ਰਾਮ ਸਿੰਘ ਦਿਲਾਵਰ
ਕਿਸੇ ਸਮੇਂ ਘਰ ਵਿੱਚ ਰੇਡੀਓ ਹੋਣਾ ਬਹੁਤ ਵੱਡੀ ਗੱਲ ਹੁੰਦੀ ਸੀ| ਅੱਧੇ ਟੈਲੀਵਿਜ਼ਨ ਜਿਹਾ ਤੇ ਵੱਡੇ ਵੱਡੇ ਬਟਨਾਂ ਵਾਲਾ ਕੰਸ ‘ਤੇ ਵਧੀਆ ਕੱਪੜਾ ਪਾ ਕੇ ਰੱਖਿਆ ਰੇਡੀਓ, ਘਰ ਦੀ ਸ਼ਾਨ ਹੁੰਦਾ ਸੀ| ਜਦ ਉਸ ਵਿੱਚੋ ਆਵਾਜ਼ਾਂ ਆਉਣੀਆਂ ਤਾਂ ਬੱਚਿਆਂ ਨੂੰ ਚਾਅ ਚੜ੍ਹ ਜਾਣਾ। ਉਨ੍ਹਾਂ ਪਿੰਡ ਵਿੱਚ ਦਰਵਾਜ਼ੇ ‘ਤੇ ਗਾਹ ਪਾ ਦੇਣਾ ਕਿ ਫਲਾਣੇ ਦੇ ਘਰ ਵਾਲਿਆਂ ਨੇ ਇੱਕ ਜੰਤਰ ਜਿਹਾ ਲਿਆਂਦਾ ਹੈ ਜਿਸ ਵਿੱਚ ਗੀਤ ਵੀ ਵੱਜਦੇ ਹਨ, ਲੋਕ ਗੱਲਾਂ ਵੀ ਕਰਦੇ ਹਨ| ਹੌਲੀ ਹੌਲੀ ਹਰ ਘਰ ‘ਚੋਂ ਰੇਡੀਓ ਦੀ ਆਵਾਜ਼ ਆਉਣ ਲੱਗ ਪਈ|
ਤੜਕੇ ਉੱਠਦੇ ਸਾਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਨਾ| ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਸੁਣਨੀਆਂ ਅਤੇ ਨਾਲ ਦੀ ਨਾਲ ਸਿਹਤ ਸਬੰਧੀ ਪ੍ਰੋਗਰਾਮ ਸ਼ੁਰੂ ਹੋ ਜਾਣਾ| ਸਮੇਂ ਅਨੁਸਾਰ ਹਲਕੇ ਫੁਲਕੇ ਹਿੰਦੀ ਤੇ ਪੰਜਾਬੀ ਗੀਤ ਆਉਂਦੇ ਰਹਿੰਦੇ ਸਨ| ਕੱਵਾਲੀਆਂ, ਕਾਫ਼ੀਆਂ, ਢਾਡੀ ਜਥਿਆਂ ਦੀਆਂ ਵਾਰਾਂ ਅਤੇ ਕਈ ਵਾਰ ਨਾਟਕ ਵੀ ਸੁਣਨ ਨੂੰ ਮਿਲਦੇ| ਦੁਪਹਿਰ ਨੂੰ ਭੈਣਾਂ ਦਾ ਪ੍ਰੋਗਰਾਮ ਚੱਲਦਾ ਸੀ ਜਿਸ ਵਿੱਚ ਭਾਗ ਲੈਣ ਵਾਲੀਆਂ ਭੈਣਾਂ ਦੇ ਗੱਲਾਂ ਕਰਨ ਦਾ ਢੰਗ ਇੰਨਾ ਦਿਲ ਟੁੰਬਵਾਂ ਹੁੰਦਾ ਸੀ ਜਿਵੇਂ ਉਹ ਸਾਡੇ ਘਰ ‘ਚ ਹੀ ਬੈਠ ਕੇ ਸਾਡੇ ਘਰ, ਸਾਡੇ ਪਿੰਡ ਦੀ ਗੱਲ ਕਰ ਰਹੇ ਹੋਣ| ਹਾਲਾਂਕਿ, ਪ੍ਰੋਗਰਾਮ ਭੈਣਾਂ ਦਾ ਸੀ, ਪਰ ਬੰਦੇ ਵੀ ਬੜੀ ਰੀਝ ਨਾਲ ਸੁਣਦੇ|
ਉਸ ਸਮੇਂ ਦਾ ਰੇਡੀਓ ਜਾਣਕਾਰੀਆਂ ਦਾ ਦੌਰ ਲੈ ਕੇ ਆਇਆ ਸੀ| ਸ਼ਾਮ ਨੂੰ ਕਿਸਾਨ ਭਰਾਵਾਂ ਦੇ ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਨਵੀਂ ਤਕਨੀਕ, ਫ਼ਸਲਾਂ ਦੀ ਬਿਜਾਈ, ਸਾਂਭ ਸੰਭਾਲ, ਖਾਦਾਂ, ਕਟਾਈ, ਮੰਡੀਆਂ ਦੀ ਜਾਣਕਾਰੀ ਆਦਿ ਮਿਲਦੀ ਸੀ| ਫਿਰ ਦਿੱਲੀ ਕੇਂਦਰ ਤੋਂ ਫੌਜੀ ਵੀਰਾਂ ਦਾ ਰੰਗਾਰੰਗ ਪ੍ਰੋਗਰਾਮ ਆਉਣਾ ਜਿਸ ਵਿੱਚ ਫੌਜੀ ਵੀਰ ਚਿੱਠੀ ਪਾ ਕੇ ਗੀਤ ਦੀ ਫਰਮਾਇਸ਼ ਕਰਦੇ ਤੇ ਆਪਣੇ ਤਜਰਬੇ ਸਾਂਝੇ ਕਰਦੇ| ਬੌਲੀਵੁੱਡ ਅਦਾਕਾਰ ਵੀ ਇਸ ਪ੍ਰੋਗਰਾਮ ‘ਚ ਆਉਂਦੇ ਤੇ ਫੌਜੀ ਵੀਰਾਂ ਦਾ ਹੌਸਲਾ ਵਧਾਉਂਦੇ| ਸ਼ਾਮ ਦੀਆਂ ਖ਼ਬਰਾਂ ਸਾਰੇ ਦਿਨ ਦਾ ਲੇਖਾ ਜੋਖਾ ਦੱਸਦੀਆਂ| ਕ੍ਰਿਕਟ ਦਾ ਮੈਚ ਵੀ ਰੇਡੀਓ ‘ਤੇ ਆਉਣ ਲੱਗ ਪਿਆ ਸੀ ਤੇ ਆਵਾਜ਼ਾਂ ਨਾਲ ਹੀ ਚੱਲਦੇ ਮੈਚ ਦਾ ਆਨੰਦ ਮਾਨਣਾ, ਵਿਰੋਧੀ ਟੀਮ ਦੇ ਖਿਡਾਰੀ ਦੇ ਆਊਟ ਹੋਣ ‘ਤੇ ਰੌਲਾ ਪਾ ਦੇਣਾ, ਆਪਣੀ ਟੀਮ ਦੇ ਛੱਕੇ ‘ਤੇ ਤਾੜੀਆਂ ਵੀ ਮਾਰਨੀਆਂ|
ਟੈਲੀਵਿਜ਼ਨ ਦੇ ਆਉਣ ਮਗਰੋਂ ਵੀ ਰੇਡੀਓ ਦਾ ਰੁਝਾਨ ਨਹੀਂ ਘਟਿਆ ਸੀ| ‘ਟੇਸ਼ਨ ਬਦਲ ਬਦਲ ਕੇ ਆਪਣੇ ਮਨਪਸੰਦ ਪ੍ਰੋਗਰਾਮ ਸੁਣਦੇ ਤੇ ਹੋਰਾਂ ਨੂੰ ਸੁਣਾਉਂਦੇ| ਕੁਝ ਬਜ਼ੁਰਗ ਤਾਂ ਅੱਜ ਵੀ ਰੇਡੀਓ ਤੋਂ ਬਿਨਾਂ ਨਹੀਂ ਰਹਿੰਦੇ। ਉਹ ਗੱਲ ਅਲੱਗ ਹੈ ਕਿ ਹੁਣ ਰੇਡੀਓ ਦਾ ਆਕਾਰ ਘੱਟ ਗਿਆ ਹੈ ਤੇ ਮਿਆਰ ਵੀ| ਅੱਜਕੱਲ੍ਹ ਦੇ ਰੇਡੀਓ ਵਿੱਚ ਸਹਿਜ ਨਾਮ ਦੀ ਤਾਂ ਕੋਈ ਗੱਲ ਰਹੀ ਹੀ ਨਹੀਂ। ਜਦੋਂ ਤੋਂ ਰੇਡੀਓ ‘ਤੇ ਪ੍ਰੋਗਰਾਮ ਪ੍ਰਸਾਰਿਤ ਕਰਨ ਵਾਲੇ ਆਪਣੇ ਆਪ ਨੂੰ ‘ਆਰ ਜੇ’ ਕਹਾਉਣ ਲੱਗ ਪਏ, ਉਦੋਂ ਦੀ ਰੇਡੀਓ ਦੀ ਲੋਕਪ੍ਰਿਯਤਾ ਘਟਦੀ ਜਾ ਰਹੀ ਹੈ|
ਪਹਿਲਾਂ ਪੋਗਰਾਮ ਪੇਸ਼ ਕਰਨ ਵਾਲਿਆਂ ਵਿੱਚ ਠਰੰਮਾ, ਬੋਲੀ ‘ਤੇ ਪਕੜ, ਸਰੋਤਿਆਂ ਨੂੰ ਕੀਲ ਕੇ ਬਿਠਾ ਲੈਣ ਦੀ ਸਮਰੱਥਾ ਹੁੰਦੀ ਸੀ। ਸਹਿਜ ਸੁਭਾਅ ਅਗਲੇ ਆਉਣ ਵਾਲੇ ਗੀਤ ਦਾ ਜ਼ਿਕਰ, ਗਾਇਕ, ਗੀਤਕਾਰ, ਸੰਗੀਤਕਾਰ ਅਤੇ ਫਿਲਮ ਦਾ ਨਾਮ ਆਦਿ ਸਾਰਾ ਕੁਝ ਦੱਸ ਕੇ ਉਸ ਗੀਤ ਜਾਂ ਉਸ ਫਿਲਮ ਦਾ ਕੋਈ ਨਾ ਕੋਈ ਕਿੱਸਾ ਵੀ ਸਾਂਝਾ ਕੀਤਾ ਜਾਂਦਾ ਸੀ। ਇਹ ਸਰੋਤਿਆਂ ਨੂੰ ਮੱਲੋ ਮੱਲੀ ਗੀਤ ਨਾਲ ਜੋੜ ਦਿੰਦਾ ਸੀ, ਪਰ ਹੁਣ ਤਾਂ ਗੀਤ ਇੰਜ ਪੇਸ਼ ਕੀਤਾ ਜਾਂਦਾ ਜਿਵੇਂ ਪੇਸ਼ ਕਰਨ ਵਾਲੇ ਨੇ ਟਰੇਨ ਫੜਨੀ ਹੋਵੇ| ਤੇਜ਼ੀ ਨਾਲ ਬੋਲੀ ਜਾਣਗੇ, ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਸਾਰਾ ਕੁਝ ਘਿਓ ਖਿਚੜੀ ਕਰਕੇ ਗੱਲ ਦਾ ਨਾਸ ਮਾਰ ਦੇਣਗੇ| ਉਸ ਤੋਂ ਵੀ ਬੁਰਾ ਲੱਗਦਾ ਜਿਹੜਾ ਚੈਨਲ ਸੁਣ ਰਹੇ ਹਾਂ, ਉਸੇ ਦੀ ਹੀ ਮਸ਼ਹੂਰੀ ਕਰੀ ਜਾਣਗੇ| ਚੱਲਦੇ ਗਾਣੇ ‘ਚ ਕੁਝ ਨਾ ਕੁਝ ਬੋਲੀ ਜਾਣਗੇ। ਜੇ ਹੋਰ ਨਹੀਂ ਤਾਂ ਅਗਲੇ ਆਉਣ ਵਾਲੇ ਗਾਣੇ ਦੀ ਗੱਲ ਕਰਨ ਲੱਗ ਜਾਣਗੇ, ਕੋਈ ਸਮਝਾਉਣ ਵਾਲਾ ਹੋਵੇ ਕੇ ਇਹ ਗੀਤ ਤਾਂ ਸੁਣ ਲੈਣ ਦਿਓ, ਅਗਲੇ ਦੀ ਗੱਲ ਫੇਰ ਕਰ ਲਓ।
ਵਿਗਿਆਪਨ ਪਹਿਲਾ ਵੀ ਆਉਂਦੇ ਸਨ ਤੇ ਆਉਣੇ ਵੀ ਚਾਹੀਦੇ ਹਨ। ਉਨ੍ਹਾਂ ਨਾਲ ਹੀ ਚੈਨਲ ਦਾ ਖਰਚਾ ਨਿਕਲਣਾ ਹੈ, ਪਰ ਵਿਗਿਆਪਨ ਅਜਿਹੇ ਨਾ ਹੋਣ ਜੋ ਸਿਰ ਹੀ ਦੁਖਣ ਲਾ ਦੇਣ| ਕਈ ਵਾਰ ਦੇਖਿਆ ਕੇ ਗੱਡੀ ‘ਚ ਰੇਡੀਓ ਲਾ ਲਵੋ ਜਾਂ ਤਾਂ ਇਨ੍ਹਾਂ ‘ਆਰ ਜਿਆਂ’ ਦੀਆਂ ਗੱਲਾਂ ਪਕਾ ਦਿੰਦੀਆਂ ਹਨ ਜਾਂ ਫਿਰ ਇਹ ਸੰਘ ਪਾੜਦੇ ਵਿਗਿਆਪਨ, ਫਿਰ ਬੰਦਾ ਰੇਡੀਓ ਹੀ ਬੰਦ ਕਰ ਦਿੰਦਾ ਹੈ| ਫਿਰ ਸ਼ਾਇਦ ਉਸ ਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਕਿ ਸ਼ੁਕਰ ਹੈ ਕਾਵਾਂ ਰੌਲੀ ਤੋਂ ਬਚ ਗਏ|
ਗੱਲ ਇਹ ਨਹੀਂ ਕਿ ਸਾਰਾ ਕੁਝ ਪੁਰਾਣੇ ਸਮੇਂ ਵਾਂਗ ਹੀ ਚੱਲੇ। ਸ਼ਾਇਦ ਅੱਜਕੱਲ੍ਹ ਦੀ ਪੀੜ੍ਹੀ ਨੂੰ ਇਹ ਸਭ ਕੁਝ ਵਧੀਆ ਲੱਗਦਾ ਹੋਵੇ| ਬਦਲਾਅ ਤਾਂ ਜ਼ਰੂਰੀ ਹੈ, ਪ੍ਰੋਗਰਾਮਾਂ ਵਿੱਚ ਚਿੱਠੀਆਂ ਦੀ ਜਗਾ ਫੋਨ ਆਉਣ ਲੱਗ ਪਏ, ਭਾਵੇਂ ਗੱਲ ਕਰਨ ਵਾਲੇ ਨੂੰ ਗੱਲ ਕਰਨੀ ਹੀ ਨਹੀਂ ਆਉਂਦੀ, ਪ੍ਰੈਂਕ ਕਾਲ ਕਰਕੇ ਕਿਸੇ ਨੂੰ ਤੰਗ ਪਰੇਸ਼ਾਨ ਕਰੀ ਜਾਣਾ, ਬਾਅਦ ਵਿੱਚ ਹੱਸੀ ਜਾਣਾ ਤੇ ਆਸ ਕਰਨਾ ਕਿ ਸਰੋਤੇ ਵੀ ਹੱਸਣ, ਬਿਨਾਂ ਹੱਸਣ ਵਾਲੇ ਚੁਟਕੁਲੇ ‘ਤੇ ਉੱਚੀ ਉੱਚੀ ਹੱਸੀ ਜਾਣਾ| ਇਹ ਸਾਡੇ ਸਮੇਂ ਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ| ਇਹ ਵੀ ਨਹੀਂ ਕਿ ਰੇਡੀਓ ਵਿੱਚ ਹੁਣ ਕੁਝ ਵੀ ਚੰਗਾ ਨਹੀਂ, ਜਲੰਧਰ ਕੇਂਦਰ, ਵਿਵਿਧ ਭਾਰਤੀ ਦਿੱਲੀ ਤੇ ਕਈ ਹੋਰ ਖੇਤਰੀ ਚੈਨਲ ਹਨ ਜੋ ਅੱਜ ਵੀ ਸਰੋਤਿਆਂ ਵਿੱਚ ਆਪਣਾ ਪਿਆਰ ਤੇ ਆਪਣੇ ਪ੍ਰੋਗਰਾਮ ਦੀ ਉਡੀਕ ਕਰਾਉਣ ਵਿੱਚ ਸਮਰੱਥ ਹਨ| ਹੁਣ ਤਾਂ ਇੰਟਰਨੈੱਟ ‘ਤੇ ਦੇਸ਼ ਵਿਦੇਸ਼ ਦੇ ਰੇਡੀਓ ਵੀ ਚਲਾ ਦੇ ਸੁਣ ਸਕਦੇ ਹਾਂ। ਜਿੱਥੇ ਜਿੱਥੇ ਪੰਜਾਬੀ ਹਨ ਉਨ੍ਹਾਂ ਨੇ ਉਸ ਮੁਲਕ ਵਿੱਚ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਰੇਡੀਓ ਚੈਨਲ ਚਲਾ ਰੱਖੇ ਹਨ| ਇਨ੍ਹਾਂ ਦੀ ਕਾਮਯਾਬੀ ਦਾ ਰਾਜ ਹੈ ਕਿ ਇਨ੍ਹਾਂ ਦੇ ਪ੍ਰੋਗਰਾਮ ਪੇਸ਼ ਕਰਨ ਵਾਲੇ ਠੇਠ ਪੰਜਾਬੀ ਬੋਲਦੇ ਹਨ, ਪਿਆਰ ਸਤਿਕਾਰ ਨਾਲ ਗੱਲ ਕਰਦੇ ਹਨ, ਗੂੜ੍ਹੀ ਗੱਲਬਾਤ ਕਰਦੇ ਹਨ, ਲਹਿਜੇ ਵਿੱਚ ਬਹੁਤ ਸਲੀਕਾ ਅਤੇ ਅਪਣਾਪਣ ਝਲਕਦਾ ਹੈ| ਬਾਕੀ ਜ਼ਿਆਦਾਤਰ ਐੱਫਐੱਮ ਚੈਨਲ ਸਿਰਦਰਦੀ ਤੋਂ ਬਿਨਾਂ ਹੋਰ ਕੁਝ ਨਹੀਂ|
ਸੰਪਰਕ: 98558-30222