ਨਵੀਂ ਦਿੱਲੀ, 10 ਮਈ
ਫਿਲਮ ‘ਦਿ ਕਸ਼ਮੀਰ ਫਾਈਲਜ਼’ ਦੇ ਮਾਮਲੇ ’ਤੇ ਸ਼ਸ਼ੀ ਥਰੂਰ ਅਤੇ ਵਿਵੇਕ ਅਗਨੀਹੋਤਰੀ-ਅਨੁਪਮ ਖੇਰ ਅੱਜ ਟਵਿੱਟਰ ’ਤੇ ਉਲਝ ਗਏ। ਇਸ ਤੋਂ ਪਹਿਲਾਂ ਕਾਂਗਰਸੀ ਆਗੂ ਨੇ ਸਿੰਗਾਪੁਰ ਵਿੱਚ ਫਿਲਮ ’ਤੇ ਪਾਬੰਦੀ ਲਾਉਣ ਦੇ ਮਾਮਲੇ ਬਾਰੇ ਟਵੀਟ ਕੀਤਾ ਜਿਸ ਤੋਂ ਬਾਅਦ ਫਿਲਮ ਦੇ ਨਿਰਦੇਸ਼ਕ ਅਤੇ ਅਦਾਕਾਰ ਨੇ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦਾ ਹਵਾਲਾ ਦੇ ਕੇ ਟਿੱਪਣੀਆਂ ਕੀਤੀਆਂ। ਥਰੂਰ ਨੇ ਟਵੀਟ ਕਰ ਕੇ ਕਿਹਾ ਕਿ ਇਸ ਮਾਮਲੇ ਵਿਚ ਉਸ ਦੀ ਮਰਹੂਮ ਪਤਨੀ ਸੁਨੰਦਾ ਨੂੰ ਘਸੀਟਣਾ ਗੈਰ-ਵਾਜਬ ਸੀ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਨੇ ਸਿੰਗਾਪੁਰ ’ਚ ਫਿਲਮ ’ਤੇ ਪਾਬੰਦੀ ਨੂੰ ਲੈ ਕੇ ਟਵਿੱਟਰ ’ਤੇ ਇਕ ਖਬਰ ਸਾਂਝੀ ਕੀਤੀ। ਕਾਂਗਰਸ ਆਗੂ ਨੇ ਟਵੀਟ ਕੀਤਾ ਕਿ ਭਾਰਤ ਦੀ ਸੱਤਾਧਾਰੀ ਪਾਰਟੀ ਵੱਲੋਂ ਪ੍ਰਮੋਟ ਕੀਤੀ ਗਈ ਫਿਲਮ ’ਤੇ ਸਿੰਗਾਪੁਰ ਵਿੱਚ ਪਾਬੰਦੀ ਲੱਗ ਗਈ ਹੈ।