ਮੁੰਬਈ, 2 ਫਰਵਰੀ
ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਮੰਗਲਵਾਰ ਨੂੰ ਆਪਣੀ ਆਉਣ ਵਾਲੀ ਫਿਲਮ ‘ਲੂਪ ਲਪੇਟਾ’ ਦੀ ਫੋਟੋ ਸਾਂਝੀ ਕੀਤੀ ਹੈ। ਤਾਪਸੀ ਇਸ ਫਿਲਮ ਵਿਚ ਸਾਵੀ ਨਾਂ ਦਾ ਕਿਰਦਾਰ ਨਿਭਾਵੇਗੀ। ਅਦਾਕਾਰਾ ਨੇ ਇਸ ਫਿਲਮ ਦੀ ਪਹਿਲੀ ਝਲਕ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਖਾਤੇ ’ਤੇ ਸਾਂਝੀ ਕੀਤੀ ਹੈ। ਇਸ ਵਿਚ ਉਹ ਟਾਇਲਟ ਸੀਟ ਉੱਪਰ ਬੈਠੀ ਹੋਈ ਹੈ। ਇਸ ਵਿਚ ਪਖਾਨੇ ਦੀ ਅੰਦਰਲੀ ਹਾਲਤ ਪੁਰਾਣੀ ਅਤੇ ਗੰਦਗੀ ਵਾਲੀ ਹੈ। ਉਸ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਜ਼ਿੰਦਗੀ ਵਿਚ ਕਦੇ ਕਦੇ ਅਜਿਹਾ ਸਮਾਂ ਵੀ ਆਉਂਦਾ ਹੈ ਕਿ ਜਦੋਂ ਇਨਸਾਨ ਨੂੰ ਖ਼ੁਦ ਤੋਂ ਇਹ ਸਵਾਲ ਕਰਨਾ ਪੈਂਦਾ ਹੈ ਕਿ ਉਹ ਜ਼ਿੰਦਗੀ ਨੂੰ ਖ਼ਤਮ ਕਿਵੇਂ ਕਰ ਸਕਦਾ ਹੈ। ਉਸ ਨੇ ਕਿਹਾ ਕਿ ਫਿਲਮ ਵਿੱਚ ਸਾਵੀ ਕੁਝ ਇਸ ਤਰ੍ਹਾਂ ਹੀ ਨਜ਼ਰ ਆਵੇਗੀ।
ਤਾਪਸੀ ਇਸ ਸਮੇਂ ਗੋਆ ਵਿਚ ਹੈ ਤੇ ਉਹ ਫਿਲਮ ਦੀ ਸ਼ੂਟਿੰਗ ਨੂੰ ਮੁਕੰਮਲ ਕਰਨ ਵਿਚ ਰੁੱਝੀ ਹੋਈ ਹੈ। ਇਸ ਫਿਲਮ ਵਿਚ ਉਸ ਨਾਲ ਤਾਹਿਰ ਰਾਜ ਭਸੀਨ ਪਹਿਲੀ ਵਾਰ ਨਜ਼ਰ ਆਵੇਗਾ। ਇਹ ਫਿਲਮ 1998 ਵਿਚ ਆਈ ਜਰਮਨ ਫਿਲਮ ਦਾ ਹਿੰਦੀ ਰੂਪਾਂਤਰਣ ਹੈ। ‘ਲੂਪ ਲਪੇਟਾ’ ਦਾ ਨਿਰਦੇਸ਼ਨ ਆਕਾਸ਼ ਭਾਟੀਆ ਕਰ ਰਹੇ ਹਨ। ਇਹ ਫਿਲਮ ਇਸ ਸਾਲ ਦੇ ਅਖ਼ੀਰ ਵਿੱਚ ਰਿਲੀਜ਼ ਹੋਵੇਗੀ। ਇਸ ਦੌਰਾਨ ਤਾਪਸੀ ਨੇ ਹਾਲ ਹੀ ਵਿੱਚ ‘ਰਸ਼ਮੀ ਰਾਕੇਟ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫਿਲਮ ਇੱਕ ਦੌੜਾਕ ਦੀ ਕਹਾਣੀ ਬਿਆਨਦੀ ਹੈ ਜੋ ਆਪਣੀ ਪਛਾਣ ਲਈ ਲੜਦੀ ਹੈ। -ਆਏਐੱਨਐੱਸ