ਜੱਗਾ ਸਿੰਘ ਆਦਮਕੇ
ਪੰਜਾਬੀ ਸੱਭਿਆਚਾਰ ਬਹੁਤ ਸਾਰੇ ਪੱਖਾਂ ਤੋਂ ਅਮੀਰੀ ਭਰਪੂਰ ਹੈ। ਵੱਖ ਵੱਖ ਮੌਕਿਆਂ ਨਾਲ ਸਬੰਧਤ ਰਸਮਾਂ/ ਰਿਵਾਜ ਇਸ ਨੂੰ ਹੋਰ ਰੰਗੀਨੀ ਬਖ਼ਸ਼ਦੇ ਹਨ। ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਮੌਕਾ ਵਿਆਹ ਹੈ। ਪੰਜਾਬੀ ਸੱਭਿਆਚਾਰ ਵਿੱਚ ਵਿਆਹ ਨਾਲ ਸਬੰਧਿਤ ਅਨੇਕਾਂ ਰਸਮਾਂ/ਰਿਵਾਜ ਜੁੜੇ ਹੋਏ ਹਨ, ਜਿਹੜੇ ਅਰਥ ਭਰਪੂਰ ਹੋਣ ਦੇ ਨਾਲ ਨਾਲ ਵਿਆਹ ਵਰਗੇ ਹੁਸੀਨ ਮੌਕੇ ਨੂੰ ਹੋਰ ਰੰਗੀਨ ਬਣਾਉਣ ਦਾ ਕੰਮ ਕਰਦੇ ਹਨ। ਅਜਿਹੀਆਂ ਰਸਮਾਂ ਦੀ ਸਿਰਜਣਾ ਕਿਸੇ ਸਮੇਂ ਕਿਸੇ ਵਿਸ਼ੇਸ਼ ਉਦੇਸ਼ ਦੇ ਨਾਲ ਕੀਤੀ ਗਈ ਅਤੇ ਸਮੇਂ ਨਾਲ ਇਹ ਰਿਵਾਜ ਦਾ ਰੂਪ ਧਾਰਨ ਕਰ ਗਈਆਂ। ਇਸੇ ਤਰ੍ਹਾਂ ਹੀ ਪੰਜਾਬੀਆਂ ਦੇ ਵਿਆਹਾਂ ਨਾਲ ਜੁੜੀਆਂ ਬਹੁਤ ਸਾਰੀਆਂ ਰਸਮਾਂ ਤੇ ਰਿਵਾਜ ਹਨ, ਪਰ ਸਮੇਂ ਨਾਲ ਇਨ੍ਹਾਂ ਵਿੱਚੋਂ ਬਹੁਤ ਸਾਰੇ ਰੀਤੀ ਰਿਵਾਜਾਂ ਵਿੱਚ ਤਬਦੀਲੀ ਹੁੰਦੀ ਗਈ ਜਾਂ ਇਹ ਬੀਤੇ ਦਾ ਹਿੱਸਾ ਬਣ ਜਾਂਦੇ ਹਨ। ਇਨ੍ਹਾਂ ਨੂੰ ਕਈ ਪੱਖਾਂ ਤੋਂ ਅਰਥ ਭਰਪੂਰ ਬਣਾਉਣ ਦੇ ਨਾਲ ਨਾਲ ਬਹੁਤ ਸਾਰੇ ਰਸਮਾਂ ਰਿਵਾਜਾਂ ਦਾ ਉਦੇਸ਼ ਵਿਆਹ ਨੂੰ ਹੋਰ ਰੰਗੀਨ ਅਤੇ ਮਨੋਰੰਜਕ ਬਣਾਉਣਾ ਹੈ।
ਵਿਆਹ ਨਾਲ ਜੁੜੀ ਅਜਿਹੀ ਹੀ ਇੱਕ ਰਸਮ ‘ਗੋਰੇ’ ਬਣਾਉਣਾ ਰਹੀ ਹੈ। ਵਿਆਹ ਵਿੱਚ ਨਾਨਕਿਆਂ ਦਾ ਮਹੱਤਵਪੂਰਨ ਯੋਗਦਾਨ ਅਤੇ ਸਥਾਨ ਹੁੰਦਾ ਹੈ ਅਤੇ ਇਸ ਸਮੇਂ ਬਹੁਤ ਸਾਰੀਆਂ ਰਸਮਾਂ/ ਰਿਵਾਜ ਵਿਆਹ ਵਾਲੇ ਲੜਕੇ/ਲੜਕੀ ਦੇ ਨਾਨਕਿਆਂ ਵੱਲੋਂ ਨਿਭਾਏ ਜਾਂਦੇ ਹਨ ਜਾਂ ਉਨ੍ਹਾਂ ਵਿੱਚ ਨਾਨਕਿਆਂ ਦੀ ਮਹੱਤਵਪੂਰਨ ਸ਼ਮੂਲੀਅਤ ਹੁੰਦੀ ਹੈ। ਨਾਨਕੇ ਮੇਲ ਵੱਲੋਂ ਵਿਆਹ ਵਾਲੇ ਘਰ ਵਿੱਚ ਆਉਣ ਸਮੇਂ ਬੰਬੀਹਾ ਬੁਲਾਉਣਾ, ਜਾਗੋ ਕੱਢਣਾ ਅਤੇ ਦੂਸਰੀਆਂ ਕਈ ਰਸਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਇੱਕ ਹੋਰ ਮਨੋਰੰਜਕ ਰਸਮ ‘ਗੋਰੇ ਬਣਾਉਣਾ’ ਵੀ ਕੀਤੀ ਜਾਂਦੀ ਰਹੀ ਹੈ। ਵਿਆਹ ਦੇ ਗਿੱਧੇ ਸਮੇਂ ਉਨ੍ਹਾਂ ਵਿੱਚ ਸਵਾਂਗ ਵੀ ਪੇਸ਼ ਕੀਤੇ ਜਾਂਦੇ ਹਨ। ਕੁਝ ਇਸ ਤਰ੍ਹਾਂ ਦਾ ਹੀ ਨਜ਼ਾਰਾ ਗੋਰੇ ਬਣਨ ਸਮੇਂ ਹੁੰਦਾ ਹੈ। ਗੋਰੇ ਬਣਨ ਦੀ ਅਦਾਕਾਰੀ ਨਾਨਕੇ ਮੇਲ ਵਿੱਚੋਂ ਔਰਤਾਂ ਵੱਲੋਂ ਨਿਭਾਈ ਜਾਂਦੀ।
ਲੜਕੇ ਦੀ ਬਰਾਤ ਜਾਣ ਤੋਂ ਪਿੱਛੋਂ ਅਤੇ ਲੜਕੀ ਦੇ ਵਿਆਹ ਤੋਂ ਦੂਸਰੇ ਦਿਨ ਨਾਨਕੇ ਮੇਲ ਦੀਆਂ ਔਰਤਾਂ ਉਸ ਪਿੰਡ ਵਿਚਲੇ ਆਪਣੇ ਰਿਸ਼ਤੇਦਾਰਾਂ ਅਤੇ ਵਿਆਹ ਵਾਲੇ ਘਰ ਦੇ ਨਜ਼ਦੀਕੀ ਘਰਾਂ ਵਿੱਚ ਜਾਣ ਸਮੇਂ ਮੇਲ ਦੀਆਂ ਕੁਝ ਔਰਤਾਂ ਨੂੰ ਆਟਾ, ਪਾਊਡਰ ਆਦਿ ਲਗਾ ਕੇ ਗੋਰੇ ਬਣਾਇਆ ਜਾਂਦਾ। ਇਸ ਦੇ ਨਾਲ ਨਾਲ ਕਿਸੇ ਔਰਤ ਨੂੰ ਗੱਡੀਆਂ ਵਾਲੀ ਦਾ ਰੂਪ ਵੀ ਦਿੱਤਾ ਜਾਂਦਾ। ਉਸ ਦੇ ਗੱਡੀਆਂ ਵਾਲੀ ਵਰਗਾ ਪਹਿਰਾਵਾ ਪਾਇਆ ਜਾਂਦਾ ਅਤੇ ਸਿਰ ’ਤੇ ਬੱਠਲ ਰੱਖਿਆ ਜਾਂਦਾ। ਮੇਲ ਦੀਆਂ ਔਰਤਾਂ ਵੱਲੋਂ ਸਾਰੇ ਰਾਹ ਗੀਤਾਂ ਦਾ ਗਾਇਨ ਜਾਰੀ ਰਹਿੰਦਾ। ਜਿਸ ਵਿੱਚ ਆਮ ਤੌਰ ’ਤੇ ਵਿਅੰਗ ਵਧੇਰੇ ਭਾਰੂ ਰਹਿੰਦਾ ਅਤੇ ਪਿੰਡ ਵਾਲਿਆਂ ਨੂੰ ਇਸ ਦਾ ਵਿਸ਼ੇਸ਼ ਰੂਪ ਵਿੱਚ ਸ਼ਿਕਾਰ ਬਣਾਇਆ ਜਾਂਦਾ।
ਗੋਰੇ ਬਣੀਆਂ ਅਤੇ ਉਨ੍ਹਾਂ ਦੇ ਟੋਲੇ ਦੀਆਂ ਔਰਤਾਂ ਵੱਲੋਂ ਆਮ ਤੌਰ ’ਤੇ ਗੀਤ ਗਾਇਆ ਜਾਂਦਾ :
ਗੋਰਿਆਂ ਦੇ ਪੈਰੀਂ ਹੱਥ ਲਾ ਲੋ ਜੀ
ਗੋਰੇ ਆਏ ਆ
ਗੋਰੇ ਆਇਆਂ ਦੀ ਖੈਰ ਮਨਾ ਲਓ ਜੀ।
ਗੋਰੇ ਆਏ ਆ
ਇਸੇ ਤਰ੍ਹਾਂ ਰਸਤੇ ਵਿੱਚ ਜਾਂਦੇ ਜਾਂਦੇ ਹੋਰ ਗੀਤਾਂ ਨੂੰ ਛੋਹਿਆ ਜਾਂਦਾ :
ਗੋਰਿਆਂ ਨੂੰ ਭੈਣ ਵਿਆਹ ਲਓ ਜੀ
ਗੋਰੇ ਆਏ ਆ
ਗੋਰਿਆ ਨੂੰ ਜੀਜੇ ਬਣਾ ਲਓ ਜੀ
ਗੋਰੇ ਆਏ ਆ।
ਇਸੇ ਤਰ੍ਹਾਂ ਸੱਥ ਆਦਿ ਵਰਗੀਆਂ ਥਾਵਾਂ ਤੋਂ ਲੰਘਦਿਆਂ ਉੱਥੇ ਬੈਠੇ ਲੋਕਾਂ ’ਤੇ ਵਿਅੰਗ ਕੀਤਾ ਜਾਂਦਾ:
ਇੱਥੋਂ ਦੇ ਮਲੰਗ ਜੱਟ ਨੀਂ
ਚਿੱਟੇ ਚਾਦਰੇ ਜ਼ਮੀਨਾਂ ਗਹਿਣੇ
ਰਸਤੇ ਵਿੱਚ ਜਾਂਦਿਆਂ ਮੇਲ ਨਾਲ ਲੰਬੀਆਂ ਸੋਟੀਆਂ ਚੁੱਕੀਂ ਜਾ ਰਹੇ ਮੇਲੀਆਂ ਵੱਲੋਂ ਰਸਤੇ ਵਿਚਲੇ ਲੋਕਾਂ ਦੇ ਘਰਾਂ ਦੇ ਗਲੀਆਂ ਵਿਚਲੇ ਪਰਨਾਲਿਆਂ ਨੂੰ ਤੋੜਿਆ ਜਾਂਦਾ। ਰਸਤੇ ਵਿੱਚ ਲੋਕਾਂ ਦੇ ਪਏ ਮੰਜਿਆਂ ਨੂੰ ਮੂਧਾ ਮਾਰਿਆ ਜਾਂਦਾ ਅਤੇ ਉਨ੍ਹਾਂ ਦਾ ਨੁਕਸਾਨ ਕੀਤਾ ਜਾਂਦਾ। ਪਰ ਲੋਕ ਇਸ ਤਰ੍ਹਾਂ ਦੀ ਪਰੰਪਰਾ ਤੋਂ ਵਾਕਿਫ਼ ਹੋਣ ਕਾਰਨ ਪਹਿਲਾਂ ਹੀ ਇਸ ਲਈ ਤਿਆਰ ਹੁੰਦੇ ਸਨ। ਇਸ ਤਰ੍ਹਾਂ ਮੇਲ ਹੁੜਦੰਗ ਮਚਾਉਂਦਾ ਤੈਅ ਘਰਾਂ ਵਿੱਚ ਜਾਂਦਾ। ਜਿਨ੍ਹਾਂ ਘਰਾਂ ਵਿੱਚ ਇਸ ਸਮੇਂ ਮੇਲ ਜਾਂਦਾ, ਉਨ੍ਹਾਂ ਵੱਲੋਂ ਕੁਝ ਰੁਪਏ ਵੀ ਦਿੱਤੇ ਜਾਂਦੇ। ਇਨ੍ਹਾਂ ਪੈਸਿਆਂ ਨੂੰ ਮੇਲ ਵਿਚਲੀਆਂ ਕੁੜੀਆਂ ਵੱਲੋਂ ਆਪਸ ਵਿੱਚ ਵੰਡ ਲਿਆ ਜਾਂਦਾ। ਇਸ ਤਰ੍ਹਾਂ ਵਿਆਹ ਹੋਰ ਰੰਗੀਨ ਤੇ ਮਨੋਰੰਜਕ ਮੌਕਾ ਬਣ ਨਿੱਬੜਦਾ।
ਸਮੇਂ ਨਾਲ ਜਿਵੇਂ ਹੋਰ ਬਹੁਤ ਸਾਰੇ ਰੀਤੀ ਰਿਵਾਜ, ਰਸਮਾਂ ਦਾ ਵਕਤੀ ਮਹੱਤਵ ਨਾ ਰਹਿਣ ਕਾਰਨ ਜਾਂ ਤਾਂ ਉਹ ਖਤਮ ਹੋ ਜਾਂਦੀਆਂ ਹਨ ਜਾਂ ਫਿਰ ਬਦਲ ਜਾਂਦੀਆਂ ਹਨ, ਉਸੇ ਤਰ੍ਹਾਂ ਵਿਆਹ ਨਾਲ ਸਬੰਧਤ ਇਹ ਰਸਮ ਵੀ ਬੀਤੇ ਦਾ ਹਿੱਸਾ ਬਣ ਚੁੱਕੀ ਹੈ। ਹੁਣ ਨਾ ਵਿਆਹ ਪਹਿਲਾਂ ਵਾਂਗ ਲੰਬਾ ਚੱਲਦਾ ਹੈ ਅਤੇ ਨਾ ਹੀ ਮੇਲ ਜ਼ਿਆਦਾ ਸਮਾਂ ਵਿਆਹ ਵਾਲੇ ਘਰ ਠਹਿਰਦਾ ਹੈ, ਸਗੋਂ ਰਿਸ਼ਤੇਦਾਰ ਸਿੱਧੇ ਮੈਰਿਜ ਪੈਲੇਸਾਂ ਵਿੱਚ ਆਉਂਦੇ ਹਨ ਅਤੇ ਉੱਥੋਂ ਹੀ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ। ਇਸ ਕਰਕੇ ਨਾ ਹੁਣ ਮੇਲ ਲੋਕਾਂ ਦੇ ਘਰਾਂ ਵਿੱਚ ਜਾਂਦਾ ਹੈ ਅਤੇ ਨਾ ਹੀ ਅਜਿਹੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ।
ਸੰਪਰਕ: 81469-24800