ਰਵਿੰਦਰ ਸਿੰਘ ਸੋਢੀ
ਨਾਟਕਕਾਰ, ਕਲਾਕਾਰ, ਨਿਰਦੇਸ਼ਕ, ਰੰਗਕਰਮੀ ਡਾ. ਸਾਹਿਬ ਸਿੰਘ ਨੇ ਲਘੂ ਫ਼ਿਲਮਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਵਿਚ ਨਵੀਆਂ ਪ੍ਰਾਪਤੀਆਂ ਕੀਤੀਆਂ ਹਨ। ਉਸਦੀ ਨਵੀਂ ਛੋਟੀ ਫ਼ਿਲਮ ‘ਭੂਖ’ ਅੱਜਕੱਲ੍ਹ ਚਰਚਾ ਵਿਚ ਹੈ।
ਸੋਲਾਂ ਮਿੰਟ ਦੀ ਹਿੰਦੀ ਫ਼ਿਲਮ ‘ਭੂਖ’ ਰਾਹੀਂ ਵਰਤਮਾਨ ਸਮੇਂ ਵਾਪਰੇ ਵੱਡੇ ਦੁਖਾਂਤ ਨੂੰ ਸਹਿਜ ਨਾਲ ਫ਼ਿਲਮਾਇਆ ਗਿਆ ਹੈ। ਕਹਾਣੀ ਤਾਂ ਏਨੀ ਕੁ ਹੀ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਫੈਲੀ ਦਹਿਸ਼ਤ ਅਤੇ ਭੁੱਖਮਰੀ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਰਹਿੰਦੇ ਪਰਵਾਸੀ ਮਜ਼ਦੂਰ ਆਪਣੇ ਘਰਾਂ ਵੱਲ ਤੁਰ ਪਏ। ਸੈਂਕੜੇ ਕਿਲੋਮੀਟਰ ਦਾ ਫਾਸਲਾ ਤੈਅ ਕਰਦੇ ਇਨ੍ਹਾਂ ਲਾਚਾਰ ਦਿਹਾੜੀਦਾਰਾਂ ਨੂੰ ਪੇਟ ਦੀ ਭੁੱਖ ਨੇ ਕਿਸੇ ਜੋਗਾ ਨਾ ਛੱਡਿਆ। ਸਿਰ ਉੱਤੇ ਛੱਤ ਦੀ ਓਟ ਨਾ ਹੋਣ ਕਾਰਨ ਇਹ ਕੁਦਰਤੀ ਸਰੀਰਿਕ ਭੁੱਖ ਦੀ ਤ੍ਰਿਪਤੀ ਤੋਂ ਵੀ ਦੂਰ ਹੋ ਗਏ। ਇਸ ਸਾਰੇ ਵਰਤਾਰੇ ਪਿੱਛੇ ਵੱਖ ਵੱਖ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਦੀ ਬਦਇੰਤਜ਼ਾਮੀ ਸਾਹਮਣੇ ਆਈ।
ਇਸ ਸਾਧਾਰਨ ਦਿੱਖ ਦੀ ਕਹਾਣੀ ਨੂੰ ਡਾ. ਸਾਹਿਬ ਸਿੰਘ ਦੇ ਭਾਵਪੂਰਤ ਵਾਰਤਾਲਾਪ, ਸੂਝਮਈ ਨਿਰਦੇਸ਼ਨ, ਕਲਾਮਈ ਢੰਗ ਨਾਲ ਕੈਮਰੇ ਦੀ ਵਰਤੋਂ, ਫ਼ਿਲਮ ਦੇ ਸਮੁੱਚੇ ਪ੍ਰਭਾਵ ਨੂੰ ਉਜਾਗਰ ਕਰਦਾ ਪਿੱਠਵਰਤੀ ਸੰਗੀਤ ਅਤੇ ਮੁੱਖ ਕਲਾਕਾਰਾਂ ਦੇ ਦਮਦਾਰ
ਅਭਿਨੈ ਕਾਰਨ ਦਰਸ਼ਕਾਂ ’ਤੇ ਇਹ ਛੋਟੀ ਫ਼ਿਲਮ ਵੱਡਾ ਪ੍ਰਭਾਵ ਪਾ ਰਹੀ ਹੈ।
ਨਿਰਦੇਸ਼ਕ ਨੇ ਸਾਰੀ ਫ਼ਿਲਮ ਵਿਚ ਕਈ ਥਾਂ ਪ੍ਰਤੀਕਾਂ ਦੀ ਵਰਤੋਂ ਕੀਤੀ। ਖੜ੍ਹਾ ਪਾਣੀ ਆਮ ਜਨਤਾ ਦੀ ਇਕ ਥਾਂ ਖੜੋਤੀ ਜ਼ਿੰਦਗੀ ਦਾ ਪ੍ਰਤੀਕ ਹੈ। ਬਿਜਲੀ ਦੇ ਖੰਭੇ ਅਜੋਕੇ ਸਮੇਂ ਦੀ ਤਰੱਕੀ ਵੱਲ ਵੱਧਦੇ ਕਦਮਾਂ ਨੂੰ ਉਜਾਗਰ ਕਰਦੇ ਹਨ ਅਤੇ ਸੜਕ ’ਤੇ ਜਾ ਰਹੀਆਂ ਕਾਰਾਂ ਅਮੀਰਾਂ ਦੀ ਜ਼ਿੰਦਗੀ ਨੂੰ ਸੰਕੇਤਕ ਰੂਪ ਵਿਚ ਪ੍ਰਗਟਾਉਂਦੀਆਂ ਹਨ। ਪਿਛੋਕੜ ’ਚੋਂ ਸੁਣਾਈ ਦਿੰਦਾ ਪਹਿਲਾ ਵਾਕ, ‘ਇਹ ਕੌਣ ਲੋਕ ਨੇ’ ਦੇਖਣ ਵਾਲਿਆਂ ਦੇ ਦਿਲ ਵਿਚ ਉਤਸੁਕਤਾ ਪੈਦਾ ਕਰ ਦਿੰਦਾ ਹੈ। ਇਸ ਦੇ ਨਾਲ ਹੀ ਆਵਾਜ਼ ਅੱਗੇ ਕਹਿੰਦੀ ਹੈ, ‘ਜਿਸ ਕਰਕੇ ਘਰ ਦੀ ਚੌਖਟ ਪਿੱਛੇ ਛੱਡੀ ਸੀ ਤਾਂ ਜੋ ਭੁੱਖ ਦਾ ਇਲਾਜ ਹੋ ਸਕੇ, ਅੱਜ ਉਹੀ ਭੁੱਖ ਵਾਪਸ ਪਰਤ ਆਈ ਹੈ!’ ਇਹ ਵਾਰਤਾਲਾਪ ਕਹਾਣੀ ਦੀ ਮੂਲ ਸਮੱਸਿਆ ਨੂੰ ਪ੍ਰਗਟਾਉਂਦਾ ਜਾਪਦਾ ਹੈ।
ਇਸ ਤੋਂ ਬਾਅਦ ਫ਼ਿਲਮ ਦੇ ਮੁੱਖ ਪਾਤਰਾਂ ਗੋਬਿੰਦਾ ਅਤੇ ਸੀਤਾ ਦਾ ਵਾਰਤਾਲਾਪ ਸ਼ੁਰੂ ਹੁੰਦਾ ਹੈ। ਗੋਵਿੰਦਾ ਦੀ ਪਤਨੀ ਜਦੋਂ ਉਸ ਤੋਂ ਰਾਤ ਦੀ ਰੋਟੀ ਸਬੰਧੀ ਪੁੱਛਦੀ ਹੈ ਤਾਂ ਉਹ ਇਹੋ ਕਹਿੰਦਾ ਹੈ ਕਿ ਵੇਖਦੇ ਹਾਂ! ਭਾਵ ਉਸ ਨੂੰ ਵੀ ਨਹੀਂ ਪਤਾ ਕਿ ਰੋਟੀ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇ। ਜਿਸ ਥਾਂ ’ਤੇ ਇਹ ਜੋੜਾ ਅਤੇ ਇਨ੍ਹਾਂ ਦੇ ਸਾਥੀ ਰਾਤ ਕੱਟਣ ਲਈ ਰੁਕਦੇ ਹਨ, ਉਸ ਦੇ ਪਿਛੋਕੜ ਵਿਚ ਦਿਖਦੀਆਂ ਉੱਚੀਆਂ ਇਮਾਰਤਾਂ ’ਚੋਂ ਦਿਖਦੀ ਸਫ਼ੈਦ ਰੌਸ਼ਨੀ, ਗ਼ਰੀਬਾਂ ਦਾ ਸੜਕ ਦੇ ਕਿਨਾਰੇ ਹੀ ਰਾਤ ਬਿਤਾਉਣਾ, ਜ਼ਿੰਦਗੀ ਵਿਚ ਵਾਪਰਦਾ ਵਿਰੋਧਾਭਾਸ ਪੇਸ਼ ਕਰਦੀਆਂ ਹਨ। ਅਜਿਹਾ ਫ਼ਿਲਮਾਂਕਣ ਅਮੀਰੀ ਅਤੇ ਗ਼ਰੀਬੀ ਦੇ ਪਾੜੇ ਨੂੰ ਸਹੀ ਰੂਪ ਵਿਚ ਪ੍ਰਗਟਾਉਂਦਾ ਹੈ। ਗੋਬਿੰਦਾ ਦੇ ਰੂਪ ਵਿਚ ਹਰਮਨਪਾਲ ਸਿੰਘ, ਸੀਤਾ ਦੇ ਰੋਲ ਵਿਚ ਵੀਰ ਸਮਰਾ ਦੀ ਦਮਦਾਰ ਅਦਾਕਾਰੀ ਪ੍ਰਭਾਵਿਤ ਕਰਦੀ ਹੈ। ਅਰਸ਼ਿਕਾ ਸਿੰਘ ਨੇ ਕੈਮਰੇ ਦੇ ਪਿੱਛੇ ਜੌਹਰ ਦਿਖਾਏ ਹਨ। ਮਨਜੀਤ ਸਿੰਘ ਦਾ ਸੰਗੀਤ ਪ੍ਰਭਾਵਸ਼ਾਲੀ ਹੈ। ਰਾਜਿੰਦਰ ਰੋਜ਼ੀ ਵੱਲੋਂ ਸੁਚੱਜੀ ਨਿਰਮਾਣ ਵਿਉਂਤ ਕੀਤੀ ਗਈ ਹੈ। ਗ੍ਰੀਨ ਲੀਫ ਫ਼ਿਲਮਜ਼ ਦੀ ਇਹ ਪੇਸ਼ਕਾਰੀ ਦਰਸ਼ਕਾਂ ਦੇ ਦਿਲੋ ਦਿਮਾਗ਼ ’ਤੇ ਲੰਮੇ ਸਮੇਂ ਤਕ ਛਾਈ ਰਹੇਗੀ।
ਸੰਪਰਕ: 604-369-2371