ਸੁੰਦਰਪਾਲ ਪ੍ਰੇਮੀ
ਜ਼ਿੰਦਗੀ ਦੀ ਖੂਬਸੂਰਤੀ ਸੁਨਹਿਰੀ ਅਸੂਲ ਅਪਣਾਉਣ ਵਿੱਚ ਹੈ। ਜ਼ਿੰਦਗੀ ਦੀ ਗੱਡੀ ਨੂੰ ਨੇਕ ਲੀਹਾਂ ’ਤੇ ਚਲਾਉਣ ਵਿੱਚ ਹੈ। ਇਨਸਾਨੀ ਕਦਰਾਂ-ਕੀਮਤਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣ ਵਿੱਚ ਹੈ। ਸਰਬੱਤ ਦਾ ਭਲਾ ਕਰਨ ਵਿੱਚ ਜ਼ਿੰਦਗੀ ਦੀ ਖੂਬਸੂਰਤੀ ਹੈ। ਸਭ ਇਨਸਾਨਾਂ ਦੀ ਖੈਰ ਮਨਾਉਣ ਵਿੱਚ ਹੈ। ਆਪਸੀ ਮੇਲ-ਮਿਲਾਪ, ਭਾਈਚਾਰੇ ਦੀ ਮਹਿਕ ਫੈਲਾਉਣ ਵਿੱਚ ਹੈ। ਜ਼ਿੰਦਗੀ ਦੀ ਖੂਬਸੂਰਤੀ ਆਪਸ ਵਿੱਚ ਦੁੱਖ-ਸੁੱਖ ਵੰਡਾਉਣ ਵਿੱਚ ਹੈ। ਸੌੜੀ ਸੋਚ ਨੂੰ ਤਿਆਗ ਕੇ ਦਿਲ ਦੀ ਵਿਸ਼ਾਲਤਾ ਵਿੱਚ ਹੈ। ਈਰਖਾ-ਦਵੈਸ਼ ਨੂੰ ਦਰ ਕਿਨਾਰ ਕਰਨ ਵਿੱਚ ਹੈ। ਮਨੁੱਖਤਾ ਦੇ ਤਪਦੇ ਸੀਨੇ ਠੰਢ ਪਾਉਣ ਵਿੱਚ ਹੈ। ਵੈਰ-ਵਿਰੋਧ ਦਫ਼ਨ ਕਰਕੇ ਸਭ ਨੂੰ ਗਲੇ ਲਗਾਉਣ ਵਿੱਚ ਹੈ।
ਸਾਡੇ ਰਿਸ਼ੀਆਂ, ਮੁਨੀਆਂ, ਪੀਰਾਂ, ਪੈਗੰਬਰਾਂ, ਗੁਰੂਆਂ ਦੀ ਜ਼ਿੰਦਗੀ ਦੀ ਖੂਬਸੂਰਤੀ ਸਾਡੇ ਰਾਹ-ਦਸੇਰੇ ਬਣਨ ਵਿੱਚ ਸੀ। ਸਮਾਜਿਕ, ਧਾਰਮਿਕ, ਨੈਤਿਕਤਾ ਆਦਿ ਦੇ ਖੇਤਰ ਵਿੱਚ ਲਾਸਾਨੀ ਯੋਗਦਾਨ ਪਾਉਣ ਕਰਕੇ ਸੀ। ਉਨ੍ਹਾਂ ਪਹੁੰਚੇ ਹੋਏ ਪੁਰਸ਼ਾਂ ਨੂੰ ਉਨ੍ਹਾਂ ਦੀ ਖੂਬਸੂਰਤ ਜ਼ਿੰਦਗੀ ਕਰਕੇ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ ਪਾਏ ਪੂਰਨਿਆਂ ਦਾ ਖਾਸ ਮੌਕਿਆਂ ’ਤੇ ਜਸ ਗਾਇਆ ਜਾਂਦਾ ਹੈ। ਭਗਵਾਨ ਰਾਮ ਦੀ ਜ਼ਿੰਦਗੀ ਦੀ ਖੂਬਸੂਰਤੀ ਆਪਣੇ ਮਹਾਰਾਜਾ ਪਿਤਾ ਦਸ਼ਰਥ ਦੀ ਆਗਿਆ ਦਾ ਪਾਲਣ ਕਰਨ ਤੇ ਹੰਕਾਰੀ ਰਾਵਣ ਨੂੰ ਮਾਰਨ ਵਿੱਚ ਸੀ। ਲੰਕਾਪਤੀ ਰਾਵਣ ਦੇ ਨੇਕ ਆਦਰਸ਼ਵਾਦੀ ਭਰਾ ਭਵੀਸ਼ਨ ਨੂੰ ਰਾਜਗੱਦੀ ’ਤੇ ਬੈਠਾਉਣ ਵਿੱਚ ਸੀ। ਅਯੁੱਧਿਆ ਵਾਸੀ ਭਗਵਾਨ ਸ੍ਰੀ ਰਾਮ ਦਾ ਰਾਜੇ ਦੇ ਤੌਰ ’ਤੇ ਆਪਣੀ ਪਰਜਾ ਪ੍ਰਤੀ ਧਰਮ ਨਿਭਾਉਣ ਤੇ ਆਪਣੀ ਪਰਜਾ ਦਾ ਸਤਿਕਾਰ ਕਰਨ ਵਿੱਚ ਸੀ। ਪਰਜਾ ਦੇ ਦਿਲ ਵਿੱਚ ਵਸਣ ਕਰਕੇ ਸੀ।
ਭਗਵਾਨ ਸ੍ਰੀ ਕ੍ਰਿਸ਼ਨ ਦੀ ਜ਼ਿੰਦਗੀ ਦੀ ਖੂਬਸੂਰਤੀ ਅਨਿਆਂ ਵਿਰੁੱਧ ਹੱਲਾਸ਼ੇਰੀ ਦੇਣ, ਜ਼ਾਲਮ ਮਾਮੇ ਕੰਸ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੇ ਨਾਨੇ ਨੂੰ ਮਥਰਾ ਨਰੇਸ਼ ਵਜੋਂ ਬਿਰਾਜਮਾਨ ਕਰਾਉਣ ਵਿੱਚ ਸੀ। ਮਥਰਾ ਨਿਵਾਸੀਆਂ, ਬ੍ਰਿਜ ਵਾਸੀਆਂ ਨੂੰ ਸੁੱਖ ਦਾ ਸਾਹ ਦਿਵਾਉਣ ਵਿੱਚ ਸੀ। ਪਾਂਡਵਾਂ ਦੀ ਜ਼ਿੰਦਗੀ ਦੇ ਸਿਰ ’ਤੇ ਹੱਥ ਰੱਖਣ, ਕੁਰੂਕਸ਼ੇਤਰ ਦੇ ਮੈਦਾਨ ਵਿੱਚ ਪਾਂਡਵਾਂ ਨੂੰ ਉਤਾਰਨ, ਜ਼ਾਲਮ ਕੌਰਵਾਂ ਦੀ ਅਗਵਾਈ ਕਰਨ ਵਾਲੇ, ਪਾਂਡਵਾਂ ਦਾ ਹੱਕ ਮਾਰਨ ਵਾਲੇ ਦੁਰਯੋਧਨ ਦਾ ਰਾਜ-ਭਾਗ ਪਾਂਡਵਾਂ ਰਾਹੀਂ ਯੁੱਧ ਦੇ ਮੈਦਾਨ ਵਿੱਚ ਖ਼ਤਮ ਕਰਾਉਣ ਵਿੱਚ ਸੀ। ਦਰੋਪਤੀ ਦੇ ਚੀਰ ਹਰਨ ਸਮੇਂ ਇੱਜ਼ਤ ਦੀ ਰੱਖਿਆ ਕਰਨ ਵਿੱਚ ਸੀ। ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਦੀ ਖੂਬਸੂਰਤੀ ਹੱਕ-ਸੱਚ ਦੀ ਕਮਾਈ ਕਰਨ, ਵੰਡ ਛਕਣ ਦੀ ਸਿੱਖਿਆ ਦੇਣ ਅਤੇ ਗ੍ਰਹਿਸਤੀ ਜੀਵਨ ਨੂੰ ਉੱਤਮ ਜੀਵਨ ਦਾ ਦਰਜਾ ਦੇਣ ਵਿੱਚ ਸੀ। ਸ਼ੁਭ ਅਮਲਾਂ ’ਤੇ ਜ਼ੋਰ ਦੇਣ, ਹੱਥੀਂ ਕੰਮ ਕਰਨ ਅਤੇ ਨਾਰੀ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦੇਣ ਵਿੱਚ ਸੀ। ਮਿੱਠਤ ਨੂੰ ਪਹਿਲ ਦੇਣ, ਭਾਈ ਲਾਲੋ ਦੇ ਘਰ ਠਹਿਰਨ, ਮਾਲਕ ਭਾਗੋ ਦਾ ਹੰਕਾਰ ਹਾਸ਼ੀਏ ’ਤੇ ਲਿਆਉਣ ਵਿੱਚ ਸੀ। ਮਨੁੱਖਤਾ ਨੂੰ ਗਿਆਨ ਦਾ ਚਾਨਣ ਵੰਡਣ, ਵਹਿਮਾਂ-ਭਰਮਾਂ ਦੇ ਗੂੜ੍ਹ ਹਨੇਰੇ ਵਿੱਚੋਂ ਲੋਕਾਈ ਨੂੰ ਬਾਹਰ ਕੱਢਣ ਅਤੇ ਜਿਊਣ ਦੀ ਕਲਾ ਸਿਖਾਉਣ ਵਿੱਚ ਜ਼ਿੰਦਗੀ ਦੀ ਖੂਬਸੂਰਤੀ ਸਮਾਈ ਹੋਈ ਸੀ। ਮਾਨਵਤਾ ਦਾ ਬੇੜਾ ਤਾਰਨ ਖਾਤਰ, ਧਰਮ ਦੇ ਅਰਥ ਸਮਝਾਉਣ, ਪ੍ਰਭੂ ਭਗਤੀ ਦੇ ਗੁਰਮੰਤਰ ਦਰਸਾਉਣ ਲਈ, ਭਾਈ ਮਰਦਾਨੇ ਨਾਲ ਦੇਸ਼-ਵਿਦੇਸ਼ ਪੈਦਲ ਯਾਤਰਾ ਕਰਨ ਦੀ ਅਦੁੱਤੀ ਮਿਸਾਲ ਕਾਇਮ ਕਰਨ ਵਿੱਚ ਜ਼ਿੰਦਗੀ ਦੀ ਖੂਬਸੂਰਤੀ ਦੀ ਬੇਜੋੜ ਝਲਕ ਦਿਖਾਈ ਦਿੰਦੀ ਹੈ।
ਦਸਮੇਸ਼ ਪਿਤਾ, ਸਰਬੰਸਦਾਨੀ, ਖਾਲਸਾ ਪੰਥ ਦੀ ਅਦੁੱਤੀ ਸਾਜਨਾ ਕਰਨ ਕਰਕੇ, ਮੁਰਦਾਂ ਰੂਹਾਂ ਵਿੱਚ ਜਾਨ ਪਾਉਣ ਕਰਕੇ, ਚਿੜੀਆਂ ਨੂੰ ਬਾਜਾਂ ਨਾਲ ਮੱਥਾ ਲਾਉਣ ਲਈ ਜੋਸ਼ ਭਰਨ ਕਰਕੇ, ਮੁਗ਼ਲ ਜ਼ਾਲਮ ਫ਼ੌਜ ਨਾਲ ਆਪਣੇ ਮੁੱਠੀ ਭਰ ਸਿੰਘਾਂ ਨਾਲ ਦੋ ਹੱਥ ਕਰਨ ਕਰਕੇ ਮੁਗ਼ਲ ਫ਼ੌਜ ਦੇ ਛੱਕੇ ਛਡਾਉਣ ਕਰਕੇ ਜ਼ਿੰਦਗੀ ਦੀ ਖੂਬਸੂਰਤੀ ਦੀ ਮੂੰਹੋਂ ਬੋਲਦੀ ਤਸਵੀਰ ਨਜ਼ਰ ਆਉਂਦੀ ਹੈ। ਪਿਤਾ ਸ੍ਰੀ ਗੁਰੂ ਤੇਗ ਬਹਾਦਰ ਨੂੰ ਸ਼ਹੀਦੀ ਲਈ ਦਿੱਲੀ ਵੱਲ ਤੋਰਨ ਕਰਕੇ, ਹਿੰਦੂ ਧਰਮ ਦਾ ਬੇੜਾ ਤਾਰਨ ਵਾਲੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਮਿਸਾਲ ਨਾ ਮਿਲਣ ਕਰਕੇ, ਸਾਹਿਤ ਵਿੱਚ ਉੱਚ ਕੋਟੀ ਦੇ ਵਿਦਵਾਨ, ਕਲਗੀ ਵਾਲੇ ਦੀ ਜ਼ਿੰਦਗੀ ਦੀ ਖੂਬਸੂਰਤੀ ਵੀ ਅਜੂਬਾ ਕਹੀ ਜਾ ਸਕਦੀ ਹੈ। ਮਾਨਵਤਾ ਦੇ ਸੱਚੇ ਹਿਤੈਸ਼ੀ, ਭਾਰਤ ਮਾਂ ਦਾ ਸੀਸ ਉੱਚਾ ਕਰਨ ਵਾਲੇ ਸੱਚ ਦੇ ਅਨੁਆਈ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਤੇ ਸਭ ਧਰਮਾਂ ਦੇ ਸਤਿਕਾਰ ਕਰਨ ਵਾਲੇ ਕਲਮ ਦੇ ਧਨੀ ਸਵਾਮੀ ਵਿਵੇਕਾਨੰਦ ਦੀ ਲਾਸਾਨੀ, ਮਿਆਰੀ ਜ਼ਿੰਦਗੀ ਦੀ ਖੂਬਸੂਰਤੀ ਵਿੱਚ ਵਿਲੱਖਣ ਮਿਸਾਲ ਕਹੀ ਜਾ ਸਕਦੀ ਹੈ ਜੋ ਦਿਖਾਵੇ ਤੋਂ ਦੂਰ ਸੀ। ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਆਦਿ ਚੋਟੀ ਦੇ ਸ਼ਹੀਦਾਂ, ਗ਼ਦਰੀ ਬਾਬਿਆਂ ਅਤੇ ਹੋਰ ਅਜ਼ੀਮ ਦੇਸ਼ ਭਗਤਾਂ ਦੀ ਜ਼ਿੰਦਗੀ ਵਿੱਚ ਖੂਬਸੂਰਤੀ ਦਾ ਅਹਿਸਾਸ ਹੁੰਦਾ ਹੈ। ਜਿਨ੍ਹਾਂ ਨੇ ਭਾਰਤ ਮਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਗੋਰਿਆਂ ਦੇ ਜ਼ੁਲਮੀ ਰਾਜ ਤੋਂ ਭਾਰਤ ਮਾਂ ਨੂੰ ਮੁਕਤ ਕਰਾਉਣ ਲਈ ਆਪਾ ਵਾਰਿਆ ਸੀ। ਫਾਂਸੀ ਦੇ ਤਖ਼ਤਿਆਂ ਨੂੰ ਖਿੜੇ ਮੱਥੇ ਚੁੰਮਿਆ ਸੀ।
ਅਜੋਕੇ ਸਮੇਂ ਵਿੱਚ ਪੈਸੇ ਦੀ ਅੰਨ੍ਹੀ ਦੌੜ ਕਰਕੇ, ਖੁਦਗਰਜ਼ੀ, ਬੇਈਮਾਨੀ, ਭ੍ਰਿਸ਼ਟਾਚਾਰ ਦੀ ਗੁੱਡੀ ਚੜ੍ਹਨ ਕਰਕੇ, ਹਿੰਸਾ ਦੀਆਂ ਲਪਟਾਂ ਪ੍ਰਚੰਡ ਦੇ ਰੂਪ ਵਿੱਚ ਹਾਹਾਕਾਰ ਮਚਾ ਰਹੀਆਂ ਹਨ। ਬੱਚੀਆਂ/ ਲੜਕੀਆਂ ਨੂੰ ਦਰਿੰਦੇ ਨੋਚਣ ਵਿੱਚ ਬੇਲਗਾਮ ਹੋਏ ਫਿਰਦੇ ਹਨ। ਦਿਲ ਨੂੰ ਕਾਂਬਾ ਚੜ੍ਹਾਉਣ ਵਾਲੀਆਂ ਬਲਾਤਕਾਰ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਖਾਕੀ ਵਰਦੀ ਵਾਲੇ ਵੀ ਭੇੜੀਆਂ ਦੇ ਖਿਲਾਫ਼ ਰਿਪੋਰਟ ਲਿਖਣ ਲਈ ਕਲਮ ਫੜਨ ਵਿੱਚ ਸੰਕੋਚ ਕਰਦੇ ਹਨ। ਸਿਆਸਤ ਦੇ ਘਟੀਆ ਮਿਆਰ ਕਰਕੇ, ਮਿਆਰੋਂ ਗਿਰੀ ਬੋਲਬਾਣੀ ਕਰਕੇ ਮੀਡੀਆ ਵਿੱਚ ਆਉਣ ਕਰਕੇ, ਬੇਇਨਸਾਫੀ, ਜ਼ੁਲਮ ਦੇ ਸ਼ਿਕਾਰਾਂ ਨੂੰ ਇਨਸਾਫ਼ ਦਾ ਦਰ ਨਸੀਬ ਹੋਣਾ ਅਤਿ ਮੁਸ਼ਕਿਲ ਹੋ ਗਿਆ ਹੈ। ਇਸ ਤ੍ਰਾਸਦੀ ਦਾ ਮੁੱਖ ਕਾਰਨ ਜ਼ਿੰਦਗੀ ਦੀ ਖੂਬਸੂਰਤੀ ਤੋਂ ਬੇਮੁੱਖ ਹੋਣਾ ਹੈ। ਜ਼ਿੰਦਗੀ ਦੀ ਖੂਬਸੂਰਤੀ ਲਈ ਵਿਸ਼ੇ-ਵਿਕਾਰਾਂ ਨੂੰ ਠੁਕਰਾਉਣਾ ਅਤਿ ਜ਼ਰੂਰੀ ਹੈ। ਫਿੱਕਾ, ਮੰਦਾ, ਕੌੜਾ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕ੍ਰੋਧ ਤੋਂ ਵੀ ਹਰ ਹਾਲਤ ਵਿੱਚ ਬਚਿਆ ਜਾਵੇ।
ਹੰਕਾਰ ਨੂੰ ਕਾਬੂ ਕਰਕੇ ਨਿਮਰਤਾ, ਸੰਜਮ ਦੇ ਅਸੂਲ ਅਪਣਾਏ ਜਾਣੇ ਚਾਹੀਦੇ ਹਨ। ਜ਼ਿੰਦਗੀ ਦੀ ਖੂਬਸੂਰਤੀ ਲਈ ਜ਼ਰੂਰੀ ਹੈ ਕਿ ਅੰਨ੍ਹੇ ਲੋਭ-ਲਾਲਚ ਖਾਤਰ ਆਪਣਾ ਦੀਨ-ਈਮਾਨ ਦਾਅ ’ਤੇ ਨਾ ਲਾਇਆ ਜਾਵੇ। ਨੀਚ ਤੇ ਹੋਛੇ ਵਿਚਾਰਾਂ ਨੂੰ ਮਨ ਵਿੱਚ ਜ਼ਰਾ ਵੀ ਸਥਾਨ ਨਾ ਦਿੱਤਾ ਜਾਵੇ। ਮਨ ਦੀ ਗ਼ੁਲਾਮੀ ਕਰਨ ਦੀ ਬਜਾਏ ਮਨ ਦਾ ਹੁਕਮ ਵਜਾਉਣ ਦੀ ਥਾਂ ਆਤਮਾ ਦੀ ਆਵਾਜ਼ ਦਾ ਸਤਿਕਾਰ ਕੀਤਾ ਜਾਵੇ। ਭਾਵ ਮਨ ਦੀ ਥਾਂ ਆਤਮਾ ਨੂੰ ਅੱਗੇ ਰੱਖਿਆ ਜਾਵੇ। ਆਤਮਾ ਨਾਲ ਰਾਬਤਾ ਕਾਇਮ ਕੀਤਾ ਜਾਵੇ। ਇਨਸਾਨੀ ਕਦਰਾਂ-ਕੀਮਤਾਂ ਦੇ ਦੀਵਾਨੇ ਆਤਮਾ ਨਾਲ ਵਾਸਤਾ ਪਾਉਣ ਕਰਕੇ ਹੀ ਬਣਿਆ ਜਾ ਸਕਦਾ ਹੈ। ਸ਼ੁਭ ਅਮਲਾਂ ਵਿੱਚ ਜ਼ਿੰਦਗੀ ਸਮਰਪਿਤ ਕੀਤੀ ਜਾਣੀ ਚਾਹੀਦੀ ਹੈ। ਖੂਬਸੂਰਤੀ ਜ਼ਿੰਦਗੀ ਦੇ ਮਾਲਕਾਂ, ਸਤਿਕਾਰ ਦੇ ਪਾਤਰਾਂ ਦੇ ਦਰਸ਼ਨ ਕਰਮਾਂ ਨਾਲ ਹੀ ਹੁੰਦੇ ਹਨ ਜੋ ਆਪਣੇ ਸੱਚ, ਈਮਾਨ ’ਤੇ ਕਾਇਮ ਰਹਿੰਦੇ ਹੋਏ ਨਿਮਰਤਾ, ਪਿਆਰ ਦੀ ਮਹਿਕ ਖਿਲਾਰਦੇ ਹੋਏ ਇਨਸਾਨੀਅਤ ਦੀਆਂ ਸੰਦਲੀ ਪੈੜਾਂ ਪਾਉਂਦੇ ਹਨ।
ਸੰਪਰਕ: 98140-51099