ਮਨਦੀਪ ਸਿੰਘ ਸਿੱਧੂ
ਬੇਗ ਉਰਫ਼ ਮਿਰਜ਼ਾ ਮੁਹੰਮਦ ਬੇਗ ਦੀ ਪੈਦਾਇਸ਼ 15 ਫਰਵਰੀ 1914 ਨੂੰ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਇਨ੍ਹਾਂ ਦੇ ਪਿਤਾ ਸਿਆਲਕੋਟ ਦੇ ਰੇਲਵੇ ਵਿਭਾਗ ਵਿੱਚ ਗਾਰਡ ਸਨ। ਜਦੋਂ ਉਨ੍ਹਾਂ ਦੀ ਪੋਸਟਿੰਗ ਲਾਹੌਰ ਵਿੱਚ ਹੋਈ ਤਾਂ ਉਹ ਆਪਣੇ ਪਰਿਵਾਰ ਨੂੰ ਵੀ ਲਾਹੌਰ ਲੈ ਆਏ। ਬੇਗ ਦੀ ਮਾਤਾ ਲਾਹੌਰ ਦੇ ਇੱਕ ਸਕੂਲ ਵਿੱਚ ਮੁੱਖ ਆਧਿਆਪਕਾ ਸੀ। ਇੱਥੋਂ ਦੇ ਹੀ ਇੱਕ ਸਕੂਲ ਡਾਨ ਬਾਸਕੋ ਵਿੱਚ ਬੇਗ ਨੂੰ ਦਾਖਲ ਕਰਵਾ ਦਿੱਤਾ ਗਿਆ। ਇਸ ਸਕੂਲ ਵਿੱਚ ਬੇਗ ਦੇ ਜਮਾਤੀ ਸਨ ਰੂਪ ਕੇ. ਸ਼ੋਰੀ (ਹਿਦਾਇਤਕਾਰ) ਤੇ ਮਨੋਰਮਾ ਉਰਫ਼ ਏਰਿਨ ਇਸਾਕ ਡੈਨੀਅਲ (ਅਦਾਕਾਰਾ) ਜੋ ਇੱਕ ਦੂਜੇ ਦੇ ਦੋਸਤ ਸਨ। ਵਿਦਿਆਰਥੀ ਜੀਵਨ ਦੌਰਾਨ ਇਨ੍ਹਾਂ ਦੋਸਤਾਂ ਨੇ ਬਰਿੱਟ ਇੰਸਟੀਚਿਊਟ ਵਿੱਚ ਹਿੱਸਾ ਲਿਆ। ਤਾਲੀਮ ਪੂਰੀ ਕਰਨ ਤੋਂ ਬਾਅਦ ਇਹ ਤਿੰਨੋਂ ਫਿਲਮ ਸਨਅਤ ਨਾਲ ਜੁੜ ਗਏ।
ਜਦੋਂ ਆਰ. ਐੱਲ ਸ਼ੋਰੀ ਨੇ ਆਪਣੇ ਫਿਲਮਸਾਜ਼ ਅਦਾਰੇ ਕਮਲਾ ਮੂਵੀਟੋਨ ਦੇ ਬੈਨਰ ਹੇਠ ਪੁੱਤਰ ਰੂਪ ਕੇ. ਸ਼ੋਰੀ ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਮਜਨੂੰ 1935’ (1935) ਬਣਾਈ ਤਾਂ ਮਿਰਜ਼ਾ ਮੁਹੰਮਦ ਬੇਗ ਨੂੰ ਬੇਗ ਦੇ ਨਾਮ ਨਾਲ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਇਸ ਫਿਲਮ ’ਚ ਉਸ ਨੇ ਛੋਟਾ ਜਿਹਾ ਕਿਰਦਾਰ ਅਦਾ ਕੀਤਾ। ਜਦੋਂਕਿ ‘ਮਜਨੂੰ’ ਦਾ ਮਰਕਜ਼ੀ ਕਿਰਦਾਰ ਮਜਨੂੰ ਉਰਫ਼ ਹੈਰੋਲਡ ਲੂਈਸ ਅਦਾ ਕਰ ਰਿਹਾ ਸੀ ਤੇ ਹੀਰੋਇਨ ਸੀ ਸ਼ਿਆਮਾ ਜੁਤਸ਼ੀ ਐੱਮ. ਏ.। ਮੌਸੀਕੀ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਤੇ 10 ਗੀਤ ਵਲੀ ਸਾਹਿਬ ਨੇ ਤਹਿਰੀਰ ਕੀਤੇ ਸਨ। ਇਹ ਫਿਲਮ 1933 ਵਿੱਚ ਸ਼ੁਰੂ ਹੋਈ ਸੀ। ਇਸ ਦਾ ਪਹਿਲਾ ਨਾਮ ‘ਮਜਨੂੰ 1933’ ਤੇ ਬਾਅਦ ਵਿੱਚ ‘ਮਜਨੂੰ 1934’ ਕਰ ਦਿੱਤਾ ਗਿਆ ਅਤੇ ਜਦੋਂ ਫਿਲਮ ਮੁਕੰਮਲ ਹੋਈ ਤਾਂ ਇਸ ਦਾ ਨਾਮ ‘ਮਜਨੂੰ 1935’ ਰੱਖਿਆ ਗਿਆ। ਇਹ ਫਿਲਮ 19 ਜੂਨ 1935 ਨੂੰ ਨਿਸ਼ਾਤ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ। ਕਮਲਾ ਮੂਵੀਟੋਨ, ਲਾਹੌਰ ਦੀ ਹੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਸਟੰਟ ਫਿਲਮ ‘ਟਾਰਜਨ ਕੀ ਬੇਟੀ’ (1938) ’ਚ ਬੇਗ ਨੇ ਹੀਰੋ ਦਾ ਕਿਰਦਾਰ ਨਿਭਾਇਆ, ਜਿਸ ਦੇ ਹਮਰਾਹ ਸ਼ਿਆਮਾ ਜੁਤਸ਼ੀ ਹੀਰੋਇਨ ਸੀ। ਸੰਗੀਤਕਾਰ ਅਨੁਪਮ ਘਟਕ ਅਤੇ ਗੀਤ ਵਲੀ ਸਾਹਿਬ ਨੇ ਲਿਖੇ ਸਨ। ਇਹ ਫਿਲਮ 20 ਮਈ 1938 ਨੂੰ ਨਿਸ਼ਾਤ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ।
ਇਨ੍ਹਾਂ ਦੋਵਾਂ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਬੇਗ ਨੇ ਬੰਬਈ ਦਾ ਰੁਖ਼ ਕੀਤਾ, ਜਿੱਥੇ ਉਹ ਹੱਥੋ-ਹੱਥ ਲਏ ਗਏ ਤੇ ਉਨ੍ਹਾਂ ਨੂੰ ਰਣਜੀਤ ਮੂਵੀਟੋਨ ਕੰਪਨੀ ਦੀਆਂ ਕਾਮਯਾਬ ਫਿਲਮਾਂ ਵਿੱਚ ਹੀਰੋ ਤੇ ਸਾਥੀ ਅਦਾਕਾਰ ਦੇ ਰੋਲ ਕਰਨ ਦੇ ਮੌਕੇ ਮਿਲੇ। ਜਦੋਂ ਚੰਦੂ ਲਾਲ ਸ਼ਾਹ ਨੇ ਆਪਣੇ ਫਿਲਮਸਾਜ਼ ਅਦਾਰੇ ਸ੍ਰੀ ਰਣਜੀਤ ਮੂਵੀਟੋਨ, ਬੰਬੇ ਦੇ ਬੈਨਰ ਹੇਠ ਡੀ. ਐੱਨ. ਮਧੋਕ (ਦੀਨਾ ਨਾਥ ਮਧੋਕ) ਦੀ ਹਿਦਾਇਤਕਾਰੀ ਵਿੱਚ ਪਹਿਲੀ ਪੰਜਾਬੀ ਫਿਲਮ ‘ਮਿਰਜ਼ਾ ਸਾਹਿਬਾਂ’ (1939) ਬਣਾਈ ਤਾਂ ਇਸ ਫਿਲਮ ਵਿੱਚ ਬੇਗ ਨੇ ‘ਸ਼ਮੀਰ’ ਦਾ ਕਿਰਦਾਰ ਇੰਤਹਾਈ ਖ਼ੂਬਸੂਰਤੀ ਨਾਲ ਅਦਾ ਕੀਤਾ ਤੇ ਬੇਗ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਿਆ। ਫਿਲਮ ’ਚ ‘ਮਿਰਜ਼ਾ’ ਦਾ ਪਾਰਟ ਜ਼ਹੂਰ ਰਾਜਾ ਨੇ ਅਤੇ ‘ਸਾਹਿਬਾਂ’ ਦਾ ਰੋਲ ਇਲਾ ਦੇਵੀ ਨੇ ਕੀਤਾ ਸੀ। ਇਹ ਫਿਲਮ 7 ਜੁਲਾਈ 1939 ਨੂੰ ਜੁਬਲੀ ਸਿਨਮਾ ਲਾਹੌਰ ਵਿਖੇ ਨੁਮਾਇਸ਼ ਹੋਈ। ਬੰਬਈ ਵਿੱਚ ਫਿਲਮਾਈ ਗਈ ਇਹ ਫਿਲਮ ਆਵਾਮ ਵੱਲੋਂ ਬੜੀ ਪਸੰਦ ਕੀਤੀ ਗਈ। ਇਸ ਤੋਂ ਫੌਰਨ ਬਾਅਦ ਰਣਜੀਤ ਮੂਵੀਟੋਨ ਦੇ ਮਾਲਕਾਂ ਨੇ ਬੇਗ ਨੂੰ ਆਪਣੇ ਬੈਨਰ ਦੀਆਂ ਕਈ ਹਿੰਦੀ ਫਿਲਮਾਂ ਵਿੱਚ ਹੀਰੋ, ਸਾਥੀ ਅਦਾਕਾਰ ਤੇ ਖ਼ਲ ਕਿਰਦਾਰ ਨਿਭਾਉਣ ਦੇ ਮੌਕੇ ਦਿੱਤੇ, ਜਿਨ੍ਹਾਂ ਵਿੱਚ ਚਤੁਰਭੁਜ ਦੋਸ਼ੀ ਨਿਰਦੇਸ਼ਿਤ ਫਿਲਮ ‘ਦਿ ਸੈਕ੍ਰੇਟਰੀ’ (1938) ਤੋਂ ਇਲਾਵਾ ਹੋਰ ਵੀ ਕੁਝ ਹਿੰਦੀ ਫਿਲਮਾਂ ਸਨ। ਇਨ੍ਹਾਂ ਫਿਲਮਾਂ ਵਿੱਚ ਬੇਗ ਨੇ ਆਪਣੇ ਕਿਰਦਾਰ ਐਨੀ ਉਮਦਗੀ ਨਾਲ ਅਦਾ ਕੀਤੇ ਕਿ ਉਨ੍ਹਾਂ ਦਾ ਸ਼ੁਮਾਰ ਬਰ-ਏ-ਸਗੀਰ ਦੇ ਬਿਹਤਰੀਨ ਅਦਾਕਾਰਾਂ ਦੀ ਸ਼ਫ਼ ਵਿੱਚ ਹੋਣ ਲੱਗ ਪਿਆ।
ਜਦੋਂ ਲਾਲਾ ਯਕੂਬ ਤੇ ਅਦਾਕਾਰਾ ਖ਼ੁਰਸ਼ੀਦ ਬਾਨੋ ਨੇ ਆਪਣੇ ਫਿਲਮਸਾਜ਼ ਅਦਾਰੇ ਮਾਡਰਨ ਪਿਕਚਰਜ਼, ਬੰਬੇ ਦੇ ਬੈਨਰ ਹੇਠ ਪੰਜਾਬੀ ਫਿਲਮ ‘ਪਟੋਲਾ’ (1942) ਸ਼ੁਰੂ ਕੀਤੀ ਤਾਂ ਬੇਗ ਨੂੰ ਫਿਲਮ ਵਿੱਚ ਗੁਲ ਬੇਗ ਦੇ ਨਾਮ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਫਿਲਮ ’ਚ ‘ਮਿਰਜ਼ਾ’ ਦਾ ਰੋਲ ਕੀਤਾ ਜਦੋਂ ਕਿ ਮੁੱਖ ਕਿਰਦਾਰ ’ਚ ਅਰੂਨ ਅਹੂਜਾ ਤੇ ਖ਼ੁਰਸ਼ੀਦ ਬਾਨੋ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਇਹ ਫਿਲਮ 8 ਅਕਤੂਬਰ 1942 ਨੂੰ ਜਸਵੰਤ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ।
ਲਾਹੌਰ ਵਿੱਚ ਸ਼ੋਰੀ ਪਿਕਚਰਜ਼ ਜਿਸ ਦਾ ਪਹਿਲਾ ਨਾਮ ਕਮਲਾ ਮੂਵੀਟੋਨ ਸੀ, ਨੇ ਆਪਣਾ ਨਵਾਂ ਸਟੂਡੀਓ ਤਿਆਰ ਕੀਤਾ ਅਤੇ ਸ਼ੋਰੀ ਸਟੂਡੀਓ ਦੇ ਵਸੀਹ ਪੈਮਾਨੇ ’ਤੇ ਫਿਲਮਸਾਜ਼ੀ ਦੇ ਕੰਮ ਦਾ ਆਗ਼ਾਜ਼ ਕੀਤਾ। ਇਸ ਅਦਾਰੇ ਨੇ ਬੇਗ ਨੂੰ ਇੱਕ ਵਾਰ ਫਿਰ ਬੰਬਈ ਤੋਂ ਲਾਹੌਰ ਬੁਲਾ ਲਿਆ ਤੇ ਮਾਕੂਲ ਮੁਆਵਜ਼ੇ ਉੱਤੇ ਸ਼ੋਰੀ ਪਿਕਚਰਜ਼ ਵਿੱਚ ਕੰਮ ਕਰਨ ਦੇ ਮੌਕੇ ਦਿੱਤੇ। ਇਸ ਨਾਲ ਬੇਗ ਦੀਆਂ ਲੁਕੀਆਂ ਹੋਈਆਂ ਸਲਾਹੀਅਤਾਂ ਬਾਹਰ ਆਈਆਂ ਤੇ ਉਹ ਦਿਨ-ਬ-ਦਿਨ ਆਵਾਮ ਵਿੱਚ ਮਕਬੂਲ ਹੁੰਦੇ ਗਏ।
ਜਦੋਂ ਫਿਲਮਸਾਜ਼ ਆਰ. ਐੱਲ. ਸ਼ੋਰੀ (ਸੀਨੀ.) ਤੇ ਰੂਪ ਕੇ. ਸ਼ੋਰੀ (ਜੂਨੀ.) ਨੇ ਆਪਣੇ ਫਿਲਮਸਾਜ਼ ਅਦਾਰੇ ਕਮਲਾ ਮੂਵੀਟੋਨ ਲਿਮਟਿਡ, ਲਾਹੌਰ ਦੇ ਬੈਨਰ ਹੇਠ ਆਪਣੀ ਸਾਂਝੀ ਹਿਦਾਇਤਕਾਰੀ (ਸਹਾਇਕ ਐੱਚ. ਲੂਇਸ ਉਰਫ਼ ਮਜਨੂੰ) ’ਚ ਅਲਿਫ਼-ਲੈਲਾ ’ਤੇ ਪੰਜਾਬੀ ਫਿਲਮ ‘ਇਕ ਮੁਸਾਫ਼ਰ’ (1940) ਸ਼ੁਰੂ ਕੀਤੀ ਤਾਂ ਇਸ ਵਿੱਚ ਬੇਗ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਫਿਲਮ ’ਚ ਬੇਗ ਨੇ ‘ਕਿੰਗ’ ਦਾ ਕਿਰਦਾਰ ਨਿਭਾਇਆ। ਫਿਲਮ ਦੇ ਮਰਕਜ਼ੀ ਕਿਰਦਾਰ ਵਿੱਚ ਮੁਬਾਰਕ ਅਲੀ ਖ਼ਾਨ ਨੇ ‘ਸਲੀਮ’ ਦਾ ਤੇ ਮੇਨਕਾ ਨੇ ‘ਸ਼ੀਰੀਂ’ ਦਾ ਪਾਰਟ ਅਦਾ ਕੀਤਾ। ਇਸ ਫਿਲਮ ’ਚ ਬੇਗ ਦੀ ਜਮਾਤਣ ਦੋਸਤ ਮਿਸ ਮਨੋਰਮਾ (ਅਸਲ ਨਾਮ ਐਰਿਕ ਇਸਾਕ ਡੈਨੀਅਲ) ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ, ਜਿਸ ਨੇ ਨ੍ਰਿਤ ਅਦਾਕਾਰਾ ਦਾ ਰੋਲ ਕੀਤਾ। ਦੀਗ਼ਰ ਫ਼ਨਕਾਰਾਂ ਵਿੱਚ ਜ਼ਹੂਰ ਸ਼ਾਹ (ਖ਼ਵਾਜ਼ਾ ਸ਼ੈਦੀ), ਰਾਧਾ ਰਾਣੀ (ਦਾਸੀ ਨਰਗਿਸ), ਮਹਿਮੂਦ ਖ਼ਾਨ (ਕਮਰੂ), ਮਾਲ਼ਾ (ਕਮਰੂ ਦੀ ਪਤਨੀ), ਹੁਕਮ ਸਿੰਘ (ਜਮਰੂ), ਦਿਲਾਵਰ ਸ਼ਾਹ (ਕਾਸਮ) ਅਤੇ ਕਈ ਹੋਰ ਫ਼ਨਕਾਰ ਨੁਮਾਇਆ ਸਨ। ਫਿਲਮ ’ਚ ਕੁੱਲ 10 ਗੀਤ ਸਨ, ਜਿਨ੍ਹਾਂ ’ਚੋਂ ਚੰਦ ਮਸ਼ਹੂਰ ਜ਼ਮਾਨਾ ਗੀਤਾਂ ਦੇ ਬੋਲ ਹਨ ‘ਸਈਓ ਨੀਂ ਜਦੋਂ ਮਿਲੀਆਂ ਨੈਣਾਂ ਦੀਆਂ ਤਾਰਾਂ’ (ਮਿਸ ਮਨੋਰਮਾ, ‘ਮੈਂ ਚੰਚਲ ਛੈਲ-ਛਬੀਲੀ’ (ਰਾਧਾ ਰਾਣੀ), ‘ਦੁਨੀਆ ਦੀ ਹਰ ਚੀਜ਼ ਮੁਸਾਫ਼ਰ’ (ਕੋਰਸ), ‘ਟੁਰ ਜਾ ਏਥੋਂ ਦੂਰ ਮੁਸਾਫ਼ਰ’ (ਮੁਬਾਰਕ ਅਲੀ ਖ਼ਾਨ) ‘ਮਿੱਠੜੇ ਬੋਲ ਨਾ ਬੋਲ ਮੁਸਾਫ਼ਰ’ (ਮਜਨੂੰ/ਹੈਰੋਲਡ ਲੂਈਸ) ਆਦਿ। ਇਹ ਕਾਮਯਾਬ ਫਿਲਮ 9 ਅਗਸਤ 1940 ਨੂੰ ਰੀਜੈਂਟ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।
ਜਦੋਂ ਠਾਕੁਰ ਰਜਿੰਦਰ ਸਿੰਘ ਨੇ ਆਪਣੇ ਫਿਲਮਸਾਜ਼ ਅਦਾਰੇ ਨੌਰਦਰਨ ਇੰਡੀਆ ਸਟੂਡੀਓਜ਼ ਲਿਮਟਿਡ, ਲਾਹੌਰ ਦੇ ਬੈਨਰ ਹੇਠ ਸ਼ੰਕਰ ਮਹਿਤਾ (ਪਹਿਲੀ ਫਿਲਮ) ਦੀ ਹਿਦਾਇਤਕਾਰੀ ’ਚ ਪੰਜਾਬੀ ਫਿਲਮ ‘ਮੇਰਾ ਮਾਹੀ’ (1941) ਸ਼ੁਰੂ ਕੀਤੀ ਤਾਂ ਸ਼ੰਕਰ ਮਹਿਤਾ ਨੇ ਬੇਗ ਨੂੰ ਸਾਥੀ ਅਦਾਕਾਰ ਦਾ ਪਾਰਟ ਦਿੱਤਾ। ਬੇਗ ਨੇ ਫਿਲਮ ’ਚ ‘ਸਰਦਾਰੀ’ ਦਾ ਕਿਰਦਾਰ ਨਿਭਾਇਆ ਜਦੋਂ ਕਿ ਮਰਕਜ਼ੀ ਕਿਰਦਾਰ ਵਿੱਚ ਗੁੱਜਰਾਂਵਾਲਾ ਦਾ ਗੱਭਰੂ ਕਰਨ ਦੀਵਾਨ (ਬੀ. ਏ.) ‘ਯਸ਼’ ਦਾ ਤੇ ਰਾਗਿਨੀ ‘ਮਾਯਾ’ ਦਾ ਰੋਲ ਨਿਭਾ ਰਹੀ ਸੀ। ਦੀਗ਼ਰ ਫ਼ਨਕਾਰਾਂ ’ਚ ਮਨੋਰਮਾ ਸੁੰਦਰ ਸਿੰਘ, ਮਨੋਹਰ, ਸ਼ਾਮ, ਜ਼ਹੂਰ ਸ਼ਾਹ, ਜ਼ਹੀਰ, ਮਾਲਾ, ਗ਼ੁਲਾਮ ਕਾਦਰ ਆਦਿ ਨੁਮਾਇਆ ਸਨ। ਕਹਾਣੀ ਐੱਮ. ਆਰ. ਕਪੂਰ ਤੇ ਬੀ. ਆਰ. ਚੋਪੜਾ ਉਰਫ਼ ਬਲਦੇਵ ਰਾਜ ਚੋਪੜਾ (ਪਹਿਲੀ ਫਿਲਮ), ਮੁਕਾਲਮੇ ਐੱਮ. ਆਰ. ਸੇਰੇਵਰੀ, ਗੀਤ ਬੇਕਲ ‘ਅੰਮ੍ਰਿਤਸਰੀ ਅਤੇ ਮੌਸੀਕੀ ਦੀਆਂ ਤਰਜ਼ਾਂ ਅਮੀਰ ਅਲੀ ਨੇ ਮੁਰੱਤਬਿ ਕੀਤੀਆਂ। ਫਿਲਮ ’ਚ ਕੁੱਲ 14 ਗੀਤ ਸ਼ਾਮਲ ਸਨ, ਜਿਨ੍ਹਾਂ ਨੂੰ ਸੰਗੀਤ ਮੱਦਾਹਾਂ ਨੇ ਬੜਾ ਪਸੰਦ ਕੀਤਾ। ਇਹ ਫਿਲਮ 20 ਜੂਨ 1941 ਨੂੰ ਕਰਾਊਨ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਰਿਲੀਜ਼ ਹੋਈ।
ਨੌਰਦਰਨ ਇੰਡੀਆ ਸਟੂਡੀਓ ਦੀ ਹੀ ਬਰਕਤ ਮਹਿਰਾ ਦੀ ਹਿਦਾਇਤਸ਼ੁਦਾ ਪੰਜਾਬੀ ਫਿਲਮ ‘ਸਹਿਤੀ ਮੁਰਾਦ’ (1941) ’ਚ ਬੇਗ ਨੇ ‘ਰਾਂਝਾ’ ਤੇ ਅਦਾਕਾਰ ਰਜ਼ੀਆ ਨੇ ‘ਹੀਰ’ ਦਾ ਸੋਹਣਾ ਪਾਰਟ ਅਦਾ ਕੀਤਾ ਜਦੋਂ ਕਿ ‘ਸਹਿਤੀ’ ਦੇ ਕਿਰਦਾਰ ’ਚ ਰਾਗਿਨੀ ਤੇ ‘ਮੁਰਾਦ’ ਦੇ ਰੋਲ ’ਚ ਰਾਮ ਲਾਲ ਆਪਣੇ ਫ਼ਨ ਦੀ ਪੇਸ਼ਕਾਰੀ ਕਰ ਰਹੇ ਸਨ। ਸਾਥੀ ਅਦਾਕਾਰਾਂ ’ਚ ਮਨੋਰਮਾ (ਨੂਰਾਂ), ਗੁਲ ਜ਼ਮਾਨ (ਕੈਦੋਂ), ਜ਼ਹੂਰ ਸ਼ਾਹ (ਅੱਜੂ), ਕਮਲਾ (ਸਹਿਤੀ ਦੀ ਮਾਂ), ਮਾਲਾ (ਮੁਰਾਦ ਦੀ ਮਾਂ) ਆਦਿ ਸ਼ਾਮਲ ਸਨ। ਮੁਸੱਨਫ਼ ਤੇ ਨਗ਼ਮਾਨਿਗਾਰ ਮਨੋਹਰ ਸਿੰਘ ਸਹਿਰਾਈ ਤੇ ਮੌਸੀਕਾਰ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ (ਸਹਾਇਕ ਅਮੀਰ ਅਲੀ) ਸਨ। ਇਹ ਕਾਮਯਾਬ ਫਿਲਮ 24 ਜਨਵਰੀ 1941 ਨੂੰ ਨਿਸ਼ਾਤ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ।
ਕਮਲਾ ਮੂਵੀਟੋਨ, ਲਾਹੌਰ ਦੇ ਬੈਨਰ ਹੇਠ ਰੂਪ ਕੇ. ਸ਼ੋਰੀ ਨੇ ਆਪਣੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਹਿੰੰਮਤ’ (1941) ਬਣਾਈ। ਫਿਲਮ ’ਚ ਬੇਗ ਨੇ ‘ਕੁਮਾਰ’ ਦਾ ਤੇ ਉਸ ਦੇ ਰੂਬਰੂ ਰਾਗਿਨੀ ‘ਲੀਲਾ’ ਦਾ ਕਿਰਦਾਰ ਨਿਭਾ ਰਹੀ ਸੀ। ਕਹਾਣੀ ਤੇ ਮੰਜ਼ਰਨਾਮਾ ਰੂਪ ਕੇ. ਸ਼ੋਰੀ, ਗੀਤ ਤੇ ਮੁਕਾਲਮੇ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਮੌਸੀਕੀ ਦੀਆਂ ਤਰਜ਼ਾਂ ਪੰਡਤ ਗੋਬਿੰਦਰਾਮ ਨੇ ਤਰਤੀਬ ਕੀਤੀਆਂ। ਇਹ ਫਿਲਮ 27 ਜੂਨ 1941 ਨੂੰ ਪ੍ਰਭਾਤ ਟਾਕੀਜ਼, ਲਾਹੌਰ ’ਚ ਪਰਦਾਪੇਸ਼ ਹੋਈ।
ਜਦੋਂ ਆਰ. ਐੱਲ. ਸ਼ੋਰੀ (ਸੀਨੀ.) ਨੇ ਆਪਣੇ ਫਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਰੂਪ ਕੇ. ਸ਼ੋਰੀ ਸਹਾਇਕ ਐੱਚ. ਲਿਊਸ ਉਰਫ਼ ਮਜਨੂੰ) ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫਿਲਮ ‘ਮੰਗਤੀ’ (1942) ਸ਼ੁਰੂ ਕੀਤੀ ਤਾਂ ਰੂਪ ਕਿਸ਼ੋਰੀ ਨੇ ਆਪਣੇ ਅਜ਼ੀਜ਼ ਮਿੱਤਰ ਬੇਗ ਨੂੰ ਵੀ ਸਹਾਇਕ ਅਦਾਕਾਰ ਵਜੋਂ ਅਦਾਕਾਰੀ ਦਾ ਮੌਕਾ ਦਿੱਤਾ। ਫਿਲਮ ’ਚ ‘ਮੰਗਤੀ’ ਦਾ ਟਾਈਟਲ ਪਾਰਟ ਮੁਮਤਾਜ਼ ਸ਼ਾਂਤੀ ਅਤੇ ਹੀਰੋ ਦਾ ਕਿਰਦਾਰ ਮਸੂਦ ਪਰਵੇਜ਼ (ਅੰਮ੍ਰਿਤਸਰ) ਨੇ ਅਦਾ ਕੀਤਾ। ਗੀਤ ਤੇ ਮੁਕਾਲਮੇ ਨੰਦਲਾਲ ਨੂਰਪੁਰੀ ਤੇ ਸੰਗੀਤ ਪੰਡਤ ਗੋਬਿੰਦਰਾਮ ਨੇ ਮੁਰੱਤਬਿ ਕੀਤਾ ਸੀ। 20 ਫਰਵਰੀ 1942 ਨੂੰ ਪ੍ਰਭਾਤ ਟਾਕੀਜ਼ ਤੇ ਕਰਾਊਨ ਟਾਕੀਜ਼, ਲਾਹੌਰ ਵਿੱਚ 50 ਹਫ਼ਤੇ ਚੱਲ ਕੇ ਫਿਲਮ ਤਾਰੀਖ਼ ਦੀ ਪਹਿਲੀ ਗੋਲਡਨ ਜੁਬਲੀ ਫਿਲਮ ਕਰਾਰ ਪਾਈ, ਜਿਸ ਦੇ ਸੰਗੀਤ ਨੇ ਹਰ ਪਾਸੇ ਧੂਮਾਂ ਪਾ ਛੱਡੀਆਂ ਸਨ।
ਮੈਕਲੋਡ ਰੋਡ, ਲਾਹੌਰ ਵਿੱਚ ਹੀ ਸ਼ੋਰੀ ਪਿਕਚਰਜ਼ ਨੇ ਬਰਕਤ ਮਹਿਰਾ ਦੀ ਹਿਦਾਇਤਕਾਰੀ (ਸਹਾਇਕ ਐੱਸ. ਸ਼ਫ਼ਕਤ, ਰਾਣਾ ਬਸ਼ੀਰ) ਵਿੱਚ ਹਿੰਦੀ ਫਿਲਮ ‘ਚੰਪਾ’ (1945) ਬਣਾਈ। ਫਿਲਮ ’ਚ ਬੇਗ ਨੇ ‘ਡਾਕਟਰ ਰਤਨ’ ਦਾ ਤੇ ਉਸ ਦੇ ਸਨਮੁੱਖ ਮਨੋਰਮਾ ਨੇ ‘ਚੰਪਾ’ ਦਾ ਟਾਈਟਲ ਰੋਲ ਅਦਾ ਕੀਤਾ। ਕਹਾਣੀ ਤੇ ਮੁਕਾਲਮੇ ਇਹਸਾਨ ਅਲੀ ਬੀ. ਏ. (ਡਰਾਮਾਨਿਗ਼ਾਰ), ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤਕ ਧੁਨਾਂ ਅਨੁਪਮ ਘਟਕ ਤੇ ਲੱਛੀ ਰਾਮ ਨੇ ਬਣਾਈਆਂ। ਇਹ ਫਿਲਮ ਅਕਤੂਬਰ 1945 ’ਚ ਕਰਾਊਨ ਟਾਕੀਜ਼ ’ਚ ਰਿਲੀਜ਼ ਹੋਈ। 1945 ’ਚ ਸ਼ੁਰੂ ਹੋਈ ਸ਼ੋਰੀ ਬੈਨਰ ਦੀ ਹੀ ਹਿੰਦੀ ਫਿਲਮ ‘ਰੁੱਤ ਰੰਗੀਲੀ’ ’ਚ ਵੀ ਬੇਗ ਨੇ ਸਾਥੀ ਅਦਾਕਾਰ ਵਜੋਂ ਕੰਮ ਕੀਤਾ ਸੀ, ਪਰ ਇਸ ਫਿਲਮ ਦਾ ਪ੍ਰਿੰਟ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੜ ਗਿਆ ਸੀ।
ਪੰਜਾਬ ਵੰਡ ਤੋਂ ਬਾਅਦ ਬੇਗ ਨੇ ਆਪਣੇ ਅਬਾਈ ਸ਼ਹਿਰ ਲਾਹੌਰ ਰਹਿਣਾ ਪਸੰਦ ਕੀਤਾ। 1950 ਤੋਂ 1965 ਤੱਕ 26 ਦੇ ਕਰੀਬ ਲਾਹੌਰ (ਪਾਕਿਸਤਾਨ) ਦੀਆਂ ਪੰਜਾਬੀ ਤੇ ਉਰਦੂ ਫਿਲਮਾਂ ਵਿੱਚ ਹੀਰੋ, ਸਾਥੀ, ਖ਼ਲਨਾਇਕ ਤੇ ਚਰਿੱਤਰ ਕਿਰਦਾਰ ਨਿਭਾਏ। ਉਸ ਦੀ ਆਖ਼ਰੀ ਪੰਜਾਬੀ ਫਿਲਮ ਏ. ਐੱਸ. ਪਿਕਚਰਜ਼, ਲਾਹੌਰ ਦੀ ਨੁਸਰਤ ਜੰਗ ਕਾਰਦਾਰ ਨਿਰਦੇਸ਼ਿਤ ‘ਲਾਲ ਰੂਮਾਲ’ (1965) ਸੀ। ਬੇਗ ਨਸ਼ਾ ਕਰਨ ਦੇ ਆਦੀ ਸਨ, ਜਿਸ ਦੇ ਬਾਇਸ ਉਨ੍ਹਾਂ ਦੇ ਦਿਮਾਗ਼ ਵਿੱਚ ਖਰਾਬੀ (ਰੋਗ) ਪੈਦਾ ਹੋ ਗਈ ਤੇ ਉਹ ਜ਼ਿਹਨੀ ਤਵਾਜ਼ਨ ਗੁਆ ਬੈਠੇ। ਉਸ ਵੇਲੇ ਫਿਲਮਸਾਜ਼ ਤੇ ਹਿਦਾਇਤਕਾਰ ਰੂਪ ਕੇ. ਸ਼ੋਰੀ ਲਾਹੌਰ ’ਚ ਹਿੰਦੀ ਫਿਲਮ ‘ਹਮਾਰੀ ਗਲੀਆਂ’ (1951) ਦੀ ਸ਼ੂਟਿੰਗ ਕਰ ਰਹੇ ਸਨ ਜੋ ਭਾਰਤ ਵਿੱਚ ‘ਮੁੱਖੜਾ’ ਦੇ ਟਾਈਟਲ ਹੇਠ ਰਿਲੀਜ਼ ਹੋਈ। ਬੇਗ ਵੀ ਫਿਲਮ ਵਿੱਚ ਸਹਾਇਕ ਪਾਰਟ ਅਦਾ ਕਰ ਰਿਹਾ ਸੀ।
ਸ਼ੂਟਿੰਗ ਦੌਰਾਨ ਇਕਦਮ ਉਸ ਨੂੰ ਪਾਗ਼ਲਪਣ ਦਾ ਦੌਰਾ ਪਿਆ। ਉਸ ਨੂੰ ਟਾਂਗੇ ਉੱਤੇ ਬਿਠਾ ਕੇ ਮੈਂਟਲ ਹਸਪਪਤਾਲ ਲਿਜਾਇਆ ਜਾ ਰਿਹਾ ਸੀ ਕਿ ਉਸ ਨੇ ਟਾਂਗੇ ਉੱਤੋਂ ਛਾਲ ਮਾਰ ਦਿੱਤੀ ਅਤੇ ਭੱਜ ਗਿਆ। ਉਹ ਪਾਗਲਪਣ ਵਿੱਚ ਭੱਜਦਿਆਂ ਗਵਰਨਰ ਹਾਊਸ, ਲਾਹੌਰ ਦੀ ਕੰਧ ਟੱਪ ਕੇ ਅੰਦਰ ਚਲਾ ਗਿਆ। ਜਦੋਂ ਅੰਗਰੇਜ਼ ਅਫ਼ਸਰ ਨੂੰ ਪਤਾ ਚੱਲਿਆ ਕਿ ਉਹ ਇੱਕ ਨਾਮਵਾਰ ਫਿਲਮ ਸਟਾਰ ਹੈ ਤਾਂ ਉਨ੍ਹਾਂ ਨੇ ਬੇਗ ਨੂੰ ਮੈਂਟਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ।
ਬੇਗ ਦੋਸਤਨਿਵਾਜ਼, ਖ਼ੁਸ਼ਮਿਜ਼ਾਜ ਤੇ ਬਾ-ਇਖ਼ਲਾਕ ਇਨਸਾਨ ਸਨ, ਪਰ ਨਸ਼ੇ ਦੀ ਬੁਰੀ ਲਤ ਨੇ ਇਨ੍ਹਾਂ ਨੂੰ ਵਹਿਸ਼ੀ ਤੇ ਚਿੜਚਿੜਾ ਬਣਾ ਦਿੱਤਾ ਸੀ। ਇਨ੍ਹਾਂ ਦੇ ਮਾਤਾ-ਪਿਤਾ ਨੇ ਇਨ੍ਹਾਂ ਨੂੰ ਸੰਭਾਲਿਆ ਅਤੇ ਦੇਖਭਾਲ ਕਰਨ ਲਈ ਇਸ ਦਾ ਵਿਆਹ ਚੰਗੇ ਖ਼ਾਨਦਾਨ ਵਿੱਚ ਕਰ ਦਿੱਤਾ। ਉਹ ਇੱਕ ਲੜਕੇ ਦਾ ਪਿਓ ਬਣ ਗਿਆ, ਪਰ ਉਸ ਦੇ ਪਾਗਲਪਣ ਦੀ ਵਜ੍ਹਾ ਨਾਲ ਇਹ ਵਿਆਹ ਕਾਮਯਾਬ ਨਾ ਹੋ ਸਕਿਆ ਅਤੇ ਉਸ ਦੀ ਘਰਵਾਲੀ ਨੇ ਤਲਾਕ ਲੈ ਲਿਆ।
ਹੁਣ ਉਹ ਗ਼ੁਰਬਤ ਦੇ ਆਲਮ ਵਿੱਚ ਲਾਹੌਰ ਦੇ ਵੱਖ-ਵੱਖ ਸਟੂਡੀਓਜ਼ ਅਤੇ ਰਾਇਲ ਪਾਰਕ ਵਿੱਚ ਘੁੰਮਦਾ ਸੀ। ਉਸ ਦੇ ਤਨ ’ਤੇ ਪਾਟੇ ਕੱਪੜੇ ਵੇਖ ਕੇ ਇਸ ਦੇ ਦੋਸਤ ਹੱਸਦੇ। ਉਹ ਨਜ਼ਰਾਂ ਚਰਾਉਂਦੇ ਦੋਸਤਾਂ ਦੀ ਬੇਰੁਖ਼ੀ ’ਤੇ ਉੱਚੀ-ਉੱਚੀ ਹੱਸਦਾ, ਪਰ ਕੁਝ ਨੇਕ ਤੇ ਚੰਗੇ ਦਿਲ ਲੋਕ ਉਸ ਨੂੰ ਇਸ ਹਾਲਤ ਵਿੱਚ ਵੇਖ ਕੇ ਰੋ ਪੈਂਦੇ। ਬੇਗ ਜੋ ਆਪਣੇ ਦੌਰ ਦਾ ਖ਼ੁਸ਼ਲਬਿਾਸ, ਸਿਹਤਮੰਦ ਅਤੇ ਮਾਰੂਫ਼ ਅਦਾਕਾਰ ਸੀ ਮਹਿਜ਼ ਨਸ਼ੇ ਦੇ ਸ਼ੌਕ ਹੱਥੋਂ ਤਬਾਹ ਹੋ ਗਿਆ। ਓੜਕ 1969 ਵਿੱਚ ਸ਼ਾਹਨੂਰ ਸਟੂਡੀਓ (ਸਾਬਕਾ ਸ਼ੋਰੀ ਸਟੂਡੀਓ) ਦੇ ਬਿਲਕੁਲ ਸਾਹਮਣੇ ਬਣੇ ਇੱਕ ਰਿਹਾਇਸ਼ੀ ਕੁਆਟਰ ਵਿੱਚ ਉਸ ਨੇ ਜਾਨ ਦੇ ਦਿੱਤੀ। ਉਸ ਵੇਲੇ ਫਿਲਮ ਸਟਾਰ ਬੇਗ ਦੀ ਉਮਰ ਸਿਰਫ਼ 55 ਸਾਲ ਸੀ ਤੇ ਲੋਕਾਂ ਨੂੰ ਉਸ ਦੀ ਮੌਤ ਦਾ ਇੱਕ ਦਿਨ ਤੇ ਇੱਕ ਰਾਤ ਦੇ ਬਾਅਦ ਪਤਾ ਚੱਲਿਆ।
ਸੰਪਰਕ: 97805-09545