ਪ੍ਰਭਜੋਤ ਕੈਰ ਢਿੱਲੋਂ
ਬੋਲਣ ਅਤੇ ਗੱਲ ਕਰਨ ਦੇ ਤੌਰ ਤਰੀਕੇ ਬਹੁਤ ਕੁੱਝ ਬਿਆਨ ਕਰ ਦਿੰਦੇ ਹਨ। ਜਿਵੇਂ ਦੀ ਸੋਚ ਅਤੇ ਵਿਚਾਰ ਅੰਦਰ ਚੱਲ ਰਹੇ ਹੁੰਦੇ ਹਨ, ਉਵੇਂ ਦੇ ਬੋਲ ਮੂੰਹ ਵਿੱਚੋਂ ਨਿਕਲਦੇ ਹਨ। ਕਈ ਲੋਕ ਜਦੋਂ ਵੀ ਬੋਲਣਗੇ, ਜ਼ਹਿਰ ਹੀ ਉਗਲਣਗੇ। ਅਜਿਹੇ ਲੋਕ ਅੰਦਰੋਂ ਹੀ ਨਫ਼ਰਤ ਅਤੇ ਈਰਖਾ ਨਾਲ ਭਰੇ ਹੋਏ ਹੁੰਦੇ ਹਨ। ਅਜਿਹੇ ਲੋਕਾਂ ਲਈ ਹੀ ਸ਼ਾਇਦ ਸਿਆਣਿਆਂ ਨੇ ਕਿਹਾ ਹੈ, ‘ਮੁਰਦਾ ਬੋਲੂ, ਖੱਫਣ ਹੀ ਪਾੜੂ।’
ਬੋਲ, ਭਾਸ਼ਾ ਬੰਦੇ ਦਾ ਵਿਅਕਤੀਤਵ, ਸੋਚ ਦਾ ਪੱਧਰ ਅਤੇ ਮਿਲੇ ਹੋਏ ਸੰਸਕਾਰ ਬਿਆਨ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਘਰਾਂ ਵਿੱਚ ਗੱਲ ਕਰਨ ਦੇ ਤੌਰ ਤਰੀਕੇ ਤੋਂ ਹੀ ਬੱਚੇ ਬਹੁਤ ਕੁਝ ਸਿੱਖਦੇ ਹਨ। ਜਿਵੇਂ ਦੀ ਘਰ ਵਿੱਚ ਭਾਸ਼ਾ ਵਰਤੀ ਜਾਂਦੀ ਹੈ ਅਤੇ ਜਿਵੇਂ ਦਾ ਲਹਿਜਾ ਹੁੰਦਾ ਹੈ, ਬੱਚੇ ਉਹ ਹੀ ਸਿੱਖਦੇ ਹਨ। ਮਾਪਿਆਂ ਦਾ ਬੱਚਿਆਂ ਦੀ ਬੋਲਬਾਣੀ ’ਤੇ ਬਹੁਤ ਅਸਰ ਪੈਂਦਾ ਹੈ। ਪਹਿਲਾਂ ਬਜ਼ੁਰਗ ਰਿਸ਼ਤੇ ਕਰਨ ਵੇਲੇ ਖਾਨਦਾਨ ਬਾਰੇ ਪੂਰੀ ਜਾਣਕਾਰੀ ਇਕੱਤਰ ਕਰਦੇ ਸਨ। ਫਿਰ ਕਿਧਰੇ ਰਿਸ਼ਤਾ ਤੈਅ ਹੁੰਦਾ ਸੀ। ਹੁਣ ਅਜਿਹਾ ਹੋਣਾ ਘਟ ਰਿਹਾ ਹੈ।
ਬਹੁਤ ਵਾਰ ਅਸੀਂ ਸਾਰਿਆਂ ਨੇ ਸੁਣਿਆ ਹੈ, ‘ਜੇ ਫਲਾਣਾ ਬੰਦਾ ਮੂੰਹ ਨਾ ਖੋਲ੍ਹੇ ਤਾਂ ਚੰਗਾ ਹੈ।’ ਇਸ ਦਾ ਸਾਫ਼ ਮਤਲਬ ਹੈ ਕਿ ਉਸ ਦੇ ਵਿਅਕਤੀਤਵ ਨੂੰ ਉਸ ਦੇ ਬੋਲ ਖ਼ਰਾਬ ਕਰਦੇ ਹਨ ਅਤੇ ਉਸ ਦਾ ਚੰਗਾ ਭਲਾ ਪਿਆ ਪ੍ਰਭਾਵ ਖ਼ਤਮ ਕਰ ਦਿੰਦੇ ਹਨ। ਦਰਅਸਲ, ਕੁਝ ਦਹਾਕੇ ਪਹਿਲਾਂ ਤੱਕ ਸਕੂਲਾਂ ਵਿੱਚ ਵੀ ਨੈਤਿਕ ਕਦਰਾਂ ਕੀਮਤਾਂ ’ਤੇ ਜ਼ੋਰ ਦਿੱਤਾ ਜਾਂਦਾ ਸੀ, ਪਰ ਹੁਣ ਆਜ਼ਾਦੀ ਦੇ ਨਾਮ ’ਤੇ ਸਾਰਾ ਕੁਝ ਖ਼ਤਮ ਹੀ ਹੋ ਗਿਆ ਹੈ। ਅਧਿਆਪਕ ਬੱਚਿਆਂ ਨੂੰ ਰੋਕ ਟੋਕ ਕਰਦੇ ਹਨ ਤਾਂ ਮਾਪੇ ਅਧਿਆਪਕਾਂ ਦਾ ਵਿਰੋਧ ਕਰਦੇ ਹਨ।
‘ਪਹਿਲਾਂ ਤੋਲੋ ਫੇਰ ਬੋਲੋ’ ਵਾਲੀ ਸੋਚ ਹੁਣ ਖ਼ਤਮ ਹੋ ਗਈ ਲੱਗਦੀ ਹੈ। ਜਦੋਂ ਸ਼ਬਦਾਂ ਦੀ ਮਰਿਆਦਾ ਤੋੜ ਦਿੱਤੀ ਜਾਂਦੀ ਹੈ ਤਾਂ ਸਾਹਮਣੇ ਵਾਲਾ ਜੇਕਰ ਅਕਲ ਵਾਲਾ ਹੋਵੇਗਾ ਤਾਂ ਬਹੁਤ ਘੱਟ ਗੱਲਾਂ ਦਾ ਜਵਾਬ ਦੇਵੇਗਾ। ਸਿਆਣੇ ਵੀ ਕਹਿੰਦੇ ਹਨ ‘ਖਾਲੀ ਭਾਂਡੇ ਵਧੇਰੇ ਖੜਕਦੇ ਹਨ।’ ਜਿਹੜਾ ਅੰਦਰੋਂ ਖਾਲੀ ਹੋਵੇਗਾ, ਅਸੰਤੁਸ਼ਟ ਹੋਵੇਗਾ, ਸੋਚ ਗੰਧਲੀ ਅਤੇ ਵਿਚਾਰਾਂ ਦੀ ਅੰਦਰ ਲੜਾਈ ਜਾਰੀ ਰੱਖਦਾ ਹੋਵੇਗਾ, ਉਸ ਦੀ ਬੋਲੀ ਅਤੇ ਭਾਸ਼ਾ ਵੀ ਉਵੇਂ ਦੀ ਹੀ ਹੋਵੇਗੀ। ਜਿਵੇਂ ਦਾ ਅੰਦਰ ਵਿਚਾਰਾਂ ਅਤੇ ਸੋਚ ਦਾ ਖ਼ਜ਼ਾਨਾ ਹੋਵੇਗਾ, ਉਹ ਹੀ ਬਾਹਰ ਆਵੇਗਾ।
ਜਿਵੇਂ ਦਾ ਕਿਸੇ ਨੂੰ ਬੋਲੋਗੇ, ਉਵੇਂ ਦਾ ਸੁਣਨਾ ਵੀ ਪੈਂਦਾ ਹੈ। ਬੋਲਾਂ ਦੇ ਨਤੀਜੇ ਵੀ ਭੁਗਤਣੇ ਪੈਂਦੇ ਹਨ। ਸਿਆਣੇ ਕਹਿੰਦੇ ਹਨ, ‘ਜਿਵੇਂ ਦੀ ਖੂਹ ਵਿੱਚ ਆਵਾਜ਼ ਮਾਰੇਗਾਂ, ਉਵੇਂ ਦੀ ਹੀ ਮੁੜਕੇ ਆਵੇਗੀ।’ ਇੰਨਾ ਜ਼ਰੂਰ ਹੈ ਕਿ ਇਹ ਆਵਾਜ਼ ਆਉਂਦੀ ਕੁਝ ਦੇਰ ਨਾਲ ਹੈ, ਪਰ ਜਵਾਬ ਜ਼ਰੂਰ ਆਉਂਦਾ ਹੈ। ਬੋਲਣ ਦੀ ਆਜ਼ਾਦੀ ਦੂਸਰਿਆਂ ਦੀ ਬੇਇੱਜ਼ਤੀ ਕਰਨ ਅਤੇ ਦੁੱਖ ਦੇਣ ਦੀ ਇਜਾਜ਼ਤ ਨਹੀਂ ਦਿੰਦੀ। ਬਜ਼ੁਰਗਾਂ ਦੀ ਰੋਕ-ਟੋਕ ਜ਼ਿੰਦਗੀ ਦੇ ਤਜ਼ਰਬਿਆਂ ਵਿੱਚੋਂ ਨਿਕਲੀ ਹੋਈ ਹੁੰਦੀ ਹੈ। ਜਦੋਂ ਮਾਪਿਆਂ ਲਈ ਮਾੜੀ ਭਾਸ਼ਾ ਵਰਤੀ ਜਾਂਦੀ ਹੈ ਤਾਂ ਉਹ ਬਹੁਤ ਵਾਰ ਚੁੱਪ ਰਹਿੰਦੇ ਹਨ ਅਤੇ ਕਈ ਵਾਰ ਜਵਾਬ ਵੀ ਦਿੰਦੇ ਹਨ। ਪਰ ਜਿਹੜੀ ਔਲਾਦ ਅਜਿਹਾ ਕਰਦੀ ਹੈ, ਉਹ ਬਹੁਤ ਕੁਝ ਹੌਲੀ ਹੌਲੀ ਗੁਆ ਲੈਂਦੀ ਹੈ।
ਇੱਜ਼ਤ ਚਾਹੁੰਦੇ ਹੋ ਤਾਂ ਸ਼ਬਦਾਂ ਦੀ ਚੋਣ ਵੱਲ ਧਿਆਨ ਦਿਓ। ਪਿਆਰ ਚਾਹੁੰਦੇ ਹੋ ਤਾਂ ਮੂੰਹ ਵਿੱਚੋਂ ਪਿਆਰ ਵਾਲੇ ਸ਼ਬਦ ਬੋਲੋ। ਖ਼ੂਬਸੂਰਤ ਚਿਹਰੇ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਵਧੀਆ ਸੋਚ, ਵਿਚਾਰ ਹੋਵੇ ਅਤੇ ਵਧੀਆ ਬੋਲਦੇ ਹੋਣ। ਵਿਅੰਗ ਨਾਲ ਬੋਲਣਾ, ਦੂਸਰਿਆਂ ਨੂੰ ਟਿੱਚਰਾਂ ਕਰਨਾ, ਦੂਸਰਿਆਂ ਦੇ ਚਰਿੱਤਰ ’ਤੇ ਉਂਗਲੀਆਂ ਚੁੱਕਣ ਵਾਲਿਆਂ ’ਤੇ ਕੁਦਰਤੀ ਨਿਖਾਰ ਨਹੀਂ ਹੁੰਦਾ। ਬੋਲ ਹਰ ਬੰਦੇ ਦੀ ਸੋਚ, ਉਸ ਦੇ ਅੰਦਰ ਦੀ ਹਾਲਤ ਅਤੇ ਪਰਵਰਿਸ਼ ਨੂੰ ਬਿਆਨ ਕਰ ਦਿੰਦੇ ਹਨ। ਇਸ ਲਈ ਪਹਿਲਾਂ ਤੋਲੋ, ਫੇਰ ਬੋਲੋ।
ਸੰਪਰਕ: 98150-30221