ਗੁਰਮੀਤ ਸਿੰਘ*
ਵੱਡਾ ਬਸੰਤਾ ਭਾਰਤੀ ਉਪ ਮਹਾਂਦੀਪ ਵਿੱਚ ਮਿਲਣ ਵਾਲਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ਬ੍ਰਾਊਨ ਹੈੱਡਡ ਬਾਰਬੇਟ ਜਾਂ ਲਾਰਜ ਗ੍ਰੀਨ ਬਾਰਬੇਟ (The brown-headed barbet or large green barbet) ਕਹਿੰਦੇ ਹਨ। ਇਨ੍ਹਾਂ ਦਾ ਨਾਮ ਉਨ੍ਹਾਂ ਦੀ ਭਾਰੀ ਚੁੰਝ ਦੇ ਆਲੇ ਦੁਆਲੇ ਲੂੰ-ਕੰਡੇ ਖੜ੍ਹੇ ਹੋਣ ਕਰਕੇ ਪਿਆ ਹੈ। ਵੱਡਾ ਬਸੰਤਾ ਭਾਰਤੀ ਉਪ ਮਹਾਂਦੀਪ ਵਿੱਚ ਵੱਡੇ ਪੱਧਰ ’ਤੇ ਪਾਇਆ ਜਾਂਦਾ ਹੈ। ਇਹ ਬੰਗਲਾ ਦੇਸ਼ ਅਤੇ ਸ਼੍ਰੀਲੰਕਾ ਵਿੱਚ ਵੀ ਦੇਖਿਆ ਜਾਂਦਾ ਹੈ। ਇਹ ਬਾਗ਼ਾਂ ਅਤੇ ਸੰਘਣੇ ਰੁੱਖਾਂ ਦਾ ਪੰਛੀ ਹੈ। ਇਸ ਦਾ ਆਕਾਰ 25 ਤੋਂ 27 ਸੈਂਟੀਮੀਟਰ ਅਤੇ ਭਾਰ 108 ਤੋਂ 140 ਗ੍ਰਾਮ ਹੁੰਦਾ ਹੈ। ਇਹ ਪੰਛੀ ਵੱਡਾ, ਧਾਰੀਦਾਰ ਹਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ। ਨਰ ਤੇ ਮਾਦਾ ਦੋਵਾਂ ਦੇ ਛਾਤੀ ’ਤੇ ਪ੍ਰਮੁੱਖ ਤੌਰ ’ਤੇ ਫਿੱਕੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ; ਗਲਾ ਭੂਰਾ ਹੁੰਦਾ ਹੈ, ਬਾਕੀ ਦੇ ਖੰਭ ਹਰੇ ਹੁੰਦੇ ਹਨ। ਇਨ੍ਹਾਂ ਦੇ ਪਰਾਂ ਦੇ ਅੰਦਰ ਵੀ ਚਿੱਟੇ ਧੱਬੇ ਹੁੰਦੇ ਹਨ।
ਪ੍ਰਜਣਨ ਵੇਲੇ ਇਸ ਦੀ ਚੂੰਜ ਲਾਲ-ਸੰਤਰੀ ਬਣ ਜਾਂਦੀ ਹੈ। ਇਸ ਦੇ ਚਿਹਰੇ ਦੀ ਚਮੜੀ ਦਾ ਵੱਡਾ ਹਿੱਸਾ ਪੀਲਾ ਹੁੰਦਾ ਹੈ। ਜਣਨ ਵੇਲੇ ਇਹ ਸੰਤਰੀ ਜਾਂ ਲਾਲ-ਸੰਤਰੀ ਹੋ ਜਾਂਦਾ ਹੈ; ਲੱਤਾਂ ਪੀਲੀਆਂ ਹੁੰਦੀਆਂ ਹਨ। ਇਹ ਫ਼ਲਾਂ, ਖ਼ਾਸ ਕਰਕੇ ਅੰਜੀਰ ਅਤੇ ਟਮਾਟਰ, ਬਾਗ਼ਾਂ ਦੇ ਫ਼ਲਾਂ ਸਮੇਤ, ਫੁੱਲਾਂ ਦੀਆਂ ਪੱਤੀਆਂ ਖਾਂਦਾ ਹੈ। ਇਹ ਬੀਟਲ, ਕੀੜੀਆਂ, ਦੀਮਕ ਅਤੇ ਕਈ ਵੱਡੀਆਂ ਅਤੇ ਛੋਟੀਆਂ ਕਿਰਲੀਆਂ ਵੀ ਖਾ ਜਾਂਦਾ ਹੈ।
ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਫਰਵਰੀ ਤੋਂ ਮਾਰਚ ਵਿੱਚ ਹੁੰਦਾ ਹੈ। ਨਰ ਤੇ ਮਾਦਾ ਦੋਵੇਂ ਇੱਕੋ ਸਮੇਂ ਗਾਉਂਦੇ ਹਨ। ਮਾਦਾ 2 ਤੋਂ 4 ਆਂਡੇ ਦਿੰਦੀ ਹੈ। ਇੱਕ ਵਾਰ ਆਂਡੇ ਦੇਣ ਤੋਂ ਬਾਅਦ ਨਰ ਅਤੇ ਮਾਦਾ ਦੋਵੇਂ ਵਾਰੀ-ਵਾਰੀ ਉਨ੍ਹਾਂ ਨੂੰ ਸੇਕਦੇ ਹਨ। ਦੋਵੇਂ ਆਪਣੇ ਆਲ੍ਹਣੇ ਨੂੰ ਨਿਯਮਤ ਤੌਰ ’ਤੇ ਮਲ-ਮੂਤਰ ਤੋਂ ਸਾਫ਼ ਸੁਥਰਾ ਰੱਖਦੇ ਹਨ।
ਇਹ ਪੰਛੀ ਜ਼ਿਆਦਾ ਭਾਰੀ ਪੱਤਿਆਂ ਵਾਲੇ ਰੁੱਖਾਂ ਵਿੱਚ ਜ਼ਮੀਨ ਤੋਂ ਉੱਚੀ ਥਾਂ ’ਤੇ ਰਹਿੰਦਾ ਹੈ। ਇਸ ਲਈ ਇਸ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤਰ੍ਹਾਂ ਵੱਡਾ ਬਸੰਤਾ ਕਈ ਹੋਰ ਪੰਛੀਆਂ ਵਾਂਗ, ਬਹੁਤ ਸਾਰੇ ਲੋਕਾਂ ਲਈ ਸਿਰਫ਼ ਆਵਾਜ਼ ਨਾਲ ਹੀ ਜਾਣਿਆ ਜਾਂਦਾ ਹੈ, ਨਾ ਕਿ ਦੇਖਣ ਨਾਲ। ਇਨ੍ਹਾਂ ਦਾ ਰੰਗ ਆਮ ਤੌਰ ’ਤੇ ਦਰੱਖਤਾਂ ਦੇ ਪੱਤਿਆਂ ਨਾਲ ਮਿਲ ਜਾਂਦਾ ਹੈ, ਜਿਸ ਕਾਰਨ ਇਹ ਆਸਾਨੀ ਨਾਲ ਦਿਖਾਈ ਨਹੀਂ ਦਿੰਦੇ, ਪਰ ਇਸ ਤੋਂ ਇਨ੍ਹਾਂ ਨੂੰ ਦੂਜੇ ਜਾਨਵਰਾਂ ਦੇ ਖਤਰੇ ਤੋਂ ਬਚਣ ਵਿੱਚ ਮਦਦ ਮਿਲਦੀ ਹੈ। ਇਹ ਖ਼ੂਬੀ ਇਨ੍ਹਾਂ ਪੰਛੀਆਂ ਨੂੰ ਖਤਰੇ ਵੇਲੇ ਸ਼ਾਂਤ ਅਤੇ ਚੁੱਪ ਰਹਿਣਾ ਸਿਖਾਉਂਦੀ ਹੈ।
ਇਹ ਪੰਛੀ ਗਰਮੀਆਂ ਦੇ ਮੌਸਮ ਵਿੱਚ ਵਾਰ ਵਾਰ ਕੁਟਰੂ…ਕੁਟਰੂ…ਕੁਟਰੂ ਬੋਲਦਾ ਹੈ, ਪਰ ਸਰਦੀਆਂ ਵਿੱਚ ਚੁੱਪ ਰਹਿੰਦਾ ਹੈ। ਕਈਆਂ ਵੱਲੋਂ ਇਸ ਪੰਛੀ ਨੂੰ ਚੱਕੀਰਾਹਾ ਸਮਝਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਦੀਆਂ ਸਮਾਨ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਦੋਵਾਂ ਰੁੱਖਾਂ ਵਿੱਚ ਖੁੱਡ ਵਿੱਚ ਆਲ੍ਹਣਾ ਬਣਾਉਂਦੇ ਹਨ, ਦੋਵੇਂ ਤਣੇ ਅਤੇ ਟਾਹਣੀਆਂ ਉੱਪਰ ਅਤੇ ਹੇਠਾਂ ਲੰਬਕਾਰੀ ਰੂਪ ਵਿੱਚ ਚੱਲਣ ਦੇ ਸਮਰੱਥ ਹਨ ਅਤੇ ਖੁੱਡ (ਆਲ੍ਹਣਾ ਬਣਾਉਣ ਲਈ) ਅਤੇ ਕਈ ਵਾਰ ਕੀੜਿਆਂ ਲਈ ਤਣੇ ’ਤੇ ਡਰੰਮ ਵਜਾਉਣ ਲਈ ਲੱਕੜ- ਚੁੱਕਦੇ ਹਨ।
ਵੱਡੇ ਬਸੰਤੇ ਨੂੰ ਆਈ.ਯੂ. ਸੀ. ਐੱਨ. ਨੇ ਕਿਸੇ ਖਤਰੇ ਦੇ ਨਿਸ਼ਾਨ ਹੇਠ ਨਹੀਂ ਦੱਸਿਆ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਜੰਗਲੀ ਜੀਵਾਂ ਦੇ ਸ਼ਿਕਾਰ ’ਤੇ ਸਖ਼ਤ ਪਾਬੰਦੀ ਹੈ। ਇਸ ਨੂੰ ਐਕਟ ਦੇ ਸ਼ਡਿਊਲ-IV ਵਿੱਚ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910