ਗੁਰਮੀਤ ਸਿੰਘ*
ਇਸ ਚਿੜੀ ਨੂੰ ਪੰਜਾਬੀ ਵਿੱਚ ਬੋਦਲ ਬੋਲੀ, ਅੰਗਰੇਜ਼ੀ ਵਿੱਚ ‘ਕਰੈਸਟਡ ਬੰਟਿੰਗ’ (Crested Bunting) ਅਤੇ ਹਿੰਦੀ ਵਿੱਚ ਕਲਗੀਦਾਰ ਗੰਦਮ ਜਾਂ ਪੱਥਰ ਚਿਰਟਾ ਕਹਿੰਦੇ ਹਨ। ਇਹ ਪੰਛੀ ਆਮ ਤੌਰ ’ਤੇ ਖੁੱਲ੍ਹੇ ਇਲਾਕਿਆਂ, ਝਾੜੀਆਂ, ਪਹਾੜਾਂ ਵਿੱਚ ਅਜਿਹੀਆਂ ਥਾਵਾਂ ’ਤੇ ਰਹਿਣਾ ਪਸੰਦ ਕਰਦਾ ਹੈ, ਜਿੱਥੇ ਦੂਰ ਦੂਰ ਤੱਕ ਪੱਥਰ ਹੋਣ। ਪੱਥਰਾਂ ਦੇ ਆਲੇ-ਦੁਆਲੇ ਹੋਣ ਕਾਰਨ ਇਸ ਨੂੰ ਹਿੰਦੀ ਭਾਸ਼ਾ ਵਿੱਚ ਪੱਥਰ ਚਿੜੀ ਵੀ ਕਿਹਾ ਜਾਂਦਾ ਹੈ। ਇਸ ਦੇ ਨਰ ਦੇ ਸਿਰ ’ਤੇ ਲੰਮੇ ਵਾਲਾਂ (ਕਰੈਸਟ) ਕਰਕੇ ਇਸ ਨੂੰ ਪੰਜਾਬੀ ਵਿੱਚ ‘ਬੋਦਲ ਬੋਲੀ’ ਕਿਹਾ ਜਾਂਦਾ ਹੈ। ਇਹ ਆਮ ਤੌਰ ’ਤੇ ਭਾਰਤ, ਦੱਖਣ-ਪੂਰਬੀ ਏਸ਼ੀਆ, ਥਾਈਲੈਂਡ ਅਤੇ ਚੀਨ ਵਿੱਚ ਪਾਇਆ ਜਾਂਦਾ ਹੈ। ਇਹ ਪੰਛੀ ਪਹਾੜੀ ਖੇਤਰ ਤੋਂ ਸਿਆਲ ਦੀ ਰੁੱਤੇ ਪੰਜਾਬ ਵਿੱਚ ਆ ਜਾਂਦੇ ਹਨ। ਇਹ ਮੱਧ ਭਾਰਤ ਅਤੇ ਉੱਤਰ ਪੂਰਬੀ ਭਾਰਤ ਵਿੱਚ ਮਿਲਦੇ ਹਨ। ਇਹ ਸੁੱਕੇ ਘਾਹ ਦੇ ਮੈਦਾਨਾਂ, ਪਥਰੀਲੀਆਂ ਥਾਵਾਂ ਅਤੇ ਪਹਾੜੀ ਕਿਨਾਰਿਆਂ, ਖੇਤੀਯੋਗ ਜ਼ਮੀਨਾਂ ਅਤੇ ਸੁੱਕੀਆਂ ਝਾੜੀਆਂ ਵਿੱਚ ਵੀ ਪਾਇਆ ਜਾਣ ਵਾਲਾ ਪੰਛੀ ਹੈ।
ਇਸ ਦਾ ਆਕਾਰ 16 ਤੋਂ 17 ਸੈਂਟੀਮੀਟਰ ਅਤੇ ਭਾਰ 20 ਤੋਂ 26 ਗ੍ਰਾਮ ਹੁੰਦਾ ਹੈ। ਇਸ ਪੰਛੀ ਵਿੱਚ ਨਰ ਅਤੇ ਮਾਦਾ ਪੰਛੀ ਦੇ ਰੰਗਾਂ ਵਿੱਚ ਅੰਤਰ ਹੁੰਦਾ ਹੈ। ਨਰ ਦਾ ਪੂਰਾ ਸਰੀਰ ਅਤੇ ਸਿਰ ਚਮਕਦਾਰ ਕਾਲਾ ਜਾਂ ਭੂਰਾ- ਗੂੜ੍ਹਾ ਕਾਲਾ ਹੁੰਦਾ ਹੈ। ਇਨ੍ਹਾਂ ਦੀ ਚੁੰਝ ਕਾਲੀ ਹੁੰਦੀ ਹੈ ਅਤੇ ਪੰਜੇ ਚਮਕਦਾਰ ਭੂਰੇ ਹੁੰਦੇ ਹਨ। ਮਾਦਾ ਨਰ ਨਾਲੋਂ ਪੀਲੀ ਅਤੇ ਭੂਰੀ ਹੁੰਦੀ ਹੈ, ਮਾਦਾ ਦੀ ਬੋਦੀ ਛੋਟੀ ਹੁੰਦੀ ਹੈ। ਇਸ ਦੇ ਉੱਪਰਲੇ ਹਿੱਸੇ ਜੈਤੂਨ-ਭੂਰੇ ਰੰਗੇ ਹੁੰਦੇ ਹਨ, ਧਾਰੀਆਂ ਗੂੜ੍ਹੀਆਂ ਹੁੰਦੀਆਂ ਹਨ। ਖੰਭ ਵੱਖੋ-ਵੱਖਰੇ ਰੰਗ ਦੇ ਹੁੰਦੇ ਹਨ। ਇਸ ਦੇ ਖੰਭ ਤੇ ਪੂੰਝਾ ਥੋੜ੍ਹਾ ਲਾਖੇ ਰੰਗਾ ਹੁੰਦਾ ਹੈ। ਨਰ ਦੇ ਮੁਕਾਬਲੇ ਮਾਦਾ ਦਾ ਪੂੰਝਾ ਘੱਟ ਭੂਰਾ ਹੁੰਦਾ ਹੈ।
ਇਸ ਪੰਛੀ ਦਾ ਮੁੱਖ ਭੋਜਨ ਵੱਖ-ਵੱਖ ਕਿਸਮਾਂ ਦੀ ਬਨਸਪਤੀ ਦੇ ਛੋਟੇ ਬੀਜ ਅਤੇ ਘਾਹ ਦੇ ਬੀਜ ਹਨ। ਇਹ ਪੰਛੀ ਕੀੜਿਆਂ ਦਾ ਸ਼ਿਕਾਰ ਵੀ ਕਰਦੇ ਹਨ। ਇਸ ਪੰਛੀ ਦਾ ਪ੍ਰਜਣਨ ਸਮਾਂ ਅਪਰੈਲ ਤੋਂ ਅਗਸਤ ਤੱਕ ਹੁੰਦਾ ਹੈ। ਇਹ ਪੰਛੀ ਜ਼ਮੀਨ ’ਤੇ ਆਪਣੇ ਆਲ੍ਹਣੇ ਬਣਾਉਂਦੇ ਹਨ। ਇਨ੍ਹਾਂ ਦੇ ਆਲ੍ਹਣੇ ਆਮ ਤੌਰ ’ਤੇ ਲਟਕਮੀਆਂ ਚੱਟਾਨਾਂ ਦੇ ਹੇਠਾਂ ਦਰਾੜਾਂ ਵਿੱਚ, ਨਹਿਰਾਂ ਜਾਂ ਦਰਿਆਵਾਂ ਦੇ ਨਾਲ ਲੱਗਦੀ ਜ਼ਮੀਨ ਫਟਣ ਨਾਲ ਹੋਏ ਸੁਰਾਖਾਂ ਵਿੱਚ ਅਤੇ ਸੰਘਣੀਆਂ ਝਾੜੀਆਂ ਵਿਚਕਾਰ ਜ਼ਮੀਨ ’ਤੇ ਘਾਹ ਜਾਂ ਝਾੜੀਆਂ ਵਿੱਚ ਹੁੰਦੇ ਹਨ। ਇਨ੍ਹਾਂ ਦੇ ਆਲ੍ਹਣੇ ਪੱਥਰ ਦੀਆਂ ਕੁਝ ਪੁਰਾਣੀਆਂ ਇਮਾਰਤਾਂ ਦੀਆਂ ਕੰਧਾਂ ਵਿੱਚ ਵੀ ਦੇਖੇ ਜਾ ਸਕਦੇ ਹਨ। ਆਲ੍ਹਣੇ ਕੱਪ ਦੇ ਆਕਾਰ ਦੇ ਹੁੰਦੇ ਹਨ। ਆਲ੍ਹਣਾ ਘਾਹ ਦੀਆਂ ਜੜ੍ਹਾਂ, ਘਾਹ ਅਤੇ ਕਾਈ ਦਾ ਬਣਿਆ ਇੱਕ ਖੋਖਲਾ ਪਿਆਲਾ ਹੁੰਦਾ ਹੈ। ਆਲ੍ਹਣੇ ਦੇ ਅੰਦਰਲੇ ਹਿੱਸੇ ਨੂੰ ਨਰਮ ਬਣਾਉਣ ਲਈ ਪਤਲੇ ਨਰਮ ਘਾਹ ਅਤੇ ਵਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਮਾਦਾ ਪੰਛੀ ਤਿੰਨ ਤੋਂ ਪੰਜ ਅੰਡੇ ਦਿੰਦੀ ਹੈ। ਉਹ ਆਪਣੇ ਚੂਚਿਆਂ ਨੂੰ ਛੋਟੇ ਕੀੜੇ ਖੁਆਉਂਦੇ ਹਨ। ਨਰ ਅਤੇ ਮਾਦਾ ਦੋਵੇਂ ਮਿਲ ਕੇ ਚੂਚਿਆਂ ਨੂੰ ਪਾਲਦੇ ਹਨ।
ਬੋਦਲ ਬੋਲੀ ਨੂੰ ਆਈ.ਯੂ. ਸੀ.ਐੱਨ. ਨੇ ਕਿਸੇ ਖ਼ਤਰੇ ਦੇ ਨਿਸ਼ਾਨ ਹੇਠ ਨਹੀਂ ਦੱਸਿਆ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਜੰਗਲੀ ਜੀਵਾਂ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੈ। ਇਸ ਨੂੰ ਐਕਟ ਦੇ ਸ਼ਡਿਊਲ-IV ਵਿੱਚ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910