ਨਵੀਂ ਦਿੱਲੀ: ਫਿਮਲ ‘ਗਹਿਰਾਈਆਂ’ ਵਿੱਚ ਕੰਮ ਕਰਕੇ ਅਦਾਕਾਰਾ ਅਨੰਨਿਆ ਪਾਂਡੇ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਅਦਾਕਾਰ ਵਜੋਂ ਉਸ ਦੀ ਸ਼ਖਸੀਅਤ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਉਸ ਨੂੰ ਖੁਸ਼ੀ ਹੈ ਕਿ ਉਹ ਇਸ ਫਿਲਮ ਦਾ ਹਿੱਸਾ ਬਣੀ। ਸ਼ਕੁਨ ਬਤਰਾ ਵੱਲੋਂ ਨਿਰਦੇਸ਼ਿਤ ਇਹ ਫਿਲਮ ਆਧੁਨਿਕ ਸਮੇਂ ਵਿੱਚ ਬਣਨ ਵਾਲੇ ਗੁੰਝਲਦਾਰ ਰਿਸ਼ਤਿਆਂ ਦੀ ਕਹਾਣੀ ਬਿਆਨਦੀ ਹੈ। ਅਨੰਨਿਆ ਨੇ 2019 ਵਿੱਚ ‘ਸਟੂਡੈਂਟ ਆਫ ਦਿ ਯੀਅਰ-2’ ਰਾਹੀਂ ਫਿਲਮ ਜਗਤ ਵਿੱਚ ਪੈਰ ਰੱਖਿਆ ਸੀ। ਇਸ ਮਗਰੋਂ ਅਦਾਕਾਰਾ ਨੇ ‘ਪਤੀ, ਪਤਨੀ ਔਰ ਵੋਹ’ ਤੇ ‘ਖਾਲੀ ਪੀਲੀ’ ਵਿੱਚ ਵੀ ਕੰਮ ਕੀਤਾ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਯਕੀਨ ਸੀ ਕਿ ਫਿਲਮ ‘ਗਹਿਰਾਈਆਂ’ ਤੋਂ ਉਸ ਨੂੰ ਜ਼ਮੀਨੀ ਪੱਧਰ ’ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਅਨੰਨਿਆ ਨੇ ਕਿਹਾ, ਮੈਂ ਦੀਪਿਕਾ ਤੇ ਸ਼ਕੁਨ ਨਾਲ ਕੰਮ ਕਰਨਾ ਚਾਹੁੰਦੀ ਸੀ। ਮੈਂ ਇਹ ਫਿਲਮ ਇਸ ਲਈ ਕੀਤੀ ਤਾਂ ਜੋ ਮੈਂ ਆਪਣੇ ਆਲੇ-ਦੁਆਲੇ ਮੌਜੂਦ ਅਦਾਕਾਰਾਂ ਤੋਂ ਵੱਧ ਤੋਂ ਵੱਧ ਸਿੱਖ ਸਕਾਂ। ਮੈਂ ਜਿੰਨਾ ਹੋ ਸਕੇ, ਓਨਾ ਸਿੱਖਣਾ ਚਾਹੁੰਦੀ ਸੀ।’ -ਪੀਟੀਆਈ