਦਿ ਪਿੰਡ ਦੀ ਨਾਇਣ ਦੇ ਹਿੱਸੇ ਆਉਂਦਾ। ਜਿਸ ਬਦਲੇ ਇਨ੍ਹਾਂ ਨੂੰ ‘ਲਾਗ’ ਦਿੱਤਾ ਜਾਂਦਾ ਜੋ ਕਿ ਕੱਪੜੇ-ਗਹਿਣੇ ਜਾਂ ਅੰਨ-ਦਾਣੇ ਆਦਿ ਦੇ ਰੂਪ ਵਿਚ ਹੁੰਦਾ ਹੈ। ਸੋ ਖ਼ੁਸ਼ੀ-ਗ਼ਮੀ ਆਦਿ ਦੇ ਕਾਰਜਾਂ ਵਿਚ ਨਾਈ ਤੇ ਨਾਇਣ ਦੀ ਵਿਸ਼ੇਸ਼ੀ ਉਪਯੋਗਤਾ ਰਹਿੰਦੀ ਹੈ। ਜੇਕਰ ਅੱਜ ਇਸ ਕਿੱਤੇ ਦੇ ਆਧੁਨਿਕ ਰੂਪਾਂਤਰਨ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਅਜੋਕੇ ਸਮੇਂ ਵਿਚ ਇਸ ਵਰਗ ਦਾ ਇਹ ਲੋਕ ਕਿੱਤਾ ਅਜੋਕੇ ਨਵੇਂ ਨਵੇਂ ਖੁੱਲ੍ਹ ਰਹੇ ‘ਸੈਲੂਨਾਂ’, ‘ਬਿਊਟੀ ਪਾਰਲਰਾਂ’ ਆਦਿ ਵਿਚ ਤਬਦੀਲ ਹੋ ਚੁੱਕਾ ਹੈ, ਪਰ ਇਸ ਦਾ ਮੂਲ ਨਾਈ ਵਰਗ ਦਾ ਲੋਕ ਕਿੱਤਾ ਹੀ ਸਮਝਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਖ਼ੁਸ਼ੀ ਗ਼ਮੀ ਦੇ ਸੁਨੇਹੇ ਪਹੁੰਚਾਉਣ ਦਾ ਕਾਰਜ ਅੱਜਕੱਲ੍ਹ ਸੋਸ਼ਲ ਮੀਡੀਆ ਦੀਆਂ ਵਿਭਿੰਨ ਸਾਈਟਾਂ ਨੇ ਸੰਭਾਲ ਲਿਆ ਹੈ। ਫੈਸ਼ਨੇਬਲ ਦੁਨੀਆਂ ਨੇ ਇਸਦੀ ਰਵਾਇਤੀ ਰੰਗਤ ਨੂੰ ਆਧੁਨਿਕਤਾ ਦੀ ਰੰਗਤ ਚਾੜ੍ਹ ਇਸ ਤਰ੍ਹਾਂ ਤਬਦੀਲ ਕਰ ਦਿੱਤਾ ਹੈ ਕਿ ਇਸ ਕਿੱਤੇ ਵਿਚ ਪੁਰਾਤਨਤਾ ਦੀ ਜਗ੍ਹਾ ਬਣਾਉਟੀਪਨ ਵਧੇਰੇ ਦਿਖਾਈ ਦਿੰਦਾ ਹੈ। ਇਸ ਵਰਗ ਦੇ ਬਹੁਤੇ ਲੋਕ ਤਾਂ ਆਪਣੇ ਇਸ ਪੁਰਖੀ ਲੋਕ ਕਿੱਤੇ ਨੂੰ ਮੂਲੋਂ ਹੀ ਵਿਸਾਰ ਚੁੱਕੇ ਹਨ ਅਤੇ ਕਈਆਂ ਨੇ ਇਸ ਨੂੰ ਪੂਰੀ ਤਰ੍ਹਾਂ ਆਧੁਨਿਕਤਾ ਦੇ ਸੰਦਰਭ ਵਿਚ ਲਿਆ ਪੇਸ਼ ਕੀਤਾ ਹੈ। ਅੱਜ ਜੋ ਵੀ ਵਰਗ ਆਪਣੇ ਪੁਰਖੀ ਲੋਕ ਕਿੱਤੇ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਵੱਡੇ ਸ਼ਹਿਰਾਂ, ਕਸਬਿਆਂ ਵਿਚ ਖੋਲ੍ਹ ਕੇ ਇਸ ਕਿੱਤੇ ਨੂੰ ਪੂਰੀ ਤਰ੍ਹਾਂ ਫੈਸ਼ਨੇਬਲ ਕਿੱਤੇ ਵਜੋਂ ਉਭਾਰ ਲਿਆ ਹੈ। ਇਹ ਲੋਕ ਹੁਣ ਆਪਣੇ ਆਪ ਨੂੰ ‘ਨਾਈ’ ਜਾਂ ‘ਰਾਜਾ’ ਅਖਵਾਉਣ ਦੀ ਬਜਾਇ ‘ਹੇਅਰ ਡਰੈਸਰ’ ਅਖਵਾਉਣਾ ਵਧੇਰੇ ਪਸੰਦ ਕਰਦੇ ਹਨ। ਇਨ੍ਹਾਂ ਦੀਆਂ ਔਰਤਾਂ ਤੇ ਕੁੜੀਆਂ ਨੇ ਵੀ ਸ਼ਹਿਰਾਂ ਵਿਚ ਜਾ ਆਪਣੇ ‘ਬਿਊਟੀ ਪਾਰਲਰ’ ਖੋਲ੍ਹ ਲਏ ਹਨ। ਹੁਣ ਇਹ ਘਰ ਘਰ ਜਾ ਕੇ ਲਾੜੀ ਦਾ ਸ਼ਿੰਗਾਰ ਨਹੀਂ ਕਰਦੀਆਂ ਬਲਕਿ ਲਾੜੀ ਅੱਜ ਖ਼ੁਦ ਪਾਰਲਰ ’ਤੇ ਜਾ ਕੇ ਸ਼ਗਨਾਂ ਲਈ ਤਿਆਰ ਹੁੰਦੀ ਹੈ। ਪਹਿਲਾਂ ਜਿੱਥੇ ਇਨ੍ਹਾਂ ਦਾ ਕਾਰਜ ਕਦੇ ਕਦਾਈ ਚੱਲਦਾ ਸੀ, ਹੁਣ ਇਹ ਰੋਜ਼ਾਨਾ ਦਾ ਕਿੱਤਾ ਬਣ ਗਿਆ ਹੈ, ਪਰ ਇਸ ਵਿਚ ਵੱਡੀ ਤਬਦੀਲੀ ਆਈ ਹੈ ਕਿ ਇਹ ਹੋਰਨਾਂ ਪਿਤਾ ਪੁਰਖੀ ਲੋਕ ਕਿੱਤਿਆਂ ਵਾਂਗ ਜਾਤ ਪਰੰਪਰਾ ਦਾ ਭਰਮ ਤੋੜ ਚੁੱਕਾ ਹੈ। ਹੁਣ ਇਹ ਕੇਵਲ ਨਾਈ ਵਰਗ ਨਾਲ ਹੀ ਸਬੰਧਤ ਨਾ ਰਹਿ ਕੇ ਵੱਖ ਵੱਖ ਵਰਗਾਂ ਦੇ ਘੇਰੇ ਵਿਚ ਆ ਚੁੱਕਾ ਹੈ। ਇਨ੍ਹਾਂ ਕੰਮਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਣ ਲੱਗੀ ਹੈ। ਇਵੇਂ ਹੀ ਸਮੇਂ ਦੇ ਨਾਲ ਨਾਲ ਹੋਰਨਾਂ ਲੋਕ ਕਿੱਤਿਆਂ ਵਿਚ ਵੀ ਰੂਪਾਂਤਰਨ ਆਇਆ ਹੈ, ਪਰ ਅੱਜ ਵੀ ਇਨ੍ਹਾਂ ਦੀ ਹੋਂਦ ਕਿਤੇ ਨਾ ਕਿਤੇ ਬਣੀ ਹੋਈ ਹੈ। ਕੁਝ ਲੋਕ ਕਿੱਤੇ ਤਾਂ ਆਧੁਨਿਕਤਾ ਦੀ ਲਪੇਟ ਵਿਚ ਆ ਆਪਣੀ ਹੋਂਦ ਪੂਰੀ ਤਰ੍ਹਾਂ ਗੁਆ ਚੁੱਕੇ ਹਨ, ਜਿਸ ਦੀ ਪ੍ਰਤੱਖ ਮਿਸਾਲ ‘ਝਿਊਰ’ ਦਾ ਲੋਕ ਕਿੱਤਾ ਹੈ। ਝਿਊਰ ਨੂੰ ਮਹਿਰਾ ਜਾਂ ਕੁਹਾਰ ਵੀ ਕਿਹਾ ਜਾਂਦਾ ਹੈ। ਇਸ ਦਾ ਲੋਕ ਕਿੱਤਾ ਲੋਕਾਂ ਦੇ ਘਰਾਂ ਤਕ ਪਾਣੀ ਪਹੁੰਚਾਉਣ ਦਾ ਸੀ, ਪਰ ਅਜੋਕੇ ਸਮੇਂ ਵਿਚ ਘਰ ਘਰ ਮੋਟਰਾਂ ਤੇ ਵਾਟਰ ਸਪਲਾਈ ਆਦਿ ਨੇ ਇਨ੍ਹਾਂ ਦੇ ਲੋਕ ਕਿੱਤੇ ਨੂੰ ਮੂਲੋਂ ਹੀ ਖ਼ਤਮ ਕਰ ਦਿੱਤਾ ਹੈ। ਤਰ੍ਹਾਂ ਤਰ੍ਹਾਂ ਦੀਆਂ ਕਾਰਾਂ ਨੇ ਕੁਹਾਰਾਂ ਦੇ ਡੋਲੀ ਚੁੱਕਣ ਦੇ ਕਿੱਤੇ ਨੂੰ ਵੀ ਪੂਰੀ ਤਰ੍ਹਾਂ ਉਖਾੜ ਦਿੱਤਾ ਹੈ। ਹਰ ਵਰਗ ਦਾ ਲੋਕ ਕਿੱਤਾ ਇਕ ਦੂਸਰੇ ’ਤੇ ਨਿਰਭਰ ਕਰਦਾ ਹੈ। ਜੇ ਡੋਲੀ ਨਹੀਂ ਰਹੀ ਤਾਂ ਤਰਖਾਣ ਤੇ ਝਿਊਰ ਦੇ ਕਿੱਤੇ ਵਿਚ ਤਾਂ ਪਰਿਵਰਤਨ ਆਵੇਗਾ ਹੀ। ਬਿਲਕੁਲ ਉਸੇ ਤਰ੍ਹਾਂ ਹੀ ਜੇਕਰ ਚਰਖੇ ਚੁੱਲ੍ਹੇ ਨਾ ਰਹੇ ਤਾਂ ਤੱਕਲੇ ਖੁਰਚਣੇ ਵੀ ਕੀ ਕਰਨੇ ਹਨ। ਇਹ ਸਭ ਮਨੁੱਖ ਦੀਆਂ ਬਦਲਦੀਆਂ ਸਮਾਜਿਕ ਲੋੜਾਂ ’ਤੇ ਹੀ ਨਿਰਭਰ ਕਰਦਾ ਹੈ। ਆਧੁਨਿਕ ਮਸ਼ੀਨੀ ਯੁੱਗ ਨੇ ਸਟੀਲ, ਕੱਚ ਤੇ ਪਲਾਸਟਿਕ ਦੇ ਭਿੰਨ ਭਿੰਨ ਪ੍ਰਕਾਰ ਦੇ ਬਰਤਨਾਂ ਨੂੰ ਪੇਸ਼ ਕਰ ਘੁਮਿਆਰ ਦੇ ਲੋਕ ਕਿੱਤੇ ਨੂੰ ਵੀ ਭਾਰੀ ਢਾਹ ਲਾਈ ਹੈ। ਇਸ ਰੂਪਾਂਤਰਨ ਸਦਕਾ ਸਾਡੀ ਅਜੋਕੀ ਗੀਤਕਾਰੀ ਵਿਚ ਵੀ ਲੋਕ ਕਿੱਤਿਆਂ ਵਿਚ ਹੋ ਰਹੇ ਬਦਲਾਅ ਸਦਕਾ ਰੂਪਾਂਤਰਨ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਲੋਕਾਂ ਦੇ ਕੰਮਾਂ ਕਾਰਾਂ ਵਿਚ ਤਬਦੀਲੀ ਆਉਂਦੀ ਗਈ, ਸਾਡੇ ਸਾਹਿਤ ਵਿਚ ਵੀ ਤਬਦੀਲੀ ਆਉਂਦੀ ਗਈ। ਪਹਿਲਾਂ ਵਿਭਿੰਨ ਪ੍ਰਕਾਰ ਦੀ ਹੱਥ ਦੀ ਬਣਾਈ ਹੋਈ ਜੁੱਤੀ ਪਹਿਨਣ ਦਾ ਰਿਵਾਜ ਸੀ ਤੇ ਗੀਤ ਵੀ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ’ ਵਰਗੇ ਸਨ। ਹੁਣ ਮੋਚੀ ਵੱਲੋਂ ਤਿਆਰ ਕੀਤੀ ਜੁੱਤੀ ਨਾਲੋਂ ਮਸ਼ੀਨ ਰਾਹੀਂ ਤਿਆਰ ਕੀਤੀ ਹਰ ਕਿਸਮ ਦੀ ਵਧੇਰੇ ਸਜਾਵਟੀ ਤੇ ਸਸਤੀ ਜੁੱਤੀ ਬਾਜ਼ਾਰ ਵਿਚ ਸਹਿਜੇ ਹੀ ਮਿਲ ਜਾਂਦੀ ਹੈ, ਜਿਸ ਕਾਰਨ ਮੋਚੀਆਂ ਦੀ ਕਦਰ ਘਟ ਗਈ ਹੈ। ਅਜੋਕੋ ਸਮੇਂ ਵਿਚ ਮਸ਼ੀਨੀਕਰਨ ਯੁੱਗ, ਫੈਸ਼ਨੇਬਲ ਦੁਨੀਆਂ ਤੇ ਦਿਖਾਵੇਪਣ ਦੇ ਦੌਰ ਨੇ ਸ਼ੋਅਰੂਮਾਂ ਦੇ ਉੱਚੀ ਹੀਲ ਵਾਲੇ ਸੈਂਡਲ, ਸਲੀਪਰ ਆਦਿ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਗੀਤਕਾਰੀ ਵਿਚ ਵੀ ਪਰਿਵਰਤਨ ਆ ਗਿਆ ਹੈ। ਹੁਣ ਜੁੱਤੀ ਦੀ ਥਾਂ ਅਜੋਕੀ ਮੁਟਿਆਰ ਆਪਣੇ ਸੈਂਡਲਾਂ ਦੀ ਪ੍ਰਸੰਸਾ ਇਸ ਤਰ੍ਹਾਂ ਕਰੇਗੀ, ‘ਤੇਰੀ ਨਵੀਂ ਸਹੇਲੀ ਨਾਲੋਂ ਮੇਰੇ ਸੈਂਡਲ ਸੋਹਣੇ ਆ’। ਇਨ੍ਹਾਂ ਨੂੰ ਹੁਣ ਕੇਵਲ ਮੋਚੀ ਹੀ ਨਹੀਂ ਬਲਕਿ ਬਹੁਤ ਸਾਰੀਆਂ ਕੰਪਨੀਆਂ ਤਿਆਰ ਕਰ ਰਹੀਆਂ ਹਨ, ਮੋਚੀ ਵਰਗ ਦਾ ਕਿੱਤਾ ਹੁਣ ਸਿਰਫ਼ ਜੁੱਤੇ ਪਾਲਸ਼ ਕਰਨ ਜਾਂ ਗੰਢਣ ਤਕ ਹੀ ਸੀਮਤ ਰਹਿ ਗਿਆ ਹੈ। ‘ਜੁਲਾਹੇ’ ਵਰਗ ਦੀ ਜੇਕਰ ਗੱਲ ਕਰੀਏ ਤਾਂ ਅਜੋਕੇ ਸਮੇਂ ਵਿਚ ਵਿਭਿੰਨ ਪ੍ਰਕਾਰ ਦੇ ਆ ਰਹੇ ਰੈਡੀਮੇਡ ਕੱਪੜੇ ਇਨ੍ਹਾਂ ਦੇ ਲੋਕ ਕਿੱਤੇ ਦਾ ਹੀ ਰੂਪਾਂਤਰਨ ਹੈ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਨੂੰ ਹੁਣ ‘ਜੁਲਾਹਾ’ ਵਰਗ ਕਰਨ ਦੀ ਬਜਾਏ ਇਸਦਾ ਪਾਸਾਰ ਅਨੇਕਾਂ ਵਰਗਾਂ ਵਿਚ ਘੁਲ ਮਿਲ ਗਿਆ ਹੈ ਅਤੇ ਇਸਨੇ ਜਾਤ ਵਿਵਸਥਾ ’ਚੋਂ ਨਿਕਲ ਆਪਣਾ ਵੱਖਰਾ ਵਰਗ ਤੇ ਸਰੂਪ ਅਖ਼ਤਿਆਰ ਕਰ ਲਿਆ ਹੈ। ਅੱਜ ਸ਼ਹਿਰਾਂ ਵਿਚ ਸਥਾਪਤ ਵੱਡੀਆਂ ਵੱਡੀਆਂ ਮਿੱਲਾਂ ਵਿਚ ਕੱਪੜਾ ਬਣਨ ਲੱਗਿਆ ਹੈ ਤੇ ਜੁਲਾਹੇ ਦਾ ਕੰਮ ਘਟਦਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ‘ਸੁਨਿਆਰ’ ਦੇ ਲੋਕ ਕਿੱਤੇ ਵਿਚ ਵੀ ਰੂਪਾਂਤਰਨ ਦੇ ਵਧੇਰੇ ਆਸਾਰ ਵੇਖੇ ਜਾ ਸਕਦੇ ਹਨ। ਇਹ ਲੋਕ ਕਿੱਤਾ ਅੱਜ ਵੀ ਆਪਣੀ ਚਰਮ ਸੀਮਾ ’ਤੇ ਹੈ, ਪਰ ਇਸਦੇ ਬਣਾਏ ਗਹਿਣਿਆਂ ਦੀ ਬਣਤਰ, ਸਮੱਗਰੀ ਤੇ ਪੇਸ਼ਕਾਰੀ ਵਿਚ ਗਹਿਰਾ ਪਰਿਵਰਤਨ ਆ ਚੁੱਕਾ ਹੈ। ਅਜੋਕੇ ਸਮੇਂ ਦੀ ਮੰਗ ਅਨੁਸਾਰ ਇਹ ਵੀ ‘ਚਾਂਦੀ ਦੀ ਝਾਂਜਰ’ ਦੀ ਬਜਾਏ ‘ਡਾਇਮੰਡ ਦੀ ਝਾਂਜਰ’ ਬਣਾਉਣ ਨੂੰ ਤਰਜੀਹ ਦੇ ਰਿਹਾ ਹੈ। ਇਹ ਲੋਕ ਕਿੱਤਾ ਅੱਜ ਵੀ ਵਧੇਰੇ ਤੌਰ ’ਤੇ ਜਾਤ ਵਿਵਸਥਾ ’ਤੇ ਆਧਾਰਿਤ ਹੈ। ਅਜੋਕਾ ਸਮਾਜ ਪੜ੍ਹ ਲਿਖ ਚੁੱਕਾ ਹੈ ਅਤੇ ਤਰਕਸ਼ੀਲ ਹੋ ਗਿਆ ਹੈ। ਇਸ ਲਈ ਪੰਡਤਾਂ/ਬ੍ਰਾਹਮਣਾਂ ਵੱਲੋਂ ਦੱਸੇ ਵਹਿਮਾਂ ਭਰਮਾਂ, ਮਨਾਹੀਆਂ ਆਦਿ ਨੂੰ ਬਹੁਤ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ। ਇਸ ਵਰਗ ਨਾਲ ਸਬੰਧਤ ਨੌਜਵਾਨ ਹੁਣ ਪੜ੍ਹ ਲਿਖ ਕੇ ਨੌਕਰੀਆਂ ਦੀ ਤਲਾਸ਼ ਵਿਚ ਹਨ ਅਤੇ ਕਈਆਂ ਨੇ ਸਮਾਜ ਦੀ ਸੋਚ ਅਨੁਸਾਰ ਚੱਲਦਿਆਂ ਸੋਸ਼ਲ ਮੀਡੀਆ ਦੇ ਸਾਧਨਾਂ ਰਾਹੀਂ ਆਪਣੇ ਕਿੱਤੇ ਵਿਚ ਨਵੀਨਤਾ ਲਿਆਂਦੀ ਹੈ।
ਲੋਕ ਕਿੱਤਿਆਂ ਵਿਚ ਆ ਰਹੇ ਬਦਲਾਅ ਨੇ ਸਮਾਜਿਕ ਬਣਤਰ ਨੂੰ ਵੀ ਤਬਦੀਲ ਕੀਤਾ ਹੈ। ਲੋਕਾਂ ਦੇ ਮਨੋਰੰਜਨ ਕਰਨ ਦੇ ਢੰਗ ਬਦਲ ਗਏ ਹਨ। ਦੇਖਿਆ ਜਾਵੇ ਤਾਂ ਕਿੱਤਿਆ ਵਿਚ ਹੋਏ ਵਿਕਾਸ ਨੇ ਜਿੱਥੇ ਕਈ ਤਰ੍ਹਾਂ ਦੀਆਂ ਪਰੰਪਰਾਗਤ ਮਿੱਥਾਂ ਨੂੰ ਤੋੜਿਆ ਹੈ, ਉੱਥੇ ਕਈ ਤਰ੍ਹਾਂ ਦੀਆਂ ਜਟਿਲਤਾਵਾਂ ਨੂੰ ਵੀ ਜਨਮ ਦਿੱਤਾ ਹੈ। ਪਹਿਲਾਂ ਅਨੁਸੂਚਿਤ ਜਾਤਾਂ ਦੀ ਸਥਿਤੀ ਸਿੱਖਿਅਕ ਅਤੇ ਕਿੱਤਾ ਪੱਧਰ ’ਤੇ ਬਹੁਤ ਨੀਵੀਂ ਸੀ, ਪਰ ਸਮਕਾਲੀਨ ਸਮਾਜਿਕ ਤਬਦੀਲੀ ਨੇ ਇਨ੍ਹਾਂ ਨੂੰ ਹੁਣ ਆਪਣੀ ਇੱਛਾ ਅਨੁਸਾਰ ਸਿੱਖਿਆ ਪ੍ਰਾਪਤੀ ਤੇ ਕਿੱਤਾ ਚੋਣ ਦੀ ਖੁੱਲ੍ਹ ਦਾ ਅਧਿਕਾਰ ਦੇ ਦਿੱਤਾ ਹੈ। ਲੋਕ ਕਿੱਤੇ ਹੁਣ ਵਧੇਰੇ ਤੌਰ ’ਤੇ ਉਦਯੋਗੀਕਰਨ ਦੀ ਲਪੇਟ ਵਿਚ ਆ ਰਹੇ ਹਨ। ਇਨ੍ਹਾਂ ਦਾ ਰੂਪਾਂਤਰਨ ਹੱਥ ਕਿਰਤ ਦੀ ਬਜਾਏ ਮਸ਼ੀਨਾਂ ਦੀ ਆੜ ਵਿਚ ਪ੍ਰਭਾਵਿਤ ਹੋ ਰਿਹਾ ਹੈ। ਵਰਤਮਾਨ ਸਮੇਂ ਪੰਜਾਬ ਦੇ ਲੋਕ ਕਿੱਤੇ ਜਾਂ ਤਾਂ ਫੈਕਟਰੀਆਂ ਨੇ ਨਿਗਲ ਲਏ ਹਨ ਜਾਂ ਸੰਸਾਰੀਕਰਨ ਦੇ ਕਾਰਪੋਰੇਟ ਸੈਕਟਰਾਂ ਦੀ ਮਾਰ ਹੇਠ ਹਨ। ਅੱਜ ਇਹ ਜ਼ਰੂਰੀ ਨਹੀਂ ਕਿ ਲੋਹੇ ਦਾ ਕੰਮ ਲੁਹਾਰ ਹੀ ਕਰੇ ਜਾਂ ਚਮੜੇ ਦਾ ਕੰਮ ਚਮਿਆਰ ਹੀ ਕਰੇ। ਕੋਈ ਹੋਰ ਵੀ ਉਚੇਰਾ ਵਰਗ ਆਪਣੇ ਪੈਸੇ ਦੇ ਰੋਹਬ ਸਦਕਾ ਢਲਾਈ ਦੀ ਮਿੱਲ ਜਾਂ ਚਮੜੇ ਦੇ ਕੰਮਾਂ ਦਾ ਉਦਯੋਗਿਕ ਤੌਰ ’ਤੇ ਨਿਰਮਾਤਾ ਬਣ ਸਕਦਾ ਹੈ। ਇਵੇਂ ਹੀ ਪੁਰਾਣੇ ਪੰਜਾਬ ਵਿਚ ਪਿੰਡ ਦੀ ਬਜ਼ੁਰਗ ਔਰਤ ਦਾਈ ਦਾ ਲੋਕ ਕਿੱਤਾ ਕਰਦੀ ਸੀ, ਜਿਸਦੀ ਸਮਾਜ ਵਿਚ ਇਕ ਵਿਸ਼ੇਸ਼ ਭੂਮਿਕਾ ਰਹਿੰਦੀ ਸੀ, ਦਾਈ ਦਾ ਲੋਕ ਕਿੱਤਾ ਦੇਖਿਆ ਜਾਵੇ ਤਾਂ ਅਜੋਕੇ ਦੌਰ ਦੀਆਂ ਆਸ਼ਾ ਵਰਕਰਾਂ ਵਿਚ ਰੂਪਾਂਤਰਿਤ ਹੋ ਚੁੱਕਾ ਹੈ। ਇਸਦੇ ਨਾਲ ਹੀ ਏ.ਐੱਨ.ਐੱਮ., ਜੀ.ਐੱਨ.ਐੱਮ. ਦੇ ਕੋਰਸ ਕਰ ਰਹੀਆਂ ਲੜਕੀਆਂ ਅੱਜ ਦੇ ਦੌਰ ਵਿਚ ਪੁਰਾਣੇ ਪੰਜਾਬ ਦੀ ਦਾਈ ਦੀ ਭੂਮਿਕਾ ਹੀ ਨਿਭਾਉਂਦੀਆਂ ਹਨ। ਤੇਲੀ (ਤੇਲ ਕੱਢਣ ਵਾਲਾ) ਤੇ ਪੇਂਜਾ (ਰੂੰ ਪਿੰਜਣ ਵਾਲਾ) ਦਾ ਕੰਮ ਹੁਣ ਪੂਰੀ ਤਰ੍ਹਾਂ ਮਸ਼ੀਨੀਕਰਨ ’ਤੇ ਆਧਾਰਿਤ ਹੋ ਗਿਆ ਹੈ ਅਤੇ ਬਾਜ਼ਾਰਾਂ ਵਿਚ ਤਰ੍ਹਾਂ ਤਰ੍ਹਾਂ ਦੇ ਤੇਲ ਵਾਲੀਆਂ ਕੰਪਨੀਆਂ ਆ ਚੁੱਕੀਆਂ ਹਨ। ਇਸ ਪ੍ਰਕਾਰ ਲੋਕ ਕਿੱਤੇ ਅਲੋਪ ਹੋਣ ਦੀ ਬਜਾਏ ਵੱਖ ਵੱਖ ਕਿੱਤਿਆਂ ਵਿਚ ਰੂਪਾਂਤਰ ਹੋ ਆਪਣਾ ਰੂਪ ਵਟਾਉਂਦੇ ਜਾ ਰਹੇ ਹਨ। ਡਾਕਟਰ ਹਕੀਮ ਦੇ ਲੋਕ ਕਿੱਤੇ ਵਿਚੋਂ ਹੀ ਨਿਕਲਿਆ ਕਿੱਤਾ ਹੈ।
ਸੋ ਦੇਖਿਆ ਜਾਵੇ ਤਾਂ ਆਧੁਨਿਕ ਸਮੇਂ ਵਿਚ ਹਰ ਕਿੱਤੇ ਦਾ ਖ਼ਾਸਾ ਵਧੇਰੇ ਮੁਨਾਫ਼ੇ ਤੇ ਵਪਾਰ ਤੋਂ ਵੱਧ ਕੁਝ ਵੀ ਨਹੀਂ ਹੈ। ਅਜੋਕੇ ਦੌਰ ਦਾ ਇਹ ਵਿਕਾਸ ਤਾਂ ਚੰਗਾ ਹੈ, ਪਰ ਪਹਿਲਾਂ ਵਾਂਗ ਰਿਸ਼ਤਿਆਂ ਦੀ ਅਪਣੱਤ, ਭਾਈਚਾਰਕ ਸਾਂਝ ਤੇ ਵਿਸ਼ਵਾਸ ਕਿਧਰੇ ਦੂਰ ਉੱਡ ਗਏ ਜਾਪਦੇ ਹਨ। ਲੋਕ ਕਿੱਤਿਆਂ ਨਾਲ ਸਬੰਧਤ ਬਹੁਤੀ ਸ਼ਬਦਾਵਲੀ ਅਲੋਪ ਹੋ ਚੁੱਕੀ ਹੈ ਅਤੇ ਬਹੁਤੀ ਅਲੋਪ ਹੋਣ ਦੇ ਕਿਨਾਰੇ ਹੈ। ਆਧੁਨਿਕ ਪੂੰਜੀਵਾਦੀ ਤੇ ਵਪਾਰੀ ਯੁੱਗ ਨੇ ਬੇਸ਼ੱਕ ਕਿਰਤੀ ਵਰਗ ਦੀ ਕਿਰਤ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ, ਪਰ ਇਸ ਵਰਗ ਦਾ ਪਾਇਆ ਯੋਗਦਾਨ ਨਵੇਂ ਯੁੱਗ ਤੇ ਨਵੀਂ ਪੀੜ੍ਹੀ ਲਈ ਹਮੇਸ਼ਾਂ ਆਧਾਰਸ਼ਿਲਾ ਤੇ ਪ੍ਰੇਰਨਾ ਸਰੋਤ ਬਣਿਆ ਰਹੇਗਾ।
*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98888-70822