ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਪਿਛਲੇ ਸਾਲ ਸੁਰਖ਼ੀਆਂ ’ਚ ਰਹੀ ਉਸ ਦੀ ਪ੍ਰੇਮਿਕਾ ਤੇ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਧੰਨਵਾਦ ਸਬੰਧੀ ਇੱਕ ਪ੍ਰੇਰਣਾਦਾਇਕ ਨੋਟ ਲਿਖਿਆ ਹੈ। ਰੀਆ ਜੋ ਕਿ ਆਪਣੀ ਆਉਣ ਵਾਲੀ ਫਿਲਮ ‘ਚਿਹਰੇ’ ਦੇ ਰਿਲੀਜ਼ ਲਈ ਤਿਆਰ ਹੈ, ਨੇ ਇੰਸਟਾਗ੍ਰਾਮ ’ਤੇ ਇਹ ਨੋਟ ਸਾਂਝਾ ਕੀਤਾ ਹੈ। ਇਸ ਫਿਲਮ ਵਿੱਚ ਅਦਾਕਾਰ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਰੀਆ ਨੇ ਲਿਖਿਆ, ‘ਇੱਕ ਮਿੰਟ ਲਓ ਤੇ ਧੰਨਵਾਦ ਕਰੋ। ਧੰਨਵਾਦ। ਸ਼ੁਕਰਾਨਾ ਬਹੁਤ ਸ਼ਕਤੀਸ਼ਾਲੀ ਹੈ।’ ਸੁਸ਼ਾਂਤ ਦੇ ਪਰਿਵਾਰ ਵੱਲੋਂ ਰੀਆ ’ਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਉਸ ਤੋਂ ਬੇਈਮਾਨੀ ਨਾਲ ਪੈਸੇ ਉਗਰਾਹੁਣ ਦੇ ਦੋਸ਼ ਲਾਏ ਜਾਣ ਮਗਰੋਂ ਰੀਆ ਸੁਰਖ਼ੀਆਂ ’ਚ ਆਈ ਸੀ। ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਨਸ਼ੀਲੇ ਪਦਾਰਥਾਂ ਦੀ ਜਾਂਚ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਉਸ ਨੂੰ ਉਸ ਦੇ ਭਰਾ ਸ਼ੋਵਿਕ ਦੇ ਨਾਲ ਚਾਰਜਸ਼ੀਟ ਵਿੱਚ ਨਾਮਜ਼ਦ ਵੀ ਕੀਤਾ ਗਿਆ ਸੀ। 29 ਸਾਲਾ ਅਦਾਕਾਰਾ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ ਇੱਕ ਮਹੀਨਾ ਮੁੰਬਈ ਦੀ ਬਾਇਕੁਲਾ ਜੇਲ੍ਹ ਵਿੱਚ ਰਹਿਣਾ ਪਿਆ ਸੀ। ਫਿਲਮ ‘ਚਿਹਰੇ’ ਵਿੱਚ ਅਦਾਕਾਰਾ ਦੀ ਭੂਮਿਕਾ ਬਾਰੇ ਜ਼ਿਆਦਾ ਗੱਲਬਾਤ ਨਹੀਂ ਕੀਤੀ ਗਈ। ਉਸ ਨੂੰ ਫਿਲਮ ਦੇ ਪੋਸਟਰ ਵਿੱਚ ਵੀ ਨਹੀਂ ਦਿਖਾਇਆ ਗਿਆ, ਜਦਕਿ ਟਰੇਲਰ ਵਿੱਚ ਉਸ ਦੀ ਝਲਕ ਦੇਖਣ ਨੂੰ ਮਿਲਦੀ ਹੈ। -ਆਈਏਐੱਨਐੱਸ