ਮੁੰਬਈ: ਅਦਾਕਾਰਾ ਮਾਧੁਰੀ ਦੀਕਸ਼ਤ ਨੇਨੇ ਨੇ ਆਪਣੇ ਦੂਜੇ ਗੀਤ ‘ਤੂੰ ਹੈ ਮੇਰਾ’ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ, ਜਿਸ ਨੂੰ ਉਹ ਆਪਣੇ ਜਨਮ ਦਿਨ ਮੌਕੇ 15 ਮਈ ਨੂੰ ਰਿਲੀਜ਼ ਕਰੇਗੀ। ਮਾਧੁਰੀ ਨੇ ਆਪਣਾ ਪਹਿਲਾ ਗੀਤ ‘ਕੈਂਡਲ’ ਤਾਲਾਬੰਦੀ ਦੌਰਾਨ ਰਿਲੀਜ਼ ਕੀਤਾ ਸੀ ਅਤੇ ਇਹ ਗੀਤ ਮਹਾਮਾਰੀ ਦੌਰਾਨ ਮੂਹਰਲੀ ਕਤਾਰ ਵਿੱਚ ਲੜਨ ਵਾਲਿਆਂ ਨੂੰ ਸਮਰਪਿਤ ਕੀਤਾ ਗਿਆ ਸੀ। ਹੁਣ ਅਦਾਕਾਰਾ ਆਪਣੇ ਜਨਮ ਦਿਨ ਮੌਕੇ ਦੂਜਾ ਗਾਣਾ ‘ਤੂੰ ਹੈ ਮੇਰਾ’ ਰਿਲੀਜ਼ ਕਰਨ ਜਾ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਗਾਣੇ ਦਾ ਟੀਜ਼ਰ ਅਤੇ ਪੋਸਟਰ ਸਾਂਝਾ ਕੀਤਾ ਹੈ। ਅਦਾਕਾਰਾ ਨੇ ਲਿਖਿਆ, ‘‘ਮੇਰੇ ਨਾਲ ਗੀਤ ‘ਤੂੰ ਹੈ ਮੇਰਾ’ ਦੇ ਸਫ਼ਰ ਦੀ ਪਹਿਲੀ ਝਲਕ ਦਾ ਆਨੰਦ ਮਾਣੋ।’’ ਇਹ ਗੀਤ ਉਸ ਦੇ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਲਈ ਪਿਆਰ ਦਾ ਇਜ਼ਹਾਰ ਹੈ, ਜਿਨ੍ਹਾਂ ਨੇ ਉਸ ਦੇ ਸਫ਼ਰ ਦਾ ਸਮਰਥਨ ਕੀਤਾ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਮਾਧੁਰੀ ਪਿਛਲੀ ਵਾਰ ਨਿਰਦੇਸ਼ਕ ਅਭਿਸ਼ੇਕ ਵਰਮਨ ਦੀ ਸਾਲ 2019 ਵਿੱਚ ਆਈ ਫਿਲਮ ‘ਕਲੰਕ’ ਵਿੱਚ ਦਿਖਾਈ ਦਿੱਤੀ ਸੀ। ਇਸ ਫ਼ਿਲਮ ਵਿੱਚ ਸੋਨਾਕਸ਼ੀ ਸਿਨਹਾ, ਆਲੀਆ ਭੱਟ, ਵਰੁਣ ਧਵਨ, ਅਦਿਤਿਆ ਰੌਏ ਕਪੂਰ ਅਤੇ ਸੰਜੈ ਦੱਤ ਨੇ ਕੰਮ ਕੀਤਾ ਸੀ। -ਆਈਏਐੱਨਐੱਸ